ਅਜੀਤ ਸਿੰਘ ਚੰਦਨ
ਖਿੜੇ ਹੋਏ ਫੁੱਲਾਂ ਵੱਲ ਵੇਖੋ! ਕਿਵੇਂ ਇਹ ਫੁੱਲ ਖਿੜ ਕੇ ਸਾਨੂੰ ਪ੍ਰਸੰਨ ਕਰਦੇ ਹਨ। ਜਿਹੜੇ ਇਨਸਾਨ ਖਿੜੇ ਫੁੱਲਾਂ ਵੱਲ ਵੇਖਦੇ ਹਨ, ਉਨ੍ਹਾਂ ਦੀ ਸੋਚ ਵੀ ਫੁੱਲਾਂ ਵਾਂਗ ਖ਼ੁਸ਼ ਰਹਿਣ ਵਾਲੀ ਬਣ ਜਾਂਦੀ ਹੈ। ਕੁਦਰਤ ’ਚ ਖੇੜੇ-ਖ਼ੁਸ਼ੀਆਂ ਤੇ ਸੁੰਦਰਤਾ ਦੇ ਭੰਡਾਰ ਭਰੇ ਹੋਏ ਹਨ। ਕੁਦਰਤ ਨਾਲ ਸਾਂਝ ਪਾ ਲਓ! ਤੁਹਾਨੂੰ ਉਦਾਸ ਹੋਣ ਦਾ ਸਮਾਂ ਹੀ ਨਹੀਂ ਮਿਲੇਗਾ। ਜਿਹੜਾ ਇਨਸਾਨ ਇਨ੍ਹਾਂ ਫੁੱਲਾਂ ਨੂੰ ਪਿਆਰ ਕਰਦਾ ਹੈ, ਉਹ ਆਪਣੇ ਘਰਾਂ ’ਚ ਵੀ ਫੁੱਲਾਂ ਦੀਆਂ ਕਿਆਰੀਆਂ ਬੀਜ ਕੇ ਖ਼ੁਸ਼ੀਆਂ ਪ੍ਰਾਪਤ ਕਰਦਾ ਹੈ। ਕਈ ਇਨਸਾਨ ਫੁੱਲਾਂ ਦੇ ਨੇੜੇ ਬੈਠ ਕੇ ਫੁੱਲਾਂ ਨੂੰ ਨਿਹਾਰਦੇ ਹਨ। ਕੁਦਰਤ ਦੀ ਅਨੰਤ ਲੀਲ੍ਹਾ ਨੂੰ ਵੇਖ ਕੇ ਜ਼ਿੰਦਗੀ ਜਿਉਣ ਦੀ ਪ੍ਰੇਰਨਾ, ਉਹ ਕੁਦਰਤ ਕੋਲੋਂ ਸਿੱਖਦੇ ਹਨ। ਜਿਹੜਾ ਇਨਸਾਨ ਕੁਦਰਤ ਨੂੰ ਆਪਣਾ ਸੰਗੀ-ਸਾਥੀ ਬਣਾ ਲਵੇ, ਉਸ ਨੂੰ ਉਦਾਸ ਹੋਣ ਦੀ ਵਿਹਲ ਹੀ ਨਹੀਂ ਮਿਲਦੀ।
ਕਦੇ ਉਦਾਸ ਨਾ ਹੋਵੋ! ਜੇ ਤੁਸੀਂ ਕਦੇ ਉਦਾਸ ਵੀ ਹੋ ਜਾਵੋ ਤਾਂ ਇਸ ਤੋਂ ਤੁਰੰਤ ਬਾਹਰ ਆ ਜਾਓ। ਕੋਈ ਅਜਿਹਾ ਕੰਮ ਕਰੋ, ਜਿਸ ਵਿਚ ਤੁਹਾਡੀ ਦਿਲਚਸਪੀ ਹੋਵੇ। ਕੰਮ ’ਚ ਲੀਨ ਹੋ ਕੇ ਇਨਸਾਨ ਨੂੰ ਉਦਾਸ ਹੋਣ ਦਾ ਖਿ਼ਆਲ ਹੀ ਭੁੱਲ ਜਾਂਦਾ ਹੈ। ਇਸ ਲਈ ਜਿਹੜੇ ਇਨਸਾਨ ਕੰਮ ਦੀ ਪੂਜਾ ਕਰਦੇ ਹਨ, ਉਹ ਆਪਣੇ ਕੰਮ ’ਚ ਸਮਰਪਿਤ ਹੋ ਕੇ ਲਾਹਾ ਖੱਟਦੇ ਹਨ। ਹੁਸ਼ਿਆਰ ਤੇ ਚੰਗੇ ਪੜ੍ਹਨ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ’ਚ ਸ਼ੁਰੂ ਤੋਂ ਹੀ ਏਨੇ ਲੀਨ ਹੋ ਜਾਂਦੇ ਹਨ ਕਿ ਉਹ ਕਦੇ ਵੀ ਵਿਹਲੇ ਨਹੀਂ ਬੈਠਦੇ। ਬਚਪਨ ਤੋਂ ਹੀ ਉਹ ਮਿਹਨਤ ਦਾ ਲੜ ਫੜ ਕੇ ਉਤਸ਼ਾਹ ਤੇ ਸ਼ੌਕ ਨਾਲ ਉੱਚੀਆਂ ਜਮਾਤਾਂ ਵੀ ਪਾਸ ਕਰ ਜਾਂਦੇ ਹਨ ਤੇ ਫਿਰ ਉੱਚੇ ਅਹੁਦੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਨਹੀਂ ਹੁੰਦੇ।
ਪੜ੍ਹਾਈ ਵਿਚ ਦਿਲਚਸਪੀ ਤੇ ਸਫਲਤਾ ਨਾਲ ਉੱਚੀਆਂ ਜਮਾਤਾਂ ਨੂੰ ਪਾਸ ਕਰ ਜਾਣਾ, ਕੇਵਲ ਉਨ੍ਹਾਂ ਦੇ ਹਿੱਸੇ ਹੀ ਆਉਂਦਾ ਹੈ, ਜੋ ਸਦਾ ਕੰਮ ’ਚ ਲੱਗੇ ਰਹਿਣ ਦੀ ਆਦਤ ਬਣਾ ਲੈਣ। ਅਜਿਹੇ ਵਿਦਿਆਰਥੀ ਵੀ ਹੁੰਦੇ ਹਨ, ਜੋ ਗ਼ਰੀਬ ਹੋਣ ਕਾਰਨ ਆਪਣੀ ਫੀਸ ਤਕ ਨਹੀਂ ਦੇ ਸਕਦੇ, ਪਰ ਕੋਈ ਨਾ ਕੋਈ ਵਸੀਲਾ ਲੱਭ ਕੇ ਉਹ ਫੀਸ ਦਾ ਪ੍ਰਬੰਧ ਵੀ ਕਰਦੇ ਹਨ ਤੇ ਫਿਰ ਉੱਚੀਆਂ ਪੜ੍ਹਾਈਆਂ ਕਰਕੇ ਨਾਮਣਾ ਖੱਟਦੇ ਹਨ। ਪ੍ਰੋਫੈਸਰ ਲੱਗ ਕੇ ਆਪਣੇ ਮਾਂ-ਬਾਪ ਲਈ ਵੀ ਸੋਭਾ ਖੱਟਦੇ ਹਨ।
ਜਦੋਂ ਇਨਸਾਨ ਨੂੰ ਕੰਮ ਵਿਚ ਸਫਲਤਾ ਮਿਲਦੀ ਰਹੇ, ਉਹ ਕਦੇ ਉਦਾਸ ਨਹੀਂ ਹੁੰਦਾ। ਉਹ ਖ਼ੁਸ਼ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਤੇ ਹੋਰਨਾਂ ਨੂੰ ਵੀ ਖ਼ੁਸ਼ ਰਹਿਣ ਦੀ ਪ੍ਰੇਰਨਾ ਦਿੰਦਾ ਹੈ, ਪਰ ਇਹ ਕਦੇ ਨਾ ਭੁੱਲੋ ਕਿ ਖ਼ੁਸ਼ੀ ਸਦਾ ਕੰਮ ਕਰਕੇ ਹੀ ਕਮਾਈ ਜਾ ਸਕਦੀ ਹੈ। ਵਿਹਲੇ ਰਹਿ ਕੇ ਨਾ ਪ੍ਰਸੰਨਤਾ ਮਿਲਦੀ ਹੈ ਤੇ ਨਾ ਹੀ ਸਦਾ ਖ਼ੁਸ਼ ਰਹਿਣ ਦੀ ਜਾਚ ਆ ਸਕਦੀ ਹੈ। ਜੇ ਸਾਡੀ ਸੋਚ ਸਫਲ ਹੋਣ ਦੀ ਹੋਵੇ ਤਾਂ ਅਸੀਂ ਮਿਹਨਤ ਕਰਕੇ ਕਿਸੇ ਵੀ ਕੰਮ ’ਚ ਮੁਹਾਰਤ ਹਾਸਲ ਕਰ ਸਕਦੇ ਹਾਂ।
ਪ੍ਰੋ. ਅਬਦੁਲ ਕਲਾਮ ਬਚਪਨ ਵਿਚ ਇਕ ਗ਼ਰੀਬ ਬੱਚਾ ਹੀ ਸੀ ਤੇ ਉਹ ਇਮਲੀ ਇਕੱਠੀ ਕਰਕੇ ਉਸ ਨੂੰ ਵੇਚ ਕੇ ਕੋਈ ਕਿਤਾਬ ਜਾਂ ਕਾਪੀ ਖ਼ਰੀਦ ਲੈਂਦਾ ਸੀ, ਪਰ ਉਸ ਦੇ ਦਿਲ ਵਿਚ ਉੱਚੀ ਮੰਜ਼ਿਲ ’ਤੇ ਪਹੁੰਚਣ ਦੀ ਇੱਛਾ ਸ਼ਕਤੀ ਸੀ। ਇਸੇ ਕਾਰਨ ਕਠਿਨ ਤਪੱਸਿਆ ਕਰਕੇ ਅਜਿਹੇ ਹਾਲਾਤ ਵਿਚ ਵੀ ਉਸ ਨੇ ਉੱਚੀ ਪੜ੍ਹਾਈ ਕੀਤੀ ਤੇ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕਰ ਲਈ। ਫਿਰ ਮਿਜ਼ਾਈਲ ਤਿਆਰ ਕਰਨ ਦੇ ਖੇਤਰ ’ਚ ਕੰਮ ਕਰਕੇ ਨੌਕਰੀ ਕੀਤੀ ਤੇ ਅਖੀਰ ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਬਣ ਗਏ। ਅਜਿਹਾ ਹਸਮੁਖ ਇਨਸਾਨ ਕੋਈ ਵਿਰਲਾ-ਟਾਂਵਾਂ ਹੀ ਹੁੰਦਾ ਹੈ, ਜੋ ਹੋਰਨਾਂ ਲਈ ਮਿਸਾਲ ਪੈਦਾ ਕਰ ਸਕੇ।
ਪਰ ਜਿਹੜੇ ਇਨਸਾਨ ਉਦਾਸੀ ਦਾ ਪੱਲਾ ਫੜੀ ਰੱਖਣ, ਉਹ ਇਕ ਦਿਨ ਅਜਿਹੀ ਉਦਾਸੀ ਕਾਰਨ ਹੀ ਆਪਣੀ ਜ਼ਿੰਦਗੀ ਖ਼ਤਮ ਕਰ ਲੈਂਦੇ ਹਨ। ਖ਼ੁਦਕੁਸ਼ੀ ਕਰਕੇ, ਨਮੋਸ਼ੀ ਖੱਟਦੇ ਹਨ। ਪਰਿਵਾਰ ਲਈ ਲਾਹਨਤ ਖੱਟਦੇ ਹਨ ਤੇ ਅਜਿਹੇ ਉਦਾਸੀ ’ਚ ਡੁੱਬੇ ਰਹਿਣ ਵਾਲੇ ਇਨਸਾਨ ਕਿਸੇ ਹੋਰ ਲਈ ਕੀ ਪ੍ਰੇਰਨਾ ਸਰੋਤ ਬਣ ਸਕਦੇ ਹਨ।
ਖ਼ੁਸ਼ ਰਹੋ ਤੇ ਆਪਣੇ ਕੰਮਾਂ-ਕਾਰਾਂ ’ਚ ਖੁੱਭ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਲਵੋ। ਸਫਲਤਾ ਉਨ੍ਹਾਂ ਇਨਸਾਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ, ਜੋ ਵੱਡੇ ਸੁਪਨੇ ਵੇਖਦੇ ਹਨ ਤੇ ਫਿਰ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ’ਚ ਰੁੱਝ ਜਾਂਦੇ ਹਨ। ਪਰਮਾਤਮਾ ਨੇ ਇਨਸਾਨ ਨੂੰ ਜ਼ਿੰਦਗੀ ਇਸ ਲਈ ਹੀ ਦਿੱਤੀ ਹੈ ਕਿ ਉਹ ਮਿਹਨਤ ਕਰਕੇ ਆਪਣਾ ਨਾਂ ਕਮਾਵੇ। ਆਪ ਖ਼ੁਸ਼ ਰਹੇ ਤੇ ਹੋਰਨਾਂ ਇਨਸਾਨਾਂ ’ਚ ਵੀ ਖ਼ੁਸ਼ੀਆਂ ਵੰਡੇ। ਖ਼ੁਸ਼ ਰਹੋ! ਤੇ ਮੁਸਕਰਾਓ! ਇਹ ਜ਼ਿੰਦਗੀ ਗ਼ਲਤੀਆਂ ਕਰਕੇ ਨਮੋਸ਼ੀ ਖੱਟਣ ਲਈ ਨਹੀਂ ਬਣੀ? ਸਗੋਂ ਹਰ ਕੰਮ ਵਿਚ ਦਿਲਚਸਪੀ ਲਵੋ! ਨਿਮਰਤਾ, ਸਹਿਜਤਾ ਤੇ ਖ਼ੁਸ਼ਹਾਲ ਜੀਵਨ ਦੀ ਜਾਚ ਸਿੱਖ ਕੇ ਤੁਸੀਂ ਅੱਗੇ ਵਧ ਸਕਦੇ ਹੋ। ਆਪਣੇ ਜੀਵਨ ਨੂੰ ਸੋਹਣੀ ਤਰ੍ਹਾਂ ਜਿਉਣ ਦਾ ਇਹੀ ਤਰੀਕਾ ਹੈ ਕਿ ਆਪਣਾ ਕੰਮ ਦਿਲ ਲਾ ਕੇ ਕਰੋ! ਤੇ ਖ਼ੁਸ਼ ਰਹੋ! ਫੁੱਲਾਂ ਦਾ ਜੀਵਨ ਛੋਟਾ ਹੈ, ਪਰ ਇਹ ਖ਼ੁਸ਼ ਰਹਿੰਦੇ ਹਨ। ਖ਼ੁਸ਼ ਰਹਿਣ ਦੀ ਜਾਚ ਅਸੀਂ ਫੁੱਲਾਂ ਕੋਲੋਂ ਸਿੱਖ ਸਕਦੇ ਹਾਂ।