ਗੁਰਸ਼ਰਨ ਸਿੰਘ ਕੁਮਾਰ
ਅਪਨੇ ਲੀਏ ਜੀਏ ਤੋ ਕਿਆ ਜੀਏ।
ਤੂੰ ਜੀਅ ਐ ਦਿਲ ਜ਼ਮਾਨੇ ਕੇ ਲੀਏ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਹ ਇਕੱਲਾ ਰਹਿਣ ਲਈ ਨਹੀਂ ਬਣਿਆ। ਪਰਮਾਤਮਾ ਨੇ ਇਸੇ ਲਈ ਨਰ ਅਤੇ ਮਾਦਾ ਬਣਾਏ ਹਨ ਤਾਂ ਕਿ ਦੋਹਾਂ ਨੂੰ ਇੱਕ ਦੂਜੇ ਦੇ ਸਹਿਯੋਗ ਦੀ ਲੋੜ ਪੈਂਦੀ ਰਹੇ ਅਤੇ ਸ੍ਰਿਸ਼ਟੀ ਅੱਗੇ ਚੱਲਦੀ ਰਹੇ। ਇਕੱਲਾ ਨਰ ਜਾਂ ਮਾਦਾ ਦੂਜੇ ਦੇ ਸਹਿਯੋਗ ਤੋਂ ਬਿਨਾਂ ਸ੍ਰਿਸ਼ਟੀ ਨੂੰ ਅੱਗੇ ਨਹੀਂ ਤੋਰ ਸਕਦਾ। ਆਪਣੇ ਲਈ ਕੰਮ ਤਾਂ ਸਾਰੇ ਹੀ ਕਰਦੇ ਹਨ, ਪਰ ਇਨਸਾਨ ਉਹ ਹੀ ਹੈ ਜੋ ਦੂਜੇ ਦੇ ਕੰਮ ਆਵੇ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਕਈ ਲੋਕ ਤਾਂ ਇੰਨੇ ਰਹਿਮ ਦਿਲ ਹੁੰਦੇ ਹਨ ਕਿ ਉਹ ਪਸ਼ੂ ਪੰਛੀਆਂ ਦੇ ਸੁੱਖ ਦਾ ਵੀ ਖਿਆਲ ਰੱਖਦੇ ਹਨ। ਉਹ ਲਾਵਾਰਿਸ ਗਊਆਂ ਨੂੰ ਪੱਠੇ ਪਾਉਂਦੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਅਤੇ ਦਾਣੇ ਪਾਣੀ ਦਾ ਪ੍ਰਬੰਧ ਕਰਦੇ ਹਨ। ਉਹ ਤਾਂ ਮਾਸ ਆਂਡਾ ਖਾਣ ਤੋਂ ਵੀ ਪ੍ਰਹੇਜ਼ ਕਰਦੇ ਹਨ। ਉਹ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਨ।
ਇਕੱਲੇ ਮਨੁੱਖ ਦੀ ਖ਼ੁਸ਼ੀ ਕੋਈ ਖ਼ੁਸ਼ੀ ਨਹੀਂ ਹੁੰਦੀ। ਖ਼ੁਸ਼ੀ ਨੂੰ ਤਾਂ ਸਾਰਿਆਂ ਨਾਲ ਰਲ਼ ਕੇ ਹੀ ਮਨਾਇਆ ਜਾਂਦਾ ਹੈ। ਕਹਿੰਦੇ ਹਨ ਕਿ ਇਕੱਲਾ ਤਾਂ ਰੁੱਖ ਵੀ ਨਾ ਹੋਵੇ। ਇਕੱਲੇ ਰਹਿਣ ਵਾਲੇ ਬੰਦੇ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਆਪਣੇ ਚੰਗੇ ਦਿਨਾਂ ਵਿੱਚ ਉਹ ਕਿਸੇ ਦਾ ਸਾਥ ਨਹੀਂ ਦਿੰਦਾ। ਇਸੇ ਲਈ ਉਸ ਦੇ ਅੰਤ ਸਮੇਂ ਦੂਜਾ ਕੋਈ ਉਸ ਦੇ ਨੇੜੇ ਨਹੀਂ ਆਉਂਦਾ। ਇਸੇ ਤਰ੍ਹਾਂ ਵਿਹਲੇ ਰਹਿਣ ਵਿੱਚ ਵੀ ਕੋਈ ਸ਼ਾਨ ਨਹੀਂ। ਵਿਹਲਾ ਰਹਿਣ ਵਾਲਾ ਮਨੁੱਖ ਸਮਾਜ, ਦੇਸ਼ ਅਤੇ ਪਰਿਵਾਰ ’ਤੇ ਬੋਝ ਹੀ ਹੁੰਦਾ ਹੈ। ਉਸ ਨੂੰ ਵੀ ਜਲਦੀ ਘੁਣ ਦੀ ਤਰ੍ਹਾਂ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਬਚਣ ਲਈ ਹਰ ਮਨੁੱਖ ਨੂੰ ਕੋਈ ਨਾ ਕੋਈ ਉਸਾਰੂ ਕੰਮ ਕਰਦੇ ਰਹਿਣਾ ਚਾਹੀਦਾ ਹੈ। ਜਦੋਂ ਬੰਦਾ ਕਿਸੇ ਕੰਮ ਨੂੰ ਹੱਥ ਪਾਉਂਦਾ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਦਾ ਸਾਥ ਅਤੇ ਸਹਿਯੋਗ ਮਿਲਦਾ ਹੈ ਜਿਸ ਨਾਲ ਉਸ ਦਾ ਵਿਹਲਾਪਣ ਅਤੇ ਇਕੱਲਤਾ ਦੂਰ ਹੁੰਦੀ ਹੈ। ਉਹ ਤੰਦਰੁਸਤ ਰਹਿੰਦਾ ਹੈ ਅਤੇ ਜ਼ਿੰਦਗੀ ਵਿੱਚ ਉਸ ਦੀ ਦਿਲਚਸਪੀ ਬਣੀ ਰਹਿੰਦੀ ਹੈ।
ਭਾਰਤ ਵਿੱਚ ਹਾਲੇ ਵੀ ਸਵੇਰੇ ਸਵੇਰੇ ਕੂੜੇ ਦੇ ਢੇਰ ਵਿੱਚੋਂ ਛੋਟੇ ਛੋਟੇ ਬੱਚੇ ਆਪਣੀ ਰੋਟੀ ਤਲਾਸ਼ਦੇ ਨਜ਼ਰ ਆਉਂਦੇ ਹਨ। ਢਾਬਿਆਂ ਅਤੇ ਇੱਟਾਂ ਦੇ ਭੱਠਿਆਂ ’ਤੇ ਮਾਸੂਮ ਬੱਚੇ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹਨ। ਲੱਖਾਂ ਲੋਕ ਬਿਨਾਂ ਛੱਤ ਤੋਂ ਵਰਾਂਡਿਆਂ ਵਿੱਚ ਅਤੇ ਬਿਨਾਂ ਛੱਤ ਤੋਂ ਪੁਲਾਂ ਹੇਠਾਂ ਰਾਤਾਂ ਕੱਟ ਰਹੇ ਹਨ।
ਸਰਕਾਰ ਨੂੰ ਗ਼ਰੀਬ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢਣ ਲਈ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਹ ਵੀ ਪਰਮਾਤਮਾ ਦੇ ਬਣਾਏ ਹੋਏ ਬੰਦੇ ਹਨ। ਸਾਡਾ ਵੀ ਇਨ੍ਹਾਂ ਪ੍ਰਤੀ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਦੀ ਬਾਂਹ ਫੜੀਏ ਅਤੇ ਇਨ੍ਹਾਂ ਬੁਝਦੇ ਹੋਏ ਚਿਰਗਾਂ ਨੂੰ ਜਗਮਗਾ ਕੇ ਸਮਾਜ ਦਾ ਨਰੋਇਆ ਅੰਗ ਬਣਾਈਏ।
ਬੰਦਾ ਜਿੰਨਾ ਮਰਜ਼ੀ ਅਮੀਰ ਕਿਉਂ ਨਾ ਹੋ ਜਾਵੇ, ਉਹ ਆਪਣਾ ਦੁੱਖ ਵੇਚ ਨਹੀਂ ਸਕਦਾ ਅਤੇ ਸੁੱਖ ਖ਼ਰੀਦ ਨਹੀਂ ਸਕਦਾ। ਦੁੱਖ ਤਾਂ ਉਸ ਨੂੰ ਆਪਣੇ ਸਰੀਰ ਅਤੇ ਆਤਮਾ ’ਤੇ ਹੀ ਝੱਲਣਾ ਪੈਂਦਾ ਹੈ। ਦਾਨ ਹਮੇਸ਼ਾਂ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਦੂਸਰੇ ਨੂੰ ਚੰਗਾ ਕੰਮ ਕਹਿਣ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂ ਕਰੋ। ਕਈ ਲੋਕ ਘਰ ਦੇ ਬਜ਼ੁਰਗਾਂ ਨੂੰ ਰੋਟੀ ਨਹੀਂ ਪੁੱਛਦੇ, ਪਰ ਆਪ ਗੁਰਦੁਆਰੇ ਲੰਗਰ ਦੀ ਸੇਵਾ ਕਰਨ ਤੁਰ ਪੈਂਦੇ ਹਨ। ਅਜਿਹੀ ਸੇਵਾ ਦਾ ਕੋਈ ਲਾਭ ਨਹੀਂ, ਕੇਵਲ ਦਿਖਾਵਾ ਹੀ ਹੈ।
ਜੇ ਤੁਸੀਂ ਕਾਫ਼ੀ ਸਾਰਾ ਧਨ ਇਕੱਠਾ ਕਰ ਲਿਆ ਹੈ ਜਾਂ ਕਿਸੇ ਉੱਚੇ ਅਹੁਦੇ ’ਤੇ ਪਹੁੰਚ ਗਏ ਹੋ ਤਾਂ ਕਦੀ ਇਹ ਨਾ ਸੋਚੋ ਕਿ ਹੁਣ ਤੁਸੀਂ ਸਰਵਗੁਣ ਸਪੰਨ ਹੋ ਗਏ ਹੋ ਅਤੇ ਹੁਣ ਤੁਹਾਨੂੰ ਕਿਸੇ ਦੀ ਲੋੜ ਨਹੀਂ। ਇਸ ਲਈ ਹੁਣ ਤੁਹਾਨੂੰ ਦੂਜੇ ਲੋਕਾਂ ਨਾਲ ਮਿਲਣਾ, ਬੋਲਣਾ ਅਤੇ ਵਰਤਣਾ ਛੱਡ ਦੇਣਾ ਚਾਹੀਦਾ ਹੈ। ਨਾ ਹੀ ਜਵਾਨੀ ਦੇ ਗਰੂਰ ਵਿੱਚ ਇਹ ਸੋਚੋ ਕਿ ਤੁਸੀਂ ਕਦੇ ਬੁੱਢੇ ਹੀ ਨਹੀਂ ਹੋਣਾ ਜਾਂ ਹੁਣ ਤੁਹਾਡੇ ’ਤੇ ਕੋਈ ਮਾੜਾ ਸਮਾਂ ਨਹੀਂ ਆਵੇਗਾ। ਇਕੱਲੇ ਅਤੇ ਵਿਹਲੇ ਰਹਿਣਾ ਸਭ ਤੋਂ ਵੱਡਾ ਔਗੁਣ ਹੈ। ਸੰਸਾਰ ਵਿੱਚ ਕੋਈ ਵੀ ਮਨੁੱਖ ਸਰਵਗੁਣ ਸਪੰਨ ਨਹੀਂ ਹੁੰਦਾ। ਇਸ ਲਈ ਸਾਨੂੰ ਜ਼ਿੰਦਗੀ ਵਿੱਚ ਇੱਕ ਦੂਜੇ ਦੀ ਲੋੜ ਪੈਂਦੀ ਹੀ ਰਹਿੰਦੀ ਹੈ। ਮਦਦ ਕੇਵਲ ਰੁਪਏ ਪੈਸੇ ਨਾਲ ਹੀ ਨਹੀਂ ਹੁੰਦੀ। ਤੁਸੀਂ ਕਿਸੇ ਦੁਖੀ ਦੀ ਹੱਥੀਂ ਸੇਵਾ ਕਰ ਕੇ ਵੀ ਉਸ ਦਾ ਦੁੱਖ ਦੂਰ ਕਰ ਸਕਦੇ ਹੋ। ਕਿਸੇ ਨੂੰ ਸ਼ੁੱਭ ਅਸੀਸ ਵੀ ਦੇ ਸਕਦੇ ਹੋ। ਤੁਹਾਡੇ ਪ੍ਰੇਰਨਾ ਦੇ ਕਹੇ ਹੋਏ ਸ਼ਬਦ ਕਿਸੇ ਦੀ ਜ਼ਿੰਦਗੀ ਸਵਾਰ ਸਕਦੇ ਹਨ। ਆਪਣੇ ਆਪ ਨੂੰ ਕਦੀ ਗ਼ਰੀਬ, ਕਮਜ਼ੋਰ, ਨਿਮਾਣਾ ਅਤੇ ਨਿਤਾਣਾ ਨਾ ਸਮਝੋ। ਹੋ ਸਕਦਾ ਹੈ ਕਿ ਜੋ ਕੁਝ ਅੱਜ ਤੁਹਾਡੇ ਕੋਲ ਹੈ, ਕਈ ਲੋਕ ਉਸ ਨੂੰ ਵੀ ਤਰਸਦੇ ਹੋਣ। ਹਮੇਸ਼ਾਂ ਆਪਣੇ ਤੋਂ ਥੱਲੇ ਵਾਲੇ ਵੱਲ ਦੇਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੋ। ਗ਼ਰੀਬ, ਕਮਜ਼ੋਰ ਅਤੇ ਬਿਮਾਰ ਲੋਕਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਉਹ ਤੁਹਾਡੀ ਹਮਦਰਦੀ ਅਤੇ ਪਿਅਰ ਦੇ ਪਾਤਰ ਹਨ। ਇਸੇ ਲਈ ਕਹਿੰਦੇ ਹਨ: ਨਾ ਪਦ ਬੜਾ, ਨਾ ਕਦ ਬੜਾ। ਮੁਸੀਬਤ ਮੇਂ ਜੋ ਸਾਥ ਦੇ ਵੋਹ ਸਭ ਸੇ ਬੜਾ।
ਅਸੀਂ ਇੱਕ ਦੂਜੇ ਨੂੰ ਸਹਾਰਾ ਦਿੰਦੇ ਹੋਏ ਹੀ ਆਪ ਉੱਪਰ ਉੱਠ ਸਕਦੇ ਹਾਂ। ਜੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਸਾਡਾ ਭਲਾ ਵੀ ਆਪਣੇ ਆਪ ਹੀ ਹੋ ਜਾਂਦਾ ਹੈ। ਇੱਕ ਦੂਜੇ ਦੇ ਸਹਿਯੋਗ ਨਾਲ ਮੁਸ਼ਕਿਲ ਕੰਮ ਵੀ ਆਸਾਨ ਹੋ ਜਾਂਦਾ ਹਨ ਅਤੇ ਅਸੰਭਵ ਕੰਮ ਵੀ ਸੰਭਵ ਬਣ ਜਾਂਦੇ ਹਨ। ਕੁਦਰਤ ਦੀ ਕੋਈ ਵੀ ਚੀਜ਼ ਕੇਵਲ ਆਪਣੇ ਲਈ ਹੀ ਨਹੀਂ ਜਿਉਂਦੀ। ਸੂਰਜ ਕੇਵਲ ਆਪਣੇ ਲਈ ਹੀ ਰੋਸ਼ਨੀ ਨਹੀਂ ਦਿੰਦਾ। ਦਰਿਆ ਕਦੀ ਆਪਣਾ ਪਾਣੀ ਆਪ ਨਹੀਂ ਪੀਂਦੇ। ਫੁੱਲ ਵੀ ਆਪਣੀ ਖ਼ੁਸ਼ਬੂ ਦੂਜਿਆਂ ਨੂੰ ਹੀ ਵੰਡਦੇ ਹਨ। ਦਰੱਖਤ ਕਦੀ ਆਪਣਾ ਫ਼ਲ ਆਪ ਨਹੀਂ ਖਾਂਦੇ ਅਤੇ ਨਾ ਹੀ ਕਦੀ ਆਪਣੀ ਆਕਸੀਜਨ ਆਪ ਸੋਖਦੇ ਹਨ। ਇਸ ਲਈ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਦੂਜਿਆਂ ਦਾ ਭਲਾ ਕਰ ਕੇ ਆਪਣੀ ਜ਼ਿੰਦਗੀ ਸਫਲ ਬਣਾਉਣੀ ਚਾਹੀਦੀ ਹੈ।
ਇਸ ਧਰਤੀ ’ਤੇ ਸਮੇਂ ਸਮੇਂ ਅਜਿਹੇ ਅਵਤਾਰ ਅਤੇ ਰਹਿਨੁਮਾ ਪੈਦਾ ਹੋਏ ਹਨ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੀ ਲਹਿਰ ਸ਼ੁਰੂ ਕੀਤੀ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ। ਗੁਰੂ ਨਾਨਕ ਦੇਵ ਜੀ ਨੇ ਜੋ ਲੰਗਰ ਦੀ ਪ੍ਰਥਾ ਚਲਾਈ, ਉਹ ਅੱਜ ਵੀ ਪੰਜ ਸਦੀਆਂ ਤੋਂ ਜ਼ਿਆਦਾ ਸਮੇਂ ਤੋਂ ਗ਼ਰੀਬਾਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਭੋਜਨ ਕਰਾ ਰਹੀ ਹੈ। ਅੱਜ ਦੁਨੀਆ ਭਰ ਵਿੱਚ ਰੈੱਡ ਕਰਾਸ ਨਾਮ ਦੀ ਸੰਸਥਾ ਚੱਲ ਰਹੀ ਹੈ। ਮਦਰ ਟਰੇਸਾ ਨੇ ਅਨਾਥਾਂ ਅਤੇ ਬੇਸਹਾਰਾ ਔਰਤਾਂ ਦੀ ਸੰਸਥਾ ਕਾਇਮ ਕੀਤੀ। ਭਗਤ ਪੂਰਨ ਸਿੰਘ ਨੇ ਅਨਾਥਾਂ ਅਤੇ ਪਿੰਗਲਿਆਂ ਲਈ ਪਿੰਗਲਵਾੜੇ ਦੀ ਸਥਾਪਨਾ ਕੀਤੀ। ਸਰਦਾਰ ਰਵੀ ਸਿੰਘ ਵੱਲੋਂ ਖਾਲਸਾ ਏਡ ਦੀ ਸੰਸਥਾ ਦੇ ਨਾਮ ਹੇਠ, ਦੁਨੀਆ ਦੇ ਜਿਸ ਸਥਾਨ ’ਤੇ ਵੀ ਕੋਈ ਕੁਦਰਤੀ ਆਫ਼ਤ ਆਏ, ਉੱਥੇ ਸਭ ਤੋਂ ਪਹਿਲਾਂ ਪਹੁੰਚ ਕੇ ਦੁਖੀਆਂ ਲਈ ਭੋਜਨ, ਬਿਸਤਰ, ਬਰਤਨ, ਦਵਾਈਆਂ ਅਤੇ ਮੁੜ ਵਸੇਬੇ ਨਾਲ ਮਦਦ ਕੀਤੀ ਜਾਂਦੀ ਹੈ।
ਦੂਜਿਆਂ ਦੀ ਮਦਦ ਕਿਸੇ ਦਿਖਾਵੇ, ਸਵਾਰਥ, ਅਹਿਸਾਨ ਜਾਂ ਹੰਕਾਰ ਨਾਲ ਨਹੀਂ ਕਰਨੀ ਚਾਹੀਦੀ ਸਗੋਂ ਪਿਆਰ, ਹਮਦਰਦੀ ਅਤੇ ਆਪਣਾ ਇਨਸਾਨੀ ਫ਼ਰਜ਼ ਸਮਝ ਕੇ ਕਰਨੀ ਚਾਹੀਦੀ ਹੈ ਤਾਂ ਕਿ ਦੂਜਾ ਆਪਣੇ ਆਪ ਨੂੰ ਛੋਟਾ ਨਾ ਸਮਝੇ। ਜੋ ਦੂਜਿਆਂ ਨੂੰ ਇੱਜ਼ਤ ਦਿੰਦਾ ਹੈ, ਉਹ ਅਸਲ ਵਿੱਚ ਖੁਦ ਹੀ ਇੱਜ਼ਤਦਾਰ ਹੁੰਦਾ ਹੈ। ਮਨੁੱਖ ਦੂਜੇ ਨੂੰ ਉਹ ਹੀ ਦੇ ਸਕਦਾ ਹੈ ਜੋ ਉਸ ਕੋਲ ਹੁੰਦਾ ਹੈ। ਜੇ ਅੱਜ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਇਹ ਪੱਕੀ ਗੱਲ ਹੈ ਕਿ ਕੱਲ੍ਹ ਨੂੰ ਸਾਡੇ ਮੁਸ਼ਕਿਲ ਸਮੇਂ ਪਰਮਾਤਮਾ ਕੋਈ ਦੋ ਹੱਥ ਸਾਡੀ ਮਦਦ ਨੂੰ ਭੇਜ ਹੀ ਦੇਵੇਗਾ। ਕਿਸਮਤ ਦੀ ਬਜਾਏ, ਕਰਮ ਥਿਊਰੀ ’ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।
ਬੇਸ਼ੱਕ ਅਸੀਂ ਸਿਰਫ਼ ਆਪਣੇ ਲਈ ਹੀ ਨਹੀਂ ਬਣੇ, ਪਰ ਫਿਰ ਵੀ ਦੂਜੇ ਦਾ ਭਲਾ ਕਰਦਿਆਂ ਸਾਨੂੰ ਆਪਣੇ ਆਪ ਨੂੰ ਭੁੱਲ ਨਹੀਂ ਜਾਣਾ ਚਾਹੀਦਾ। ਆਪਣੇ ਆਪ ਲਈ ਵੀ ਸਾਡੇ ਕੁਝ ਮੁੱਢਲੇ ਫ਼ਰਜ਼ ਹਨ। ਜੇ ਅਸੀਂ ਤੰਦਰੁਸਤ ਰਹਾਂਗੇ ਤਾਂ ਹੀ ਦੂਜੇ ਦੀ ਸੇਵਾ ਕਰ ਸਕਾਂਗੇ। ਨਸ਼ਿਆਂ ਅਤੇ ਭੈੜੀ ਸੰਗਤ ਤੋਂ ਬਚੋ। ਸੋਹਣੇ ਅਤੇ ਢੁਕਵੇਂ ਕੱਪੜੇ ਪਾ ਕੇ ਆਪਣੀ ਦਿੱਖ ਸੋਹਣੀ ਬਣਾ ਕੇ ਰੱਖੋ। ਚੰਗੀ ਸੰਗਤ ਕਰੋ। ਆਪਣੇ ਹੁਨਰ ਨੂੰ ਤਰਾਸ਼ੋ ਤਾਂ ਕਿ ਤੁਹਾਡੀ ਕਦਰ ਪਵੇ। ਹੱਸਮੁੱਖ ਰਹੋ। ਖ਼ੁਸ਼ੀ ਖ਼ੁਸ਼ੀ ਦੂਸਰੇ ਦੇ ਕੰਮ ਸਵਾਰੋ। ਇਸ ਤਰ੍ਹਾਂ ਤੁਸੀਂ ਦੂਜੇ ਦਾ ਦਿਲ ਜਿੱਤ ਲਓਗੇ।
ਇਹ ਵੀ ਯਾਦ ਰੱਖੋ ਕਿ ਕਿਸੇ ਦੇ ਮਾੜੇ ਦਿਨ ਹਮੇਸ਼ਾਂ ਲਈ ਨਹੀਂ ਰਹਿੰਦੇ। ਅੱਜ ਜੋ ਜ਼ਰੂਰਤਮੰਦ ਹੈ, ਉਹ ਕੱਲ੍ਹ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋ ਕੇ ਤੁਹਾਡੇ ਬਰਾਬਰ ਵੀ ਹੋ ਸਕਦਾ ਹੈ ਅਤੇ ਤੁਹਾਨੂੰ ਉਸ ਦੀ ਮਦਦ ਦੀ ਲੋੜ ਵੀ ਪੈ ਸਕਦੀ ਹੈ। ਜੇ ਦੂਜੇ ਦੇ ਦੁੱਖ ਸਮੇਂ ਉਸ ਨੂੰ ਕਿਹਾ ਜਾਏ: ‘ਘਬਰਾ ਨਾ, ਮੈਂ ਤੇਰੇ ਨਾਲ ਹਾਂ’ ਤਾਂ ਉਸ ਨੂੰ ਬੜੀ ਤਸੱਲੀ ਮਿਲਦੀ ਹੈ ਕਿ ਮੇਰੇ ਨਾਲ ਮੇਰਾ ਕੋਈ ਹਮਦਰਦ ਹੈ। ਇਸ ਨਾਲ ਉਸ ਦੇ ਦੁੱਖ ਦੀ ਪੀੜਾ ਕੁਝ ਘਟਦੀ ਹੈ। ਜੇ ਤੁਹਾਡੇ ਭਲੇ ਦੇ ਕੀਤੇ ਕੰਮ ਨਾਲ ਕਿਸੇ ਦੁਖੀ ਦੇ ਚਿਹਰੇ ’ਤੇ ਮੁਸਕਰਾਹਟ ਆ ਸਕੇ ਤਾਂ ਸਮਝੋ ਕਿ ਇਹ ਤੁਹਾਡੀ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ। ਦੂਸਰੇ ਦੀਆਂ ਅਸੀਸਾਂ ਜ਼ਿੰਦਗੀ ਵਿੱਚ ਬਹੁਤ ਕੰਮ ਆਉਂਦੀਆਂ ਹਨ।
ਕੋਈ ਬੰਦਾ ਕਦੀ ਆਪਣੇ ਆਪ ਵਿੱਚ ਪੂਰਾ ਨਹੀਂ ਹੁੰਦਾ। ਜ਼ਿੰਦਗੀ ਵਿੱਚ ਹਰ ਕਿਸੇ ਨੂੰ ਦੂਜੇ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ। ਇਹ ਸਾਥ ਇੱਕ ਦੂਸਰੇ ਦੇ ਸਹਿਯੋਗ ਅਤੇ ਸਦ-ਵਿਵਹਾਰ ਨਾਲ ਹੀ ਮਿਲਦਾ ਹੈ। ਦੂਸਰੇ ਦੇ ਸਾਥ ਤੋਂ ਬਿਨਾਂ ਅਸੀਂ ਸਾਰੇ ਹੀ ਅਧੂਰੇ ਹਾਂ। ਬਿਨਾਂ ਕਿਸੇ ਸਾਥ, ਸਹਾਰੇ ਅਤੇ ਸਹਿਯੋਗ ਤੋਂ ਅਸੀਂ ਸਿਫ਼ਰ ਹਾਂ। ਅਸੀਂ ਇੱਕ ਦੂਜੇ ਲਈ ਹੀ ਬਣੇ ਹਾਂ। ਫੁੱਲਾਂ ਦੀ ਤਰ੍ਹਾਂ ਸਾਡਾ ਜੀਵਨ ਬਹੁਤ ਛੋਟਾ ਹੈ। ਇਸ ਨੂੰ ਖ਼ਤਮ ਹੋਣ ਤੋਂ ਪਹਿਲਾਂ ਕੁਝ ਚੰਗਾ ਕਰ ਜਾਵੋ ਤਾਂ ਕਿ ਲੋਕ ਤੁਹਾਡੇ ਪਿੱਛੋਂ ਵੀ ਤੁਹਾਨੂੰ ਯਾਦ ਕਰਨ। ਜ਼ਿੰਦਗੀ ਲੰਮੀ ਨਹੀਂ ਮਹਾਨ ਹੋਣੀ ਚਾਹੀਦੀ ਹੈ।
ਸੰਪਰਕ: 83608-42861