ਗੁਰਮੀਤ ਸਿੰਘ*
ਬਦਾਮੀ ਬਗਲਾ ਆਮ ਵੇਖਿਆ ਜਾਣ ਵਾਲਾ ਸਥਾਨਕ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਕੈਟਲ ਈਗਰਟ’ (Cattle egret) ਅਤੇ ਹਿੰਦੀ ਵਿੱਚ ‘ਸੁਰਖਿਆ ਬਗਲਾ’ ਕਹਿੰਦੇ ਹਨ। ਇਸ ਦਾ ਰੰਗ ਚਿੱਟਾ ਹੁੰਦਾ ਹੈ। ਇਸ ਦੀ ਗਰਦਨ ਲੰਮੀ ਹੁੰਦੀ ਹੈ। ਲੱਤਾਂ ਵੀ ਲੰਮੀਆਂ ਹੁੰਦੀਆਂ ਹਨ। ਇਹ ਪੰਛੀ 48 ਤੋਂ 53 ਸੈਂਟੀਮੀਟਰ ਦੇ ਕੱਦ-ਕਾਠ ਦਾ ਹੁੰਦਾ ਹੈ। ਇਨ੍ਹਾਂ ਦਾ ਭਾਰ 270-512 ਗ੍ਰਾਮ ਹੁੰਦਾ ਹੈ। ਸੰਤਾਨ ਉਤਪਤੀ ਦੇ ਦਿਨਾਂ ਵਿੱਚ ਇਸ ਦੇ ਸਿਰ, ਪਿੱਠ ਅਤੇ ਹਿੱਕ ’ਤੇ ਬਦਾਮੀ ਰੰਗ ਦੇ ਚਮਕਦਾਰ ਖੰਭ ਨਿਕਲ ਆਉਂਦੇ ਹਨ।
ਪ੍ਰਜਣਨ ਦੇ ਮੌਸਮ ਵਿੱਚ ਇਹ ਪਾਣੀ ਦੇ ਨੇੜੇ ਕਾਲੋਨੀਆਂ ਵਿੱਚ ਆਲ੍ਹਣੇ ਬਣਾਉਂਦਾ ਹੈ। ਇਹ ਆਮ ਤੌਰ ’ਤੇ ਘੱਟ ਪਾਣੀ ਵਿੱਚ ਮਿਲਣ ਵਾਲੇ ਪੰਛੀਆਂ ਦੇ ਨਾਲ ਆਲ੍ਹਣਾ ਦਰੱਖਤਾਂ ਵਿੱਚ ਛੋਟੀਆਂ ਟਾਹਣੀਆਂ ਨੂੰ ਇਕੱਠਾ ਕਰਕੇ ਬਣਾਉਂਦਾ ਹੈ। ਨਰ ਤੇ ਮਾਦਾ ਦੋਵੇਂ ਇੱਕੋ ਜਿਹੇ ਹੁੰਦੇ ਹਨ, ਪਰ ਨਰ ਥੋੜ੍ਹਾ ਵੱਡਾ ਹੁੰਦਾ ਹੈ। ਮਾਦਾ 3 ਤੋਂ 5 ਦੀ ਗਿਣਤੀ ਵਿੱਚ ਹਲਕੇ ਚਿੱਟੇ ਨੀਲੇ ਰੰਗ ਦੇ ਆਂਡੇ ਦਿੰਦੀ ਹੈ। ਇਸ ਦੇ ਨਰ ਤੇ ਮਾਦਾ ਆਪਣੇ ਚੂਚਿਆਂ ਨੂੰ ਖਾਣਾ ਆਪਣੇ ਮੂੰਹ ਵਿੱਚ ਚਿੱਥ ਕੇ ਖੁਆਉਂਦੇ ਹਨ। ਬੱਚੇ 15 ਤੋਂ 20 ਦਿਨਾਂ ਬਾਅਦ ਆਲ੍ਹਣੇ ਦੇ ਨੇੜੇ ਚੜ੍ਹਨਾ ਸ਼ੁਰੂ ਕਰ ਦਿੰਦੇ ਹਨ। ਇਹ 25 ਤੋਂ 30 ਦਿਨਾਂ ਵਿੱਚ ਉੱਡਣਾ ਸ਼ੁਰੂ ਕਰ ਦਿੰਦੇ ਹਨ ਅਤੇ ਲਗਭਗ 45 ਦਿਨਾਂ ਵਿੱਚ ਸੁਤੰਤਰ ਹੋ ਜਾਂਦੇ ਹਨ।
ਇਨ੍ਹਾਂ ਦੀਆਂ ਭੋਜਨ ਪ੍ਰਾਪਤੀ ਦੀਆਂ ਥਾਵਾਂ ਵਿੱਚ ਮੌਸਮੀ ਤੌਰ ’ਤੇ ਪਾਣੀ ਨਾਲ ਭਰੇ ਘਾਹ ਦੇ ਮੈਦਾਨ, ਚਰਾਗਾਹਾਂ ਅਤੇ ਝੋਨੇ ਦੀਆਂ ਪੈਲੀਆਂ ਸ਼ਾਮਲ ਹੁੰਦੀਆਂ ਹਨ। ਉਹ ਅਕਸਰ ਪਸ਼ੂਆਂ ਜਾਂ ਹੋਰ ਵੱਡੇ ਥਣਧਾਰੀ ਜੀਵਾਂ ਦੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੀ ਹਲਚਲ ਨਾਲ ਕੀੜੇ ਮਕੌੜਿਆਂ ਨੂੰ ਫੜਦੇ ਹਨ। ਬਦਾਮੀ ਬਗਲੇ ਦੀ ਇਹ ਪ੍ਰਜਾਤੀ ਪਸ਼ੂਆਂ ਦੇ ਨਾਲ ਇੱਕ ਵਿਸ਼ੇਸ਼ ਸਬੰਧ ਕਾਇਮ ਰੱਖਦੀ ਹੈ ਜੋ ਹੋਰ ਵੱਡੇ ਥਣਧਾਰੀ ਜੀਵਾਂ ਤੱਕ ਫੈਲੀ ਹੋਈ ਵੇਖਣ ਵਿੱਚ ਮਿਲਦੀ ਹੈ। ਇਹ ਬਗਲੇ ਗਾਵਾਂ, ਮੱਝਾਂ ਦੇ ਜਿਸਮ ’ਤੇ ਚਿੰਬੜੇ ਚਿੱਚੜਾਂ, ਜੂੰਆਂ ਅਤੇ ਮੱਖੀਆਂ ਨੂੰ ਖਾਂਦੇ ਰਹਿੰਦੇ ਹਨ। ਇਸ ਨਾਲ ਦੋਵੇਂ ਪ੍ਰਜਾਤੀਆਂ ਨੂੰ ਲਾਭ ਹੁੰਦਾ ਹੈ। ਬਦਾਮੀ ਬਗਲੇ ਦੀ ਪ੍ਰਜਾਤੀ ਦੀ ਸੀਮਾ ਦਾ ਵਿਸ਼ਾਲ ਅਤੇ ਤੇਜ਼ੀ ਨਾਲ ਵਿਸਥਾਰ ਇਸ ਦੇ ਮਨੁੱਖ ਅਤੇ ਉਨ੍ਹਾਂ ਦੇ ਪਾਲਤੂ ਜਾਨਵਰਾਂ ਨਾਲ ਇਸ ਦੇ ਸਬੰਧਾਂ ਦੇ ਕਾਰਨ ਹੋਇਆ ਹੈ।
ਇਨ੍ਹਾਂ ਦੀ ਆਬਾਦੀ ਲਈ ਮੁੱਖ ਖ਼ਤਰਿਆਂ ਵਿੱਚੋਂ ਇੱਕ ਹੈ ਇਨ੍ਹਾਂ ਦੇ ਵਾਸ ਦਾ ਨੁਕਸਾਨ ਅਤੇ ਵਿਨਾਸ਼। ਕੀੜੇਮਾਰ ਦਵਾਈਆਂ ਦੀ ਲੋੜ ਤੋਂ ਵੱਧ ਵਰਤੋਂ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਨਾ, ਕਾਰਖਾਨਿਆਂ ਦੇ ਤੇਜ਼ਾਬੀ ਪਾਣੀਆਂ ਨੂੰ ਦਰਿਆਵਾਂ, ਨਦੀਆਂ ਅਤੇ ਨਾਲਿਆਂ ਵਿੱਚ ਛੱਡਣ ਨਾਲ ਇਨ੍ਹਾਂ ਪੰਛੀਆਂ ਦੇ ਰਹਿਣ ਵਾਲਾ ਚੌਗਿਰਦਾ ਦਿਨੋਂ ਦਿਨ ਘਟ ਰਿਹਾ ਹੈ। ਇਸ ਦਾ ਬਗਲੇ ਦੀ ਇਸ ਪ੍ਰਜਾਤੀ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910