ਗੁਰਮੀਤ ਸਿੰਘ*
ਪੀਲੇ ਸਿਰ ਵਾਲਾ ਕਠਫੋੜਾ ਜਾਂ ਟੋਕਾ ਇੱਕ ਸੁੁੰਦਰ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਯੈਲੋ ਕਰਾਉਂਡ ਵੂੱਡਪੈਕਰ (Yellow-Crowned Woodpecker) ਅਤੇ ਹਿੰਦੀ ਵਿੱਚ ਸੁਨਹਿਰੀ ਕਠਫੋੜਾ ਕਹਿੰਦੇ ਹਨ। ਇਹ ਇੱਕ ਸ਼ਾਨਦਾਰ, ਬਹੁ-ਰੰਗੀ ਪੰਛੀ ਹੈ ਜਿਸ ਵਿੱਚ ਚਿੱਟੇ ਅਤੇ ਕਾਲੇ ਖੰਭ ਮੁੱਖ ਤੌਰ ’ਤੇ ਹੁੰਦੇ ਹਨ। ਇਸ ਵਿੱਚ ਚਿੱਟੀ ਧਾਰੀ ਇਸ ਦੀ ਵਿਸ਼ੇਸ਼ਤਾ ਹੁੰਦੀ ਹੈ। ਇਸ ਦੇ ਛਾਤੀ ਦੇ ਹੇਠਲੇ ਪਾਸੇ ਭੂਰੇ ਅਤੇ ਚਿੱਟੇ ਚਟਾਕ ਵੇਖੇ ਜਾ ਸਕਦੇ ਹਨ। ਇਸ ਦਾ ਉੱਪਰਲਾ ਹਿੱਸਾ ਕਾਲਾ ਅਤੇ ਵਿੱਚ-ਵਿੱਚ ਚਿੱਟੇ ਰੰਗ ਦੇ ਧੱਬੇ ਹੁੰਦੇ ਹਨ। ਹੇਠਲੇ ਹਿੱਸੇ ਵਿੱਚ ਢਿੱਡ ’ਤੇ ਗੂੜ੍ਹੇ ਲਾਲ ਰੰਗ ਦਾ ਧੱਬਾ ਅਤੇ ਧਾਰੀਆਂ ਹੁੰਦੀਆਂ ਹਨ। ਨਰ ਦੀ ਗਿੱਚੀ ਲਾਲ ਰੰਗ ਦੀ ਅਤੇ ਅੱਗੇ ਦਾ ਤਾਜ ਪੀਲਾ ਹੁੰਦਾ ਹੈ। ਮਾਦਾ ਦਾ ਤਾਜ ਅਤੇ ਗਿੱਚੀ ਪੀਲੇ ਰੰਗ ਦੇ ਹੁੰਦੇ ਹਨ। ਇਹ ਭਾਰਤ ਚੀਨ, ਨੇਪਾਲ, ਪਾਕਿਸਤਾਨ, ਸ੍ਰੀਲੰਕਾ, ਮਿਆਂਮਾਰ, ਲਾਓਸ, ਕੰਬੋਡੀਆ ਅਤੇ ਥਾਈਲੈਂਡ ਵਿੱਚ ਪਾਇਆ ਜਾਂਦਾ ਹੈ। ਇਹ ਆਮ ਤੌਰ ’ਤੇ ਪੂਰੇ ਭਾਰਤ ਵਿੱਚ ਮੈਦਾਨੀ ਅਤੇ ਪਹਾੜੀਆਂ ਦੀਆਂ ਮੱਧਮ ਉਚਾਈਆਂ ਅਤੇ ਹਿਮਾਲਿਆ ਵਿੱਚ 2500 ਫੁੱਟ (762 ਮੀਟਰ) ਦੀ ਉੱਚਾਈ ’ਤੇ ਦੇਖਿਆ ਜਾਂਦਾ ਹੈ। ਪੰਜਾਬ ਵਿੱਚ ਇਹ ਕਈ ਥਾਵਾਂ ’ਤੇ ਵੇਖਣ ਵਿੱਚ ਆਇਆ ਹੈ।
ਇਹ ਸੁੱਕੇ ਖੁੱਲ੍ਹੇ ਜੰਗਲੀ ਖੇਤਰਾਂ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ। ਇਸ ਨੂੰ ਅਕਸਰ ਹਲਕੇ ਪਤਝੜ ਵਾਲੇ ਜੰਗਲੀ ਖੇਤਰਾਂ, ਬਾਗਾਂ, ਅੰਬਾਂ ਦੇ ਬਾਗਾਂ ਅਤੇ ਖੁੱਲ੍ਹੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਇੱਕ ਰੁੱਖ ਦੇ ਤਣੇ ਤੋਂ ਦੂਜੇ ਰੁੱਖਾਂ ਦੇ ਤਣੇ ਤੱਕ ਉੱਡਦੇ ਹੋਏ ਹੇਠਾਂ ਉਤਰਦੇ ਹਨ ਅਤੇ ਉੱਪਰ ਵੱਲ ਝਟਕੇ ਨਾਲ ਸਿੱਧੇ ਜਾਂ ਚੱਕਰਾਂ ਵਿੱਚ ਰੁੱਖਾਂ ਦੇ ਸੁੱਕੇ ਸੱਕ ਵਿੱਚ ਲੁਕੇ ਹੋਏ ਕੀੜੇ-ਮਕੌੜਿਆਂ ਲਈ ਦਰਾਰਾਂ ਵਿੱਚ ਦੇਖਦੇ ਹਨ ਅਤੇ ਨਾਲ ਨਾਲ ਖਾ ਲੈਂਦੇ ਹਨ। ਇਹ ਲੁਕੇ ਹੋਏ ਕੀੜੇ -ਮਕੌੜਿਆਂ, ਕੀੜੀਆਂ, ਆਂਡਿਆਂ ਵਿੱਚੋਂ ਨਿਕਲੇ ਕੀੜੇ ਅਤੇ ਸੂੰਡੀਆਂ ਨੂੰ ਲੰਬੀ ਸੂਲ ਵਰਗੀ ਤਿੱਖੀ ਚੁੰਝ ਨਾਲ ਕੁਝ ਪਲਾਂ ਵਿੱਚ ਹੀ ਚੱਟ ਕਰ ਜਾਂਦੇ ਹਨ। ਇਸ ਤਰ੍ਹਾਂ ਇਹ ਪੰਛੀ ਆਪਣੀ ਵਾਤਾਵਰਨ ਪੱਖੀ ਭੂਮਿਕਾ ਨਿਭਾਉਂਦਾ ਹੋਇਆ ਸਾਨੂੰ ਨੁਕਸਾਨ ਕਰਨ ਵਾਲੇ ਕੀੜੇ-ਮਕੌੜਿਆਂ ਨੂੰ ਖਤਮ ਕਰ ਦਿੰਦਾ ਹੈ। ਸਾਡੇ ਵੱਲੋਂ ਰੁੱਖਾਂ ਨੂੰ ਕੱਟ ਕੇ ਇਨ੍ਹਾਂ ਦੇ ਵਾਸ ਤੇ ਇਨ੍ਹਾਂ ਦੀ ਨਸਲ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸਾਡੇ ਵੱਲੋਂ ਕਈ ਵਾਰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨੂੰ ਵੀ ਨਜ਼ਰਅੰਦਾਜ਼ ਕਰਕੇ ਇਸ ਤਰ੍ਹਾਂ ਕੀਤਾ ਜਾਂਦਾ ਹੈ, ਪਰ ਇਸ ਐਕਟ ਵਿੱਚ ਇਨ੍ਹਾਂ ਪੰਛੀਆਂ ਦੇ ਵਾਸ ਨੂੰ ਨਸ਼ਟ ਕਰਨ ਦੀ ਵੀ ਸਖ਼ਤ ਸਜ਼ਾ ਹੈ। ਇਸ ਕਠਫੋੜੇ ਦਾ ਆਲ੍ਹਣਾ ਬਣਾਉਣ ਦਾ ਸਮਾਂ ਮੁੱਖ ਤੌਰ ’ਤੇ ਜਨਵਰੀ ਤੋਂ ਮਈ ਦੇ ਵਿਚਕਾਰ ਹੁੰਦਾ ਹੈ। ਮਾਦਾ ਵੱਲੋਂ ਆਂਡੇ ਇਨ੍ਹਾਂ ਪੰਛੀਆਂ ਵੱਲੋਂ ਪਹਿਲਾਂ ਤੋਂ ਹੀ ਖੋਦੀ ਹੋਈ ਇੱਕ ਮੋਰੀ ਵਿੱਚ ਰੱਖੇ ਜਾਂਦੇ ਹਨ। ਨਰ, ਮਾਦਾ ਵੱਲੋਂ ਆਲ੍ਹਣੇ ਦੇ ਖੋਲ ਦੇ ਨਿਰਮਾਣ ਵਿੱਚ 6 ਤੋਂ 10 ਦਿਨ ਲੱਗ ਜਾਂਦੇ ਹਨ। ਇਹ ਕਈ ਵਾਰ ਪਿਛਲੇ ਸਾਲ ਦੀਆਂ ਆਲ੍ਹਣੇ ਦੀਆਂ ਖੁੱਡਾਂ ਨੂੰ ਵੀ ਵਰਤ ਲੈਂਦੇ ਹਨ। ਆਂਡੇ ਗਿਣਤੀ ਵਿੱਚ 3, ਚਮਕਦਾਰ ਚਿੱਟੇ, ਨਿਸ਼ਾਨ ਰਹਿਤ ਹੁੰਦੇ ਹਨ। ਨਰ ਤੇ ਮਾਦਾ ਦੋਵੇਂ ਆਲ੍ਹਣੇ ਦੇ ਨਿਰਮਾਣ, ਆਂਡਿਆਂ ਨੂੰ ਪ੍ਰਫੁੱਲਿਤ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਹਿੱਸਾ ਲੈਂਦੇ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910