ਸਾਂਵਲ ਧਾਮੀ
ਜਲੰਧਰ ਤੋਂ ਪਠਾਨਕੋਟ ਵੱਲ ਜਾਈਏ ਤਾਂ ਦਸੂਹਾ ਲੰਘਦਿਆਂ ਖੱਬੇ ਹੱਥ ਇੱਕ ਪਿੰਡ ਆਉਂਦਾ ਹੈ; ਉਸਮਾਨ ਸ਼ਹੀਦ। ਮੈਂ ਇਸ ਪਿੰਡ ਵਿੱਚ ਹਰਬੰਸ ਸਿੰਘ ਘੁੰਮਣ ਹੋਰਾਂ ਨੂੰ ਮਿਲਣ ਗਿਆ ਸੀ। ਉਨ੍ਹਾਂ ਮੈਨੂੰ ਆਪਣੀ ਕਹਾਣੀ ਸੁਣਾਈ ਸੀ, “ਸਾਡੇ ਜੱਦੀ ਪਿੰਡ ਸਭੜੇਆਲ ਨੂੰ ਘੁੰਮਣਾ ਦੀ ਰਾਜਧਾਨੀ ਕਿਹਾ ਜਾ ਸਕਦਾ। ਇਸ ਦੇ ਆਲੇ-ਦੁਆਲੇ ਸਿੱਖ ਤੇ ਮੁਸਲਮਾਨ ਘੁੰਮਣਾ ਦੇ ਕੋਈ ਪੈਂਤੀ-ਚਾਲੀ ਪਿੰਡ ਸਨ। ਇਕੱਲੇ ਸਭੜੇਆਲ ਵਿੱਚੋਂ ਨਿਕਲ ਕੇ ਪੰਦਰਾਂ ਪਿੰਡ ਬੱਝੇ ਸਨ। ਮੇਰੇ ਪੜਦਾਦੇ ਦੀ ਭੈਣ ਸਾਹੋਵਾਲੇ ਵਿਆਹੀ ਹੋਈ ਸੀ। ਸਾਡੇ ਦਾਦੇ ਹੋਰੀਂ ਸਭੜੇਵਾਲ ਤੋਂ ਸਾਹੋਵਾਲ ਆ ਗਏ ਸਨ। ਇਹ ਚੀਮਿਆਂ ਦਾ ਬਹੁਤ ਵੱਡਾ ਪਿੰਡ ਸੀ।
ਮੇਰੇ ਪਿਤਾ ਦਾ ਨਾਂ ਕਰਤਾਰ ਸਿੰਘ ਤੇ ਦਾਦੇ ਦਾ ਰੂੜ ਸਿੰਘ ਸੀ। ਮੇਰੇ ਬਾਪ ਦਾ ਸਕਾ ਭਾਈ ਤਾਂ ਕੋਈ ਨਹੀਂ ਸੀ, ਪਰ ਉਹਦੇ ਚਾਚੇ ਦੇ ਪੁੱਤਰ ਸਨ; ਮਹੰਤ ਸਿੰਘ ਤੇ ਸੰਤ ਸਿੰਘ। ਸੰਤ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ। ਮਹੰਤ ਸਿੰਘ ਦਾ ਇੱਕ ਪੁੱਤਰ ਤੇ ਇੱਕ ਧੀ ਸੀ। ਉਹਦਾ ਪੁੱਤਰ ਬਹਾਦਰ ਸਿੰਘ ਮੇਰਾ ਹਾਣੀ ਸੀ। ਅਸੀਂ ਪੱਕੇ ਦੋਸਤ ਸਾਂ। ਸਾਰਾ ਦਿਨ ਗਲੀਆਂ ’ਚ ਖੇਡਦੇ ਰਹਿੰਦੇ ਸਾਂ।
ਮੈਂ ਤੇ ਬਹਾਦਰ ਸਿੰਘ ਇੱਕ ਦਿਨ ਸਕੂਲ ਗਏ ਸਾਂ। ਦੂਜੇ ਦਿਨ ਰੌਲ਼ਾ-ਰੱਪਾ ਪੈ ਗਿਆ। ਹਿੰਦੂ ਪਹਿਲਾਂ ਹੀ ਪਿੰਡੋਂ ਨਿਕਲ ਗਏ ਸਨ। ਜੱਟਾਂ ਸੋਚਿਆ-ਸਾਡੀਆਂ ਤਾਂ ਪਾਤਾਲ ਜੜ੍ਹਾਂ ਨੇ। ਅਸੀਂ ਜਾਇਦਾਦ ਦੇ ਮਾਲਕ ਆਂ। ਅਸੀਂ ਕਿੱਥੇ ਜਾਣਾ? ਸਾਡੀ ਪੱਤੀ ’ਚ ਸਿੱਖਾਂ ਦੇ ਪੰਜ ਛੇ ਘਰ ਸਨ। ਸਾਡੇ ਆਲੇ-ਦੁਆਲੇ ਮੁਸਲਮਾਨ ਵੱਸਦੇ ਸਨ। ਉਦੋਂ ਖੂਹ ਵਾਲੇ ਦੀ ਬੜੀ ਟੌਹਰ ਹੁੰਦੀ ਸੀ। ਪਿੰਡ ਨਾਲ ਲੱਗਦੀ ਪੈਲੀ ਵਿੱਚ ਸਾਡਾ ‘ਢੰਬਰਵਾਲਾ’ ਖੂਹ ਹੁੰਦਾ ਸੀ। ਬਹੁਤੇ ਮੁਸਲਮਾਨ ਓਥੋਂ ਪਾਣੀ ਭਰਦੇ ਸਨ। ਇਸ ਕਰਕੇ ਸਾਡਾ ਮੁਸਲਮਾਨਾਂ ਨਾਲ ਬੜਾ ਪਿਆਰ ਸੀ। ਇਸੇ ਕਰ ਕੇ ਸਾਡੇ ਘੁੰਮਣਾ ਦੇ ਦੋਵੇਂ ਟੱਬਰ ਕਈ ਦਿਨ ਆਪੋ-ਆਪਣੇ ਘਰਾਂ ਵਿੱਚ ਟਿਕੇ ਰਹੇ ਸਨ। ਸੰਤਾਲੀ ’ਚ ਸਾਨੂੰ ਜਲਾਲ ਚੀਮੇ ਨੇ ਸੰਭਾਲਿਆ। ਜਦੋਂ ਸਾਰੇ ਸਿੱਖ ਘਰਾਂ ’ਚੋਂ ਨਿਕਲ ਤੁਰੇ ਤਾਂ ਅਸੀਂ ਉਹਦੇ ਘਰ ਵੱਲ ਤੁਰ ਪਏ। ਜਦੋਂ ਅਸੀਂ ਗਲੀ ’ਚੋਂ ਤੁਰੇ ਜਾ ਰਹੇ ਸਾਂ ਤਾਂ ਮੁਸਲਮਾਨ ਬੀਬੀਆਂ ਕੋਠਿਆਂ ਉੱਤੇ ਚੜ੍ਹੀਆਂ ਹੋਈਆਂ ਸਨ। ਉਹ ਮੇਰੇ ਬਾਪ ਨੂੰ ਆਖਣ -ਭਰਾ, ਤੂੰ ਸਿੱਧਾ ਹੋ ਕੇ ਤੁਰ। ਕੋਈ ਤੇਰੀ ਵਾਅ ਵੱਲ ਨਹੀਂ ਵੇਖ ਸਕਦਾ। ਅਸੀਂ ਜਲਾਲ ਹੋਰਾਂ ਦੇ ਘਰ ਪਹੁੰਚ ਗਏ। ਉਨ੍ਹਾਂ ਸਾਨੂੰ ਵਰਾਂਢੇ ’ਚ ਬਿਠਾਇਆ। ਓਥੇ ਸਾਨੂੰ ਬਹੁਤ ਲੋਕ ਮਿਲਣ ਆਏ। ਸਭ ਨੇ ਬੜਾ ਹੌਸਲਾ ਦਿੱਤਾ। ਪਿੰਡ ’ਚ ਕੁਝ ਪੁੱਠੀ ਮੱਤ ਵਾਲੇ ਵੀ ਲੋਕ ਹੁੰਦੇ ਨੇ। ਇੱਕ ਜਲਾਲ ਹੋਰਾਂ ਦੇ ਘਰ ਮੂਹਰੇ ਆ ਕੇ ਪੁੱਛਣ ਲੱਗਾ ਕਿ ਉਹਨੇ ਕਾਫ਼ਿਰਾਂ ਨੂੰ ਕਿਉਂ ਪਨਾਹ ਦਿੱਤੀ ਏ। ਜਲਾਲ ਉਹਨੂੰ ਕਹਿਣ ਲੱਗਾ- ਉਹ ਬੈਠਾ ਈ ਘੁੰਮਣ। ਜੇ ਹਿੰਮਤ ਏ ਤਾਂ ਹੱਥ ਲਗਾ ਕੇ ਦਿਖਾ। ਤੂੰ ਹੁਣ ਜਾਣਾ ਕਿ ਤੈਨੂੰ ਛਿੱਤਰ ਮਾਰ ਕੇ ਤੋਰੀਏ? ਉਹ ਬੰਦਾ ਬੁੜ-ਬੁੜ ਕਰਦਾ ਓਥੋਂ ਤੁਰ ਗਿਆ।
ਤੀਜੇ ਦਿਨ ਸਾਡੇ ਪਿੰਡ ’ਚ ਕਰਫ਼ਿਊ ਲੱਗ ਗਿਆ। ਮਿਲਟਰੀ ਆ ਗਈ। ਅਸੀਂ ਜਲਾਲ ਹੋਰਾਂ ਦੇ ਘਰ ਤੋਂ ਆਪਣੇ ਘਰ ਮੁੜ ਆਏ। ਇੱਕ ਰਾਤ ਸ਼ਰਾਰਤੀ ਲੋਕਾਂ ਨੇ ਗੁਰਦੁਆਰੇ ਅੰਦਰ ਬੈਠੇ ਸਿੱਖਾਂ ਨੂੰ ਮਾਰਨ ਲਈ ਸੁਰੰਗ ਕੱਢ ਲਈ। ਸਫ਼ੈਦਪੋਸ਼ ਦਾ ਭਰਾ ਬਾਵਾ ਸਿੰਘ ਸਾਬਕਾ ਫ਼ੌਜੀ ਸੀ। ਉਹਦੇ ਕੋਲ ਰਾਈਫ਼ਲ ਵੀ ਸੀ। ਉਨ੍ਹਾਂ ਪਿਚਕਾਰੀ ਨਾਲ ਪੈਟਰੋਲ ਮਾਰ ਕੇ ਤੀਲੀ ਲਗਾ ਦਿੱਤੀ। ਅੱਗ ਭਬਕੀ ਤਾਂ ਉਹ ਹਮਲਾਵਰ ਬਾਹਰ ਆ ਕੇ ਹੱਥ ਜੋੜਨ ਲੱਗ ਪਏ। ਇਨ੍ਹਾਂ ਬੰਦਿਆਂ ’ਚ ਕੁਝ ਬੰਦੇ ਪਿੰਡ ਦੇ ਸਨ ਤੇ ਬਹੁਤੇ ਬਾਹਰਲੇ ਪਿੰਡਾਂ ਤੋਂ ਆਏ ਹੋਏ ਸਨ।
ਪਿੰਡ ਦੇ ਬਾਹਰਲੇ ਪਾਸੇ ਬੜੀ ਖੁੱਲ੍ਹੀ ਜਗ੍ਹਾ ’ਚ ਮੰਦਰ ਬਣਿਆ ਹੋਇਆ ਸੀ। ਓਥੇ ਬੜੇ ਵੱਡੇ-ਵੱਡੇ ਪਿੱਪਲ ਤੇ ਬੋਹੜ ਦੇ ਦਰੱਖਤ ਸਨ। ਜਦੋਂ ਕਰਫ਼ਿਊ ਲੱਗ ਗਿਆ ਤਾਂ ਬਹੁਤੇ ਸਿੱਖ ਮੰਦਰ ’ਚ ਆ ਗਏ। ਨਬੀ ਅਹਿਮਦ ਸਾਹੋਵਾਲੇ ਦਾ ਜ਼ੈਲਦਾਰ ਸੀ। ਉਹਦਾ ਪੁੱਤਰ ਤੇ ਭਤੀਜਾ ਓਸ ਵੇਲੇ ਡੀ.ਸੀ. ਲੱਗੇ ਹੋਏ ਸਨ। ਉਹਦੇ ਪੁੱਤਰ ਨੇ ਗੁਰਦਾਸਪੁਰੋਂ ਜਾ ਕੇ ਆਪਣੇ ਬਾਪ ਨੂੰ ਕਿਹਾ-ਤੁਸੀਂ ਇਨ੍ਹਾਂ ਨੂੰ ਬਿਠਾਲ ਛੱਡਿਆ, ਕੀ ਇਨ੍ਹਾਂ ਨੂੰ ਮਰਵਾਉਣਾ ਏ? ਉਹਨੇ ਫਿਰ ਹੋਰ ਮਿਲਟਰੀ ਸੱਦੀ ਤਾਂ ਪਿੰਡ ਦੇ ਸਿੱਖਾਂ ਨੂੰ ਬਾਹਿਫ਼ਾਜ਼ਤ ਸਭੜੇਆਲ ਕੈਂਪ ਤੱਕ ਪਹੁੰਚਾਇਆ।
ਸਭੜੇਆਲ ਸਾਡੇ ਪਿੰਡੋਂ ਢਾਈ-ਤਿੰਨ ਕਿਲੋਮੀਟਰ ਦੂਰ ਸੀ। ਓਥੋਂ ਅਪਰ-ਬਾਰੀ ਚਨਾਬ ਨਹਿਰ ਲੰਘਦੀ ਸੀ। ਇਸ ਨਹਿਰ ਦੇ ਕੰਢੇ ਉੱਤੇ ਕੈਂਪ ਲੱਗਾ ਹੋਇਆ ਸੀ। ਦੋ-ਤਿੰਨ ਦਿਨਾਂ ਬਾਅਦ ਅਸੀਂ ਵੀ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਇਉਂ ਲੱਗਦਾ ਸੀ ਕਿ ਦਸ-ਪੰਦਰਾਂ ਦਿਨਾਂ ਬਾਅਦ ਪਿੰਡ ਮੁੜ ਹੀ ਆਉਣੈ। ਅਸੀਂ ਥੋੜ੍ਹਾ-ਥੋੜ੍ਹਾ ਆਟਾ-ਘਿਉ ਤੇ ਕੱਪੜ-ਟਾਕੀ ਚੁੱਕ ਲਿਆ। ਭੈਣ ਦੇ ਦਾਜ ਦਾ ਸਾਰਾ ਸਾਮਾਨ ਗੁਆਂਢੀ ਮੁਸਲਮਾਨਾਂ ਦੇ ਘਰ ਟਿਕਾਇਆ ਤੇ ਮੁਸਲਮਾਨ ਬੀਬੀਆਂ ਕੋਲੋਂ ਰੋਟੀਆਂ ਦੇ ਦੋ-ਤਿੰਨ ਟੋਕਰੇ ਬਣਵਾ ਕੇ ਕੈਂਪ ’ਚ ਪਹੁੰਚ ਗਏ।
ਜਦੋਂ ਕੈਂਪ ਪਹੁੰਚੇ ਤਾਂ ਸਫ਼ੈਦਪੋਸ਼ ਸੁਬੇਗ ਸਿੰਘ ਤੇ ਸਰਦਾਰ ਬਿਸ਼ਨ ਸਿੰਘ ਬੋਲੇ -ਚੰਗਾ ਕੀਤਾ ਤੁਸੀਂ ਆ ਗਏ, ਪਰ ਮਹੰਤ ਸਿੰਘ ਹੋਰੀਂ ਕਿਉਂ ਨਹੀਂ ਆਏ? ਕੈਂਪ ’ਚੋਂ ਮੇਰਾ ਬਾਪ ਪਿੰਡ ਗਿਆ। ਪਿੰਡ ਤੋਂ ਦੂਰ, ਸਾਡਾ ਦੋਹਾਂ ਟੱਬਰਾਂ ਦਾ ਇੱਕ ਸਾਂਝਾ ਖੂਹ ਸੀ। ਅਲਿਆਂ ਵਾਲਾ ਖੂਹ। ਪਿੰਡ ਵਾਲਾ ਘਰ ਛੱਡ ਕੇ ਉਹ ਓਥੇ ਚਲੇ ਗਏ ਸੀ। ਬਾਪੂ ਹੋਰਾਂ ਮਹੰਤ ਸਿੰਘ ਨੂੰ ਕਿਹਾ- ਚੱਲੋ ਕੈਂਪ ’ਚ ਚੱਲੀਏ। ਉਹ ਅੱਗੋਂ ਮੇਰੇ ਬਾਪ ਨੂੰ ਮੇਰੇ ਬਾਰੇ ਕਹਿੰਦਾ-ਰਾਹ ’ਚ ਖ਼ਤਰਾ ਹੋਣਾ। ਤੁਸੀਂ ਹਰਬੰਸ ਨੂੰ ਇੱਥੇ ਛੱਡ ਜਾਓ। ਬਾਪੂ ਕਹਿੰਦਾ-ਫਿਰ ਮੈਂ ਹਿੰਦੋਸਤਾਨ ਕੀ ਲੈਣ ਜਾਣਾ? ਮੈਂ ਵੀ ਇੱਥੇ ਰਹਿ ਜਾਂਦਾਂ! ਮਹੰਤ ਸਿੰਘ ਹੋਰੀਂ ਅਤੇ ਬਾਪੂ ਬੜੀ ਦੇਰ ਤੱਕ ਇੱਕ ਦੂਜੇ ਨੂੰ ਮਨਾਉਂਦੇ ਰਹੇ। ਨਾ ਮਹੰਤ ਸਿੰਘ ਕੈਂਪ ’ਚ ਆਉਣ ਲਈ ਮੰਨਿਆ, ਨਾ ਬਾਪੂ ਓਥੇ ਰਹਿਣ ਨੂੰ। ਅਗਲੇ ਦਿਨ ਸਾਡਾ ਕਾਫ਼ਲਾ ਤੁਰ ਪਿਆ। ਰਾਹ ’ਚ ਬੜਾ ਡਰ ਸੀ। ਲੁੱਟਣ ਮਾਰਨ ਵਾਲੇ ਹਰ ਸਟੇਸ਼ਨ ’ਤੇ ਛੁਰੇ ਲੈ ਕੇ ਗੱਡੀ ਦੇ ਦੁਆਲੇ ਆਣ ਜੁੜਦੇ ਸਨ। ਗੱਡੀ ਹੌਲੀ-ਹੌਲੀ ਰਾਤ ਦੇ ਕੋਈ ਅੱਠ ਕੁ ਵਜੇ ਆਖਰੀ ਸਟੇਸ਼ਨ ਉੱਤੇ ਪਹੁੰਚੀ। ਅਸੀਂ ਮੁਰਦਿਆਂ ਦੇ ਉੱਪਰ ਦੀ ਲੰਘ ਕੇ ਡੇਰਾ ਬਾਬਾ ਨਾਨਕ ਆਏ ਸਾਂ। ਇੱਧਰੋਂ ਜਾਣ ਵਾਲਾ ਇੱਕ ਕਾਫ਼ਲਾ ਮੇਰੀਆਂ ਅੱਖਾਂ ਸਾਹਮਣੇ ਕਤਲ ਕੀਤਾ ਸੀ। ਬੜੀ ਗੋਲੀ ਚੱਲੀ। ਮੈਂ ਮਸੀਂ ਬਚਿਆ। ਕੁਝ ਦਿਨਾਂ ਬਾਅਦ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਪਹੁੰਚ ਗਏ।
ਆਪਣੇ ਲਈ ਪਿੰਡ ਲੱਭਦੇ-ਲੱਭਦੇ ਪਹਿਲਾਂ ਅਸੀਂ ਜਲੰਧਰ ਕੈਂਪ ’ਚ ਆਏ ਤੇ ਫਿਰ ਹੁਸ਼ਿਆਰਪੁਰ ਪਹੁੰਚ ਗਏ। ਓਧਰੋਂ ਆਏ ਕੁਲਦੀਪ ਸਿੰਘ ਵਿਰਕ ਹੋਰੀਂ ਉਦੋਂ ਤਹਿਸੀਲਦਾਰ ਲੱਗੇ ਹੁੰਦੇ ਸੀ। ਉਨ੍ਹਾਂ ਦਾ ਬਾਪ ਜ਼ੈਲਦਾਰ ਸੀ ਤੇ ਉਹ ਸਾਡੇ ਪਿੰਡ ਵਿਆਹਿਆ ਹੋਇਆ ਸੀ। ਉਨ੍ਹਾਂ ਸਾਡੀ ਬੜੀ ਮਦਦ ਕੀਤੀ। ਉਨ੍ਹਾਂ ਸਾਡੇ ਪਿੰਡਾਂ ਨੂੰ ਦਸੂਹੇ ਦੇ ਨੇੜਲੇ-ਨੇੜਲੇ ਪਿੰਡਾਂ ’ਚ ਬਿਠਾਇਆ। ਸਾਹੋਵਾਲੀਏ ਚੀਮਿਆਂ ਲਈ ਇਸ ਇਲਾਕੇ ’ਚ ਕਈ ਪਿੰਡ ਅਲਾਟ ਕਰਵਾਏ। ਸਾਨੂੰ ਉਸਮਾਨ ਸ਼ਹੀਦ ਮਿਲਿਆ। ਇੱਥੇ ਕਮਾਦ ਬੜਾ ਸੀ। ਸਾਡੇ ਬਜ਼ੁਰਗਾਂ ਨੇ ਗਰੁੱਪ ਬਣਾਏ। ਵੇਲਣੇ ਗੱਡੇ ਅਤੇ ਕਮਾਦ ਪੀੜਨਾ ਸ਼ੁਰੂ ਕਰ ਦਿੱਤਾ। ਸਵੇਰ ਨੂੰ ਟੋਕਰੇ ਭਰ ਕੇ ਦਸੂਹੇ ਵੇਚਣ ਜਾਣਾ। ਕਿਸੇ ਨੂੰ ਡੇਢ ਰੁਪਈਆ ਆਉਣਾ, ਕਿਸੇ ਨੂੰ ਦੋ ਰੁਪਏ। ਤਿੰਨ-ਚਾਰ ਸਾਲ ਤਾਂ ਅਸੀਂ ਬੜੇ ਔਖੇ ਰਹੇ। ਫਿਰ ਸਾਨੂੰ ਜ਼ਮੀਨ ਦੀ ਪੱਕੀ ਅਲਾਟਮੈਂਟ ਹੋ ਗਈ। ਸਰਕਾਰ ਨੇ ਵੀ ਮਦਦ ਕੀਤੀ। ਸਰਕਾਰੀ ਟਰੈਕਟਰ ਘੱਲੇ। ਉਨ੍ਹਾਂ ਨਾਲ ਅਸੀਂ ਜ਼ਮੀਨ ਅਬਾਦ ਕੀਤੀ। ਸਰਕਾਰ ਨੇ ਕਿਸ਼ਤਾਂ ਵਿੱਚ ਪੈਸੇ ਲਏ। ਅਸੀਂ ਵੀ ਪੱਚੀ-ਤੀਹ ਕਿੱਲੇ ਪੈਲੀ ਪੁਟਾਈ ਸੀ। ਸਾਢੇ ਛੇ ਸੌ ਰੁਪਏ ਕਿਸ਼ਤ ਆਉਂਦੀ ਹੁੰਦੀ ਸੀ। ਉਹ ਵੀ ਬੜੇ ਔਖੇ ਹੋ ਕੇ ਦਿੱਤੀ ਜਾਂਦੀ ਸੀ।
ਚਾਚੇ ਮਹੰਤ ਸਿੰਘ ਤੇ ਸੰਤ ਸਿੰਘ ਹੋਰਾਂ ਦੀ ਜ਼ਮੀਨ ਦਾ ਰਿਕਾਰਡ ਵੀ ਇੱਧਰ ਆ ਗਿਆ ਸੀ। ਉਨ੍ਹਾਂ ਨੂੰ ਖੈਰਾਬਾਦ ਕੋਟਲੀ ਅਲਾਟ ਹੋਇਆ ਸੀ। ਲੋਕ ਸਾਨੂੰ ਕਹਿਣ ਕਿ ਤੁਸੀਂ ਉਨ੍ਹਾਂ ਦੇ ਸਕੇ ਓ। ਤੁਸੀਂ ਕਬਜ਼ਾ ਕਰ ਲਓ। ਉਦੋਂ ਤਾਂ ਸਾਡੇ ਕੋਲੋਂ ਆਪਣੀ ਵੀ ਨਹੀਂ ਸੀ ਸਾਂਭੀ ਜਾਂਦੀ। ਚਾਚੇ ਹੋਰਾਂ ਦੇ ਨਾਂ ਤੇ ਮਜ਼ਹਬ ਬਦਲ ਗਏ। ਇਸ ਗੱਲ ਦੀ ਖ਼ੁਸ਼ੀ ਹੈ ਕਿ ਅੱਜ ਵੀ ਸਾਡਾ ਆਪਣਾ ਇੱਕ ਘਰ ਹੈ, ਸਾਹੋਆਲੇ ਵਿੱਚ। ਉਹ ਅੱਜ ਵੀ ਆਪਣੀਆਂ ਪੈਲੀਆਂ ਉੱਤੇ ਉਵੇਂ ਕਾਬਜ਼ ਨੇ। ਉਹ ਅੱਜ ਵੀ ਆਪਣੇ ਜੱਦੀ ਘਰ ਵਿੱਚ ਰਹਿੰਦੇ ਨੇ। ਬਹੁਤੀ ਖ਼ੁਸ਼ੀ ਦੀ ਗੱਲ ਇਹ ਕਿ ਸਾਡਾ ਘਰ ਵੀ ਉਨ੍ਹਾਂ ਦੇ ਕੋਲ ਏ।
ਚਾਚੇ ਮਹੰਤ ਸਿੰਘ ਅਤੇ ਸੰਤ ਸਿੰਘ ਹੋਰਾਂ ਦੇ ਨਵੇਂ ਨਾਂ ਤਾਂ ਯਾਦ ਨਹੀਂ, ਪਰ ਮੇਰੇ ਯਾਰ ਬਹਾਦਰ ਸਿੰਘ ਦਾ ਨਾਂ ਮੁਹੰਮਦ ਇਕਬਾਲ ਹੋ ਗਿਆ ਸੀ। ਜਿੱਥੇ ਉਹਦਾ ਵਿਆਹ ਹੋਇਆ ਸੀ ਉਹ ਵੀ ਸੰਤਾਲੀ ’ਚ ਓਧਰ ਰਹਿ ਗਏ ਸਨ। ਮੁਹੰਮਦ ਇਕਬਾਲ ਦੇ ਘਰ ਅੱਠ ਪੁੱਤਰ ਹੋਏ। ਇਹ ਗੱਲ ਨੱਬੇ-ਬੰਨਵੇਂ ਦੀ ਹੋਣੀ ਏ। ਦਸ-ਗਿਆਰਾਂ ਦਾ ਟੈਮ ਸੀ ਤੇ ਮੈਂ ਪਿੰਡੋਂ ਸਾਈਕਲ ਉੱਤੇ ਦਸੂਹੇ ਜਾ ਰਿਹਾ ਸੀ। ਅੱਗੋਂ ਕੋਈ ਬੰਦਾ ਅਟੈਚੀਕੇਸ ਫੜੀ ਸਾਡੇ ਪਿੰਡ ਵੱਲ ਤੁਰਿਆ ਆਵੇ। ਜਦੋਂ ਮੈਂ ਉਹਦਾ ਮੜੰਗਾ ਵੇਖਿਆ ਤਾਂ ਮੈਂ ਸਾਈਕਲ ਤੋਂ ਉਤਰ ਪਿਆ। ਮੈਨੂੰ ਦੇਖਦਿਆਂ ਉਹਨੇ ਪੁੱਛਿਆ-ਤੂੰ ਹਰਬੰਸ ਏਂ? ਮੈਂ ਉਹਨੂੰ ਪੁੱਛਿਆ-ਤੂੰ ਬਹਾਦਰ ਏਂ? ਅਸੀਂ ਜੱਫੀ ਪਾ ਕੇ ਮਿਲੇ। ਹੁਣ ਤਾਂ ਉਹ ਦੁਨੀਆ ਉੱਤੇ ਨਹੀਂ ਰਿਹਾ। ਉਹਦੀ ਮੌਤ ਹੋਈ ਤਾਂ ਫਰਾਂਸ ਤੋਂ ਉਹਦੇ ਪੋਤਰੇ ਦਾ ਫੋਨ ਆਇਆ ਸੀ। ਕਹਿੰਦਾ-ਬਾਬਾ ਜੀ, ਤੁਹਾਡਾ ਭਰਾ ਅੱਲਾ ਨੂੰ ਪਿਆਰਾ ਹੋ ਗਿਆ। ਮੈਂ ਅੱਖਾਂ ਮੀਟ ਲਈਆਂ। ਮੈਨੂੰ ਯਾਦ ਆਇਆ ਕਿ ਕਿਵੇਂ ਨਿੱਕੇ ਹੁੰਦੇ ਅਸੀਂ ਗਲੀਆਂ ’ਚ ਖੇਡਦੇ ਹੁੰਦੇ ਸਾਂ। ਸਾਡੇ ਘਰਾਂ ਦੀਆਂ ਛੱਤਾਂ ਨਾਲ-ਨਾਲ ਸਨ। ਛਾਲ ਮਾਰ ਕੇ ਅਸੀਂ ਇੱਕ ਦੂਜੇ ਦੇ ਘਰ ਪਹੁੰਚ ਜਾਂਦੇ ਸਾਂ। ਉਹ ਦਿਨ ਵੀ ਯਾਦ ਆਇਆ ਜਦੋਂ ਅਸੀਂ ਪਹਿਲੇ ਤੇ ਆਖ਼ਰੀ ਦਿਨ ਸਕੂਲ ਗਏ ਸਾਂ। ਫਿਰ ਪਾਕਿਸਤਾਨ ਬਣ ਗਿਆ। ਉਹ ਓਧਰ ਰਹਿ ਗਏ। ਫਿਰ ਪੰਜਾਹ ਵਰ੍ਹਿਆਂ ਬਾਅਦ ਉਹ ਆਇਆ ਤੇ ਪੰਦਰਾਂ ਸੋਲਾਂ ਦਿਨ ਸਾਡੇ ਕੋਲ ਰਿਹਾ।
ਉਹਦੀ ਇੱਕ ਗੱਲ ਮੈਨੂੰ ਕਦੇ ਨਹੀਂ ਭੁੱਲਦੀ। ਅਸੀਂ ਉਹਨੂੰ ਮੁਹੰਮਦ ਇਕਬਾਲ ਆਖ ਬੁਲਾਉਣਾ ਤਾਂ ਉਹਨੇ ਮੱਥੇ ਉੱਤੇ ਤਿਊੜੀ ਪਾਉਂਦਿਆਂ ਆਖਣਾ-ਸਾਡੇ ਬਜ਼ੁਰਗ ਤਾਂ ਅੱਲਾ ਨੂੰ ਪਿਆਰੇ ਹੋ ਗਏ। ਮੈਂ ਤਾਂ ਆਪਣਿਆਂ ਕੋਲ ਆਇਆ ਹੀ ਇਸ ਕਰ ਕੇ ਆਂ ਕਿ ਉਹ ਮੈਨੂੰ ਮੇਰੇ ਅਸਲ ਨਾਂ ਨਾਲ ਬੁਲਾਉਣ। ਜੇ ਤੁਸੀਂ ਮੈਨੂੰ ਬਹਾਦਰ ਸਿੰਘ ਆਖ ਨਹੀਂ ਬੁਲਾਉਣਾ ਤਾਂ ਮੈਂ ਸਵੇਰੇ ਪਾਕਿਸਤਾਨ ਤੁਰ ਜਾਨਾ।” ਹਰਬੰਸ ਸਿੰਘ ਘੁੰਮਣ ਹੋਰੀਂ ਉਦਾਸ ਹੁੰਦਿਆਂ ਚੁੱਪ ਹੋ ਗਏ।
ਸੰਪਰਕ: 97818-43444