ਨਵੀਂ ਦਿੱਲੀ, 29 ਜਨਵਰੀ
ਇੰਡੀਆ ਓਪਨ ਚੈਂਪੀਅਨ ਲਕਸ਼ੈ ਸੇਨ ਅਤੇ ਸਈਦ ਮੋਦੀ ਇੰਟਰਨੈਸ਼ਨਲ ਦੀ ਉਪ ਜੇਤੂ ਮਾਲਵਿਕਾ ਬੰਸੋੜ 15 ਤੋਂ 20 ਫਰਵਰੀ ਤੱਕ ਮਲੇਸ਼ੀਆ ਦੇ ਸ਼ਾਹ ਆਲਮ ਵਿਚ ਖੇਡੀ ਜਾਣ ਵਾਲੀ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ ਭਾਰਤੀ ਪੁਰਸ਼ ਤੇ ਮਹਿਲਾ ਸਿੰਗਲਜ਼ ਟੀਮ ਦੀ ਅਗਵਾਈ ਕਰਨਗੇ।
ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਪਿਛਲੇ ਮਹੀਨੇ ਚੇਨੱਈ ਤੇ ਹੈਰਦਾਬਾਦ ਵਿਚ ਖੇਡੇ ਗਏ ਦੋ ਆਲ ਇੰਡੀਆ ਰੈਂਕਿੰਗ ਟੂਰਨਾਮੈਂਟਾਂ ’ਚ ਪ੍ਰਦਰਸ਼ਨ ਨੂੰ ਅਹਿਮੀਅਤ ਦਿੰਦੇ ਹੋਏ ਇਸ ਮਹਾਦੀਪ ਟੀਮ ਚੈਂਪੀਅਨਸ਼ਿਪ ਲਈ ਨਵੀਂ ਟੀਮ ਦਾ ਐਲਾਨ ਕੀਤਾ ਹੈ। ਖਿਡਾਰੀਆਂ ਦੀ ਚੋਣ ਦੋ ਮੁਕਾਬਲਿਆਂ ਵਿਚ ਪ੍ਰਾਪਤ ਕੁੱਲ ਅੰਕਾਂ ਦੇ ਆਧਾਰ ’ਤੇ ਕੀਤੀ ਗਈ ਸੀ।
ਬੀਆਈਏ ਦੇ ਸਕੱਤਰ ਅਜੈ ਸਿੰਘਾਨੀਆ ਨੇ ਕਿਹਾ, ‘‘ਅਸੀਂ ਪਿਛਲੇ ਕੁਝ ਸਮੇਂ ਤੋਂ ਚੋਣ ਲਈ ਘਰੇਲੂ ਟੂਰਨਾਮੈਂਟਾਂ ਦੇ ਪ੍ਰਦਰਸ਼ਨ ਨੂੰ ਅਹਿਮੀਅਤ ਦੇ ਰਹੇ ਹਾਂ ਅਤੇ ਵਿਸ਼ਵ ਰੈਂਕਿੰਗ ਦੇ ਟੌਪ-25 ’ਚ ਸ਼ਾਮਲ ਖਿਡਾਰੀਆਂ ਦੀ ਚੋਣ ਕਰ ਰਹੇ ਹਾਂ। ਜ਼ਿਆਦਾਤਰ ਸੀਨੀਅਰ ਖਿਡਾਰੀ ਹਾਲਾਂਕਿ ਕੋਵਿਡ-19 ਅਤੇ ਸੱਟ ਤੋਂ ਉਭਰ ਰਹੇ ਹਨ, ਇਹ ਸਾਡੇ ਲਈ ਟੂਰਨਾਮੈਂਟ ਵਿਚ ਆਪਣੀ ਪਛਾਣ ਬਣਾਉਣ ਲਈ ਬੈਂਚ ਸਟ੍ਰੈਂਥ ਨੂੰ ਮੌਕਾ ਦੇਣ ਦਾ ਚੰਗਾ ਸਮਾਂ ਹੈ।’’
ਪੁਰਸ਼ਾਂ ਦੀ ਟੀਮ ਨੇ ਫਿਲਪੀਨਜ਼ ਦੇ ਮਨੀਲਾ ’ਚ ਟੂਰਨਾਮੈਂਟ ਦੇ ਪਿਛਲੇ ਸੈਸ਼ਨ ਵਿਚ ਕਾਂਸੀ ਤਗ਼ਮਾ ਜਿੱਤਿਆ ਸੀ ਜਦਕਿ ਮਹਿਲਾ ਟੀਮ ਨੇ ਮਹਾਮਾਰੀ ਕਾਰਨ ਨਾਂ ਵਾਪਸ ਲੈ ਲਿਆ ਸੀ। ਪੁਰਸ਼ ਡਬਲਜ਼ ਵਰਗ ਦੀ ਅਗਵਾਈ ਕੇਰਲ ਦੇ ਪੀਐੱਸ ਰਵੀ ਕ੍ਰਿਸ਼ਨ ਤੇ ਉਦੈਕੁਮਾਰ ਸ਼ੰਕਰ ਪ੍ਰਸਾਦ ਦੀ ਜੋੜੀ ਕਰੇਗੀ, ਜਿਨ੍ਹਾਂ ਨੇ ਇੰਡੀਆ ਓਪਨ ਵਿਚ ਓਂਗ ਯੂ ਸਿਨ ਅਤੇ ਟੀਓ ਈ ਯੀ ਦੀ ਤਜਰਬੇਕਾਰ ਮਲੇਸ਼ਿਆਈ ਜੋੜੀ ਖ਼ਿਲਾਫ਼ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਸੀ।
ਉੱਧਰ, ਤਜ਼ਰਬੇਕਾਰ ਆਰਤੀ ਸਾਰਾ ਸੁਨੀਲ ਤੇ ਰਿਜ਼ਾ ਮਹਿਰੀਨ ਦੀ ਜੋੜੀ ਦੇ ਨਾਲ ਸਿਮਰਨ ਸਿੰਘੀ ਤੇ ਖੁਸ਼ੀ ਗੁਪਤਾ ਮਹਿਲਾ ਡਬਲਜ਼ ਵਿਚ ਆਪਣੀ ਛਾਪ ਛੱਡਣ ਲਈ ਤਿਆਰ ਹਨ। -ਪੀਟੀਆਈ
ਪੁਰਸ਼ ਤੇ ਮਹਿਲਾ ਟੀਮਾਂ ਦਾ ਐਲਾਨ
ਪੁਰਸ਼ ਸਿੰਗਲਜ਼ ਟੀਮ ਵਿਚ ਲਕਸ਼ੈ ਸੈਨ, ਮਿਥੁਨ ਮੰਜੂਨਾਥ, ਕਿਰਨ ਜੌਰਜ ਤੇ ਰਘੂ ਐੱਮ ਸ਼ਾਮਲ ਹਨ। ਪੁਰਸ਼ ਡਬਲਜ਼ ਵਿਚ ਪੀਐੱਸ ਰਵੀ ਕ੍ਰਿਸ਼ਨ ਤੇ ਉਦੈ ਕੁਮਾਰ ਸ਼ੰਕਰ ਪ੍ਰਸਾਦ, ਅਮਸਾਕਰੁਨਨ ਹਰੀਹਰਨ ਤੇ ਰੂਬਨ ਕੁਮਾਰ, ਡਿੰਕੋ ਸਿੰਘ ਕੋਂਥੂਜਮ ਤੇ ਮਨਜੀਤ ਸਿੰਘ ਖੁਆਇਰਾਕਪਮ ਸ਼ਾਮਲ ਹਨ। ਮਹਿਲਾ ਸਿੰਗਲਜ਼ ਵਿਚ ਮਾਲਵਿਕਾ ਬੰਸੋੜ, ਆਕਰਸ਼ੀ ਕਸ਼ਿਅਪ, ਅਸ਼ਮਿਤਾ ਚਾਲੀਹਾ ਤੇ ਤਾਰਾ ਸ਼ਾਹ ਸ਼ਾਮਲ ਹਨ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿਚ ਸਿਮਰਨ ਸਿੰਘੀ ਤੇ ਖੁਸ਼ੀ ਗੁਪਤਾ, ਵੀ ਨੀਲਾ ਤੇ ਅਰੂਬਾਲਾ, ਆਰਤੀ ਸਾਰਾ ਸੁਨੀਲ ਤੇ ਰਿਜ਼ ਮਹਿਰੀਨ ਸ਼ਾਮਲ ਹਨ।