ਮੁੰਬਈ, 26 ਅਕਤੂਬਰ
ਫ਼ਿਲਮ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਤੇ ਉਨ੍ਹਾਂ ਦੇ ਭਰਾ ਮੁਕੇਸ਼ ਭੱਟ ਨੇ ਬੰਬੇ ਹਾਈ ਕੋਰਟ ਵਿਚ ਉੱਭਰਦੀ ਹੋਈ ਅਦਾਕਾਰਾ ਲਵੀਨਾ ਲੋਧ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਭੱਟ ਭਰਾਵਾਂ ਨੇ ਮਹਿਲਾ ’ਤੇ ਬਦਨਾਮ ਕਰਨ ਵਾਲੀਆਂ ਟਿੱਪਣੀਆਂ ਕਰਨ ਤੇ ਝੂਠੇ ਇਲਜ਼ਾਮ ਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮਾਣਹਾਨੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਇਕ ਕਰੋੜ ਰੁਪਏ ਮੁਆਵਜ਼ਾ ਮੰਗਿਆ ਹੈ। ਇਸ ਤੋਂ ਇਲਾਵਾ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਲੋਧ ਨੂੰ ਭਵਿੱਖ ਵਿਚ ਅਜਿਹੀਆਂ ਟਿੱਪਣੀਆਂ ਕਰਨ ਤੋਂ ਰੋਕਿਆ ਜਾਵੇ। ਅਦਾਲਤ ਨੇ ਅਦਾਕਾਰਾ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ ਤਿੰਨ ਹਫ਼ਤਿਆਂ ਬਾਅਦ ਹੋਵੇਗੀ। ਅਦਾਕਾਰਾ ਦੇ ਵਕੀਲ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਕਿ ਉਹ ਮੁਕੱਦਮਾ ਕਰਨ ਵਾਲਿਆਂ ਖ਼ਿਲਾਫ਼ ਪਹਿਲਾਂ ਵਰਗਾ ਕੋਈ ਬਿਆਨ ਨਹੀਂ ਦੇਵੇਗੀ। ਦੱਸਣਯੋਗ ਹੈ ਕਿ ਲੋਧ ਨੇ ਪਿਛਲੇ ਹਫ਼ਤੇ ਇਕ ਵੀਡੀਓ ਪੋਸਟ ਕਰ ਕੇ ਦੋਸ਼ ਲਾਇਆ ਸੀ ਕਿ ਮਹੇਸ਼ ਭੱਟ ਤੇ ਉਸ (ਲੋਧ) ਦਾ ਪਤੀ ਸੁਮਿਤ ਸਭਰਵਾਲ ਡਰੱਗ ਸਪਲਾਈ ਤੇ ਮਨੁੱਖੀ ਤਸਕਰੀ ਕਰਦੇ ਹਨ। -ਪੀਟੀਆਈ