ਬਾਲ ਕਹਾਣੀ
ਬਹਾਦਰ ਸਿੰਘ ਗੋਸਲ
ਬੱਚਿਓ! ਇਕ ਵਿਸ਼ਾਲ ਜੰਗਲ ਸੀ। ਜਿੰਨਾ ਵਿਸ਼ਾਲ ਉਹ ਜੰਗਲ ਸੀ, ਓਨਾ ਹੀ ਵੱਡਾ ਸੀ ਉਸ ਜੰਗਲ ਦੇ ਰਾਜੇ ਸ਼ੇਰ ਦਾ ਸਾਮਰਾਜ, ਪਰ ਉਹ ਇਕ ਸਿਆਣਾ ਰਾਜਾ ਸੀ। ਉਸ ਨੇ ਇੰਨੇ ਵੱਡੇ ਸਾਮਰਾਜ ਨੂੰ ਚਲਾਉਣ ਲਈ ਬਹੁਤ ਸਾਰੇ ਜੰਗਲੀ ਜੀਵਾਂ ਦੀ ਇਕ ਸਲਾਹਕਾਰ ਸਭਾ ਬਣਾ ਰੱਖੀ ਸੀ ਜੋ ਹਰ ਪ੍ਰਬੰਧਕੀ ਮੁੱਦੇ ’ਤੇ ਰਾਜੇ ਨੂੰ ਠੀਕ ਸਲਾਹ ਦੇ ਕੇ ਰਾਜੇ ਦੀ ਮਦਦ ਕਰਦੀ ਸੀ। ਹੁਣ ਜਦੋਂ ਰਾਜਾ ਸ਼ੇਰ ਕਾਫ਼ੀ ਬੁੱਢਾ ਹੋ ਗਿਆ ਤਾਂ ਉਸਦਾ ਬਾਹਰ ਜਾਣਾ ਵੀ ਮੁਸ਼ਕਿਲ ਹੋ ਗਿਆ। ਇੱਥੋਂ ਤਕ ਕਿ ਉਹ ਸ਼ਿਕਾਰ ਕਰਨ ਦੇ ਵੀ ਅਸਮਰੱਥ ਹੋ ਗਿਆ।
ਇਕ ਦਿਨ ਸ਼ੇਰ ਨੇ ਸਲਾਹਕਾਰ ਸਭਾ ਦੀ ਮੀਟਿੰਗ ਬੁਲਾਈ ਅਤੇ ਕਿਹਾ, ‘‘ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਹੁਣ ਬੁੱਢਾ ਹੋ ਚੁੱਕਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਇਸ ਸਾਮਰਾਜ ਨੂੰ ਪਹਿਲਾਂ ਦੀ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਜਾਵੇ, ਕਿਉਂਕਿ ਜੰਗਲ ਦੇ ਤਿੰਨ ਪਾਸੇ ਸਮੁੰਦਰ ਹੈ ਅਤੇ ਜੰਗਲ ਵਿਚ ਆਉਣ ਦਾ ਕੇਵਲ ਇਕ ਹੀ ਰਸਤਾ ਨੇੜੇ ਦੇ ਪਿੰਡ ਵਿਚੋਂ ਹੋ ਕੇ ਆਉਂਦਾ ਹੈ। ਪਿੰਡ ਦੇ ਲੋਕ ਤਾਂ ਬਹੁਤ ਭਲੇ ਹਨ, ਪਰ ਬਾਹਰੋਂ ਆਉਣ ਵਾਲੇ ਬੰਦੂਕਧਾਰੀ ਸ਼ਿਕਾਰੀ ਪੂਰੇ ਜੰਗਲ ਲਈ ਮੁਸੀਬਤ ਬਣੇ ਰਹਿੰਦੇ ਹਨ। ਪਿੰਡ ਦੇ ਲੋਕ ਸਾਡੇ ਸਿਆਣੇ ਗੁਆਂਢੀ ਅਤੇ ਸਾਡੀ ਮਦਦ ਕਰਦੇ ਹਨ, ਇਸ ਲਈ ਮੈਂ ਕਦੇ ਵੀ ਉਨ੍ਹਾਂ ਨੂੰ ਜੰਗਲ ਵਿਚੋਂ ਲੱਕੜਾਂ ਲੈ ਕੇ ਜਾਣ ਤੋਂ ਨਹੀਂ ਰੋਕਿਆ, ਪਰ ਮੈਨੂੰ ਅੱਗੇ ਆਉਣ ਵਾਲਾ ਸਮਾਂ ਭਿਆਨਕ ਲੱਗਦਾ ਹੈ। ਤੁਸੀਂ ਹੀ ਕੋਈ ਹੱਲ ਲੱਭੋ।’’ ਸਭਾ ਦੇ ਸਭ ਮੈਂਬਰ ਸੋਚਾਂ ਵਿਚ ਪੈ ਗਏ, ਪਰ ਇਕ ਚਲਾਕ ਬਾਂਦਰ ਨੇ ਨਵੀਂ ਸਲਾਹ ਦਿੱਤੀ, ਜਿਸ ਅਨੁਸਾਰ ਜੰਗਲ ਦਾ ਸੰਵਿਧਾਨ ਬਦਲ ਕੇ ਰਾਜੇ ਸ਼ੇਰ ਨੂੰ ਸਰਪ੍ਰਸਤ ਅਤੇ ਚਲਾਕ ਗਿੱਦੜ ਨੂੰ ਰਾਜਾ ਬਣਾਉਣਾ ਸੀ।
ਬਾਂਦਰ ਦੀ ਸਲਾਹ ਨਾਲ ਕਈ ਜਾਨਵਰ ਸਹਿਮਤ ਹੋ ਗਏ ਅਤੇ ਆਖਿਰਕਾਰ ਉਸ ਚਲਾਕ ਗਿੱਦੜ ਨੂੰ ਜੰਗਲ ਦਾ ਰਾਜਾ ਬਣਾ ਦਿੱਤਾ ਗਿਆ। ਗਿੱਦੜ ਚਲਾਕ ਤਾਂ ਪਹਿਲਾਂ ਹੀ ਸੀ, ਹੁਣ ਹੰਕਾਰੀ, ਘੁਮੰਡੀ ਅਤੇ ਫੁਕਰਾ ਵੀ ਬਣ ਗਿਆ। ਹਰ ਗੱਲ ’ਤੇ ਡਰਾਮੇ ਕਰਕੇ ਜੰਗਲ ਦੇ ਦੂਜੇ ਜੀਵਾਂ ’ਤੇ ਰੋਅਬ ਪਾਉਣ ਲੱਗਾ। ਕਿਸੇ ਨੂੰ ਕਹੇ, ‘ਮੇਰੇ ਕੋਲ ਬਾਰਾਂ ਸਿੰਗਿਆਂ ਦੀ ਵੱਡੀ ਫ਼ੌਜ ਹੈ, ਮੈਂ ਕੋਈ ਵੀ ਮੁਕਾਬਲਾ ਕਰ ਸਕਦਾ ਹਾਂ। ਹਾਥੀਆਂ ਦੀ ਫ਼ੌਜ ਜੰਗਲ ਦੀ ਰਖਵਾਲੀ ਲਈ ਹਰ ਸਮੇਂ ਤਾਇਨਾਤ ਰਹਿੰਦੀ ਹੈ। ਉਸ ਦੀਆਂ ਫਰੋਟੀਆਂ ਸੁਣਕੇ ਇਕ ਖਰਗੋਸ਼ ਨੇ ਪੁੱਛਿਆ, ‘ਜੇ ਬੰਦੂਕਧਾਰੀ ਸ਼ਿਕਾਰੀ ਆ ਗਏ ਤਾਂ ਸਾਡਾ ਬਚਾਅ ਕਿਵੇਂ ਹੋਵੇਗਾ? ਖਰਗੋਸ਼ ਦੀ ਗੱਲ ਸੁਣ ਕੇ ਗਿੱਦੜ ਗੁੱਸੇ ਵਿਚ ਆ ਗਿਆ ਅਤੇ ਕਿਹਾ, ‘‘ਤੈਨੂੰ ਪਤਾ ਨਹੀਂ, ਮੇਰਾ ਇੰਨਾ ਵੱਡਾ ਸਾਮਰਾਜ ਹੈ, ਸ਼ਿਕਾਰੀ ਇੱਥੇ ਕਿਵੇਂ ਆ ਜਾਣਗੇ, ਮੈਂ ਤਾਂ ਫੱਟੇ ਚੱਕ ਦਿਆਂਗਾ, ਨਾਲੇ ਸਾਰੇ ਸੁਣ ਲਓ, ਮੇਰੇ ਕੰਮ ਵਿਚ ਕੋਈ ਅੜਿਕਾ ਨਾ ਬਣੇ। ਨੇੜੇ ਦੇ ਪਿੰਡ ਵਾਲਿਆਂ ਨੂੰ ਵੀ ਦੱਸ ਦਿਓ, ਹੁਣ ਰਾਜਾ ਬੁੱਢਾ ਨਹੀਂ, ਮੇਰੀ ਆਗਿਆ ਤੋਂ ਬਿਨਾਂ ਜੰਗਲ ਵਿਚੋਂ ਲੱਕੜਾਂ ਲੈਣ ਨਾ ਆਉਣ।’’
ਹੁਣ ਗਿੱਦੜ ਰਾਜਾ ਆਪਣੀ ਮਸਤੀ ਅਤੇ ਫੁਕਰਾਪੰਤੀ ਵਿਚ ਮਸਤ ਰਹਿੰਦਾ। ਜਦੋਂ ਜਾਨਵਰ ਕੋਈ ਆਪਣੀ ਮੁਸੀਬਤ ਬਾਰੇ ਦੱਸਣ ਲਈ ਉਸ ਕੋਲ ਜਾਂਦੇ ਤਾਂ ਉਸਨੇ ਇਕ ਹੀ ਵਾਕ ਰੱਟਿਆ ਹੋਇਆ ਸੀ, ‘ਮੈਂ ਤਾਂ ਫੱਟੇ ਚੱਕ ਦਿਆਂਗਾ।’ ਦੇਖਦੇ ਦੇਖਦੇ ਜੰਗਲ ਵਿਚ ਅਰਾਜਕਤਾ ਫੈਲ ਗਈ। ਜਾਨਵਰ ਆਪਸ ਵਿਚ ਲੜਨ ਲੱਗੇ, ਬਾਹਰੀ ਸ਼ਿਕਾਰੀ ਰੋਜ਼ਾਨਾ ਨੁਕਸਾਨ ਕਰਨ ਲੱਗੇ। ਜੰਗਲੀ ਜਾਨਵਰਾਂ ਦੇ ਬੱਚੇ ਸਹਿਮੇ-ਸਹਿਮੇ ਰਹਿਣ ਲੱਗੇ।
ਜਿਸ ਬਾਂਦਰ ਨੇ ਉਸ ਨੂੰ ਰਾਜਾ ਬਣਾਉਣ ਲਈ ਸਲਾਹ ਦਿੱਤੀ ਸੀ ਉਸ ਨੂੰ ਬਾਕੀ ਜਾਨਵਰ ਉਲਾਂਭੇ ਦੇਣ ਲੱਗੇ। ਬਾਂਦਰ ਨੇ ਵੀ ਪਿੰਡ ਵਿਚ ਜਾ ਕੇ ਲੋਕਾਂ ਨੂੰ ਰਾਜੇ ਦੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ। ਜੰਗਲ ਵਿਚੋਂ ਲੱਕੜਾਂ ਕੱਟਣ ਤੋਂ ਮਨ੍ਹਾ ਕਰਨ ਕਰਕੇ ਪਿੰਡ ਦੇ ਲੋਕ ਪਹਿਲਾਂ ਹੀ ਦੁਖੀ ਸਨ। ਉਹ ਗਿੱਦੜ ਨੂੰ ਮਿਲਣ ਲਈ ਮੌਕੇ ਦੀ ਤਾੜ ਵਿਚ ਸਨ।
ਇਕ ਦਿਨ ਬਾਂਦਰ ਅਤੇ ਕੁਝ ਹੋਰ ਜਾਨਵਰਾਂ ਨੇ ਮਿਲ ਕੇ ਇਕ ਸਿਆਣੀ ਲੂੰਬੜੀ ਕੋਲ ਗੱਲ ਕੀਤੀ। ਵਿਊਂਤ ਅਨੁਸਾਰ ਲੂੰਬੜੀ ਨੇ ਰਾਜੇ ਗਿੱਦੜ ਨੂੰ ਕਿਹਾ, ‘ਮਹਾਰਾਜ ਤੁਸੀਂ ਇੰਨੇ ਵੱਡੇ ਸਾਮਰਾਜ ਦੇ ਬਾਦਸ਼ਾਹ ਹੋ, ਕਦੇ ਨੇੜੇ ਤੇੜੇ ਦੇ ਇਲਾਕੇ ਵਿਚ ਗੇੜਾ ਮਾਰ ਕੇ ਆਪਣਾ ਰੋਅਬ ਵੀ ਝਾੜ ਆਇਆ ਕਰੋ।’ ਲੂੰਬੜੀ ਦੀਆਂ ਗੱਲਾਂ ਵਿਚ ਆ ਉਹ ਲੂੰਬੜੀ ਨਾਲ ਉਸ ਪਿੰਡ ਵਿਚ ਗੇੜਾ ਮਾਰਨ ਲਈ ਤਿਆਰ ਹੋ ਗਿਆ। ਫਿਰ ਇਕ ਦਿਨ ਰਾਜਾ ਗਿੱਦੜ, ਬਾਂਦਰ ਤੇ ਲੂੰਬੜੀ ਨਾਲ ਪਿੰਡ ਵਿਚ ਪਹੁੰਚ ਗਿਆ। ਲੋਕਾਂ ਦਾ ਇਕੱਠ ਹੋ ਗਿਆ। ਜਿਉਂ ਹੀ ਲੂੰਬੜੀ ਨੇ ਨਵੇਂ ਰਾਜੇ ਦੀ ਜਾਣ ਪਛਾਣ ਕਰਵਾਈ ਤਾਂ ਗਿੱਦੜ ਬੋਲ ਪਿਆ, ‘ਮੈਂ ਤਾਂ ਫੱਟੇ ਚੱਕ ਦਿਆਂਗਾ, ਤੁਹਾਡੇ ਪਿੰਡ ਵੱਲੋਂ ਕੋਈ ਸ਼ਿਕਾਰੀ ਜੰਗਲ ਵਿਚ ਨਾ ਆਵੇ, ਤੁਸੀਂ ਮੈਨੂੰ ਬੁੱਢਾ ਸ਼ੇਰ ਨਾ ਸਮਝਣਾ, ਮੈਂ ਤਾਂ ਬਹੁਤ ਸਖ਼ਤ, ਤਾਕਤਵਰ ਅਤੇ ਸਮਝਦਾਰ ਹਾਂ।’ ਬਸ! ਫਿਰ ਗਿੱਦੜ ਫੁਕਰੀਆਂ ਮਾਰਨ ਲੱਗਿਆ। ਮੌਕਾ ਦੇਖ ਕੇ ਬਾਂਦਰ ਨੇ ਕੁਝ ਬੰਦਿਆਂ ਨੂੰ ਇਸ਼ਾਰਾ ਕੀਤਾ ਤਾਂ ਉਨ੍ਹਾਂ ਉੱਠ ਕੇ ਗਿੱਦੜ ਨੂੰ ਘੇਰ ਲਿਆ।
ਪਿੰਡ ਦੇ ਬੱਚੇ ਪਹਿਲਾਂ ਹੀ ਟੁੱਟੇ ਛਿੱਤਰਾਂ ਦਾ ਢੇਰ ਲਗਾਈ ਬੈਠੇ ਸਨ। ਉਹ ਵੀ ਰਾਜੇ ਗਿੱਦੜ ਦੀਆਂ ਫਰੌਟੀਆਂ ਸੁਣ ਸੁਣ ਕੇ ਦੁਖੀ ਹੋਏ ਪਏ ਸਨ। ਫਿਰ ਪਿੰਡ ਵਾਲਿਆਂ ਨੇ ਰਾਜੇ ਦੀ ਚੰਗੀ ‘ਗਿੱਦੜ ਕੁੱਟ’ ਕੀਤੀ। ਬੱਚੇ ਵੀ ਉਸ ਵੱਲ ਛਿੱਤਰ ਸੁੱਟਦੇ ਹੋਏ ਕਹਿ ਰਹੇ ਸਨ, ‘ਸਾਨੂੰ ਫੁਕਰੇ ਰਾਜੇ ਦੀ ਲੋੜ ਨਹੀਂ।’ ਬਾਂਦਰ ਅਤੇ ਲੂੰਬੜੀ ਛੁਪ ਕੇ ਸਾਰਾ ਤਮਾਸ਼ਾ ਦੇਖ ਰਹੇ ਸਨ। ਚੰਗੀ ਕੁੱਟ ਖਾ ਕੇ ਟੇਢਾ-ਮੇਢਾ ਤੁਰਿਆ ਜਾਂਦਾ ਗਿੱਦੜ ਕਹਿ ਰਿਹਾ ਸੀ, ‘ਮੈਂ, ਨਹੀਂ ਰਾਜਾ ਬਣਨਾ।’ ਬਾਂਦਰ ਅਤੇ ਲੂੰਬੜੀ ਉਸ ਪ੍ਰਤੀ ਨਕਲੀ ਹਮਦਰਦੀ ਦਿਖਾ ਰਹੇ ਸਨ।
ਸੰਪਰਕ: 98764-52223