ਸਾਂਵਲ ਧਾਮੀ
ਲਾਗਰ ਪਿੰਡ ਦੇ ਵਿਰਕਾਂ ਬਾਰੇ ਮਸ਼ਹੂਰ ਸੀ ਕਿ ਉਨ੍ਹਾਂ ਦੀ ਕਹੀ ਵੀ ਪਾਣੀ ਲਾਉਂਦੀ ਏ। ਜਦੋਂ ਪਾਣੀ ਦੀ ਵਾਰੀ ਹੁੰਦੀ, ਇਹ ਨੱਕੇ ’ਤੇ ਕਹੀ ਧਰ ਆਉਂਦੇ। ਜਿੰਨੀ ਦੇਰ ਇਨ੍ਹਾਂ ਨੱਕੇ ਤੋਂ ਕਹੀ ਨਾ ਚੁੱਕਣੀ, ਕੋਈ ਹੋਰ ਪਾਣੀ ਨਹੀਂ ਸੀ ਵੱਢ ਸਕਦਾ।
ਲਗਪਗ ਸਾਰੇ ਵਿਰਕ ਖੁੱਲ੍ਹਾ ਖਾਣ-ਪੀਣ ਵਾਲੇ ਤੇ ਖੁੱਲ੍ਹੇ-ਡੁੱਲੇ ਸੁਭਾਅ ਦੇ ਬੰਦੇ ਸਨ। ਦਸ ਬੰਦੇ ਆ ਗਏ ਤਾਂ ਬੱਕਰਾ ਵੱਢ ਲੈਂਦੇ। ਦੋ-ਚਾਰ ਆ ਗਏ ਤਾਂ ਮੁਰਗਾ ਬਣਾ ਲੈਂਦੇ। ਕਈ ਘਰਾਂ ਨੇ ਬੱਕਰੀਆਂ ਚਾਰਨ ਵਾਸਤੇ ਆਜੜੀ ਰੱਖੇ ਹੁੰਦੇ ਸਨ। ਕੋਈ ਖ਼ਾਸ ਪ੍ਰਾਹੁਣਾ ਆ ਜਾਏ ਤਾਂ ਉਹ ਤਿੱਤਰ-ਬਟੇਰ ਫੜਨ ਵਾਲੇ ਬੰਦਿਆਂ ਨੂੰ ਸੁਨੇਹਾ ਘੱਲ ਦਿੰਦੇ।
ਬਾਹੜ, ਜਾਤਰੀ, ਝੀਂਡਾ ਤੇ ਲਾਗਰ; ਵਿਰਕਾਂ ਦੇ ਇਹ ਚਾਰ ਪਿੰਡ ਨਾਲੋਂ-ਨਾਲ ਸਨ। ਇਹ ਸ਼ੇਖੂਪੁਰੇ ਦੇ ਪਿੰਡ ਸਨ। ਲਾਗਰ ਪਿੰਡ ਦੀਆਂ ਗਲੀਆਂ ਵਿਚ ਕੋਈ ਮੁੰਡਾ ਨੰਗੇ ਸਿਰ ਨਹੀਂ ਸੀ ਘੁੰਮ ਸਕਦਾ। ਜੇ ਕਿਧਰੇ ਕਿਸੇ ਸਿਆਣੇ ਨੂੰ ਮਿਲ ਜਾਂਦਾ ਤਾਂ ਉਹ ਛਿੱਤਰ ਮਾਰਦਿਆਂ ਉਹਨੂੰ ਘਰ ਛੱਡ ਕੇ ਆਉਂਦਾ।
ਪਿੰਡ ਦੇ ਬਾਹਰ ਖੇਤਾਂ ਵਿਚ ਮੰਗਲ ਸਿੰਘ ਦਾ ਡੇਰਾ ਬੜਾ ਮਸ਼ਹੂਰ ਸੀ। ਬਾਰ ਤੋਂ ਚੋਰੀ ਹੋਏ ਡੰਗਰ ਇਸ ਡੇਰੇ ’ਤੇ ਪਹੁੰਚਦੇ। ਸਭ ਨਾਲੋਂ ਤਕੜਾ ਘਰ ਵਿਰਸਾ ਸਿੰਘ ਹੋਰਾਂ ਦਾ ਸੀ। ਪਿੰਡ ਵਿਚੋਂ ਸਭ ਨਾਲੋਂ ਵੱਧ ਪੜ੍ਹਿਆ-ਲਿਖਿਆ ਬੰਦਾ ਵੀ ਉਹੀ ਸੀ। ਇਸ ਪਿੰਡ ਦੀਆਂ ਚਾਰ ਪੱਤੀਆਂ ਸਨ। ਇਕ ਪੱਤੀ ਦਾ ਲੰਬੜਦਾਰ ਲਾਭ ਸਿੰਘ ਸੀ। ਉਹਦੀ ਨੂੰਹ ਬੀਬੀ ਸੁਰਜੀਤ ਕੌਰ ਹੁਣ ਇਕ ਸੌ ਛੇ ਵਰ੍ਹਿਆਂ ਦੀ ਹੋ ਚੁੱਕੀ ਏ।
ਸਾਹੋਕੇ, ਰੱਤੋਕੇ, ਤਕੀਪੁਰ ਤੇ ਢੱਡਰੀਆਂ; ਤਹਿਸੀਲ ਅਤੇ ਜ਼ਿਲ੍ਹਾ ਸੰਗਰੂਰ ਦੇ ਇਨ੍ਹਾਂ ਚਾਰ ਪਿੰਡਾਂ ਵਿਚ ਬਹੁਤੇ ਸ਼ੇਖੂਪੁਰੀਏ, ਕੁਝ ਗੁੱਜਰਾਂਵਾਲੀਏ ਤੇ ਕੁਝ ਸਿਆਲਕੋਟੀਏ ਵੱਸਦੇ ਨੇ। ਢੱਡਰੀਆਂ ਵਿਚ ਬਹੁਤੇ ਲਾਗਰੀਏ ਵਿਰਕ ਬੈਠੇ ਹਨ।
ਕੁਝ ਦੇਰ ਪਹਿਲਾਂ ਦੀ ਗੱਲ ਹੈ। ਸਾਹੋਕੇ ਵੱਸਦੇ ਸ. ਗੁਰਦੀਪ ਸਿੰਘ ਵਿਰਕ ਹੋਰਾਂ ਮੇਰੀ ਮੁਲਾਕਾਤ ਬੀਬੀ ਸੁਰਜੀਤ ਕੌਰ ਨਾਲ ਕਰਵਾਈ। ਪਹਿਲਾ ਸਵਾਲ ਮੈਂ ਉਨ੍ਹਾਂ ਦੇ ਪੇਕਿਆਂ ਬਾਰੇ ਕੀਤਾ।
“ਦੋ ਡੱਲੇ, ਜਰਮੀਆਂ, ਬੂੜਾ ਤੇ ਕੋਟਲੀ। ਓਧਰ ਇਹ ਪੰਜ ਪਿੰਡ ਕਾਹਲੋਆਂ ਦੇ ਸਨ। ਮੇਰਾ ਦਾਦਾ ਸੁੰਦਰ ਸਿੰਘ ਕੋਟਲੀ ਦਾ ਲੰਬੜਦਾਰ ਸੀ। ਮੇਰੇ ਤਿੰਨ ਵੀਰ ਸਨ। ਵੱਡਾ ਦਲੀਪ ਸਿੰਘ ਵੰਡ ਵੇਲੇ ਵਿਆਹਿਆ ਹੋਇਆ ਸੀ। ਮੁਸਲਮਾਨਾਂ ਦੀਆਂ ਕਈ ਕੁੜੀਆਂ ਮੇਰੀਆਂ ਸਹੇਲੀਆਂ ਹੁੰਦੀਆਂ ਸਨ। ਹੁਣ ਬਸ ਇਕ ਕਰੀਮੀ ਚਾਚੀ ਦੀ ਧੀ ਫਾਤਿਮਾ ਦਾ ਨਾਂ ਯਾਦ ਏ ਮੈਨੂੰ।
ਸਾਡਾ ਦੋ ਭੈਣਾਂ ਦਾ ਵਿਆਹ ਇਕੋ ਦਿਨ ਕੀਤਾ ਸੀ। ਬਾਅਦ ਵਿਚ ਸਾਥੋਂ ਛੋਟੀਆਂ ਦੋਹਾਂ ਦਾ ਵੀ ਇਕੋ ਦਿਨ ਹੋਇਆ ਸੀ। ਇਕ ਡਿਉੜੀ, ਇਕ ਮਰੜੀ ਤੇ ਇਕ ਮੇਰੇ ਪਿੰਡ ਵਿਆਹੀ ਹੋਈ ਸੀ। ਨਾਨਕੇ ਮੇਰੇ ਮਾਲ ਚੱਕ ਸਨ। ਮੇਰੀ ਸੱਸ ਦਾ ਨਾਂ ਸੀ ਦਿਆਲ ਕੌਰ। ਬੜੀ ਚੰਗੀ ਸੀ ਉਹ। ਵਿਆਹ ਤੋਂ ਬਾਅਦ ਗੋਖੜੂ ਤੇ ਹੋਰ ਗਹਿਣਾ-ਗੱਟਾ ਤਾਂ ਮੈਂ ਪੇਟੀ ਵਿਚ ਰੱਖ ਦਿੱਤਾ ਸੀ। ਉਹ ਮੈਨੂੰ ਕੈਂਠਾ, ਕਲਿੱਪ ਤੇ ਕਾਂਟੇ ਨਹੀਂ ਸੀ ਲਾਹੁਣ ਦਿੰਦੀ। ਵਿਆਹ ਤੋਂ ਬਾਰਾਂ ਵਰ੍ਹਿਆਂ ਬਾਅਦ ਵੀ ਨਹੀਂ!” ਸੱਸ ਦੀ ਗੱਲ ਕਰਦਿਆਂ ਉਹਦਾ ਬੋਲ ਭਾਰਾ ਹੋ ਗਿਆ ਸੀ।
“ਬੀਬੀ ਜੀ ਹੱਲਿਆਂ ਵਿਚ ਕੀ ਹੋਇਆ?” ਮੈਂ ਅਗਾਂਹ ਪੁੱਛਿਆ।
“ਪੁੱਤਰਾ…ਹੱਲੇ ਨਾ ਕੋਈ ਵੇਖੇ…।” ਉਹਨੇ ਰੋਂਦਿਆਂ ਗੱਲ ਸ਼ੁਰੂ ਕੀਤੀ।
“…ਬਾਰ੍ਹਾਂ ਸਾਲ ਹੋ ਗਏ ਸਨ, ਮੇਰੇ ਵਿਆਹ ਨੂੰ। ਮੇਰੇ ਇਕ ਬੱਚਾ ਹੋਇਆ, ਉਹ ਪੂਰਾ ਹੋ ਗਿਆ ਸੀ। ਮਸੀਂ-ਮਸੀਂ ਦੁਬਾਰਾ…! ਭਾਦਰੋਂ ਦੇ ਦਿਨ ਸਨ। ਮੇਰੇ ਪਤਿਓਰੇ ਦੇ ਮੁੰਡੇ ਨੇ ਆਣ ਕੇ ਆਖਿਆ ਕਿ ਲੁੱਟਣ ਵਾਲੇ ਆ ਰਹੇ ਨੇ। ਆਪਾਂ ਨੂੰ ਹੁਣ ਨਿਕਲਣਾ ਪੈਣਾ। ਮੈਂ ਕਾਹਲੀ-ਕਾਹਲੀ ਆਪਣੇ ਗਹਿਣੇ ਲਾਹੁਣ ਲੱਗੀ ਤਾਂ ਮੇਰੀ ਸੱਸ ਮੈਨੂੰ ਟੁੱਟ ਕੇ ਪੈ ਗਈ। ਮੈਂ ਆਖਿਆ- ਬੀਬੀ ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਨੇ। ਜੇ ਕਿਸੇ ਨੇ ਗਹਿਣਿਆਂ ਲਈ ਮੇਰਾ ਗਲ਼ ਵੱਢ ਦਿੱਤਾ? ਮੈਂ ਹੱਥ ਵੀ ਜੋੜੇ। ਮੇਰੀ ਸੱਸ ਨਾ ਮੰਨੀ। ਫਿਰ ਮੇਰੇ ਪਤੀ ਨੇ ਵੀ ਮੇਰੇ ਵਾਲੀ ਗੱਲ ਆਖੀ। ਉਹਨੇ ਮੈਨੂੰ ਗਹਿਣੇ ਲਾਹੁਣ ਲਈ ਫਿਰ ਵੀ ਇਜਾਜ਼ਤ ਨਾ ਦਿੱਤੀ। ਆਖ਼ਰ ਉਹ ਗੁੱਸੇ ਵਿਚ ਬੋਲੀ- ਤੁਹਾਨੂੰ ਕੌਣ ਸਮਝਾਏ ਕਿ ਸੁੱਖੀ ਸਾਂਦੀ ਗਹਿਣੇ ਨਹੀਂ ਲਾਹੀਦੇ।
ਗਰਮੀ ਬੜੀ ਸੀ। ਮੈਂ ਹੱਥ ਵਿਚ ਪੱਖੀ ਫੜ ਲਈ ਤੇ ਤੁਰ ਪਈ। ਮੇਰੇ ਪਤਿਓਰੇ ਦੀਆਂ ਨੂੰਹਾਂ ਵੀ ਨਾਲ ਸਨ। ਅਸੀਂ ਇਕੋ ਘਰ ਵਿਚ ਹੁੰਦੇ ਸਾਂ। ਨਿੱਕੇ ਟਰੰਕ ਵਿਚ ਮੈਂ ਟੂੰਮਾਂ-ਟਾਮਾਂ ਰੱਖੀਆਂ ਹੋਈਆਂ ਸੀ। ਅਸੀਂ ਕੁਸ਼ ਨਾ ਕੱਢਿਆ। ਕੋਲ ਇਕ ਸੌ ਰੁਪਈਆ ਸੀ। ਘਰ ਵਿਚ ਕਣਕ ਦੇ ਢੇਰ ਲੱਗੇ ਪਏ ਸਨ। ਓਸ ਵੇਲੇ ਕੀ ਵਿਕਣਾ ਸੀ। ਕੰਨੀਂ ਕਾਂਟੇ, ਸਿਰ ’ਤੇ ਕਲਿੱਪ ਤੇ ਗਲ਼ ਕੈਂਠਾ; ਇਹ ਤਿੰਨ ਟੂੰਮਾਂ ਮੈਂ ਪਾਈਆਂ ਹੋਈਆਂ ਸਨ।
ਰਾਤੋਂ-ਰਾਤ ਤੁਰ ਕੇ ਅਸੀਂ ਝੀਂਡੇ ਆ ਗਏ। ਝੀਂਡੇ ਤੋਂ ਮੰਡੀ ਚੂਹੜਕਾਣੇ ਪਹੁੰਚ ਗਏ। ਸੱਚੇ ਸੌਦੇ। ਆਉਂਦਿਆਂ ਨੂੰ ਤੰਬੂ ਲੱਗੇ ਹੋਏ ਸਨ। ਉਨ੍ਹਾਂ ਸਾਨੂੰ ਤੰਬੂਆਂ ਵਿਚ ਬਹਾ ਤਾ। ਅਸੀਂ ਭੋਇੰ ’ਤੇ ਸੌਂਦੇ ਰਹੇ ਆਂ। ਤੇੜ ਦੇ ਕੱਪੜਿਆਂ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਕੱਪੜਾ ਨਹੀਂ ਸੀ।
ਦੋ ਕੁ ਦਿਨ ਬਾਅਦ ਦੀ ਗੱਲ ਏ। ਰੇਲ ਗੱਡੀ ਆਈ। ਲੋਕ ਚੜ੍ਹਨ ਲਈ ਉਹਦੇ ਵੱਲ ਭੱਜੇ। ਮੂਹਰਿਓਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਓਥੇ ਬੜੇ ਬੰਦੇ ਮਰੇ। ਜਿਹੜੇ ਬਚ ਗਏ, ਉਹ ਭੱਜ ਕੇ ਕੈਂਪ ਵਿਚ ਆ ਵੜੇ।
ਮੇਰੀ ਸੱਸ ਦੇ ਮਾਮੇ ਦਾ ਪੁੱਤ ਸਾਡੇ ਕੋਲ ਰਹਿੰਦਾ ਸੀ। ਉਹਦਾ ਪਿੰਡ ਕੱਸੋਕੇ ਸੀ। ਉਹਦਾ ਨਾਂ ਤਾਂ ਮੰਗਲ ਸਿੰਘ ਸੀ, ਪਰ ਸਾਰੇ ਉਹਨੂੰ ਮਲੰਗ-ਮਲੰਗ ਆਂਹਦੇ ਸਨ। ਇਕ ਰਾਤ ਉਹ ਕੈਂਪ ’ਚੋਂ ਲਾਗਰ ਪਿੰਡ ਗਿਆ। ਲੈਣ ਤਾਂ ਉਹ ਗਹਿਣਾ-ਗੱਟਾ ਗਿਆ ਸੀ। ਸਾਰਾ ਪਿੰਡ ਤੇ ਘਰ ਲੁੱਟਿਆ ਗਿਆ ਸੀ। ਜਾਣ-ਪਛਾਣ ਵਾਲੇ ਮੁਸਲਮਾਨਾਂ ਨੇ ਉਹਨੂੰ ਦੋ ਮੰਜੀਆਂ, ਦੋ ਬਿਸਤਰੇ, ਇਕ ਪਤੀਲਾ ਤੇ ਦਸ ਥਾਲੀਆਂ ਚੁਕਾ ਦਿੱਤੀਆਂ ਸਨ।
ਮੇਰੇ ਪੇਕੇ ਕੋਟਲੀ ਤੋਂ ਗੱਡੇ ਜੋੜ ਕੇ ਨਨਕਾਣਾ ਸਾਹਿਬ ਆ ਗਏ ਸੀ। ਗੁਰੂ ਦੇ ਪਿੰਡ। ਸਾਡੇ ਕੋਲ ਤਾਂ ਗੱਡਾ ਵੀ ਕੋਈ ਨਹੀਂ ਸੀ। ਅਸੀਂ ਦੋ ਮਹੀਨੇ ਸੱਚੇ ਸੌਦੇ ਰਹੇ। ਓਥੇ ਮੇਰੇ ਪੁੱਤਰ ਪੈਦਾ ਹੋਇਆ। ਕੈਂਪ ਵਿਚ। ਢੱਠਿਆਂ ਕੋਠਿਆਂ ਵਿਚ। ਹੌਲੀ-ਹੌਲੀ ਉਹ ਸੌ ਰੁਪਈਆ ਵੀ ਖ਼ਰਚਿਆ ਗਿਆ। ਫਿਰ ਕਲਿੱਪ ਤੇ ਕੈਂਠਾ ਵੀ ਵਿਕ ਗਏ। ਮੈਂ ਸੋਚਿਆ ਕਿ ਮੇਰੀ ਸੱਸ ਮੇਰਾ ਸੁੰਨਾ ਸਿਰ ਤੇ ਗਲ਼ ਵੇਖ ਕੇ ਆਪਣੇ ਪੁੱਤਰ ਤੇ ਮੈਨੂੰ ਜ਼ਰੂਰ ਝਿੜਕੇਗੀ। ਮੈਂ ਹੈਰਾਨ ਸਾਂ ਕਿ ਉਹਨੇ ਮੈਥੋਂ ਇਕ ਵਾਰ ਨਹੀਂ ਸੀ ਪੁੱਛਿਆ।” ਬੀਬੀ ਫਿੱਕਾ ਜਿਹਾ ਮੁਸਕਰਾਉਂਦੀ ਚਾਣਚੱਕ ਰੋਣ ਲੱਗ ਪਈ।
“ਕੈਂਪ ਵਿਚ ਰੋਟੀ-ਪਾਣੀ ਮਿਲ ਜਾਂਦਾ ਸੀ?” ਗੱਲ ਨੂੰ ਹੋਧਰੇ ਪਾਉਣ ਲਈ ਮੈਂ ਪੁੱਛਿਆ।
“ਮੇਰਾ ਬੱਚਾ ਛੇਆਂ ਦਿਨਾਂ ਦਾ ਸੀ। ਇੱਧਰੋਂ ਸੱਠ ਟਰੱਕ ਗਏ। ਅਸੀਂ ਚੂਹੜਕਾਣੇ ਤੋਂ ਤੁਰ ਪਏ। ਅਸੀਂ ਮੰਜੇ-ਬਿਸਤਰੇ, ਪਤੀਲਾ ਤੇ ਥਾਲੀਆਂ ਕਿਸੇ ਦੇ ਗੱਡੇ ਉੱਤੇ ਧਰ ਦਿੱਤੇ। ਉਹ ਸਾਰੇ ਰਾਹ ਵਿਚ ਈ ਖੁੱਸ-ਖੱਸ ਗਏ। ਇੱਧਰ ਸਾਡੀ ਕੋਈ ਸ਼ੈਅ ਨਾ ਆਈ। ਚੂਹੜਕਾਣੇ ਤੋਂ ਤੁਰ ਕੇ ਸਾਡੇ ਟਰੱਕ ਲਾਹੌਰ ਰੁਕੇ। ਮੇਰਾ ਬੱਚਾ ਸੱਤਾਂ ਦਿਨਾ ਦਾ ਸੀ। ਮੇਰੀ ਸੱਸ ਆਖਣ ਲੱਗੀ- ਮੈਂ ਤਾਂ ਆਪਣੇ ਪੋਤਰੇ ਨੂੰ ਸੁੱਚਿਆ ਕਰਨਾ ਸੀ। ਇਹਨੂੰ ਅੰਮ੍ਰਿਤ ਛਕਾਉਣਾ ਸੀ। ਜਿਹੜੇ ਸਕੂਲ ਵਿਚ ਅਸੀਂ ਰੁਕੇ ਸਾਂ, ਉਸੀ ਸਕੂਲ ਦਾ ਮੇਜ਼ ਤੋੜ ਕੇ ਲਿਆ ਕੇ ਬਾਲਣ ਬਣਾਇਆ। ਮੇਰੀ ਸੱਸ ਨੇ ਇਕ ਮੁੱਠੀ ਚੌਲ ਬਣਾਏ। ਨਾ ਕੋਈ ਲੂਣ, ਨਾ ਮਿਰਚ। ਨਾ ਮਿੱਠਾ, ਨਾ ਕੁਸ਼। ਫਿੱਕੇ। ਅਸੀਂ ਦੋ ਦਿਨਾਂ ਦੇ ਭੁੱਖੇ ਸਾਂ। ਸਾਨੂੰ ਉਹੀ ਬੜੇ ਸਵਾਦ ਲੱਗੇ।
ਮੁੰਡਾ ਅੱਠ ਦਿਨਾਂ ਦਾ ਸੀ, ਜਿਸ ਦਿਨ ਅਸੀਂ ਅੰਬਰਸਰ ਆ ਗਏ। ਇੱਥੇ ਆਣ ਕੇ ਫਿਰ ਸਾਨੂੰ ਖਿਚੜੀ ਮਿਲੀ। ਅਗਲੇ ਦਿਨ ਮੇਰਾ ਪਤੀ ਆਂਹਦਾ- ਸੁਰਜੀਤੋ, ਇਕ ਕਾਂਟਾ ਲਾਹ ਦੇ। ਇਹ ਵੇਚ ਕੇ ਅਸੀਂ ਸ਼ਹਿਰੋਂ ਕੋਈ ਭਾਂਡਾ-ਭੂੰਡਾ ਲੈ ਆਈਏ। ਮੈਂ ਇਕ ਕਾਂਟਾ ਲਾਹ ਕੇ ਉਹਨੂੰ ਫੜਾ ਦਿੱਤਾ ਤੇ ਦੂਜਾ ਲਾਹ ਕੇ ਚੁੰਨੀ ਦੇ ਲੜ ਬੰਨ੍ਹ ਲਿਆ।
ਕਾਂਟਾ ਲੈ ਕੇ ਉਹ ਤੇ ਮੇਰੀ ਸੱਸ ਸ਼ਹਿਰ ਨੂੰ ਚਲੇ ਗਏ। ਪਤਾ ਨਹੀਂ ਕਿੱਥੋਂ ਦੋ ਬੰਦੇ ਆਏ। ਉਨ੍ਹਾਂ ਆ ਕੇ ਦੱਸਿਆ- ਨਾਲੇ ਤੇਰੀ ਨਨਾਣ ਪਿਆਰੋ ਬੀਬੀ ਮਰ ਗਈ ਆ। ਨਾਲੇ ਤੇਰਾ ਪਿਉ ਲੰਬੜਦਾਰ ਪੂਰਾ ਹੋ ਗਿਆ ਏ। ਇਕ ਤੇਰੀ ਭੈਣ ਜਿਹੜੀ ਡਿਓੜੀ ਵਿਆਹੀ ਸੀ, ਉਹ ਵੀ ਮਰ ਗਈ ਆ। ਇਨ੍ਹਾਂ ਤਿੰਨਾਂ ਜੀਆਂ ਦਾ ਦੱਸ ਕੇ ਉਹ ਤੁਰ ਗਏ। ਮੈਂ ਰੋਣ ਲੱਗ ਪਈ। ਸ਼ਾਮ ਢਲੇ ਮੇਰਾ ਪਤੀ ਤੇ ਸੱਸ ਮੁੜੇ। ਉਹ ਇਕ ਪਰਾਤ, ਦੋ ਪਲੇਟਾਂ, ਦੋ ਥਾਲੀਆਂ ਤੇ ਦੋ ਕੌਲੇ ਲਿਆਏ। ਜਦੋਂ ਆਏ ਤਾਂ ਮੇਰੀ ਸੱਸ ਆਂਹਦੀ – ਓਏ ਮਲੰਗਾਂ, ਇਹ ਰੋਂਦੀ ਕਿਉਂ ਆ? ਮਲੰਗ ਮਾਮਾ ਕਹਿੰਦਾ- ਤੈਨੂੰ ਕੀ ਦੱਸਾਂ ਭੈਣੇ ! ਤੂੰ ਸੁਣਿਆ ਤਾਂ ਤੂੰ ਵੀ ਰੋਣ ਲੱਗ ਜਾਣਾ। ਉਨ੍ਹਾਂ ਦੋਹਾਂ ਹੱਥੋਂ ਭਾਂਡੇ ਡਿੱਗ ਗਏ। ਉਹ ਮੁੜ-ਮੁੜ ਪੁੱਛਣ ਲੱਗੇ। ਆਖ਼ਰ ਮਾਮਾ ਆਂਹਦਾ- ਨਾਲੇ ਇਹਦਾ ਬਾਪ ਮਰ ਗਿਆ। ਨਾਲੇ ਆਪਣੀ ਪਿਆਰੋ ਮਰ ਗਈ ਆ। ਨਾਲੇ ਇਹਦੇ ਨਾਲੋਂ ਛੋਟੀ, ਜਿਹੜੀ ਡਿਉੜੀ ਵਿਆਹੀ ਸੀ ਉਹ ਵੀ ਮਰ ਗਈ ਆ। ਓਥੇ ਫਿਰ ਅਸੀਂ ਨੂੰਹ-ਸੱਸ ਗਲ਼ ਲੱਗ ਕੇ ਬੜਾ ਰੋਈਆਂ।
ਅੰਬਰਸਰ ਅਸੀਂ ਮਹੀਨਾ ਕੁ ਰਹੇ। ਓਥੇ ਸਾਨੂੰ ਰੋਟੀ, ਖੀਰ, ਚੌਲ, ਗੱਲ ਕੀ ਹਰ ਸ਼ੈਅ ਮਿਲਦੀ ਸੀ। ਫਿਰ ਸਾਨੂੰ ਗੱਡੀ ਚੜ੍ਹਾਇਆ। ਗੱਡੀ ਕਦੇ ਤੁਰ ਪਏ, ਕਦੇ ਰੁਕ ਜਾਏ। ਪੰਜੀਂ ਦਿਨੀਂ ਅਸੀਂ ਕੁਰੂਕਸ਼ੇਤਰ ਪਹੁੰਚੇ। ਓਥੇ ਦੂਜੇ ਦਿਨ ਮੇਰੇ ਵੀਰੇ ਵੀ ਆ ਗਏ। ਉਨ੍ਹਾਂ ਕੋਲ ਘੋੜੀਆਂ ਸਨ। ਨਾਲ ਮੇਰਾ ਨਣਦੋਈਆ ਵੀ ਸੀ। ਤੁਰ ਗਿਆਂ ਨੂੰ ਅਸੀਂ ਇਕ ਵਾਰ ਫਿਰ ਰੋਏ।
ਮੇਰੇ ਭਰਾ ਸਾਨੂੰ ਆਪਣੇ ਨਾਲ ਲਾਡਵੇ ਦੇ ਕੋਲ ਨਵਾਰਸੀ ਲੈ ਗਏ। ਓਥੇ ਅਸੀਂ ਤਿੰਨ ਮਹੀਨੇ ਰਹੇ। ਫਿਰ ਅਸੀਂ ਕਰਨਾਲ ਚਸੰਧ ਪਿੰਡ ਚਲੇ ਗਏ। ਓਥੇ ਆਖਣ ਲੱਗੇ ਕਿ ਆਪਣਾ ਅੱਧਾ ਪਿੰਡ ਥਲ਼ੀ ਵਿਚ ਬੈਠਾ। ਫਿਰ ਦੋ ਸਾਲ ਅਸੀਂ ਥਲ਼ੀ ਰਹੇ। ਇੱਥੇ ਢੱਡਰੀਆਂ ਮੇਰੇ ਦਿਓਰ ਵਿਆਹੁਣ ਆਏ ਸਨ। ਆਖਣ- ਬੜਾ ਵਧੀਆ ਪਿੰਡ ਆ। ਆਖ਼ਰ ਇੱਥੇ ਆ ਗਏ। ਪਹਿਲਾਂ ਕੱਚੀਆਂ ਅਲਾਟਾਂ ਹੋਈਆਂ। ਹਰ ਬੰਦੇ ਨੂੰ ਦਸ ਏਕੜ ਮਿਲੇ। ਮੇਰੇ ਪਤਿਓਰੇ ਦੇ ਮੁੰਡਿਆਂ ਨੂੰ ਪੰਜਾਹ ਏਕੜ ਮਿਲ ਗਏ। ਉਹ ਪੰਜ ਭਰਾ ਸਨ। ਸਾਨੂੰ ਦਸ ਮਿਲੇ। ਇਕ ਦਿਨ ਇਨ੍ਹਾਂ ਦਾ ਭਾਪਾ ਮੈਨੂੰ ਕਹਿਣ ਲੱਗਾ- ਸੁਰਜੀਤ ਕੌਰੇ। ਢੱਗਾ ਲੈਣਾ। ਇਉਂ ਕਰ ਦੂਜਾ ਕਾਂਟਾ ਵੀ ਫੜਾ ਦੇ ਮੈਨੂੰ। ਉਹਨੇ ਕਿਸੇ ਇਕ ਬਲ਼ਦ ਵਾਲੇ ਨਾਲ ਸਾਂਝ ਪਾ ਲਈ। ਦੋਵਾਂ ਰਲ ਕੇ ਇਕ ਜੋਗ ਬਣਾ ਲਈ ਤੇ ਖੇਤੀ ਕਰਨ ਲੱਗੇ।” ਬੀਬੀ ਨੇ ਗੱਲ ਮੁਕਾ ਠੰਢਾ ਹਉਕਾ ਭਰਿਆ।
“ਜਦੋਂ ਦੂਜਾ ਕਾਂਟਾ ਵੀ ਮੰਗ ਲਿਆ, ਤੁਹਾਡੀ ਸੱਸ ਕੁਝ ਨਾ ਬੋਲੀ?” ਮੈਂ ਆਖ਼ਰੀ ਸਵਾਲ ਕੀਤਾ।
“ਜਦੋਂ ਮੇਰੇ ਪਤੀ ਨੇ ਕਾਂਟਾ ਮੰਗਿਆ ਤਾਂ ਸੱਸ ਮੇਰੇ ਕੋਲ ਹੀ ਬੈਠੀ ਸੀ। ਵਿਚਾਰੀ ਕੁਝ ਨਾ ਬੋਲੀ। ਬਸ ਅੱਖਾਂ ਝੁਕਾ ਲਈਆਂ। ਮੇਰੇ ਬੁੱਚੇ ਕੰਨਾਂ ਨੂੰ ਵੇਖ ਕੇ ਉਹ ਤੜਫ਼ਦੀ ਰਹਿੰਦੀ ਸੀ, ਪਰ ਕੋਈ ਗੱਲ ਨਹੀਂ ਸੀ ਕਰਦੀ। ਦਸ-ਬਾਰਾਂ ਵਰ੍ਹਿਆਂ ਬਾਅਦ ਕਾਂਟੇ ਤਾਂ ਫਿਰ ਬਣ ਗਏ ਪਰ…।” ਉਹ ਇਕ ਪਲ ਲਈ ਰੁਕ ਗਈ।
“…ਉਦੋਂ ਤਕ ਉਹ ਦੁਨੀਆਂ ਤੋਂ ਜਾ ਚੁੱਕੀ ਸੀ!” ਇਹ ਆਖ ਢੱਡਰੀਆਂ ਵਾਲੀ ਬੇਬੇ ਡੁਸਕਣ ਲੱਗ ਪਈ।
ਸੰਪਰਕ: 97818-43444