ਰਾਜਨਦੀਪ ਕੌਰ ਮਾਨ
ਪੰਜਾਬੀ ਸੱਭਿਆਚਾਰ ਬਹੁਤ ਅਮੀਰ ਸੱਭਿਆਚਾਰਾਂ ਵਿਚੋਂ ਇਕ ਹੈ। ਸਾਡੇ ਰੀਤੀ ਰਿਵਾਜ ਸਾਡੀ ਵਿਰਾਸਤ ਹਨ। ਕੁਝ ਦਹਾਕੇ ਪਹਿਲਾਂ ਜਦੋਂ ਤਕ ਪੈਲੇਸ ਕਲਚਰ ਹੋਂਦ ਵਿਚ ਨਹੀਂ ਆਇਆ ਸੀ ਤਾਂ ਸਾਡੇ ਵਿਆਹ ਸ਼ਾਦੀਆਂ ਦੇ ਸਮੇਂ ਬਹੁਤ ਸੋਹਣੇ ਰੀਤੀ ਰਿਵਾਜ ਪੁਗਾਏ ਜਾਂਦੇ ਸਨ। ਕੁੜੀ ਦੇ ਵਿਆਹ ਲਈ ਵੱਖਰੇ ਸ਼ਗਨ ਵਿਹਾਰ ਅਤੇ ਮੁੰਡੇ ਲਈ ਵੱਖਰੇ ਸ਼ਗਨ ਵਿਹਾਰ ਹੁੰਦੇ ਸਨ।
ਉਸ ਸਮੇਂ ਕਈ ਮਹੀਨੇ ਪਹਿਲਾਂ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਹਰ ਪ੍ਰੋਗਰਾਮ ਵਿਚ ਲਾਗੀ ਜਾਂ ਨਾਈ ਦੀ ਖ਼ਾਸ ਭੂਮਿਕਾ ਰਹਿੰਦੀ ਸੀ। ਉਸ ਸਮੇਂ ਤਾਂ ਰਿਸ਼ਤੇ ਕਰਾਉਣ ਵਿਚ ਵੀ ਨਾਈ ਅਹਿਮ ਭੂਮਿਕਾ ਨਿਭਾਉਂਦੇ ਸਨ। ਫਿਰ ਜਦੋਂ ਵਿਆਹ ਛਿੜ ਜਾਂਦਾ ਤਾਂ ਸਭ ਤੋਂ ਪਹਿਲਾ ਵਿਹਾਰ ਹੁੰਦਾ ਗੰਢ ਭੇਜਣ ਦਾ। ਸਭ ਤੋਂ ਪਹਿਲਾਂ ਵਿਆਹ ਵਾਲੇ ਘਰ ਵੱਲੋਂ ਰਿਸ਼ਤੇਦਾਰਾਂ ਲਈ ਸੱਦਾ ਪੱਤਰ ਜਾਂ ਗੰਢ ਭੇਜੀ ਜਾਂਦੀ ਸੀ। ਇਹ ਗੰਢ ਨਾਈ ਹੀ ਲੈ ਕੇ ਜਾਂਦਾ ਸੀ। ਗੰਢ ਦਾ ਮਤਲਬ ਹੁੰਦਾ ਸੀ ਗੰਢੜੀ, ਜਿਸ ਵਿਚ ਵਿਆਹ ਦੀ ਚਿੱਠੀ ਜਾਂ ਕਾਰਡ ਤੇ ਨਾਲ ਹੀ ਮੂੰਹ ਮਿੱਠਾ ਕਰਵਾਉਣ ਲਈ ਗੁੜ ਜਾਂ ਕੋਈ ਮਠਿਆਈ ਹੁੰਦੀ ਸੀ। ਸੱਦਾ ਮਿਲਣ ਵਾਲਾ ਪਰਿਵਾਰ ਨਾਈ ਦੀ ਖੂਬ ਆਓ ਭਗਤ ਕਰਦਾ ਸੀ ਤੇ ਉਸ ਨੂੰ ਵਾਪਸੀ ਤੇ ਖੇਸ ਅਤੇ ਪੈਸੇ ਮਿਹਨਤਾਨੇ ਜਾਂ ਇਨਾਮ ਵਜੋਂ ਦਿੱਤੇ ਜਾਂਦੇ ਸਨ।
ਗੰਢ ਮਿਲਣ ਤੋਂ ਬਾਅਦ ਹੀ ਸਭ ਪਰਿਵਾਰਾਂ ਵਿਚ ਵਿਆਹ ’ਤੇ ਪਹੁੰਚਣ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਹੋਣ ਲੱਗ ਜਾਣੀਆਂ ਤੇ ਸਭ ਆਪਣੇ ਕੱਪੜੇ ਵਗੈਰਾ ਤਿਆਰ ਕਰਨ ਲੱਗਦੇ।
ਉਸ ਤੋਂ ਬਾਅਦ ਜਿਹੜਾ ਬਹੁਤ ਹੀ ਰੌਚਕ ਤੇ ਮਨੋਰੰਜਕ ਪ੍ਰੋਗਰਾਮ ਹੁੰਦਾ ਸੀ, ਉਹ ਸੀ ਗਾਉਣ ਬਿਠਾਉਣਾ ਜਾਂ ਢੋਲਕੀ। ਇਸ ਵਿਚ ਪੂਰੇ ਪਿੰਡ ਦੀਆਂ ਔਰਤਾਂ ਨੂੰ ਸੱਦਾ ਦਿੱਤਾ ਜਾਂਦਾ ਸੀ। ਮੁੰਡੇ ਦੇ ਵਿਆਹ ਲਈ ਘੋੜੀਆਂ ਤੇ ਕੁੜੀ ਦੇ ਵਿਆਹ ਲਈ ਸੁਹਾਗ ਗਾਏ ਜਾਂਦੇ ਸਨ। ਇਹ ਬਹੁਤ ਖੂਬਸੂਰਤ ਗੀਤ ਹੁੰਦੇ ਸਨ ਜਿਨ੍ਹਾਂ ਤੋਂ ਸਾਡੇ ਵਿਰਸੇ ਦੀ ਅਮੀਰੀ ਝਲਕਦੀ ਸੀ। ਕੁੜੀ ਦੇ ਵਿਆਹ ਦੇ ਗੀਤਾਂ ਵਿਚ ਕੁੜੀਆਂ ਦੀਆਂ ਸੱਧਰਾਂ, ਵਲਵਲੇ, ਜਜ਼ਬਾਤ, ਆਪਣੇ ਮਾਂ ਬਾਪ ਲਈ ਵੈਰਾਗ, ਭਰਾਵਾਂ ਦੀ ਇੱਜ਼ਤ, ਅਣਖ ਤੇ ਸ਼ਾਨ ਦੇ ਗੁਣਗਾਣ ਗਾਏ ਜਾਂਦੇ ਸਨ :
ਇਕ ਚੰਦਨ ਚੌਕੀ ਜੀ, ਹੀਰੇ ਮੋਤੀ ਜੜਤ ਜੜੇ।
ਉੱਤੇ ਬੀਬੀ ਬੈਠੀ ਜੀ, ਬਾਬਲ ਮੂਹਰੇ ਅਰਜ਼ ਕਰੇ।
ਬਾਬਲ ਓਹ ਵਰ ਟੋਲਿਓ ਵੇ, ਜਿੱਥੇ ਬੀਬੀ ਰਾਜ ਕਰੇ।
ਮਾਂ ਬਾਪ ਲਈ ਬੇਹੱਦ ਖੂਬਸੂਰਤ ਜਜ਼ਬਾਤੀ ਗੀਤ ਜੋ ਹਰ ਕਿਸੇ ਨੂੰ ਭਾਵੁਕ ਕਰ ਦਿੰਦੇ ਸਨ:
ਕਣਕਾਂ ਛੋਲਿਆਂ ਦਾ ਖੇਤ, ਹੌਲੀ ਹੌਲੀ ਨਿਸਰ ਗਿਆ।
ਬਾਬਲ ਧਰਮੀ ਦਾ ਦੇਸ, ਹੌਲੀ ਹੌਲੀ ਵਿਸਰ ਗਿਆ।
ਮਾਤਾ ਮੰਦੜੇ ਬੋਲ ਨਾ ਬੋਲ, ਅਸੀਂ ਤੇਰੇ ਨਾ ਆਵਾਂਗੇ।
ਬਾਬਲ ਧਰਮੀ ਦੇ ਦੇਸ, ਕਦੇ ਫੇਰਾ ਪਾ ਜਾਵਾਂਗੇ।
ਇਸ ਤਰ੍ਹਾਂ ਮੁੰਡੇ ਦੇ ਵਿਆਹ ਲਈ ਗਾਈਆਂ ਜਾਣ ਵਾਲੀਆਂ ਘੋੜੀਆਂ ਵਿਚ ਵੀ ਮਾਂ ਬਾਪ, ਭਰਾਵਾਂ ਦੀ ਆਨ ਸ਼ਾਨ ਨਾਲ ਸਬੰਧਿਤ ਗੀਤ ਗਾਏ ਜਾਂਦੇ। ਇਨ੍ਹਾਂ ਵਿਚੋਂ ਵੀ ਸਾਡੇ ਵਿਰਸੇ ਦੀ ਅਮੀਰੀ ਦੇਖਣ ਵਾਲੀ ਹੁੰਦੀ ਸੀ:
ਨਿੱਕੀ ਨਿੱਕੀ ਕਣੀ, ਨਿੱਕਿਆ ਮੀਂਹ ਵੇ ਵਰ੍ਹੇ,
ਨਦੀ ਦੇ ਕਿਨਾਰੇ ਘੋੜੀ ਘਾਹ ਵੇ ਚਰੇ।
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।
ਦੰਮਾਂ ਵਾਲੀ ਬੋਰੀ ਤੇਰਾ ਬਾਪ ਫੜੇ।
ਹਾਥੀਆਂ ਦੇ ਸੰਗਲ ਤੇਰਾ ਦਾਦਾ ਫੜੇ।
ਇਹ ਗਾਉਣ ਦੀ ਰਸਮ ਮਹੀਨਾ ਭਰ ਚਲਦੀ ਤੇ ਅੰਤ ਵਿਚ ਸਭ ਨੂੰ ਪਤਾਸੇ ਤੇ ਗੁੜ ਵੰਡਿਆ ਜਾਂਦਾ ਸੀ।
ਵਿਆਹ ਦੇ ਢੋਲ ਢਮੱਕਿਆਂ ਵਿਚ ਬਾਜਰਾ ਭਿਉਣ ਦੀ ਰਸਮ ਬਹੁਤ ਅਹਿਮ ਜਗ੍ਹਾ ਰੱਖਦੀ ਹੈ। ਸਾਰੇ ਸ਼ਰੀਕੇ ਦੀਆਂ ਔਰਤਾਂ ਇਸ ਵਿਚ ਸ਼ਾਮਲ ਹੁੰਦੀਆਂ। ਬਾਜਰੇ ਦੀਆਂ ਸੱਤ ਮੁੱਠੀਆਂ ਵਿਆਂਦੜ ਦੀ ਮਾਂ ਤੇ ਦੋ ਦੋ ਮੁੱਠੀਆਂ ਬਾਕੀ ਔਰਤਾਂ ਇਕ ਬਰਤਨ ਵਿਚ ਪਾਣੀ ਵਿਚ ਭਿਓਂ ਦਿੰਦੀਆਂ ਤੇ ਨਾਲ ਨਾਲ ਇਹ ਗੀਤ ਵੀ ਗਾਉਂਦੀਆਂ :
ਉੱਪਰ ਚੁਬਾਰੇ ਤੈਨੂੰ ਸਦ ਹੋਈ,
ਸ਼ਾਲੂ ਵਾਲੀਏ,
ਆ ਕੇ ਤਾਂ ਬਾਜਰਾ ਨੀਂ ਭਿਓਂ,
ਦਿਲਾਂ ਵਿਚ ਵਸ ਰਹੀਏ।
ਬਾਜਰਾ ਭਿਉਣ ਤੇਰੀਆਂ ਚਾਚੀਆਂ,
ਜਿਨ੍ਹਾਂ ਦੇ ਦਿਲਾਂ ਵਿਚ ਚਾਅ,
ਦਿਲਾਂ ਵਿਚ ਵਸ ਰਹੀਏ।
ਇਸ ਤਰ੍ਹਾਂ ਹਰ ਰਿਸ਼ਤੇ ਦਾ ਜ਼ਿਕਰ ਕਰਕੇ ਇਹ ਗੀਤ ਸਮਾਪਤ ਹੁੰਦਾ ਤੇ ਨਾਲ ਹੀ ਬਾਜਰੇ ਦੀ ਰਸਮ ਵੀ। ਇਸ ਦੇ ਨਾਲ ਹੀ ਵਿਆਹ ਵਾਲੇ ਘਰ ਹਲਵਾਈ ਬੈਠ ਜਾਂਦਾ ਤੇ ਚਹਿਲ ਪਹਿਲ ਸ਼ੁਰੂ ਹੋ ਜਾਂਦੀ। ਦਰਜੀ ਕੱਪੜੇ ਸੀ ਚੁੱਕੇ ਹੁੰਦੇ। ਰਜਾਈਆਂ, ਤਲਾਈਆਂ, ਖ਼ੇਸ, ਬਿਸਤਰੇ ਤਿਆਰ ਹੋ ਗਏ ਹੁੰਦੇ ਤੇ ਲੱਡੂਆਂ ਦੀ ਮਹਿਕ ਨਾਲ ਸਾਰਾ ਪਿੰਡ ਮਿਠਾਸ ਨਾਲ ਭਰ ਜਾਂਦਾ।
ਇਸ ਤੋਂ ਬਾਅਦ ਆਟੇ ਪਾਣੀ ਦੀ ਰਸਮ ਵਿਚ ਸ਼ਰੀਕੇ ਦੀਆਂ ਸੱਤ ਔਰਤਾਂ ਮਿਲ ਕੇ ਆਟੇ ਵਿਚ ਪਾਣੀ ਪਾਉਂਦੀਆਂ ਤੇ ਨਾਲ ਗੀਤ ਵੀ ਗਾਉਂਦੀਆਂ :
ਆਟੇ ਪਾਣੀ, ਦੁੱਧ ਮਧਾਣੀ,
ਕਿਹੜੀ ਸਪੂਤੜੀ ਨੇ ਪਾਇਆ।
ਦੂਜੀ ਟੋਲੀ ਅੱਗੋਂ ਜਵਾਬ ਵਿਚ ਗਾਉਂਦੀ
ਆਟੇ ਪਾਣੀ ਦੁੱਧ ਮਧਾਣੀ,
ਜੈ ਕੁਰ ਸਪੂਤੜੀ ਨੇ ਪਾਇਆ।
ਇਸ ਤਰ੍ਹਾਂ ਗਾਉਂਦੇ ਹੋਏ ਆਟਾ ਗੁੰਨ੍ਹਿਆ ਜਾਂਦਾ ਜੋ ਕਿ ਸਭ ਲਈ ਰੋਟੀ ਬਣਾਉਣ ਲਈ ਵਰਤਿਆ ਜਾਂਦਾ।
ਆਟੇ ਪਾਣੀ ਦੀ ਰਸਮ ਲਈ ਵੀ ਸਭ ਸ਼ਰੀਕੇ ਦੀਆਂ ਔਰਤਾਂ ਸ਼ਾਮਲ ਹੁੰਦੀਆਂ। ਸੱਤ ਔਰਤਾਂ ਜੋ ਰਿਸ਼ਤੇ ਵਿਚ ਦਰਾਣੀ ਜਠਾਣੀ ਹੁੰਦੀਆਂ, ਇਕ ਦੂਜੀ ਦੇ ਖੰਮਣੀ ਬੰਨ੍ਹਦੀਆਂ ਅਤੇ ਇਕ ਖੰਮਣੀ ਚੱਕੀ ਦੇ ਵੀ ਬੰਨ੍ਹੀ ਜਾਂਦੀ। ਉਸ ਵਿਚ ਸੱਤ ਸੱਤ ਮੁੱਠੀਆਂ ਜੌਂਅ ਪਾ ਕੇ ਸੱਤੇ ਜਣੀਆਂ ਇਕੱਠੀਆਂ ਗੇੜ ਕੇ ਜੌਂਆਂ ਨੂੰ ਪੀਸਦੀਆਂ। ਇਹੋ ਜੌਂਆਂ ਦੇ ਆਟੇ ਤੋਂ ਵਿਆਂਦੜ ਲਈ ਵਟਣਾ ਬਣਾਇਆ ਜਾਂਦਾ। ਇਸ ਸਮੇਂ ਨਾਲ ਨਾਲ ਇਹ ਗੀਤ ਵੀ ਗਾਇਆ ਜਾਂਦਾ ਜੋ ਆਸ ਪਾਸ ਖੜ੍ਹੀਆਂ ਔਰਤਾਂ ਗਾਉਂਦੀਆਂ ;
ਦੂਰੋਂ ਲਾਹੌਰੋਂ ਚੱਕੀ ਲਿਆਂਦੀ,
ਵਣੋਂ ਕਰੀਰੋਂ ਹੱਥੜਾ,
ਜੈ ਕੁਰ ਰਾਣੀ ਨੇ ਪੀਸਿਆ।
ਇਸ ਰਸਮ ਵਿਚ ਭਾਗ ਲੈ ਰਹੀ ਹਰ ਔਰਤ ਦਾ ਨਾਮ ਲੈ ਕੇ ਇਹ ਗੀਤ ਗਾਇਆ ਜਾਂਦਾ। ਇਸ ਸਮੇਂ ਮੰਜਿਆਂ ’ਤੇ ਬੈਠੀਆਂ ਕੁਝ ਔਰਤਾਂ ਰਾਤ ਵਾਲੀ ਬਾਜਰੇ ਦੀ ਰਸਮ ਨੂੰ ਯਾਦ ਕਰਦਿਆਂ, ਇਹ ਗੀਤ ਵੀ ਛੋਹ ਲੈਂਦੀਆਂ ਜੋ ਕਿ ਇਕ ਤਰ੍ਹਾਂ ਦਾ ਹਲਕਾ ਫੁਲਕਾ ਮਜ਼ਾਕ ਹੁੰਦਾ:
ਮੇਰਾ ਬਾਜਰਾ ਭੈਣੋਂ, ਨੀਂ ਰਾਤੀਂ ਰੰਗ ਮੁਹੱਲੇ ਚੜਿ੍ਹਆ।
ਤੇਜੋ ਕੁੜੀ ਛੱਟਣ ਲੱਗੀ, ਨਾਸੀਂ ਦਾਣਾ ਅੜਿਆ।
ਮੇਰਾ ਬਾਜਰਾ ਭੈਣੋਂ…।
ਸੀਬੋ ਕੁੜੀ ਛੱਟਣ ਲੱਗੀ, ਉੱਡ ਉੱਡ ਲਹਿੰਗਾ ਭਰਿਆ,
ਮੇਰਾ ਬਾਜਰਾ ਅੜੀਓ …।
ਇਸੇ ਦਿਨ ਸ਼ਾਮ ਨੂੰ ਨਾਈ ਵੱਲੋਂ ਮਿੱਠੇ ਚੌਲ ਬਣਾਏ ਜਾਂਦੇ। ਵਿਆਂਦੜ ਮੁੰਡੇ ਨਾਲ 6 ਹੋਰ ਮੁੰਡੇ ਤੇ ਵਿਆਂਦੜ ਕੁੜੀ ਨਾਲ 6 ਹੋਰ ਕੁੜੀਆਂ ਬੈਠ ਕੇ ਮੂੰਹ ਵਿਚ ਬੁਰਕੀਆਂ ਪਾਉਂਦੇ। ਜਦੋਂ ਇਹ ਰਸਮ ਕਰਕੇ ਖੜ੍ਹੇ ਹੁੰਦੇ ਤਾਂ ਉਨ੍ਹਾਂ ਕੁਆਰੇ ਮੁੰਡੇ ਕੁੜੀਆਂ ਵਿਚੋਂ ਕਿਸੇ ਇਕ ਦੇ ਸਿਰ ’ਤੇ ਹੱਥ ਧਰ ਦਿੰਦੇ, ਜਿਸ ਦਾ ਕਿ ਲੋਕਾਂ ਵਿਚ ਵਿਸ਼ਵਾਸ ਸੀ ਕਿ ਇਸ ਤਰ੍ਹਾਂ ਉਸ ਕੁੜੀ ਜਾਂ ਮੁੰਡੇ ਦਾ ਵਿਆਹ ਵੀ ਜਲਦੀ ਹੋ ਜਾਏਗਾ। ਇਸ ਤੋਂ ਬਾਅਦ ਵਿਆਂਦੜ ਮੁੰਡੇ ਕੁੜੀ ਲਈ ਘਰ ਦੀ ਦੇਹਲੀ ਟੱਪ ਕੇ ਬਾਹਰ ਜਾਣਾ ਵਰਜਿਤ ਹੁੰਦਾ ਸੀ।
ਨਾਈ ਧੋਈ ਇਕ ਬਹੁਤ ਹੀ ਅਹਿਮ ਰਸਮ ਹੈ। ਇਹ ਤਾਂ ਹਾਲੇ ਤਕ ਵੀ ਪ੍ਰਚੱਲਿਤ ਹੈ, ਪਰ ਉਦੋਂ ਨਾਲ ਨਾਲ ਬਹੁਤ ਖ਼ੂਬਸੂਰਤ ਗੀਤ ਵੀ ਗਾਏ ਜਾਂਦੇ ਸਨ। ਇਸ ਦਾ ਕਰਤਾ ਧਰਤਾ ਨਾਈ ਹੀ ਹੁੰਦਾ ਸੀ। ਵਿਆਂਦੜ ਲਈ ਵਟਣੇ, ਪਾਣੀ ਦਾ ਪ੍ਰਬੰਧ ਕਰਨਾ ਤੇ ਫਿਰ ਰਸਮ ਰਿਵਾਜ ਮੁਤਾਬਿਕ ਉਸ ਨੂੰ ਨਹਾਉਣਾ। ਇਸ ਵਿਚ ਸਾਰੀਆਂ ਰਿਸ਼ਤੇਦਾਰ ਔਰਤਾਂ ਲਾੜੇ ਨੂੰ ਵੱਟਣਾ ਮਲ਼ਦੀਆਂ ਤੇ ਨਾਲ ਨਾਲ ਗੀਤ ਗਾ ਰਹੀਆਂ ਹੁੰਦੀਆਂ:
ਮੈਂ ਵਾਰੀ ਜੀ, ਪਹਿਲਾ ਬੰਨਾ ਕੀਹਨੇ ਲਾਇਆ।
ਮਾਤਾ ਤਾਂ ਉਹਦੀ ਸਦਾ ਨੀਂ ਸੁਹਾਗਣ,
ਪਹਿਲਾ ਬੰਨਾ ਉਹਨੇ ਲਾਇਆ।
ਇਸ ਤਰ੍ਹਾਂ ਸਭ ਦੇ ਨਾਮ ਲਏ ਜਾਂਦੇ। ਇਕ ਹੋਰ ਗੀਤ ਵੀ ਇਸ ਸਮੇਂ ਗਾਇਆ ਜਾਂਦਾ:
ਵਾਹ ਵਾਹ ਨੀਂ ਚਾਦਰ ਕੁੰਡੀਆਂ ਦੀ,
ਅੱਜ ਨੀਂ ਕਿ ਰੌਣਕ ਮੁੰਡਿਆਂ ਦੀ।
ਵਾਹ ਵਾਹ ਨੀਂ ਚਾਦਰ ਚਿੜੀਆਂ ਦੀ,
ਅੱਜ ਨੀਂ ਕਿ ਰੌਣਕ ਕੁੜੀਆਂ ਦੀ।
ਆਂਗਨ ਸਾਡੇ ਚਿੱਕੜ ਆ ਵੇ,
ਕੀਹਨੇ ਡੋਲ੍ਹਿਆ ਪਾਣੀ।
ਬਾਬੇ ਦਾ ਪੋਤਰਾ ਨ੍ਹਾਤੜਾ ਨੀਂ ਓਹਨੇ ਡੋਲਿਆ ਪਾਣੀ।
ਫਿਰ ਅੰਤ ਵਿਚ ਮਾਮੇ ਨੂੰ ਯਾਦ ਕੀਤਾ ਜਾਂਦਾ:
ਫੁੱਲਾਂ ਭਰੀ ਚੰਗੇਰ ਇਕ ਫੁੱਲ ਲੋੜੀਦਾ।
ਐਸ ਵੇਲੇ ਦੇ ਨਾਲ ਮਾਮਾ ਲੋੜੀਦਾ।
ਇਸ ਤੋਂ ਬਾਅਦ ਸਿਹਰਾ, ਗਾਨਾ ਬੰਨਿਆ ਜਾਂਦਾ, ਭਾਬੀ ਸੁਰਮਾ ਪਾਉਂਦੀ ਤੇ ਫਿਰ ਚਾਈਂ ਚਾਈਂ ਬਰਾਤ ਰਵਾਨਾ ਹੁੰਦੀ। ਇਸ ਤਰ੍ਹਾਂ ਕੁੜੀ ਦੀ ਵੀ ਨਾਈ ਧੋਈ ਨੈਣ ਦੁਆਰਾ ਪੂਰੀ ਕਰਾਈ ਜਾਂਦੀ ਤੇ ਉਦੋਂ ਵੀ ਇਸ ਤਰ੍ਹਾਂ ਦੇ ਰਲਦੇ ਮਿਲਦੇ ਗੀਤ ਗਾਏ ਜਾਂਦੇ।
ਇਸ ਤਰ੍ਹਾਂ ਇਹ ਬਹੁਤ ਸਾਰੇ ਖੂਬਸੂਰਤ ਰਿਵਾਜ ਮਾਲਵੇ ਦੇ ਵਿਆਹਾਂ ਦੀ ਸ਼ਾਨ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਅੱਜਕੱਲ੍ਹ ਗੁਆਚ ਗਏ ਹਨ। ਇਨ੍ਹਾਂ ਨੂੰ ਸਾਂਭਣ ਲਈ ਯਤਨ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਵਾਕਿਫ਼ ਹੋਣ।
ਸੰਪਰਕ: 62393-26166