ਮੁੰਬਈ: ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨਾਲ ਬਣਾਈ ਗਈ ਫ਼ਿਲਮ ‘ਦੇਵਦਾਸ’ ਨੂੰ ਅੱਜ 19 ਸਾਲ ਹੋ ਗਏ ਹਨ। ਇਸ ਖਾਸ ਮੌਕੇ ’ਤੇ ਸੰਜੈ ਲੀਲਾ ਭੰਸਾਲੀ ਤੇ ਮਾਧੁਰੀ ਦੀਕਸ਼ਿਤ ਨੇ ਇਸ ਫ਼ਿਲਮ ਨੂੰ ਅਦਾਕਾਰ ਦਿਲੀਪ ਕੁਮਾਰ ਨੂੰ ਸਮਰਪਿਤ ਕਰਦਿਆਂ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦਿਲੀਪ ਕੁਮਾਰ ਨੇ 1955 ਵਿੱਚ ਇਸੇ ਨਾਮ ਦੀ ਫ਼ਿਲਮ ਵਿੱਚ ਕੰਮ ਕੀਤਾ ਸੀ। ਸ਼ਰਤ ਚੰਦਰ ਚਟੋਪਾਧਿਆਏ ਦੇ ਨਾਵਲ ’ਤੇ ਆਧਾਰਿਤ ਪ੍ਰਸਿੱਧੀ ਪ੍ਰਾਪਤ ਫ਼ਿਲਮ ‘ਦੇਵਦਾਸ’ ਦਾ ਨਿਰਮਾਣ ਬਿਮਲ ਰਾਏ ਨੇ ਕੀਤਾ ਸੀ। ਇਸ ਵਿੱਚ ਦਿਲੀਪ ਕੁਮਾਰ ਨੇ ਉਦਾਸ ਸ਼ਰਾਬੀ ਦੀ ਭੂਮਿਕਾ ਨਿਭਾਈ ਸੀ। ਭੰਸਾਲੀ ਵੱਲੋਂ 2002 ਵਿੱਚ ਬਣਾਈ ਗਈ ‘ਦੇਵਦਾਸ’ ਵਿੱਚ ਸੁਪਰਸਟਾਰ ਸ਼ਾਹਰੁਖ਼ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਭੰਸਾਲੀ ਪ੍ਰੋਡਕਸ਼ਨ ਨੇ ਆਪਣੇ ਟਵਿੱਟਰ ਖਾਤੇ ’ਤੇ ਦਿਲੀਪ ਕੁਮਾਰ ਤੇ ਸ਼ਾਹਰੁਖ ’ਤੇ ਆਧਾਰਿਤ ਦੋਵਾਂ ਫਿਲਮਾਂ ਦੇ ਪੋਸਟਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ ਕਿ ਪਿਛਲੇ ਹਫ਼ਤੇ 98 ਸਾਲ ਦੀ ਉਮਰ ਵਿੱਚ ਗੁਜ਼ਰੇ ਮਹਾਨ ਅਦਾਕਾਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। -ਪੀਟੀਆਈ