ਸਾਂਵਲ ਧਾਮੀ
ਮੈਂ ਬੰਸੀ ਲਾਲ ਤੋਂ ਉਹਦੀ ਉਮਰ ਪੁੱਛੀ ਤਾਂ ਉਹ ਮਾਣ ’ਚ ਬੋਲਿਆ-ਸੰਤਾਲੀ ’ਚ ਮੈਂ ਉੱਨੀ ਵਰ੍ਹਿਆਂ ਦਾ ਗੱਭਰੂ ਸਾਂ। ਮੇਰੀ ਮੰਗਣੀ ਵੀ ਹੋ ਚੁੱਕੀ ਸੀ। ਹੁਣ ਉਹ ਜਲੰਧਰ ਦੇ ਆਦਮਪੁਰ ਕਸਬੇ ’ਚ ਰਹਿੰਦਾ ਹੈ।
‘ਜੇ ਪਾਕਿਸਤਾਨ ਨਾ ਬਣਦਾ ਤਾਂ ਮੇਰਾ ਵਿਆਹ ਉਸੀ ਸਾਲ ਹੋ ਜਾਣਾ ਸੀ।’ ਹਉਕਾ ਭਰਦਿਆਂ ਉਹ ਅਗਾਂਹ ਬੋਲਿਆ।
‘ਉਜਾੜਿਆਂ ਤੋਂ ਬਾਅਦ ਮੈਂ ਵੀ ਵੱਡਾ ਘਰ ਮੱਲ ਲਿਆ ਸੀ। ਦੋ ਮਹੀਨਿਆਂ ਬਾਅਦ ਸਰਕਾਰੀ ਬੰਦੇ ਕਹਿਣ ਲੱਗੇ- ਤੂੰ ਇੱਥੋਂ ਨਿਕਲ ਜਾ। ਇਹ ਕਿਸੇ ਅਮੀਰ ਬੰਦੇ ਦਾ ਮਕਾਨ ਆ। ਲਓ ਜੀ, ਫਿਰ ਆਹ ਛੋਟਾ ਬੰਦਾ ਵੱਡੇ ਘਰ ਤੋਂ ਬਾਹਰ ਨਿਕਲ ਆਇਆ। ਜਿੱਥੇ ਹੁਣ ਬੈਠੇ ਆਂ, ਦੱਸਦੇ ਆ ਕਿ ਸੰਤਾਲੀ ਤੋਂ ਪਹਿਲਾਂ ਇੱਥੇ ਮੋਚੀਆਂ ਦੀ ਬਸਤੀ ਹੁੰਦੀ ਸੀ। ਮੈਂ ਵੀ ਇੱਕ ਢਾਰਾ ਮੱਲ ਲਿਆ ਪਰ…।’ ਉਹ ਦਰਦੀਲਾ ਜਿਹਾ ਹੱਸਿਆ।
‘ਮਹੀਨੇ ਕੁ ਬਾਅਦ ਉਹ ਫਿਰ ਆਏ। ਕਹਿਣ ਲੱਗੇ-ਤੇਰਾ ਘਰ ਤਾਂ ਓਧਰੋਂ ਏਧਰ ਆਇਆ ਈ ਨਈਂ। ਉਨ੍ਹਾਂ ਨੂੰ ਸਾਡੇ ਵਿੱਚੋਂ ਹੀ ਕਿਸੇ ਨੇ ਦੱਸਿਆ ਹੋਣਾ। ਨਈਂ ਤਾਂ ਉਨ੍ਹਾਂ ਨੂੰ ਕੋਈ ਸੁਫਨਾ ਥੋੜ੍ਹੋ ਆਉਣਾ ਸੀ ਕਿ ਮੇਰੀ ਮਾਂ ਪਾਕਿਸਤਾਨ ਰਹਿ ਗਈ ਆ।’ ਉਹਦੇ ਬੋਲ ਭਾਰੇ ਹੋ ਗਏ।
‘ਮੈਂ ਉਸ ਢਾਰੇ ’ਚੋਂ ਨਿਕਲਿਆ ਤੇ ਨਾਨਕਿਆਂ ਦੇ ਘਰ ਆ ਗਿਆ। ਸੰਤਾਲੀ ਤੋਂ ਪਹਿਲਾਂ ਵੀ ਮੈਂ ਨਾਨਕਿਆਂ ਦੇ ਘਰ ਪਲਿਆ ਸੀ। ਇੱਕ ਦਿਨ ਮੇਰਾ ਸਹੁਰਾ ਆਇਆ। ਉਹ ਬੋਲਿਆ-ਤੂੰ ਕੱਪੜੇ ਸੰਵਾ ਲੈ। ਜਿਸ ਦਿਨ ਵੱਡੀ ਕੁੜੀ ਦੀ ਜਨੇਤ ਆਈ, ਤੂੰ ਵੀ ਆ ਜਾਈਂ। ਅਸੀਂ ਤੈਨੂੰ ਵੀ ਉਸੀ ਦਿਨ ਫੇਰੇ ਦੇ ਦੇਣੇ ਆ। ਜਦੋਂ ਤੇਰੇ ਕੋਲ ਥਾਂ ਹੋਇਆ, ਕੁੜੀ ਵੀ ਤੋਰ ਦਿਆਂਗੇ। ਮੇਰੇ ਵੱਡੇ ਮਾਮੇ ਦਾ ਪੁੱਤਰ ਮਹਿੰਗਾ ਦਿੱਲੀ ’ਚ ਨੌਕਰੀ ਕਰਦਾ ਸੀ। ਉਹ ਕਹਿੰਦਾ-ਘਰ ਲਈ ਥਾਂ ਮੈਂ ਦਊਂਗਾ। ਅਸੀਂ ਤੈਨੂੰ ਵੀ ਜਨੇਤ ਲੈ ਕੇ ਵਿਆਹੁਣ ਜਾਣਾ। ਉਹਨੇ ਫਿਰ ਆਪਣੇ ਹਿੱਸੇ ਦਾ ਥਾਂ ਮੈਨੂੰ ਲਿਖ ਦਿੱਤਾ।’ ਬੰਸੀ ਸ਼ਰਧਾ ਭਾਵ ’ਚ ਮੁਸਕਰਾਇਆ।
‘ਇੱਧਰ ਆ ਕੇ ਮੈਂ ਖੱਡੀਆਂ ਦਾ ਕੰਮ ਸ਼ੁਰੂ ਕਰ ਲਿਆ ਸੀ। ਮੈਂ ਇੱਕ ਤਾਣੀ ਨੂੰ ਤਿੰਨ ਦਿਨ ਲਗਾਉਂਦਾ ਤੇ ਤੀਹ ਰੁਪਏ ਤਾਣੀ ਦੇ ਹਿਸਾਬ ਨਾਲ ਕੱਪੜਾ ਬੁਣਦਾ। ਮੈਂ ਸਿਲਕ ਦੀਆਂ ਪੰਜਾਹ ਤਾਣੀਆਂ ਲਾਹੀਆਂ ਤੇ ਉਹ ਸਾਰੇ ਰੁਪਏ ਨਾਨੀ ਨੂੰ ਫੜਾ ਦਿੱਤੇ। ਉਦੋਂ ਵਿਆਹ ਸਸਤੇ ’ਚ ਹੋ ਜਾਂਦੇ ਸੀ। ਲਓ ਜੀ, ਮੇਰਾ ਵੀ ਵਿਆਹ ਬੱਝ ਗਿਆ। ਮੇਰੇ ਵਿਆਹ ਉੱਤੇ ਮਾਂ ਨੇ ਵੀਜ਼ਾ ਤਾਂ ਲਗਵਾ ਲਿਆ ਸੀ, ਪਰ ਉਹਨੂੰ ਵਾਹਗੇ ਤੋਂ ਮੁੜਨਾ ਪਿਆ ਸੀ। ਉਹਨੇ ਵਧਾਈਆਂ ਦੀ ਚਿੱਠੀ ’ਚ ਲਿਖਵਾਇਆ ਸੀ-ਉਹ ਟੂੰਮਾਂ ਜਿਹੜੀਆਂ ਤੇਰੇ ਅੱਬਾ ਨੇ ਮੈਨੂੰ ਪਾਈਆਂ ਸਨ, ਉਹ ਮੈਂ ਸੰਭਾਲ ਕੇ ਰੱਖੀਆਂ ਹੋਈਆਂ। ਉਨ੍ਹਾਂ ਉੱਪਰ ਸਿਰਫ਼ ਤੇਰਾ ਹੱਕ ਏ। ਮੈਂ ਜਦੋਂ ਵੀ ਆਵਾਂਗੀ, ਉਹ ਨਾਲ ਲੈ ਕੇ ਆਵਾਂਗੀ।’ ਗੱਲ ਕਰਦਾ-ਕਰਦਾ ਬੰਸੀ ਰੋ ਪਿਆ।
‘ਤੁਸੀਂ ਆਪਣੀ ਪੂਰੀ ਕਹਾਣੀ ਸੁਣਾਓ।’ ਮੈਂ ਗੁਜਾਰਿਸ਼ ਕੀਤੀ।
‘ਮੇਰੀ ਕਹਾਣੀ ਬੜੀ ਲੰਮੀ ਆ ਪੁੱਤਰਾ। ਪੂਰੀ ਸੁਣ ਲਏਂਗਾ?’ ਉਹਨੇ ਚਿੱਟੇ ਭਰਵਟਿਆਂ ’ਚ ਅੱਧ-ਲੁਕੀਆਂ ਬੁੱਢੀਆਂ ਅੱਖਾਂ ਮੇਰੇ ਚਿਹਰੇ ’ਤੇ ਟਿਕਾਉਂਦਿਆਂ ਪੁੱਛਿਆ।
‘ਜਦ ਤੱਕ ਤੁਸੀਂ ਸੁਣਾਉਂਦੇ ਰਹੋਗੇ, ਮੈਂ ਸੁਣਦਾ ਰਹਾਂਗਾ।’ ਮੇਰਾ ਹੁੰਗਾਰਾ ਸੁਣਦਿਆਂ ਉਹਨੇ ਆਪਣੀ ਕਹਾਣੀ ਛੋਹ ਲਈ।
‘ਮੇਰਾ ਨਾਨਕਾ ਪਿੰਡ ਲਾਇਲਪੁਰ ਦੀ ਜੜ੍ਹਾਵਲਾ ਤਹਿਸੀਲ ’ਚ ਸੀ। ਚੱਕ ਦਾ ਨੰਬਰ ਇੱਕ ਸੌ ਚੌਂਹਠ ਸੀ। ਇੱਥੋਂ ਦੇ ਕੁੱਲ ਬਾਸ਼ਿੰਦੇ ਜਲੰਧਰ ਤੇ ਹੁਸ਼ਿਆਰਪੁਰ ਦੇ ਪਿੰਡਾਂ ਤੋਂ ਗਏ ਹੋਏ ਸੀ। ਬੈਂਸ ਜੱਟ ਕੰਦੋਲੇ ਤੋਂ, ਮਿਨਹਾਸ ਰਾਜਪੂਤ ਡਰੋਲੀਆਂ ਤੋਂ, ਮੋਚੀ ਮੀਰਾਪੁਰ-ਗੁਜਰਾਤਾਂ ਤੇ ਅਸੀਂ ਕਾਹਮੇ, ਹੁੱਕੜਾਂ ਤੇ ਮਰੂਲਿਆਂ ਤੋਂ। ਮੇਰੇ ਨਾਨਕਿਆਂ ਦਾ ਜੱਦੀ ਪਿੰਡ ਮਰੂਲਾ ਸੀ। ਮੇਰਾ ਨਾਨਾ ਗਾਹੀਆ ਸੀਰੀ ਰਲਦਾ ਤੇ ਦੋਵੇਂ ਮਾਮੇ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਮੇਰੀ ਮਾਂ ਦਾ ਨਾਂ ਬੀਰੋ ਸੀ। ਉਹਦਾ ਵਿਆਹ ਸਮੁੰਦਰੀ ਤਹਿਸੀਲ ਦੇ ਚੱਕ ਨੰਬਰ ਇੱਕ ਸੌ ਛਿਆਨਵੇਂ ’ਚ ਹੋਇਆ ਸੀ। ਮੇਰਾ ਪਿਉ ਨਾਨਕ ਚੰਦ ਮਾਸਟਰ ਹੁੰਦਾ ਸੀ। ਵਿਆਹ ਤੋਂ ਸਾਲ ਬਾਅਦ ਉਹ ਟੀ.ਬੀ. ਨਾਲ ਮਰ ਗਿਆ ਸੀ। ਜਿਸ ਦਿਨ ਉਹਦੀ ਮੌਤ ਹੋਈ ਮੈਂ ਸਿਰਫ਼ ਪੰਜ ਦਿਨ ਦਾ ਸੀ। ਜਣੇਪਾ ਕੱਟਣ ਆਈ ਮੇਰੀ ਮਾਂ ਮੁੜ ਸਹੁਰਿਆਂ ਦੇ ਨਹੀਂ ਸੀ ਜਾ ਸਕੀ। ਕਦੇ-ਕਦੇ ਮੇਰੀ ਦਾਦੀ ਸਾਨੂੰ ਆ ਕੇ ਮਿਲ ਜਾਂਦੀ ਸੀ।
ਮੇਰੀ ਸਕੂਲ ਜਾਣ ਦੀ ਉਮਰ ਹੋਈ ਤਾਂ ਨਾਨੇ ਨੇ ਆਖਿਆ- ਇਦ੍ਹਾ ਪਿਉ ਕਿਤੇ ਕੋਈ ਘੱਟ ਪੜ੍ਹਿਆ-ਲਿਖਿਆ ਬੰਦਾ ਸੀ। ਕਿਤਾਬਾਂ ਨੇ ਕੋਈ ਮੌਤ ਦਾ ਰਾਹ ਥੋੜ੍ਹੋ ਡੱਕ ਲੈਣਾ ਹੁੰਦਾ। ਅਸੀਂ ਨਈਂ ਇਹਨੂੰ ਪੜ੍ਹਨੇ ਪਾਉਣਾ।
ਮੀਰਾਪੁਰ-ਗੁਜਰਾਤਾਂ ਵਾਲੇ ਇਮਾਮ, ਨਜ਼ਾਮਦੀਨ, ਫੱਜਾ ਤੇ ਦੀਨਾ ਜੁੱਤੀਆਂ ਬਣਾਉਣ ਦੇ ਨਾਲ-ਨਾਲ ਖੇਤੀ ਦਾ ਵੀ ਕੰਮ ਕਰਦੇ ਸਨ। ਉਨ੍ਹਾਂ ਹਿੱਸੇ-ਪੱਤੀ ’ਤੇ ਕੰਦੋਲੇ ਵਾਲੇ ਧੰਦਾ ਸਿੰਘ ਲੰਬੜਦਾਰ ਦਾ ਮੁਰੱਬਾ ਲਿਆ ਹੋਇਆ ਸੀ। ਮੇਰਾ ਨਾਨਾ ਉਨ੍ਹਾਂ ਨਾਲ ਕੰਮ ਕਰਵਾਉਂਦਾ। ਹੌਲੀ-ਹੌਲੀ ਮੈਂ ਵੀ ਨਾਨੇ ਨਾਲ ਹੱਥ ਵਟਾਉਣ ਲੱਗਾ। ਨਾਨੇ ਨੇ ਚੁੱਭਾ ਝੋਕਣਾ ਤੇ ਮੈਂ ਉਹਨੂੰ ਖੋਰੀ ਅਤੇ ਪੱਛੀ ਫੜਾਈ ਜਾਣੀ। ਨਾਨੇ ਨੇ ਪੱਠੇ ਵੱਢਣੇ ਤੇ ਮੈਂ ਭਰੀਆਂ ਪਾਈ ਜਾਣੀਆਂ।
ਜਦੋਂ ਕਦੇ ਦੀਨਾ ਬੁੜ੍ਹਾ ਮੀਟ ਬਣਾਉਂਦਾ ਤਾਂ ਮੇਰੇ ਨਾਨੇ ਦਾ ਹਿੱਸਾ ਜ਼ਰੂਰ ਰੱਖਦਾ। ਉਹਨੇ ਉੱਚੀ ਆਵਾਜ਼ ’ਚ ਆਖਣਾ-ਓਏ ਗਾਹੀਆ, ਟੋਕਰੇ ਥੱਲੇ ਮੀਟ ਦਾ ਪਿਆਲਾ ਪਿਆ, ਚੇਤੇ ਨਾਲ ਚੁੱਕ ਲਈਂ। ਦੀਨੇ ਦੇ ਪੁੱਤਰ ਅਕਬਰ ਤੇ ਸ਼ੇਰੂ ਮੇਰੇ ਗੂੜ੍ਹੇ ਦੋਸਤ ਬਣ ਗਏ ਸਨ।
ਮੈਂ ਬਾਰ੍ਹਾਂ ਕੁ ਵਰ੍ਹਿਆਂ ਦਾ ਸੀ ਜਦੋਂ ਮੇਰੀ ਮਾਂ ਚਲੀ ਗਈ। ਮੇਰਾ ਸਕਾ ਚਾਚਾ ਬੀਰੂ ਹੁਣ ਮੇਰਾ ਮਤਰੇਆ ਪਿਉ ਬਣ ਗਿਆ ਸੀ। ਉਹ ਸਮੁੰਦਰੀ ਤਹਿਸੀਲ ’ਚ ਮੁਰੀਦ ਵਾਲੇ ਬੰਗਲੇ ਕੋਲ ਰਹਿੰਦੇ ਸਨ। ਚੱਕ ਦਾ ਨੰਬਰ ਇੱਕ ਸੌ ਛਿਆਨਵੇਂ ਸੀ। ਇਸ ਚੱਕ ਨੂੰ ਸੰਢਿਆਵਾਲਾ ਸਟੇਸ਼ਨ ਲੱਗਦਾ ਸੀ। ਇੱਥੋਂ ਦੇ ਮੁਸਲਮਾਨ ਜੱਟ ਹੁਸ਼ਿਆਰਪੁਰ ਦੇ ਪੰਡੋਰੀ ਬੀਬੀ, ਪੰਡੋਰੀ ਕੱਦ, ਫਲਾਹੀ, ਹੁੱਕੜਾਂ ਤੇ ਅਜੜਾਮ ਵਰਗੇ ਪਿੰਡਾਂ ਤੋਂ ਓਧਰ ਗਏ ਸਨ। ਆਦਿ-ਧਰਮੀਆਂ ਦੇ ਪਿਛਲੇ ਪਿੰਡ ਡਰੋਲੀ, ਸਰਹਾਲਾ, ਪੰਡੋਰੀ ਨਿੱਝਰਾਂ, ਹੁੱਕੜਾਂ ਤੇ ਢੱਡੇ ਸਨ।
ਸੁਣਿਆ ਹੈ ਕਿ ਉਸ ਚੱਕ ’ਚ ਮੇਰੇ ਪੜ੍ਹਦਾਦੇ ਦਾ ਪਿਉ ਗਿਆ ਸੀ। ਉਹ ਦੋ ਭਰਾ ਸਨ; ਗਿਆਨਾ ਤੇ ਧਿਆਨਾ। ਧਿਆਨਾ ਆਪਣੇ ਜੱਦੀ ਪਿੰਡ ਹੁੱਕੜਾਂ ’ਚ ਟਿਕਿਆ ਰਿਹਾ ਤੇ ਗਿਆਨਾ ਓਧਰ ਚਲਾ ਗਿਆ ਸੀ। ਰਾਜੂ, ਭਾਗੂ ਤੇ ਮਾਘੂ; ਗਿਆਨੇ ਦੇ ਤਿੰਨ ਪੁੱਤਰ ਹੋਏ। ਮਾਘੂ ਜਵਾਨੀ ’ਚ ਘੁਲਦਾ ਰਿਹਾ। ਜਦੋਂ ਉਮਰ ਢਲਣ ਲੱਗੀ ਤਾਂ ਉਹ ਸਾਧ ਹੋ ਗਿਆ ਸੀ। ਰਾਜੂ ਅਤੇ ਭਾਗੂ ਵੱਟਾ ਚੁੱਕਣ ਲੱਗ ਪਏ ਸੀ। ਕਿਸੇ ਮੇਲੇ ’ਚ ਭਾਗੂ ਨੇ ਘਿਉ ਤੇ ਸੌ ਰੁਪਈਆਂ ਦੀ ਸ਼ਰਤ ਲਗਾ ਕੇ ਕਈ ਮਣ ਵੱਟਾ ਚੁੱਕਿਆ ਸੀ। ਵੱਟੇ ਦਾ ਬਾਲਾ ਕੱਢਦਿਆਂ ਉਹਨੂੰ ਲਹੂ ਦੀ ਉਲਟੀ ਆ ਗਈ ਤੇ ਉਹ ਓਥੇ ਹੀ ਖ਼ਤਮ ਹੋ ਗਿਆ ਸੀ।
ਭਾਗੂ ਤੇ ਰਾਜੂ ਦੇ ਪੰਜ-ਪੰਜ ਨਿਆਣੇ ਸੀ। ਗਿਆਨੇ ਬੁੜ੍ਹੇ ਨੇ ਰਾਜੂ ਅਤੇ ਭਾਗੂ ਦੀਆਂ ਘਰਵਾਲੀਆਂ, ਰਾਜੂ ਦੇ ਘਰ ’ਕੱਠੀਆਂ ਕਰ ਦਿੱਤੀਆਂ ਸਨ। ਰਾਜੂ ਦੇ ਤਿੰਨ ਮੁੰਡਿਆਂ ’ਚੋਂ ਮਾਸਟਰ ਨਾਨਕ ਚੰਦ ਮੇਰਾ ਪਿਉ ਸੀ ਤੇ ਬੀਰੂ ਚਾਚਾ। ਰੌਲਿਆਂ ਤੱਕ ਮੇਰੀ ਮਾਂ ਬੀਰੂ ਚਾਚੇ ਦੇ ਤਿੰਨ ਨਿਆਣਿਆਂ ਦੀ ਮਾਂ ਬਣ ਚੁੱਕੀ ਸੀ।
ਉਸ ਚੱਕ ਦੇ ਚੌਧਰੀ ਦਿਲਸ਼ੇਰ ਖਾਂ ਨੇ ਉਨ੍ਹਾਂ ਨੂੰ ਆਖਿਆ ਸੀ-ਤੁਸੀਂ ਓਧਰੋਂ ਹੀ ਆਏ ਸੀ, ਧੱਕੇ ਖਾਂਦੇ। ਹੁਣ ’ਰਾਮ ਨਾਲ ਬੈਠੇ ਰਹੋ। ਸਾਨੂੰ ਮਾਰ ਕੇ ਹੀ ਕੋਈ ਤੁਹਾਡੀਆਂ ਬਰੂਹਾਂ ਤੱਕ ਪਹੁੰਚੇਗਾ। ਚੌਧਰੀ ਦੀਆਂ ਗੱਲਾਂ ਸੁਣ ਕੇ ਉਸ ਚੱਕ ਦੇ ਆਦਿ-ਧਰਮੀਆਂ ਨੇ ਓਥੇ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਇੱਧਰ ਨਾਨਕਿਆਂ ਵੱਲ ਦੀ ਕਹਾਣੀ ਸੁਣ ਲੈ। ਇੱਧਰੋਂ ਵੱਢੇ-ਟੁੱਕੇ ਮੁਸਲਮਾਨਾਂ ਦੀ ਗੱਡੀ ਜੜ੍ਹਾਂਵਾਲੇ ਸਟੇਸ਼ਨ ’ਤੇ ਪਹੁੰਚੀ। ਬਦਲਾ ਲੈਣ ਲਈ ਉਨ੍ਹਾਂ ਜੜ੍ਹਾਂਵਾਲੇ ਕੈਂਪ ’ਤੇ ਹਮਲਾ ਕਰ ਦਿੱਤਾ। ਓਥੇ ਬਹੁਤ ਕਤਲੋ-ਗਾਰਤ ਹੋਈ। ਕੁਝ ਲੋਕ ਬਚ ਕੇ ਸਾਡੇ ਚੱਕ ਵੀ ਪਹੁੰਚੇ। ਉਨ੍ਹਾਂ ਰੋ-ਰੋ ਸਾਰੀ ਗੱਲ ਸੁਣਾਈ। ਪਿੰਡ ਦੇ ਜ਼ਿਮੀਂਦਾਰਾਂ ਨੇ ਟਰੱਕ ਕੀਤੇ ਤੇ ਲਾਇਲਪੁਰ ਪਹੁੰਚ ਗਏ।
ਅਗਲੇ ਦਿਨ ਪਿੰਡ ਦੇ ਮੋਚੀਆਂ ਨੇ ਸਾਨੂੰ ਦੱਸਿਆ ਕਿ ਤੜਕੇ ਤਿੰਨ ਵਜੇ ਤੁਹਾਡੇ ਉੱਪਰ ਹਮਲਾ ਹੋਣਾ। ਤੁਸੀਂ ਨਿਕਲ ਜਾਓ। ਜੇ ਨਹੀਂ ਨਿਕਲਣਾ ਤਾਂ ਕੁੜੀਆਂ ਸਾਡੇ ਘਰ ਛੱਡ ਦਿਓ। ਅਸੀਂ ਫ਼ਿਕਰ ’ਚ ਡੁੱਬ ਗਏ ਕਿ ਹੁਣ ਕੀ ਕਰੀਏ! ਰਾਤ ਦੇ ਦਸ ਕੁ ਵਜੇ ਚੜ੍ਹਦੇ ਪਾਸਿਓਂ ਆਏ ਢਾਈ-ਤਿੰਨ ਹਜ਼ਾਰ ਹਿੰਦੂ-ਸਿੱਖਾਂ ਦੇ ਕਾਫ਼ਲੇ ਨੇ ਸਾਡੇ ਚੱਕ ਦੇ ਬਰੋਬਰ ਆਣ ਕੇ ਡੇਰਾ ਲਗਾ ਲਿਆ। ਅਸੀਂ ਵੀ ਘਰ ਦਾ ਸਮਾਨ ਦੀਨੇ ਹੋਰਾਂ ਦੇ ਘਰ ਸੁੱਟਿਆ ਤੇ ਕਾਫ਼ਲੇ ’ਚ ਜਾ ਰਲੇ। ਸਾਡੇ ਵਿੱਚੋਂ ਤਿੰਨ ਬੰਦੇ ਦੁੱਧ ਅਤੇ ਘਿਉ ਚੁੱਕਣ ਲਈ ਫਿਰ ਤੋਂ ਘਰਾਂ ਨੂੰ ਮੁੜ ਗਏ। ਉਹ ਲੁੱਟਣ ਵਾਲਿਆਂ ਨੇ ਕਾਬੂ ਕਰ ਲਏ। ਲੁਟੇਰਿਆਂ ਨਾਲ ਮੋਚੀਆਂ ਦਾ ਨਿਜ਼ਾਮ ਵੀ ਸੀ। ਨਿਜ਼ਾਮ ਨਾਲਦਿਆਂ ਨੂੰ ਕਹਿਣ ਲੱਗਾ- ਇਹ ਤਕੜੇ ਬਹੁਤ ਆ। ਇਹ ਤੁਹਾਡੇ ਕੋਲੋਂ ਮਰਨੇ ਨਹੀਂ। ਮੈਂ ਇਨ੍ਹਾਂ ਨੂੰ ਰੋਕ ਕੇ ਰੱਖਦਾਂ। ਤੁਸੀਂ ਪੰਜ-ਸੱਤ ਬੰਦੇ ਹੋਰ ਲਿਆਓ। ਜਦੋਂ ਉਹ ਮਾੜਾ ਜਿਹਾ ਓਹਲੇ ਹੋਏ ਤਾਂ ਨਿਜ਼ਾਮ ਨੇ ਸਾਡੇ ਬੰਦਿਆਂ ਨੂੰ ਆਖਿਆ-ਦੌੜ ਜਾਓ। ਕਦੇ ਯਾਦ ਕਰਿਆ ਕਰੋਗੇ ਕਿ ਨਿਜ਼ਾਮ ਵੀ ਹੁੰਦਾ ਸੀ ਕੋਈ।
ਅਗਲੇ ਦਿਨ ਸਾਡਾ ਕਾਫ਼ਲਾ ਤੁਰਿਆ। ਮੇਰੇ ਸਿਰ ’ਤੇ ਉੱਨੀ-ਵੀਹ ਕਿਲੋ ਦੀ ਗੱਠੜੀ ਸੀ। ਬੜੀ ਮੁਸ਼ਕਲ ਨਾਲ ਅਸੀਂ ਬੱਲੋਕੀ ਹੈੱਡ ਪਹੁੰਚੇ। ਅੱਗੇ ਪੁਲ ਟੁੱਟਿਆ ਪਿਆ ਸੀ। ਇੱਥੇ ਸਾਨੂੰ ਵੀਹ ਦਿਨ ਰੁਕਣਾ ਪਿਆ। ਦੀਨੇ ਹੋਰੀਂ ਸਾਨੂੰ ਇੱਥੇ ਵੀ ਦਾਣਾ-ਫੱਕਾ ਤੇ ਕੁਝ ਰੁਪਏ ਦੇ ਕੇ ਗਏ। ਪੁਲ ਦੀ ਮੁਰੰਮਤ ਮਗਰੋਂ ਅਸੀਂ ਬੱਲੋਕੀ ਹੈੱਡ ਪਾਰ ਕਰਕੇ ਇੱਧਰ ਆਏ।’ ਉਹ ਰਤਾ ਕੁ ਚੁੱਪ ਹੋ ਗਿਆ।
‘ਮੁੜ ਕਦੋਂ ਮੁਲਾਕਾਤ ਹੋਈ, ਮਾਂ ਨਾਲ?’ ਮੈਂ ਸਵਾਲ ਕੀਤਾ। ‘ਮੈਂ ਮਾਂ ਨੂੰ ਆਪਣੇ ਵਿਆਹ ’ਤੇ ਸੱਦਿਆ ਸੀ। ਉਹਦਾ ਤੇ ਚਾਚੇ ਦਾ ਵੀਜ਼ਾ ਵੀ ਲੱਗ ਗਿਆ ਸੀ। ਉਦੋਂ ਬੂਟਾ ਮਾਂ ਦੇ ਕੁੱਛੜ ਸੀ। ਉਹਦਾ ਨਾਂ ਦਰਜ ਨਈਂ ਸੀ ਕਰਵਾਇਆ। ਮਾਂ ਨੂੰ ਤਾਂ ਵਾਹਗੇ ਤੋਂ ਵਾਪਸ ਮੁੜਨਾ ਪੈ ਗਿਆ ਸੀ, ਪਰ ਚਾਚਾ ਇੱਧਰ ਆ ਗਿਆ ਸੀ। ਉਹ ਤਾਂ ਕੋਈ ਤਿੰਨ ਮਹੀਨੇ ਮੇਰੇ ਘਰ ਰਿਹਾ ਸੀ।
ਫਿਰ ਦੋ ਕੁ ਵਰ੍ਹਿਆਂ ਬਾਅਦ ਮਾਂ ਨੇ ਆਪਣਾ ’ਕੱਲੀ ਦਾ ਵੀਜ਼ਾ ਲਗਵਾਇਆ। ਜਿਸ ਦਿਨ ਉਹਨੇ ਆਉਣਾ ਸੀ ਮੈਂ ਲੱਡੂ ਮੰਗਵਾ ਲਏ। ਘਰ ਦਾ ਵਿਹੜਾ ਗੁਆਂਢਣਾਂ ਨਾਲ ਭਰਿਆ ਪਿਆ ਸੀ। ਮੇਰੀਆਂ ਤਿੰਨੋਂ ਮਾਸੀਆਂ ਸਿਰ ਜੋੜੀ ਗੱਲਾਂ ਕਰ ਰਹੀਆਂ ਸਨ। ਬੀਬੀ ਨੂੰ ਨਾ ਦੱਸਿਓ ਕਿ ਬੰਸੀ ਕਿਹੜਾ। ਦੇਖਾਂਗੇ ਉਹ ਮੈਨੂੰ ਪਛਾਣਦੀ ਕਿ ਨਹੀਂ- ਇਹ ਆਖ ਮੈਂ ਮਾਸੀਆਂ ਕੋਲ ਬੈਠ ਗਿਆ। ਜਦੋਂ ਮੇਰਾ ਮਾਮਾ ਮਾਂ ਨੂੰ ਲੈ ਕੇ ਆਇਆ ਤਾਂ ਮੇਰੇ ਘਰ ਮੂਹਰੇ ਨਿੱਕਾ ਜਿਹਾ ਮੇਲਾ ਲੱਗ ਗਿਆ। ਘਰ ਦੇ ਦਰਵਾਜ਼ੇ ਨੂੰ ਚੁੰਮਦਿਆਂ ਉਹਨੇ ਏਡੀ ਉੱਚੀ ਧਾਹ ਮਾਰੀ ਕਿ ਮੇਰਾ ਸਿਰ ਚਕਰਾ ਗਿਆ। ਮੇਰੀਆਂ ਤਿੰਨੋਂ ਮਾਸੀਆਂ ਮੰਜੇ ਤੋਂ ਉੱਠੀਆਂ ਤੇ ਆਪਣੀ ਭੈਣ ਦੇ ਗਲ਼ ਨੂੰ ਜਾ ਚੁੰਬੜੀਆਂ। ਫਿਰ ਤਾਂ ਪੁੱਛ ਕੁਸ਼ ਨਾ! ਚਾਰੋਂ ਭੈਣਾਂ ਦੀਆਂ ਧਾਹਾਂ ਨੇ ਅੰਬਰ ਚੀਰ ਸੁੱਟਿਆ ਸੀ।
ਫਿਰ ਮਾਸੀਆਂ ਨੇ ਮੇਰੀ ਮਾਂ ਨੂੰ ਸਾਹਮਣਲੇ ਮੰਜੇ ’ਤੇ ਲਿਆ ਬਿਠਾਇਆ। ਪਾਣੀ ਦਾ ਗਿਲਾਸ ਲਈ ਮੇਰੀ ਪਤਨੀ ਵੀ ਆ ਗਈ। ਉਹਨੇ ਆਪਣੀ ਸੱਸ ਦੇ ਪੈਰ ਛੂਹੇ ਤੇ ਲੱਡੂ ਵਰਤਾਉਣੇ ਸ਼ੁਰੂ ਕਰ ਦਿੱਤੇ। ਲੱਡੂ ਮੂੰਹ ’ਚ ਪਾਉਂਦਿਆਂ ਕੋਈ ਗੁਆਂਢੀ ਬੋਲਿਆ- ਤੈਨੂੰ ਵਧਾਈਆਂ ਬਈ ਬੰਸੀ।
ਮੇਰਾ ਨਾਂ ਸੁਣਦਿਆਂ ਬੀਬੀ ਕਾਹਲੀ ਨਾਲ ਉੱਠੀ ਤੇ ਸਿੱਧੀ ਮੇਰੇ ਵੱਲ ਦੌੜ ਪਈ। ਉਹ ਦੋ ਵਾਰ ਉਲਟ ਕੇ ਡਿੱਗੀ। ਮੈਂ ਅੱਗੇ ਵਧ ਕੇ ਉਹਨੂੰ ਕਲਾਵੇ ’ਚ ਲੈ ਲਿਆ। ਇੱਕ-ਦੂਜੇ ਦੇ ਗਲ਼ ਲੱਗ ਕੇ ਅਸੀਂ ਕਈ ਦੇਰ ਡੁਸਕਦੇ ਰਹੇ। ਬਾਅਦ ’ਚ ਉਹ ਬਹੁਤ ਹੌਸਲੇ ਨਾਲ ਰਹੀ। ਨਿਆਣਿਆਂ ’ਚ ਘੁਲ-ਮਿਲ ਗਈ। ਅਸੀਂ ਦਿਨ-ਰਾਤ ਗੱਲਾਂ ਕਰਦੇ ਰਹਿਣਾ। ਵਿੱਚ-ਵਿੱਚ ਰੋਂਦੇ ਰਹਿਣਾ। ਬਹੁਤੀਆਂ ਗੱਲਾਂ ਬਾਪੂ ਬਾਰੇ ਹੁੰਦੀਆਂ। ਇੱਕ ਵਾਰ ਉਹਨੇ ਆਖਿਆ ਸੀ- ਬੰਸੀ, ਉਹਦੀਆਂ ਗੱਲਾਂ ਮੈਂ ਦੁਨੀਆ ’ਚ ਸਿਰਫ਼ ਤੇਰੇ ਨਾਲ ਕਰ ਸਕਦੀ ਆਂ! ਮਹੀਨੇ ਬਾਅਦ ਉਹਦੇ ਜਾਣ ਦਾ ਵਕਤ ਆ ਗਿਆ। ਮੈਂ ਉਹਨੂੰ ਕੱਪੜਾ-ਲੀੜਾ ਤੇ ਪੰਜ ਕੁ ਸੌ ਰੁਪਈਆ ਦਿੱਤਾ। ਜਦੋਂ ਉਹ ਜਾਣ ਲੱਗੀ ਤਾਂ ਮੈਂ ਆਖਿਆ ਸੀ-ਮਾਂ ਤੂੰ ਇੱਥੇ ਰਹਿ ਲੈ। ਇਨ੍ਹਾਂ ਨੂੰ ਆਖ ਦੇ ਕਿ ਮੇਰੀ ਇੱਕੋ ਔਲਾਦ ਆ। ਓਧਰ ਮੇਰਾ ਕੋਈ ਨਹੀਂ। ਜਿੜ੍ਹੇ ਓਧਰ ਛੇ ਆ, ਉਨ੍ਹਾਂ ਨੂੰ ਕਿਵੇਂ ਭੁਲਾ ਦਿਆਂ ਪੁੱਤਰਾ-ਇਹ ਆਖ ਉਹ ਅੱਥਰੂ ਕੇਰਦੀ ਤੁਰ ਗਈ ਸੀ। ਛੇਤੀਂ ਮਗਰੋਂ ਉਹ ਵਿਚਾਰੀ ਪੂਰੀ ਹੋ ਗਈ। ਮੈਂ ਤੇ ਮੇਰੀ ਪਤਨੀ ਉਹਦੇ ਅਫ਼ਸੋਸ ਲਈ ਓਧਰ ਗਏ। ਆਪਣੀ ਬਰਾਦਰੀ ਨੂੰ ਅੰਨ-ਪਾਣੀ ਛਕਾਇਆ। ਉਹਦੀ ਕਬਰ ਵੀ ਲਿੱਪ ਕੇ ਆਏ।’ ਗੱਲ ਮੁਕਾਉਂਦਿਆਂ ਬੰਸੀ ਰੋ ਪਿਆ।
‘ਹੁਣ ਕੋਈ ਰਾਬਤਾ ਹੈ ਓਧਰ ਵੱਸਦੇ ਆਪਣਿਆਂ ਨਾਲ?’ ਮੈਂ ਆਖਰੀ ਸਵਾਲ ਕੀਤਾ।
‘ਮੈਂ ਓਧਰ ਜਾਂਦਾ ਰਿਹਾਂ। ਬੂਟਾ ਤੇ ਛੱਬੋ ਮਰ ਚੁੱਕੇ ਨੇ, ਸਰਵਣ ਤੇ ਅਰਜੋ ਜਿਊਂਦੇ ਨੇ। ਤਿੰਨੋਂ ਭੈਣਾਂ ਵੀ ਤੁਰ ਗਈਆਂ ਨੇ। ਸੀਬੋ ਵਿਚਾਰੀ ਤਾਂ ਸਾਲ ਕੁ ਪਹਿਲਾਂ ਹੀ ਮਰੀ ਆ। ਅੱਜ ਉਹਦੀ ਪੋਤੀ ਦਾ ਵਿਆਹ ਆ। ਮੈਨੂੰ ਵੀਜ਼ਾ ਨਹੀਂ ਮਿਲਿਆ। ਨਹੀਂ ਤਾਂ ਮੈਂ ਵੀ ਅੱਜ ਤੁਰਲੇ ਵਾਲੀ ਪੱਗ ਬੰਨ੍ਹੀਂ ਵਿਆਹ ’ਚ ਸ਼ਾਮਲ ਹੋਣਾ ਸੀ। ਮੇਰਾ ਦਿਲ ਬਹੁਤ ਓਦਰਿਆ ਪਿਆ। ਲੌਢਾ ਵੇਲਾ ਹੋ ਚੱਲਿਆ, ਮੈਂ ਸਵੇਰ ਦੀ ਰੋਟੀ ਨਹੀਂ ਖਾਧੀ। ਮੈਂ ਚੁਰੰਨਵੇਂ ਵਰ੍ਹਿਆਂ ਦਾ ਹੋ ਚੱਲਿਆਂ। ਵੀਜ਼ਾ ਮਿਲ ਜਾਂਦਾ ਤਾਂ ਆਖਰੀ ਵਾਰ ਆਪਣਿਆਂ ਨੂੰ ਮਿਲ ਆਉਂਦਾ, ਪਰ ਇਨ੍ਹਾਂ ਸਰਕਾਰਾਂ ਨੂੰ ਕੀ ਪਤਾ ਕਿ ਰਿਸ਼ਤੇ ਕੀ ਚੀਜ਼ ਹੁੰਦੇ ਨੇ?’ ਗੱਲ ਮੁਕਾਉਂਦਿਆਂ ਉਹਦੀਆਂ ਅੱਖਾਂ ਉੱਛਲ ਗਈਆਂ।
ਸੰਪਰਕ: 97818-43444