ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਬੇਗ਼ਮ ਪਾਰਾ ਦੀ ਪੈਦਾਇਸ਼ 25 ਦਸੰਬਰ 1926 ਨੂੰ ਜੇਹਲਮ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਇਨ੍ਹਾਂ ਦਾ ਅਸਲ ਨਾਮ ਪਾਰਾ ਹੱਕ ਸੀ। ਬੇਗ਼ਮ ਪਾਰਾ ਦੇ ਪਿਤਾ ਮੀਆਂ ਇਸਹਾਨ ਉਲ ਹੱਕ ਉੱਤਰੀ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਦੇ ਮੁੱਖ ਜੱਜ ਸਨ। ਲਿਹਾਜ਼ਾ ਪਾਰਾ ਦਾ ਬਚਪਨ ਬੀਕਾਨੇਰ ਵਿਚ ਬੀਤਿਆ। ਬੇਗ਼ਮ ਪਾਰਾ ਨੇ ਦਸਵੀਂ ਮੁਸਲਿਮ ਗਰਲਜ਼ ਹਾਈ ਸਕੂਲ ਅਲੀਗੜ੍ਹ ਤੋਂ ਕੀਤੀ। 1930 ਦੇ ਜ਼ਮਾਨੇ ਵਿਚ ਉਸਦਾ ਵੱਡਾ ਭਰਾ ਆਰਿਫ਼ ਉਰਫ਼ ਮਸਰੂਰਲ ਹੱਕ ਅਦਾਕਾਰ ਬਣਨ ਦਾ ਖ਼ਾਬ ਲੈ ਕੇ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਿਆ, ਜਿੱਥੇ ਉਸ ਦਾ ਮਸ਼ਹੂਰ ਫ਼ਿਲਮ ਅਦਾਕਾਰਾ ਪ੍ਰੋਤਿਮਾ ਦਾਸਗੁਪਤਾ ਨਾਲ ਮੁਹੱਬਤੀ ਵਿਆਹ ਹੋ ਗਿਆ।
ਜਦੋਂ ਵੀ ਬੇਗ਼ਮ ਪਾਰਾ ਆਪਣੇ ਭਰਾ ਤੇ ਭਾਬੀ ਨੂੰ ਬੰਬੇ ਮਿਲਣ ਜਾਂਦੀ ਤਾਂ ਆਪਣੀ ਭਾਬੀ ਦੀ ਸਿਨਮਾਈ ਦੁਨੀਆਂ ਤੋਂ ਬੜਾ ਮੁਤਾਸਿਰ ਹੁੰਦੀ। ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਫ਼ਿਲਮੀ ਖੇਤਰ ਨਾਲ ਵਾਬਸਤਾ ਹੋਵੇ, ਪਰ ਆਪਣੀ ਭਾਬੀ ਪ੍ਰੋਤਿਮਾ ਦੇ ਤੂਫ਼ੈਲ ਪਾਰਾ ਦਾ ਫ਼ਿਲਮਾਂ ਵਿਚ ਆਉਣ ਦਾ ਖ਼ੂਬਸੂਰਤ ਸਬੱਬ ਬਣ ਗਿਆ।
ਫ਼ਿਲਮ ਸੀ ਪ੍ਰਭਾਤ ਫ਼ਿਲਮ ਕੰਪਨੀ, ਬੰਬੇ ਦੀ ‘ਚਾਂਦ’ (1944) ਜਿਸ ਵਿਚ ਹਿਦਾਇਤਕਾਰ ਡੀ. ਡੀ. ਕਸ਼ਯਪ ਨੇ ਬੇਗ਼ਮ ਪਾਰਾ ਨੂੰ ਨਵੀਂ ਅਦਾਕਾਰਾ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ’ਚ ਬੇਗ਼ਮ ਨੇ ‘ਰਾਜ’ ਦਾ ਜਿਸ ਦੇ ਹਮਰਾਹ ਅਦਾਕਾਰ ਪ੍ਰੇਮ ਅਦੀਬ ‘ਮੁਰਾਰੀ ਬਾਬੂ’ ਦੇ ਕਿਰਦਾਰ ਵਿਚ ਮੌਜੂਦ ਸਨ। ਕਹਾਣੀ ਡੀ. ਡੀ. ਕਸ਼ਯਪ, ਮੁਕਾਲਮੇ ਤੇ ਗੀਤ ਕਮਰ ਜਲਾਲਾਬਾਦੀ ਅਤੇ ਸੰਗੀਤ ਪੰਡਤ ਹੁਸਨਲਾਲ ਤੇ ਭਗਤਰਾਮ (ਪਹਿਲੀ ਫ਼ਿਲਮ) ਨੇ ਮੁਰੱਤਬਿ ਕੀਤਾ। ਬੇਗ਼ਮ ਪਾਰਾ ’ਤੇ ਫ਼ਿਲਮਾਏ ‘ਏ ਚਾਂਦ ਬਤਾ ਮੁਝਕੋ ਕਯਾ ਇਸੀ ਕਾ ਨਾਮ ਹੈ ਪਯਾਰ’, ‘ਆਏ ਹੈ ਬਲਮਾ ਦਿਨ ਪਯਾਰੇ-ਪਯਾਰੇ’ (ਜ਼ੀਨਤ ਬੇਗ਼ਮ, ਜੀ. ਐੱਮ. ਦੁਰਾਨੀ), ‘ਕਯਾ ਯਹੀ ਜਵਾਨੀ ਹੈ’ (ਜ਼ੀਨਤ ਬੇਗ਼ਮ) ਆਦਿ ਗੀਤ ਬੜੇ ਮਕਬੂਲ ਹੋਏ। ਇਹ ਫ਼ਿਲਮ 16 ਦਸੰਬਰ 1944 ਨੂੰ ਕ੍ਰਿਸ਼ਨਾ ਥੀਏਟਰ, ਬੰਬੇ ਵਿਖੇ ਰਿਲੀਜ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਬੇਗ਼ਮ ਪਾਰਾ ਦੀ ਦੂਜੀ ਹਿੰਦੀ ਫ਼ਿਲਮ ਆਪਣੀ ਭਾਬੀ ਪ੍ਰੋਤਿਮਾ ਦਾਸਗੁਪਤਾ ਦੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ ਵਿਚ ਉਸ ਦੇ ਜ਼ਾਤੀ ਬੈਨਰ ਪੀ. ਡੀ. ਜੀ. ਪਿਕਚਰਜ਼, ਬੰਬਈ ਦੇ ਬੈਨਰ ਹੇਠ ਬਣੀ ‘ਛਮੀਆ’ (1945) ਸੀ, ਜਿਸ ਵਿਚ ਉਸ ਨੇ ਟਾਈਟਲ ਕਿਰਦਾਰ ਅਦਾ ਕੀਤਾ। ਕਹਾਣੀ ਤੇ ਵਾਧੂ ਮੁਕਾਲਮੇ ਕਾਬਿਲ ਅੰਮ੍ਰਿਤਸਰੀ, ਗੀਤ ਪੰਡਤ ਇੰਦਰ ਤੇ ਕਾਬਿਲ ਅੰਮ੍ਰਿਤਸਰੀ ਅਤੇ ਸੰਗੀਤ ਗਿਆਨ ਦੱਤ ਨੇ ਤਰਤੀਬ ਦਿੱਤਾ। ਫ਼ਿਲਮ ਵਿਚ ਉਸਦੇ ਮੁਕਾਬਿਲ ਹੀਰੋ ਦਾ ਕਿਰਦਾਰ ਉਸ ਦੇ ਸਕੇ ਭਰਾ ਆਰਿਫ਼ ਨੇ ਨਿਭਾਇਆ। ਇਹ ਸੁਪਰਹਿੱਟ ਫ਼ਿਲਮ ਨਿਊ ਵੈਸਟ ਐਂਡ ਬੰਬੇ ਵਿਖੇ 31 ਅਗਸਤ 1945 ਨੂੰ ਪਰਦਾਪੇਸ਼ ਹੋਈ। 1945 ਵਿਚ ਹੀ ਪ੍ਰੋਤਿਮਾ ਨੇ ਆਪਣੀ ਨਨਾਣ ਪਾਰਾ ਨੂੰ ਲੈ ਕੇ ਇਕ ਫ਼ਿਲਮ ‘ਰਖਵਾਲਾ’ ਵੀ ਸ਼ੁਰੂ ਕੀਤੀ ਸੀ, ਪਰ ਉਹ ਮੁਕੰਮਲ ਨਾ ਹੋ ਸਕੀ। ਜਯੰਤ ਦੇਸਾਈ ਪ੍ਰੋਡਕਸ਼ਨਜ਼, ਬੰਬਈ ਦੀ ਈਸ਼ਵਰ ਲਾਲ ਤੇ ਰਵਿੰਦਰ ਜਯਕਰ ਨਿਰਦੇਸ਼ਿਤ ਰੁਮਾਨੀ ਫ਼ਿਲਮ ‘ਸੋਹਣੀ ਮਹੀਂਵਾਲ’ (1946) ’ਚ ਪਾਰਾ ਨੇ ‘ਸੋਹਣੀ’ ਦਾ ਟਾਈਟਲ ਰੋਲ ਅਤੇ ਈਸ਼ਵਰ ਲਾਲ ਨੇ ‘ਮਹੀਂਵਾਲ’ ਦਾ ਕਿਰਦਾਰ ਅਦਾ ਕੀਤਾ। ਇਹ ਫ਼ਿਲਮ 22 ਫਰਵਰੀ 1946 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ। ਸ਼ੋਰੀ ਪਿਕਚਰਜ਼, ਲਾਹੌਰ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਸ਼ਾਲੀਮਾਰ’ (1946) ’ਚ ਬੇਗ਼ਮ ਪਾਰਾ ਨੇ ‘ਰਾਜਕੁਮਾਰੀ ਨੂਰਜਹਾਂ’ ਦਾ ਪਾਰਟ ਤੇ ਚੰਦਰ ਮੋਹਨ ‘ਜਹਾਂਗੀਰ’ ਦੇ ਕਿਰਦਾਰ ਵਿਚ ਮੌਜੂਦ ਸੀ। ਮੰਜ਼ਰਨਾਮਾ ਤੇ ਮੁਕਾਲਮੇ ਆਈ. ਐੱਸ. ਜੌਹਰ, ਗੀਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ, ਅਨੂਪਮ ਘਟਕ ਤੇ ਲੱਛੀ ਰਾਮ ਨੇ ਤਿਆਰ ਕੀਤਾ।
ਰਣਜੀਤ ਮੂਵੀਟੋਨ ਦੀ ਬੰਬਈ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਦੁਨੀਆ ਏਕ ਸਰਾਏ’ (1947) ’ਚ ਬੇਗ਼ਮ ਨੇ ਜਾਗੀਰਦਾਰ ਨਾਲ ਅਦਾਕਾਰੀ ਕੀਤੀ। ਫ਼ਜ਼ਲੀ ਫ਼ਿਲਮਜ਼, ਬੰਬਈ ਦੀ ਸਬਿਟੇਨ ਫ਼ਜ਼ਲੀ ਨਿਰਦੇਸ਼ਿਤ ਫ਼ਿਲਮ ‘ਮਹਿੰਦੀ’ (1947) ’ਚ ਬੇਗ਼ਮ ਤੇ ਕਰਨ ਦੀਵਾਨ ਦੀ ਜੋੜੀ ਸੀ ਜਦੋਂਕਿ ਦੂਜੀ ਹੀਰੋਇਨ ਵਜੋਂ ਨਰਗਿਸ ਮੌਜੂਦ ਸੀ। ਕਹਾਣੀ ਸਈਅਦ ਐੱਮ. ਫ਼ਜ਼ਲੀ, ਮੁਕਾਲਮੇ ਤੇ ਗੀਤ ਸਾਗਰ ਨਿਜ਼ਾਮੀ ਤੇ ਮਜਰੂਹ ਸੁਲਤਾਨਪੁਰੀ ਅਤੇ ਸੰਗੀਤ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ ਨੇ ਤਿਆਰ ਕੀਤਾ। ਇਹ ਫ਼ਿਲਮ 19 ਦਸੰਬਰ 1947 ਨੂੰ ਕੈਪੀਟਲ ਥੀਏਟਰ, ਬੰਬੇ ਵਿਖੇ ਰਿਲੀਜ਼ ਹੋਈ। ਇਸ ਤੋਂ ਬਾਅਦ ਬੇਗ਼ਮ ਪਾਰਾ ਨੇ ਰਾਜ ਕਪੂਰ ਨਾਲ ‘ਨੀਲ ਕਮਲ’ (1947), ਬਲਵੰਤ ਸਿੰੰਘ ਨਾਲ ‘ਜ਼ੰਜੀਰ’ (1947), ਅਲਤਾਫ਼ ਨਾਲ ‘ਸ਼ਹਿਨਾਜ਼’ (1948), ਭਾਰਤ ਭੂਸ਼ਣ ਨਾਲ ‘ਸੁਹਾਗ ਰਾਤ’ (1948), ਸਾਦਿਕ ਅਲੀ ਨਾਲ ‘ਸੁਹਾਗੀ’ (1948), ਸ਼ੇਖ਼ ਮੁਖਤਾਰ ਨਾਲ ‘ਦਾਦਾ’ (1949), ਅਜੀਤ ਨਾਲ ‘ਮਿਹਰਬਾਨੀ’ (1950), ਸੇਖ਼ ਮੁਖ਼ਤਾਰ ਨਾਲ ‘ਉਸਤਾਡ ਪੈਡਰੋ’ (1951), ‘ਨਜ਼ਰੀਆ’ (1952), ਸ਼ੇਖ਼ ਮੁਖ਼ਤਾਰ ਨਾਲ ‘ਦਾਰਾ’ (1953), ‘ਜਲਵਾ’, ‘ਲੁਟੇਰਾ’, ‘ਸੌ ਕਾ ਨੋਟ’, ‘ਸ਼ਾਹਜ਼ਾਦਾ’ (1955), ‘ਕਰ ਭਲਾ’ (1956), ਨਾਸਿਰ ਖ਼ਾਨ ਨਾਲ ‘ਆਦਮੀ’ (1957), ‘ਦੋ ਮਸਤਾਨੇ’ (1958) ਆਦਿ ਫ਼ਿਲਮਾਂ ’ਚ ਮਰਕਜ਼ੀ ਤੇ ਸਹਾਇਕ ਹੀਰੋਇਨ ਦੇ ਕਿਰਦਾਰ ਨਿਭਾ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡੀ।
ਉਸਨੇ ਆਪਣੀ ਭਾਬੀ ਦੀਆਂ ਨਿਰਦੇਸ਼ਿਤ ਫ਼ਿਲਮਾਂ ’ਚ ਪ੍ਰੋਤਿਮਾ ਪ੍ਰੋਡਕਸ਼ਨਜ਼, ਬੰਬਈ ਦੀ ਪ੍ਰੋਤਿਮਾ ਦਾਸਗੁਪਤਾ ਨਿਰਦੇਸ਼ਿਤ ਤੇ ਬੇਗ਼ਮ ਪਾਰਾ ਦੀ ਅਦਾਕਾਰੀ ਤੇ ਫ਼ਿਲਮਸਾਜ਼ੀ ’ਚ ਬਣੀ ‘ਝਰਨਾ’ (1948) ਅਤੇ ਮਰਕਰੀ ਪ੍ਰੋਡਕਸ਼ਨਜ਼, ਬੰਬਈ ਦੀ ਪ੍ਰੋਤਿਮਾ ਦਾਸਗੁਪਤਾ ਨਿਰਦੇਸ਼ਿਤ ‘ਪਗਲੇ’ (1950) ਮੁੱਖ ਭੂਮਿਕਾਵਾਂ ਨਿਭਾਈਆਂ। ਬੇਗ਼ਮ ਪਾਰਾ ਨੇ ‘ਤੜਪ’ (1982) ’ਚ ਮਹਿਮਾਨ ਭੂਮਿਕਾ ਅਦਾ ਕੀਤੀ ਸੀ।
ਪੀ. ਐੱਸ. ਪਿਕਚਰਜ਼, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਅਸ਼ਟੱਲੀ’ (1954) ’ਚ ਬੇਗ਼ਮ ਨਾਲ ਹੀਰੋ ਦਾ ਕਿਰਦਾਰ ਹਾਫ਼ਿਜ਼ਾਬਾਦ ਦੇ ਗੱਭਰੂ ਅਮਰਨਾਥ ਨੇ ਅਦਾ ਕੀਤਾ। ਫ਼ਿਲਮਸਾਜ਼ ਰਾਮ ਪ੍ਰਕਾਸ਼ ਬਖ਼ਸ਼ੀ ਤੇ ਸੰਤ ਸਿੰਘ, ਗੀਤ ਵਰਮਾ ਮਲਿਕ, ਕੁਲਦੀਪ ਚੰਦ, ਵੇਦ ਅੰਮ੍ਰਿਤ, ਬਖ਼ਸ਼ੀ ਮੂਲ ਰਾਜ ਅਤੇ ਮੌਸੀਕੀ ਵਿਨੋਦ ਨੇ ਤਾਮੀਰ ਕੀਤੀ। ਬੇਗ਼ਮ ਪਾਰਾ ਤੇ ਅਮਰਨਾਥ ’ਤੇ ਫ਼ਿਲਮਾਏ ਰੁਮਾਨੀ ਗੀਤ ‘ਤੁਸੀਂ ਕਿਹੜੀ ਗੱਲੋਂ ਪਿਆਰੇ-ਪਿਆਰ ਲੱਗਦੇ ਓ’, ‘ਏਹ ਕਿੱਧਰ ਦਾ ਰਾਹ ਗੋਰੀਏ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ), ‘ਕਿੱਥੇ ਸੌਂ ਗਿਓਂ ਜਗ ਦਿਆ ਮਾਲਕਾ ਤੇ ਜਗ ’ਚ ਹਨੇਰ ਪੈ ਗਿਆ’ (ਆਸ਼ਾ ਭੌਸਲੇ) ਆਦਿ ਬੜੇ ਹਿੱਟ ਹੋਏ। ਇਹ ਫ਼ਿਲਮ 25 ਨਵੰਬਰ 1955 ਨੂੰ ਕ੍ਰਿਸ਼ਨਾ ਥੀਏਟਰ, ਜਲੰਧਰ ਵਿਖੇ ਨੁਮਾਇਸ਼ ਹੋਈ।
ਦਲੀਪ ਕੁਮਾਰ ਦੇ ਛੋਟੇ ਭਰਾ ਨਾਸਿਰ ਖ਼ਾਨ ਨਾਲ ਬੇਗ਼ਮ ਪਾਰਾ ਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਉਸ ਨੇ ਫ਼ਿਲਮਾਂ ਨੂੰ ਹਮੇਸ਼ਾਂ ਲਈ ਛੱਡ ਦਿੱਤਾ। ਉਂਜ ਨਾਸਿਰ ਖ਼ਾਨ ਨੇ ਉਸਨੂੰ ਫ਼ਿਲਮਾਂ ਛੱਡਣ ਲਈ ਕਦੇ ਨਹੀਂ ਕਿਹਾ ਸੀ। 1974 ਵਿਚ ਨਾਸਿਰ ਖ਼ਾਨ ਤੇ ਬੇਗ਼ਮ ਪਾਰਾ ਨੇ ਇਕ ਹਿੰਦੀ ਫ਼ਿਲਮ ‘ਜ਼ਿੱਦ’ ਸ਼ੁਰੂ ਕੀਤੀ, ਜਿਸਦੀ ਅਦਾਕਾਰਾ ਸਾਇਰਾ ਬਾਨੋ ਅਤੇ ਅਦਾਕਾਰ ਸੰਜੇ ਖ਼ਾਨ ਸਨ। ਸੱਤ-ਅੱਠ ਰੀਲ੍ਹਾਂ ਬਣ ਚੁੱਕੀਆਂ ਸਨ। ਇਸ ਦੌਰਾਨ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਨਾਸਿਰ ਖ਼ਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ (3 ਮਈ 1974) ਹੋ ਗਈ। ਫ਼ਿਲਮ ਅਧੂਰੀ ਰਹਿ ਗਈ। ਸੱਜਣਾਂ-ਬੇਲੀਆਂ, ਰਿਸ਼ਤੇਦਾਰਾਂ ਤੋਂ ਪੈਸੇ ਦੀ ਮਦਦ ਮੰਗੀ, ਪਰ ਕਿਤੋਂ ਕੁਝ ਨਾ ਮਿਲਿਆ। ਲਿਹਾਜ਼ਾ ਨਿਰਾਸ਼ਾ ਦੇ ਆਲਮ ਵਿਚ ਬੇਗ਼ਮ ਪਾਰਾ ਨੇ ਫ਼ਿਲਮ ਰੀਲ੍ਹ ਨਸ਼ਟ ਕਰ ਦਿੱਤੀ। ਬਹੁਤ ਸਾਰੇ ਰਿਸ਼ਤੇਦਾਰ ਪਾਕਿਸਤਾਨ ਵਿਚ ਸਨ। ਇਸ ਲਈ ਬੇਗ਼ਮ ਪਾਕਿਸਤਾਨ ਟੁਰ ਗਈ। ਉੱਥੋਂ ਦੇ ਮਾਹੌਲ ’ਚ ਜ਼ਿਆਦਾ ਵਕਤ ਸਹਿਜ ਨਾ ਰਹਿ ਪਾਈ ਅਤੇ ਛੇਤੀ ਭਾਰਤ ਵਾਪਸ ਆ ਗਈ।
ਪਤੀ ਦੀ ਮੌਤ ਤੋਂ ਬਾਅਦ ਬੇਗ਼ਮ ਨੂੰ ਸ਼ਰਾਬਨੋਸ਼ੀ ਦੀ ਲਤ ਲੱਗ ਗਈ। ਮਜ਼ੀਦ ਸ਼ਰਾਬ ਪੀਣ ਦੀ ਵਜ੍ਹਾ ਕਰ ਕੇ 1987 ਵਿਚ ਉਸ ਨੂੰ ਬਰੇਨ ਹੈਮਰਜ ਹੋ ਗਿਆ। ਉਮੀਦ ਨਹੀਂ ਸੀ ਕਿ ਠੀਕ ਹੋ ਪਾਏ ਅਲਬੱਤਾ ਜਿਉਣ ਦੀ ਚਾਹਤ ਤੇ ਭਰੋਸੇ ਨੇ ਉਸਨੂੰ ਦੁਬਾਰਾ ਸਿਹਤਯਾਬ ਕਰ ਦਿੱਤਾ। ਨਾਸਿਰ ਤੇ ਬੇਗ਼ਮ ਪਾਰਾ ਦੇ ਤਿੰਨ ਬੱਚੇ ਹਨ। ਇਨ੍ਹਾਂ ’ਚੋਂ ਅਦਾਕਾਰ ਅਯੂਬ ਖ਼ਾਨ ਦਾ ਵਿਆਹ ਨਿਹਾਰਕਾ ਨਾਲ ਹੋਇਆ। 90 ਦੇ ਦਹਾਕੇ ਵਿਚ ਅਯੂਬ ਖ਼ਾਨ ਪਹਿਲਾਂ ਹਿੰਦੀ ਫ਼ਿਲਮਾਂ ਦਾ ਹੀਰੋ ਤੇ ਫਿਰ ਟੈਲੀਵਿਜ਼ਨ ਅਦਾਕਾਰ ਬਣਿਆ।
ਬੇਗ਼ਮ ਦੀ ਆਖ਼ਰੀ ਹਿੰਦੀ ਫ਼ਿਲਮ ਸੰਜੇ ਲੀਲਾ ਭੰਸਾਲੀ ਦੀ ਹਿਦਾਇਤਕਾਰੀ ਵਿਚ ਰਿਲੀਜ਼ਸ਼ੁਦਾ ‘ਸਾਂਵਰੀਆ’ (2007) ਸੀ। ਫ਼ਿਲਮ ’ਚ ਪਾਰਾ ਨੇ ਸੋਨਮ ਕਪੂਰ ਦੀ ਦਾਦੀ ਦਾ ਕਿਰਦਾਰ ਨਿਭਾਇਆ ਸੀ। 1951 ਵਿਚ ਜੇਮਜ਼ ਬਰਕ ਕੋਲੋਂ ‘ਲਾਈਫ ਮੈਗਜ਼ੀਨ’ ਲਈ ਮਾਡਲਿੰਗ ਫੋਟੋਸ਼ੂਟ ਕਰਵਾਉਣ ਵਾਲੀ ਭਾਰਤੀ ਸਿਨਮਾ ਦੀ ਖ਼ੂਬਸੂਰਤ ਅਦਾਕਾਰਾ ਬੇਗ਼ਮ ਪਾਰਾ 9 ਦਸੰਬਰ 2008 ਨੂੰ 82 ਸਾਲਾਂ ਦੀ ਉਮਰੇ ਬੰਬਈ ਵਿਖੇ ਫ਼ੌਤ ਹੋ ਗਈ।
ਸੰਪਰਕ: 97805-09545