ਰਘੁਵੀਰ ਸਿੰਘ ਕਲੋਆ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇਕ ਮਹਾਤਮਾ ਤੇ ਉਸ ਦਾ ਚੇਲਾ ਲੰਮੀ ਯਾਤਰਾ ’ਤੇ ਜਾ ਰਹੇ ਸਨ। ਕਈ ਦਿਨਾਂ ਦੇ ਰੋਹੀ-ਬੀਆਬਾਨ ਵਾਲੇ ਸਫ਼ਰ ਪਿੱਛੋਂ ਉਹ ਹੁਣ ਇਕ ਖ਼ੁਸ਼ਹਾਲ ਇਲਾਕੇ ਵਿਚ ਪਹੁੰਚੇ ਸਨ। ਇੱਥੇ ਪਿੰਡ ਦੇ ਬਾਹਰਵਾਰ ਖੇਤਾਂ ਵਿਚਕਾਰ ਉਨ੍ਹਾਂ ਨੇ ਇਕ ਉੱਚੇ ਟਿੱਬੇ ’ਤੇ ਕੁਟੀਆ ਵੇਖੀ ਤਾਂ ਉਹ ਝੱਟਪਟ ਉੱਥੇ ਜਾ ਪੁੱਜੇ। ਇੱਥੋਂ ਚੁਫੇਰੇ ਦਾ ਦ੍ਰਿਸ਼ ਬਹੁਤ ਸੋਹਣਾ ਵਿਖਾਈ ਦਿੰਦਾ ਸੀ। ਆਪਣੇ ਸਫ਼ਰ ਦੇ ਥਕੇਵੇਂ ਨੂੰ ਘੱਟ ਕਰਨ ਲਈ ਮਹਾਤਮਾ ਨੂੰ ਇਹ ਜਗ੍ਹਾ ਬਹੁਤ ਢੁੱਕਵੀਂ ਲੱਗੀ ਤੇ ਉਸ ਨੇ ਹੁਣ ਇਕ-ਦੋ ਦਿਨ ਇੱਥੇ ਹੀ ਰੁਕਣ ਦਾ ਮਨ ਬਣਾ ਲਿਆ।
ਉਸ ਵੇਲੇ ਸਾਉਣੀ ਦੀ ਰੁੱਤ ਸੀ ਤੇ ਹਾਲੇ ਦੋ ਕੁ ਦਿਨ ਪਹਿਲਾਂ ਹੀ ਬਰਸਾਤ ਦਾ ਪਹਿਲਾ ਭਰਵਾਂ ਮੀਂਹ ਪੈ ਕੇ ਹਟਿਆ ਸੀ। ਅਗਲੇ ਦਿਨ ਮਹਾਤਮਾ ਨੇ ਵੇਖਿਆ ਕਿ ਚੁਫੇਰੇ ਸਭ ਖੇਤਾਂ ਵਿਚ ਆਪੋ-ਆਪਣੀ ਫ਼ਸਲ ਦੀ ਬਿਜਾਈ ਵਿਚ ਜੁਟੇ ਹੋਏ ਹਨ। ਆਪਣੇ ਚੇਲੇ ਨੂੰ ਨਾਲ ਲੈ ਕੇ ਉਹ ਵੀ ਖੇਤਾਂ ਵਿਚ ਜਾ ਕੇ ਘੁੰਮਣ ਲੱਗਾ। ਅੱਗੇ ਇਕ ਕਿਸਾਨ ਕਾਹਲੀ-ਕਾਹਲੀ ਆਪਣੇ ਖੇਤ ਵਿਚ ਸੁਹਾਗਾ ਮਾਰ ਰਿਹਾ ਸੀ। ਇਸ਼ਾਰੇ ਨਾਲ ਰੋਕ ਕੇ ਜਦੋਂ ਮਹਾਤਮਾ ਨੇ ਉਸ ਨੂੰ ਬੀਜੀ ਜਾਣ ਵਾਲੀ ਫ਼ਸਲ ਬਾਰੇ ਪੁੱਛਿਆ ਤਾਂ ਉਸ ਨੇ ਇਹ ਆਖਦਿਆਂ ਝੱਟ ਆਪਣੇ ਬੈਲਾਂ ਦੀ ਪੂਛ ਮਰੋੜੀ ਤੇ ਆਪਣੀ ਜੋਤ ਨੂੰ ਮੁੜ ਤੋਂ ਤੇਜ਼ ਕਰ ਲਿਆ ਕਿ, ‘ਮਹਾਤਮਾ! ਮੱਕੀ ਬੀਜ ਕੇ ਹਟਿਆਂ, ਵੱਤ ਸਾਂਭਣ ਦਾ ਵੇਲਾ, ਤੁਹਾਡੀ ਗੱਲ ਫੇਰ ਸੁਣਦਾ ਹਾਂ।’
ਇਹ ਸੁਣ ਕੇ ਮਹਾਤਮਾ ਤੇ ਉਸ ਦਾ ਚੇਲਾ ਅੱਗੇ ਤੁਰ ਪਏ। ਅੱਗੇ ਵੀ ਉਨ੍ਹਾਂ ਨੂੰ ਜਿੰਨੇ ਕਿਸਾਨ ਮਿਲੇ ਉਹ ਸਭ ਕਾਹਲੀ ਵਿਚ ਹੀ ਜਾਪੇ। ਇੰਜ ਘੁੰਮਦੇ-ਘੁੰਮਾਉਂਦਿਆਂ ਉਨ੍ਹਾਂ ਨੂੰ ਦੁਪਹਿਰ ਹੋ ਗਈ ਤੇ ਉਹ ਵਾਪਸ ਕੁਟੀਆ ਵੱਲ ਚੱਲ ਪਏ। ਵਾਪਸੀ ’ਤੇ ਉਨ੍ਹਾਂ ਨੂੰ ਇਕ ਕਿਸਾਨ ਇਨ੍ਹਾਂ ਸਭ ਤੋਂ ਹਟ ਕੇ ਨਜ਼ਰ ਆਇਆ ਜਿਹੜਾ ਬੜੇ ਧੀਰਜ ਨਾਲ ਆਪਣਾ ਖੇਤ ਵਾਹ ਰਿਹਾ ਸੀ। ਉਨ੍ਹਾਂ ਦੋਵਾਂ ਨੂੰ ਵੇਖ ਕੇ ਉਸ ਨੇ ਦੂਰੋਂ ਹੀ ਨਮਸਕਾਰ ਕੀਤੀ ਤੇ ਨਾਲ ਹੀ ਆਪਣੀ ਪਤਨੀ ਨੂੰ ਉਨ੍ਹਾਂ ਦੋਵਾਂ ਲਈ ਰੋਟੀ-ਪਾਣੀ ਦਾ ਇੰਤਜ਼ਾਮ ਕਰਨ ਲਈ ਆਖਿਆ। ਉਸ ਦੀ ਆਓ-ਭਗਤ ਵੇਖ ਕੇ ਮਹਾਤਮਾ ਤੇ ਉਸ ਦਾ ਚੇਲਾ ਇਨਕਾਰ ਨਾ ਕਰ ਸਕੇ ਤੇ ਲਾਗੇ ਹੀ ਇਕ ਰੁੱਖ ਹੇਠ ਬੈਠ ਕੇ ਕਿਸਾਨ ਦਾ ਰੁੱਖਾ-ਮਿੱਸਾ ਭੋਜਨ ਛਕਣ ਲੱਗੇ।
ਇੰਨੇ ਸਮੇਂ ਵਿਚ ਕਿਸਾਨ ਨੇ ਵੀ ਵਾਹੀ ਦਾ ਕੰਮ ਮੁਕਾ ਲਿਆ ਸੀ ਤੇ ਹੁਣ ਉਹ ਇਹ ਆਖਦਿਆਂ ਇਕ ਪੋਟਲੀ ਚੁੱਕ ਵਾਹੇ ਖੇਤ ਵਿਚ ਬੀਜਾਂ ਦਾ ਛੱਟਾ ਦੇਣ ਲੱਗਾ, ‘ਰਾਹੀ-ਫ਼ਕੀਰ ਦੇ ਭਾਗੀਂ, ਚਿੜੀ-ਜਨੌਰ ਦੇ ਭਾਗੀਂ।’
ਕਿਸਾਨ ਦੇ ਇਨ੍ਹਾਂ ਬੋਲਾਂ ਅਤੇ ਰੁੱਖੇ-ਮਿੱਸੇ ਭੋਜਨ, ਦੋਵਾਂ ਨੇ ਮਹਾਤਮਾ ਤੇ ਉਸ ਦੇ ਚੇਲੇ ਦੀ ਆਤਮਾ ਨੂੰ ਤ੍ਰਿਪਤ ਕਰ ਦਿੱਤਾ ਸੀ। ਖ਼ੁਸ਼ ਹੋ ਕੇ ਉਹ ਦੋਵੇਂ ਉਸ ਕਿਸਾਨ ਕੋਲ ਜਾ ਕੇ ਵਿਦਾ ਮੰਗਣ ਲੱਗੇ ਤਾਂ ਚੇਲੇ ਤੋਂ ਰਿਹਾ ਨਾ ਗਿਆ, ਉਹ ਪੁੱਛਣ ਲੱਗਾ, ‘ਹੇ ਦਰਵੇਸ਼ ਆਤਮਾ! ਬਾਕੀ ਸਭ ਤਾਂ ਆਪੋ-ਆਪਣੇ ਲਈ ਫ਼ਸਲ ਬੀਜਦੇ ਹਨ ਤੇ ਤੁਸੀਂ ਚਿੜੀ-ਜਨੌਰ ਦੇ ਭਾਗੀਂ, ਅਜਿਹਾ ਕਿਉਂ?’
ਮੁਸਕਰਾਉਂਦਿਆਂ ਉਸ ਕਿਸਾਨ ਨੇ ਉੱਤਰ ਦਿੱਤਾ, ‘ਸਾਡੇ ਭਾਗ ਵੀ ਤਾਂ ਇਨ੍ਹਾਂ ਚਿੜੀ-ਜਨੌਰਾਂ ਨਾਲ ਜੁੜੇ ਹੋਏ ਆ, ਜੇ ਇਹ ਵਸਦੇ ਹੋਣਗੇ ਤਾਂ ਹੀ ਅਸੀਂ ਵੱਸਾਂਗੇ।’ ਨਾਸਮਝ ਚੇਲਾ ਭਾਵੇਂ ਇਸ ਗੱਲ ਦੇ ਪੂਰੇ ਅਰਥ ਨਹੀਂ ਸਮਝ ਸਕਿਆ ਸੀ, ਪਰ ਮਹਾਤਮਾ ਲਈ ਇਹ ਇਕ ਡੂੰਘੇ ਉਪਦੇਸ਼ ਵਾਲੀ ਗੱਲ ਸੀ।
ਮਨੋਮਨੀ ਉਸ ਨੇ ਕਿਸਾਨ ਨੂੰ ਨਤਮਸਤਕ ਹੁੰਦਿਆਂ ਤੇ ਇਹ ਕਹਿੰਦਿਆਂ ਉੱਥੋਂ ਚਾਲੇ ਪਾ ਦਿੱਤੇ, ‘ਇਸ ਧਰਤੀ ’ਤੇ ਵਸਦੇ ਸਭ ਜੀਵਾਂ ਦੇ ਭਾਗ ਸਾਂਝੇ, ਪਰ ਇਹ ਗੱਲ ਕੋਈ ਵਿਰਲਾ ਹੀ ਜਾਣਦਾ।’
ਸੰਪਰਕ: 98550-24495