ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਹਰਨਾਮ ਸਿੰਘ ਰਵੇਲ ਦੀ ਪੈਦਾਇਸ਼ 21 ਅਗਸਤ 1921 ਨੂੰ ਲਾਇਲਪੁਰ (ਹੁਣ ਫ਼ੈਸਲਾਬਾਦ) ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਰਵੇਲ ਨੇ ਇਬਤਿਦਾਈ ਤਾਲੀਮ ਸਿਆਲਕੋਟ ਤੋਂ ਹਾਸਲ ਕੀਤੀ। ਉਨ੍ਹਾਂ ਦੇ ਪਿਤਾ ਪੁਲੀਸ ਅਧਿਕਾਰੀ ਅਤੇ ਦਾਦਾ ਜੀ ਸਰਦੇ-ਪੁੱਜਦੇ ਜ਼ਿਮੀਂਦਾਰ ਸਨ।
ਹਿਦਾਇਤਕਾਰ ਬਣਨ ਦੀ ਚਾਹਤ ਉਨ੍ਹਾਂ ਨੂੰ ਸੰਘਰਸ਼ ਭਰੇ ਦੌਰ ’ਚੋਂ ਲੰਘਦਿਆਂ ਪਹਿਲਾਂ ਲਾਹੌਰ ਫਿਰ ਬੰਬੇ ਤੇ ਬਾਅਦ ਵਿੱਚ ਕਲਕੱਤੇ ਖਿੱਚ ਲਿਆਈ। ਆਪਣੇ ਫਿਲਮੀ ਅਗਾਜ਼ ਦੌਰਾਨ ਹਰਨਾਮ ਸਿੰਘ ਰਵੇਲ ਨੇ ਸਭ ਤੋਂ ਪਹਿਲਾਂ ਮੁਣਸ਼ੀ ਐੱਚ. ਐੱਸ. ਰਵੇਲ ਦੇ ਨਾਮ ਨਾਲ ਨਗ਼ਮਾਨਿਗਾਰ ਤੇ ਮੁਕਾਲਮਾਨਿਗਾਰ ਦੇ ਫ਼ਰਜ਼ ਅੰਜਾਮ ਦਿੱਤੇ ਅਤੇ ਫਿਰ ਐਚ. ਐੱਸ. ਰਵੇਲ ਦੇ ਨਾਮ ਨਾਲ ਪਹਿਲਾਂ ਸਹਾਇਕ ਤੇ ਬਾਅਦ ’ਚ ਮੁੱਖ ਹਿਦਾਇਤਕਾਰ ਤੇ ਫਿਲਮਸਾਜ਼ ਵਜੋਂ ਬਹੁਤ ਸਾਰੀਆਂ ਕਾਮਯਾਬ ਫਿਲਮਾਂ ਦਿੱਤੀਆਂ।
ਜਦੋਂ ਫਿਲਮਸਾਜ਼ ਆਰ. ਐੱਨ. ਵੈਦ ਨੇ ਆਪਣੇ ਫਿਲਮਸਾਜ਼ ਅਦਾਰੇ ਵੈਦ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਦਾਊਦ ਹਾਸ਼ਮ ਚਾਂਦ/ਦਾਊਦ ਚਾਂਦ) ’ਚ ਹਿੰਦੀ ਫਿਲਮ ‘ਬਾਂਕੇ ਸਿਪਾਹੀ’ ਉਰਫ਼ ‘ਦੇਸ਼ ਸੇਵਕ’ ਉਰਫ਼ ‘ਪੈਟਰੀਓਟ’ (1937) ਬਣਾਈ ਤਾਂ ਐੱਚ. ਐੱਸ. ਰਵੇਲ ਨੂੰ ਮੁਣਸ਼ੀ ਰਵੇਲ (ਪ੍ਰਚਾਰ ਪੁਸਤਿਕਾ ਤੇ ਮੁਣਸ਼ੀ ਰਾਬਿਲ) ਦੇ ਨਾਮ ਨਾਲ ਪਹਿਲੀ ਵਾਰ ਨਗ਼ਮਾਨਿਗਾਰੀ ਦਾ ਮੌਕਾ ਦਿੱਤਾ। ਰਵੇਲ ਨੇ ਗ਼ੁਲਾਮ ਮੁਹੰਮਦ (ਪਹਿਲੀ ਫਿਲਮ) ਦੇ ਸੰਗੀਤ ’ਚ ਫਿਲਮ ਦੇ 9 ਗੀਤ ਲਿਖੇ। ਫਿਲਮ ਵਿੱਚ ਬਾਬੂਰਾਵ ਪਹਿਲਵਾਨ ਨੇ ‘ਰਣਜੀਤ ਸਿੰਘ’, ਮਾਸਟਰ ਬੁਲਬੁਲ ਨੇ ‘ਵਿਜੈ ਸਿੰਘ’, ਲਕਸ਼ਮੀਦੇਵੀ ਨੇ ‘ਮਾਧੁਰੀ’, ਸ਼ਾਹਜਹਾਂ (ਪਤਨੀ ਦਾਊਦ ਚਾਂਦ) ਨੇ ‘ਰਤਨਪ੍ਰਭਾ’ ਦਾ ਪਾਰਟ ਅਦਾ ਕੀਤਾ। ਇੰਦਰਾ ਮੂਵੀਟੋਨ, ਕਲਕੱਤਾ ਦੀ ਆਰ. ਐੱਨ. ਵੈਦਯਾ ਨਿਰਦੇਸ਼ਿਤ (ਸਹਾਇਕ ਦਾਊਦ ਹਾਸ਼ਮ ਚਾਂਦ ਤੇ ਸਫ਼ਦਰ ਮਿਰਜ਼ਾ) ਫਿਲਮ ‘ਨਾ ਹੋਨੇ ਵਾਲੀ ਬਾਤ’ ਉਰਫ਼ ‘ਇੰਪੌਸੀਬਲ’ (1938) ’ਚ ਫਿਲਮ ਦੇ ਕੁਝ ਗੀਤ ਮੁਣਸ਼ੀ ਐੱਚ. ਐੱਸ. ਰਵੇਲ ਨੇ ਲਿਖੇ ਜਦੋਂਕਿ ਬਾਕੀ ਗੀਤ ਸਫ਼ਦਰ ਮਿਰਜ਼ਾ ਤੇ 2 ਗ਼ਜ਼ਲਾਂ ਮਿਰਜ਼ਾ ਸ਼ੌਕ ਲਖਨਵੀ ਨੇ ਲਿਖੀਆਂ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਮੁਣਸ਼ੀ ਐੱਚ. ਐੱਸ. ਰਵੇਲ ਤੇ ਸਫ਼ਦਰ ਮਿਰਜ਼ਾ ਅਤੇ ਸੰਗੀਤ ਪ੍ਰੇਮ ਕੁਮਾਰ ਨੇ ਮੁਰੱਤਬਿ ਕੀਤਾ। ਇੰਦਰਾ ਮੂਵੀਟੋਨ, ਬੰਬੇ ਦੀ ਦਾਊਦ ਚਾਂਦ ਨਿਰਦੇਸ਼ਿਤ ਫਿਲਮ ‘ਵੀਰ ਕੇਸਰੀ’ (1938) ’ਚ ਫਿਲਮ ਦੇ 10 ਗੀਤ ਮੁਣਸ਼ੀ ਐੱਚ. ਐੱਸ ਰਵੇਲ ਨੇ ਲਿਖੇ ਜਿਨ੍ਹਾਂ ਦਾ ਸੰਗੀਤ ਜੀ. ਏ. ਚਿਸ਼ਤੀ ਨੇ ਤਾਮੀਰ ਕੀਤਾ। ਫਿਲਮ ’ਚ ਪੁਸ਼ਪਾ ਰਾਣੀ (ਲਾਹੌਰ) ਤੇ ਬਾਬੂਰਾਵ ਪਹਿਲਵਾਨ ਨੇ ਮਰਕਜ਼ੀ ਕਿਰਦਾਰ ਨਿਭਾਏ। ਇਹ ਫਿਲਮ 31 ਜੁਲਾਈ 1938 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ।
ਜਦੋਂ ਇੰਦਰਾ ਮੂਵੀਟੋਨ, ਕਲਕੱਤਾ ਨੇ ਆਰ. ਐੱਲ. ਸ਼ੋਰੀ (ਸੀਨੀਅਰ) ਦੀ ਹਿਦਾਇਤਕਾਰੀ (ਸਹਾਇਕ ਸ਼ਮਸੂਦੀਨ, ਐੱਮ. ਆਰ. ਸਰਵਰ ਤੇ ਫ਼ਤਹਿਯਾਬ) ਵਿੱਚ ਪੰਜਾਬੀ ਫਿਲਮ ‘ਪੂਰਨ ਭਗਤ’ (1939) ਬਣਾਈ ਤਾਂ ਇਸ ਵਿੱਚ 18 ਸਾਲਾ ਗੱਭਰੂ ਐੱਚ. ਐੱਸ. ਰਵੇਲ ਨੂੰ ਵੀ ਅਦਾਕਾਰੀ ਦਾ ਮੌਕਾ ਦਿੱਤਾ। ਰਵੇਲ ਨੇ ਇਸ ਫਿਲਮ ਵਿੱਚ ‘ਗੁਰੂ ਗੋਰਖ ਨਾਥ’ ਦਾ ਕਿਰਦਾਰ ਨਿਭਾਇਆ। ਫਿਲਮ ’ਚ ‘ਪੂਰਨ ਭਗਤ’ ਦਾ ਟਾਈਟਲ ਰੋਲ ਗੁਜਰਾਂਵਾਲਾ ਦੇ ਕਰਨ ਦੀਵਾਨ (ਪਹਿਲੀ ਫਿਲਮ) ਨੇ ਨਿਭਾਇਆ ਸੀ। ਫ਼ਸਾਨਾ, ਮੁਕਾਲਮੇ ਤੇ ਗੀਤ ਐੱਮ. ਆਰ. ਸਰਵਰ ਅਤੇ ਸੰਗੀਤ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੇ ਮੁਰੱਤਬਿ ਕੀਤਾ ਸੀ। ਇਹ ਫਿਲਮ 26 ਜਨਵਰੀ 1940 ਨੂੰ ਰਾਧੂ ਟਾਕੀਜ਼, ਮੁਲਤਾਨ ਵਿਖੇ ਨੁਮਾਇਸ਼ ਹੋਈ।
ਇੰਦਰਾ ਮੂਵੀਟੋਨ, ਕਲਕੱਤਾ ਦੀ ਸਫ਼ਦਰ ਮਿਰਜ਼ਾ ਨਿਰਦੇਸ਼ਿਤ ਫਿਲਮ ‘ਇੰਪੀਰੀਅਲ ਮੇਲ’ (1939) ਸਹਾਇਕ ਹਿਦਾਇਤਕਾਰ ਵਜੋਂ ਐੱਚ. ਐੱਸ. ਰਵੇਲ ਦੀ ਪਹਿਲੀ ਫਿਲਮ ਸੀ। ਇਸ ਤੋਂ ਇਲਾਵਾ ਰਵੇਲ ਨੇ ਫਿਲਮ ਦੀ ਕਹਾਣੀ ਤੇ ਮੰਜ਼ਰਨਾਮਾ ਵੀ ਤਹਿਰੀਰ ਕੀਤਾ ਜਦੋਂਕਿ ਮੁਕਾਲਮੇ ਤੇ ਗੀਤ ਸਫ਼ਦਰ ਮਿਰਜ਼ਾ ਨੇ ਲਿਖੇ। ਸੰਗੀਤ ਐੱਸ. ਪੀ. ਰਾਣੇ ਤੇ ਪ੍ਰੇਮ ਕੁਮਾਰ ਨੇ ਸਾਂਝੇ ਤੌਰ ’ਤੇ ਤਿਆਰ ਕੀਤਾ। ਫਿਲਮ ’ਚ ਮਿਸ ਗੁਲਜ਼ਾਰ, ਸ਼ਾਹਜਹਾਨ, ਗੁਲਾਬ, ਈਦਨ ਬਾਈ, ਬੇਬੀ ਨੂਰਜਹਾਂ, ਬਾਬੂਰਾਵ ਪਹਿਲਵਾਨ, ਸੁੰਦਰ ਸਿੰਘ ਵਗੈਰਾ ਨੁਮਾਇਆਂ ਸਨ। ਕੋਸਮੋਪੌਲੀਟਨ ਪ੍ਰੋਡਕਸ਼ਨਜ਼, ਕਲਕੱਤਾ ਦੀ ਐੱਨ. ਬੁਲਚੰਦਾਨੀ ਬੀ. ਏ. ਨਿਰਦੇਸ਼ਿਤ ਫਿਲਮ ‘ਯਾਦ ਰਹੇ’ ਉਰਫ਼ ‘ਯੰਗ ਇੰਡੀਆ’ (1940) ’ਚ ਐੱਚ. ਐੱਚ. ਰਵੇਲ, ਮਣੀਲਾਲ ਜਵਾਨ, ਡਾਰ ਕਸ਼ਮੀਰੀ ਨੇ ਮੁਕਾਲਮੇ ਤੇ ਗੀਤ ਲਿਖੇ, ਕਹਾਣੀ ਐੱਸ. ਗਜਪਤੀ ਦਿਓ, ਮੰਜ਼ਰਨਾਮਾ ਐੱਨ. ਬੁਲਚੰਦਾਨੀ ਅਤੇ ਸੰਗੀਤਕ ਧੁਨਾਂ ਧੂਮੀ ਖ਼ਾਨ ਰਾਮਪੁਰੀ (ਆਰਕੈਸਟਰਾ ਸੰਚਾਲਕ ਸਰਦਾਰ ਅਮਰ ਸਿੰਘ) ਨੇ ਮੁਰੱਤਬਿ ਕੀਤੀਆਂ। ਫਿਲਮ ਵਿੱਚ ਅਖ਼ਤਰ ਨਵਾਜ਼ ਨੇ ‘ਜ਼ਿਮੀਂਦਾਰ’, ਡਾਰ ਕਸ਼ਮੀਰੀ ਨੇ ‘ਮਹੰਤ’ ਤੇ ਸੁਸ਼ੀਲਾ ਨੇ ‘ਸੁੰਦਰੀ’ ਦਾ ਪਾਰਟ ਅਦਾ ਕੀਤਾ।
ਆਜ਼ਾਦਾਨਾ ਹਿਦਾਇਤਕਾਰ ਵਜੋਂ ਐੱਚ. ਐੱਸ. ਰਵੇਲ ਦੀ ਹਿਦਾਇਤਕਾਰੀ ਵਿੱਚ ਰਿਲੀਜ਼ਸ਼ੁਦਾ ਪਹਿਲੀ ਹਿੰਦੀ ਫਿਲਮ ਇੰਦਰਾ ਮੂਵੀਟੋਨ, ਕਲਕੱਤਾ ਦੀ ‘ਦੋਰੰਗੀਆ ਡਾਕੂ’ ਉਰਫ਼ ‘ਗੈਂਗਸਟਰ’ (1940) ਸੀ। ਕਹਾਣੀ ਤੇ ਗੀਤ ਰਵੇਲ ਅਤੇ ਸੰਗੀਤ ਨਿਰਦੇਸ਼ਿਕ ਮਾਸਟਰ ਧੁਮੀ ਖ਼ਾਨ ਰਾਮਪੁਰੀ ਸਨ। ਫਿਲਮ ਵਿੱਚ ਰਵੇਲ ਨੇ ਪਹਿਲੀ ਵਾਰ ਪੰਜਾਬ ਦੀ ਮਸ਼ਹੂਰ ਗੁਲੂਕਾਰਾ ਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਬਾਲੋ ਉਰਫ਼ ਇਕਬਾਲ ਬੇਗ਼ਮ (ਵਾਲਿਦਾ ਅਦਾਕਾਰਾ ਸਬੀਹਾ ਖ਼ਾਨੁਮ) ਨੂੰ ‘ਮੇਨਕਾ’ ਦੇ ਰੋਲ ਵਿੱਚ ਪੇਸ਼ ਕੀਤਾ। ਮਰਕਜ਼ੀ ਕਿਰਦਾਰ ਵਿੱਚ ਲਾਹੌਰ ਦੀ ਮੁਟਿਆਰ ਪੁਸ਼ਪਾ ਰਾਣੀ ‘ਰਜਨੀ’ ਦਾ ਤੇ ਬਾਬੂ ਰਾਓ ਪਹਿਲਵਾਨ ‘ਦੋਰੰਗੀਆ ਡਾਕੂ’ ਦਾ ਟਾਈਟਲ ਰੋਲ ਕਰ ਰਿਹਾ ਸੀ।
ਜਦੋਂ ਆਰ. ਸੀ. ਤਲਵਾਰ ਨੇ ਆਪਣੇ ਫਿਲਮਸਾਜ਼ ਅਦਾਰੇ ਤਲਵਾਰ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਖ਼ਾਮੋਸ਼ੀ’ (1941) ਸ਼ੁਰੂ ਕੀਤੀ ਤਾਂ ਐੱਚ. ਐੱਸ. ਰਵੇਲ ਤੇ ਅਮਰਨਾਥ ਨੂੰ ਸਹਾਇਕ ਹਿਦਾਇਤਕਾਰ ਵਜੋਂ ਪੇਸ਼ ਕੀਤਾ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਰਮੋਲਾ ਤੇ ਸ਼ਿਆਮ ਮੌਜੂਦ ਸਨ। ਤਲਵਾਰ ਪ੍ਰੋਡਕਸ਼ਨਜ਼ ਲਿਮਟਿਡ, ਕਲਕੱਤੇ ਦੀ ਆਰ. ਸੀ. ਤਲਵਾਰ ਦੀ ਹਿਦਾਇਤਕਾਰੀ ’ਚ ਰਿਲੀਜ਼ਸ਼ੁਦਾ ਫਿਲਮ ‘ਮਨਚਲੀ’ (1943) ’ਚ ਵੀ ਐੱਚ. ਐੱਸ. ਰਵੇਲ ਤੇ ਅਮਰਨਾਥ ਸਹਾਇਕ ਹਿਦਾਇਤਕਾਰ ਦੇ ਫ਼ਰਜ਼ ਨਿਭਾ ਰਹੇ ਸਨ। ਤਲਵਾਰ ਪ੍ਰੋਡਕਸ਼ਨਜ਼, ਬੰਬੇ ਦੀ ਫਿਲਮ ਐੱਚ. ਐੱਸ. ਰਵੇਲ ਨਿਰਦੇਸ਼ਿਤ ‘ਸ਼ੁਕਰੀਆ’ (1944) ’ਚ ਅਦਾਕਾਰਾ ਰਮੋਲਾ ਤੇ ਸੁੰਦਰ ਸਿੰਘ ਨੇ ਮਰਕਜ਼ੀ ਕਿਰਦਾਰ ਨਿਭਾਏ। ਜੀ. ਏ. ਚਿਸ਼ਤੀ ਤੇ ਸ਼ਾਂਤੀ ਸਰੂਪ ਦੇ ਲਿਖੇ ਦਿਲਕਸ਼ ਗੀਤਾਂ ਦੀਆਂ ਧੁਨਾਂ ਜੀ. ਏ. ਚਿਸ਼ਤੀ ਨੇ ਮੁਰੱਤਬਿ ਕੀਤੀਆਂ। ਇਹ ਫਿਲਮ 22 ਦਸੰਬਰ 1945 ਨੂੰ ਸੈਂਟਰਲ ਸਿਨਮਾ, ਬੰਬੇ ਵਿਖੇ ਨੁਮਾਇਸ਼ ਹੋਈ। ਭਾਰਤ ਲਕਸ਼ਮੀ ਪਿਕਚਰਜ਼, ਕਲਕੱਤਾ ਦੀ ਫਿਲਮ ‘ਜ਼ਿਦ’ (1945) ਵਿੱਚ ਐੱਚ. ਐੱਸ. ਰਵੇਲ ਦੀ ਹਿਦਾਇਤਕਾਰੀ ਵਿੱਚ ਅਦਾਕਾਰਾ ਰਮੋਲਾ, ਸੁੰਦਰ ਸਿੰਘ, ਹੀਰਾ ਲਾਲ, ਜ਼ਹੂਰ ਸ਼ਾਹ, ਬਾਲ ਕ੍ਰਿਸ਼ਨ, ਅਜੀਤ, ਰਮੇਸ਼ ਸਿਨਹਾ ਨੇ ਅਦਾਕਾਰੀ ਕੀਤੀ। ਕਹਾਣੀ ਖ਼ਾਨ ਬਹਾਦੁਰ ਹਕੀਮ ਅਹਿਮਦ ਸ਼ੁਜਾ, ਮੰਜ਼ਰਨਾਮਾ ਤੇ ਮੁਕਾਲਮੇ ਜੇ. ਐੱਸ. ਕਸ਼ਯਪ, ਗੀਤ ਸ਼ਾਂਤੀ ਸਰੂਪ ਤੇ ਜੀ. ਏ. ਚਿਸ਼ਤੀ ਅਤੇ ਸੰਗੀਤਕਾਰ ਜੀ. ਏ. ਚਿਸ਼ਤੀ ਸਨ।
ਰਾਵਲ ਪ੍ਰੋਡਕਸ਼ਨਜ਼, ਕਲਕੱਤਾ ਦੀ ਫਿਲਮ ‘ਝੂਠੀ ਕਸਮੇਂ’ (1948) ਵਿੱਚ ਐੱਚ. ਐੱਸ. ਰਵੇਲ ਦੀ ਹਿਦਾਇਤਕਾਰੀ ’ਚ ਅਦਾਕਾਰਾ ਰਮੋਲਾ, ਰੌਬਿਨ ਮਜੂਮਦਾਰ, ਹੀਰਾਲਾਲ, ਰੂਪਲੇਖਾ (ਭੈਣ ਰਮੋਲਾ), ਸੁੰਦਰ ਸਿੰਘ, ਰਿੜਕੂ, ਪ੍ਰੇਮ ਕੁਮਾਰੀ, ਮਨੋਰਮਾ, ਇਫ਼ਤੇਖ਼ਾਰ ਨੇ ਬਿਹਤਰ ਕੰਮ ਕੀਤਾ। ਗੀਤ ਜ਼ਮੀਲ ਮਜ਼ਹਰੀ, ਜੀ. ਏ. ਚਿਸ਼ਤੀ ਅਤੇ ਸੰਗੀਤਕ ਧੁਨਾਂ ਜੀ. ਏ. ਚਿਸ਼ਤੀ ਨੇ ਤਰਤੀਬ ਕੀਤੀਆਂ। ਬਾਸੂਦੇਵ ਸਿਨਹਾ ਦੇ ਫਿਲਮਸਾਜ਼ ਅਦਾਰੇ ਸੋਲਰ ਫਿਲਮਜ਼, ਬੰਬੇ ਦੀ ਫਿਲਮ ‘ਦੋ ਬਾਤੇਂ’ (1949) ’ਚ ਐੱਚ. ਐੱਸ. ਰਵੇਲ ਦੀ ਹਿਦਾਇਤ ਵਿੱਚ ਰਮੋਲਾ, ਐੱਸ. ਡੀ. ਨਾਰੰਗ, ਹੀਰਾ ਲਾਲ, ਸੁੰਦਰ ਸਿੰਘ, ਰਿੜਕੂ ਆਦਿ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੀ ਨੁਮਾਇਸ਼ ਕੀਤੀ। ਗੀਤਾਂ ਦੇ ਬੋਲ ਜੀ. ਏ. ਚਿਸ਼ਤੀ ਤੇ ਨੌਸ਼ੀਰ ਰਿਜ਼ਵੀ ਤੇ ਸੰਗੀਤਕਾਰ ਜੀ. ਏ. ਚਿਸ਼ਤੀ ਸਨ। ਜਦੋਂ ਭਗਵਾਨਦਾਸ ਵਰਮਾ ਨੇ ਆਪਣੇ ਫਿਲਮਸਾਜ਼ ਅਦਾਰੇ ਵਰਮਾ ਫਿਲਮਜ਼, ਬੰਬੇ ਦੇ ਬੈਨਰ ਹੇਠ ਮਜ਼ਾਹੀਆ ਫਿਲਮ ‘ਪਤੰਗਾ’ (1949) ਬਣਾਈ ਤਾਂ ਇਸ ਦੀ ਹਿਦਾਇਤਕਾਰੀ ਦੀ ਜ਼ਿੰਮੇਵਾਰੀ ਵੀ ਮਾਰੂਫ਼ ਹਿਦਾਇਤਕਾਰ (ਸਹਾਇਕ ਸਾਧੂ ਸਿੰਘ ਤੇ ਰਜਿੰਦਰ ਕੁਮਾਰ/ਬਾਅਦ ’ਚ ਅਦਾਕਾਰ) ਐੱਚ. ਐੱਸ. ਰਵੇਲ ਨੂੰ ਸੌਂਪੀ। ਉਨ੍ਹਾਂ ਦੀ ਹਿਦਾਇਤ ਵਿੱਚ ਜਿੱਥੇ ਸ਼ਿਆਮ ਤੇ ਨਿਗਾਰ ਸੁਲਤਾਨਾ ਦੀ ਜੋੜੀ ਨੇ ਆਪਣੀ ਫ਼ਨੀ ਅਦਾਕਾਰੀ ਦੀ ਨੁਮਾਇਸ਼ ਕੀਤੀ, ਉੱਥੇ ਯਾਕੂਬ ਤੇ ਗੋਪ ਸੇਠ ਨੇ ਆਪਣੀ ਮਜ਼ਾਹੀਆ ਅਦਾਕਾਰੀ ਦਾ ਖ਼ੂਬ ਰੰਗ ਬੰਨ੍ਹਿਆ। ਕਹਾਣੀ ਤੇ ਮੰਜ਼ਰਨਾਮਾ ਅੰਜਨਾ ਰਵੇਲ (ਪਤਨੀ ਐੱਚ. ਐੱਸ. ਰਵੇਲ), ਮੁਕਾਲਮੇ ਤੇ ਗੀਤ ਰਜਿੰਦਰ ਕ੍ਰਿਸ਼ਨ ਤੇ ਸੰਗੀਤ ਸੀ. ਰਾਮਚੰਦਰ ਨੇ ਮੁਰੱਤਬਿ ਕੀਤਾ। ਇਸ ਫਿਲਮ ਦੇ ਗੀਤ ‘ਮੇਰੇ ਪੀਆ ਗਏ ਰੰਗੂਨ’ ਤੇ ‘ਓ ਦਿਲ ਵਾਲੋ ਦਿਲ ਕਾ ਲਗਾਨਾ ਅੱਛਾ ਹੈ ਪਰ ਕਬੀ ਕਬੀ’ (ਸ਼ਮਸ਼ਾਦ, ਚਿਤਲਕਰ), ‘ਬੋਲੋ ਜੀ ਦਿਲ ਲੋਗੋ ਤੋ ਕਯਾ ਕਯਾ ਦੋਗੇ’ (ਸ਼ਮਸ਼ਾਦ, ਰਫ਼ੀ) ਆਦਿ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। ਇਸ ਫਿਲਮ ਦੀ ਜਬਰਦਸਤ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਵਰਮਾ ਫਿਲਮਜ਼, ਬੰਬੇ ਦੀ ਹੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਫਿਲਮ ‘ਸਗਾਈ’ (1951) ’ਚ ਪ੍ਰੇਮ ਨਾਥ ਨੇ ‘ਕੈਪਟਨ’ ਦਾ ਤੇ ਰੇਹਾਨਾ ਨੇ ‘ਚਾਂਦਨੀ’ ਦਾ ਮਰਕਜ਼ੀ ਕਿਰਦਾਰ ਨਿਭਾਇਆ। ਮਜ਼ਾਹੀਆ ਅਦਾਕਾਰਾਂ ’ਚ ਯਾਕੂਬ, ਗੋਪ, ਰਾਮ ਅਵਤਾਰ ਤੇ ਸੁੰਦਰ ਸਿੰਘ ਆਪਣੇ ਫ਼ਨ ਨਾਲ ਛਾਏ ਹੋਏ ਸਨ। ਰਜਿੰਦਰ ਕ੍ਰਿਸ਼ਨ ਦੇ ਲਿਖੇ ਤੇ ਸੀ. ਰਾਮਚੰਦਰ ਦੇ ਦਿਲਕਸ਼ ਸੰਗੀਤ ’ਚ ਸੰਜੋਏ ਗੀਤ ‘ਉਧਰ ਸੇ ਤੁਮ ਚਲੇ…ਮੁਹੱਬਤ ਹੋ ਗਈ ਬਸ ਏਕ ਨਜ਼ਰ ਸੇ’ (ਲਤਾ, ਰਫ਼ੀ), ‘ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ’ (ਲਤਾ, ਰਫ਼ੀ. ਚਿਤਲਕਰ, ਸਾਥੀ) ਆਦਿ ਗੀਤ ਵੀ ਖ਼ੂਬ ਚੱਲੇ। ਫਿਲਮਸਾਜ਼ ਆਰ. ਸੀ. ਤਲਵਾਰ ਦੇ ਅਦਾਰੇ ਤਲਵਾਰ ਫਿਲਮਜ਼, ਬੰਬੇ ਦੀ ਫਿਲਮ ‘ਸਾਕੀ’ (1952) ਵਿੱਚ ਐੱਚ. ਐੱਸ. ਰਵੇਲ ਦੀ ਹਿਦਾਇਤਕਾਰੀ (ਸਹਾਇਕ ਸਾਧੂ ਸਿੰਘ ਰਾਜੀ ਤੇ ਮੁਟੂ) ’ਚ ਅਦਾਕਾਰ ਪ੍ਰੇਮ ਨਾਥ ਨੇ ‘ਅਜੀਬ’ ਦਾ ਤੇ ਮਧੂਬਾਲਾ ਨੇ ‘ਰੁਖ਼ਸਾਨਾ’ ਦਾ ਪਾਰਟ ਅਦਾ ਕੀਤਾ। ਨਿਊ ਸਾਈ ਪ੍ਰੋਡਕਸ਼ਨਜ਼, ਬੰਬੇ ਦੀ ਫਿਲਮ ‘ਲਹਿਰੇਂ’ (1953) ’ਚ ਐੱਚ. ਐੱਸ. ਰਵੇਲ ਨੇ ਆਪਣੀ ਹਿਦਾਇਤਕਾਰੀ ਵਿੱਚ ਸ਼ਿਆਮਾ, ਕਿਸ਼ੋਰ ਕੁਮਾਰ, ਓਮ ਪ੍ਰਕਾਸ਼, ਸੁੰਦਰ, ਖ਼ਰੈਤੀ ਭੈਂਗਾ ਆਦਿ ਨੇ ਆਪੋ-ਆਪਣੇ ਕਿਰਦਾਰ ਨੂੰ ਬਾਖ਼ੂਬੀ ਅਦਾ ਕੀਤਾ। ਸੰਗੀਤ ਸੀ. ਰਾਮਚੰਦਰ (ਸਹਾਇਕ ਦੱਤਾ ਦਾਵਜੇਕਰ) ਤੇ ਗੀਤ ਰਜਿੰਦਰ ਕ੍ਰਿਸ਼ਨ ਨੇ ਤਹਿਰੀਰ ਕੀਤੇ। ਪ੍ਰੇਮ ਨਾਥ ਦੇ ਫਿਲਮਸਾਜ਼ ਅਦਾਰੇ ਪੀ. ਐੱਨ. ਫਿਲਮਜ਼, ਬੰਬੇ ਦੀ ਫਿਲਮ ‘ਸ਼ਗੂਫ਼ਾ’ (1953) ਦੀ ਹਿਦਾਇਤਕਾਰੀ ਵੀ ਐੱਚ. ਐੱਸ. ਰਵੇਲ ਨੇ ਕੀਤੀ। ਮੁੱਖ ਭੂਮਿਕਾ ਵਿੱਚ ਪ੍ਰੇਮ ਨਾਥ ਤੇ ਬੀਨਾ ਰਾਏ ਮੌਜੂਦ ਸਨ। ਬਲੈਕ ਐਂਡ ਵ੍ਹਾਈਟ ਮੂਵੀਜ਼, ਬੰਬੇ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਫਿਲਮ ‘ਮਸਤਾਨਾ’ (1954) ’ਚ ਮੋਤੀ ਲਾਲ, ਨਿਗਾਰ ਸੁਲਤਾਨਾ, ਕੁਲਦੀਪ ਕੌਰ ਦੇ ਨਾਲ ਮਹਿਮਾਨ ਅਦਾਕਾਰਾਂ ਵਜੋਂ ਰਣਧੀਰ, ਓਮ ਪ੍ਰਕਾਸ਼, ਯਸ਼ੋਧਰਾ ਕਟਜੂ ਆਦਿ ਅਦਾਕਾਰੀ ਕਰ ਰਹੇ ਸਨ। ਰੌਸ਼ਨੀ ਫਿਲਮਜ਼, ਬੰਬੇ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਫਿਲਮ ‘ਤੀਰਅੰਦਾਜ਼’ (1955) ’ਚ ਮਧੂਬਾਲਾ ਤੇ ਅਜੀਤ ਮੁੱਖ ਭੂਮਿਕਾ ਵਿੱਚ ਤੇ ਦੀਗ਼ਰ ਫ਼ਨਕਾਰਾਂ ਵਿੱਚ ਕੁਲਦੀਪ ਕੌਰ, ਜੈਰਾਜ, ਗੋਪ, ਸੁੰਦਰ, ਰਣਧੀਰ ਵਗੈਰਾ ਨੁਮਾਇਆਂ ਸਨ। ਸੰਗੀਤ ਸੀ. ਰਾਮਚੰਦਰ (ਸਹਾਇਕ ਦੱਤਾ ਦਾਵਜੇਕਰ) ਤੇ ਗੀਤਕਾਰ ਰਜਿੰਦਰ ਕ੍ਰਿਸ਼ਨ ਸਨ। ਬਲੈਕ ਐਂਡ ਵ੍ਹਾਈਟ ਮੂਵੀਜ਼, ਬੰਬੇ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਫਿਲਮ ‘ਪਾਕੇਟਮਾਰ’ (1956) ’ਚ ਗੀਤਾ ਬਾਲੀ ਤੇ ਦੇਵ ਆਨੰਦ ਨੇ ਉਨ੍ਹਾਂ ਦੀ ਹਿਦਾਇਤ ’ਚ ਸੋਹਣਾ ਕੰਮ ਕੀਤਾ।
ਐੱਚ. ਐੱਸ. ਰਵੇਲ ਨੇ ਆਪਣੇ ਪੁੱਤਰ ਰਾਹੁਲ ਦੇ ਨਾਮ ’ਤੇ ਤਾਮੀਰ ਕੀਤੇ ਜ਼ਾਤੀ ਬੈਨਰ ਰਾਹੁਲ ਥੀਏਟਰ (ਇੰਡੀਆ), ਬੰਬੇ ਦੇ ਬੈਨਰ ਹੇਠ 4 ਫਿਲਮਾਂ ਬਣਾਈਆਂ। ਪਹਿਲੀ ਫਿਲਮ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ ਵਿੱਚ ‘ਰੂਪ ਕੀ ਰਾਨੀ ਚੋਰੋਂ ਕਾ ਰਾਜਾ’ (1961), ਦੂਜੀ ਫਿਲਮ ‘ਮੇਰੇ ਮਹਬਿੂਬ’ (1963) ਜਿਸ ਦਾ ਉਨ੍ਹਾਂ ਨੇ ਮੰਜ਼ਰਨਾਮਾ (ਨਾਲ ਵਿਨੋਦ ਕੁਮਾਰ) ਵੀ ਤਹਿਰੀਰ ਕੀਤਾ ਤੇ ਇਹ ਫਿਲਮ ਸੁਪਰਹਿੱਟ ਰਹੀ। ਤੀਜੀ ਈਸਟਮੈਨ ਕਲਰ ਫਿਲਮ ‘ਸੰਘਰਸ਼’ (1968) ਜਿਸ ਵਿੱਚ ਦਲੀਪ ਕੁਮਾਰ ਤੇ ਵੈਜੰਤੀ ਮਾਲਾ ਨੇ ਮਰਕਜ਼ੀ ਕਿਰਦਾਰ ਨਿਭਾਏ ਤੇ ਇਹ ਫਿਲਮ ਵੀ ਕਾਮਯਾਬ ਰਹੀ। ਚੌਥੀ ਫਿਲਮ ‘ਮਹਬਿੂਬ ਕੀ ਮਹਿੰਦੀ’ (1971) ਜਿਸ ਵਿੱਚ ਰਾਜੇਸ਼ ਖੰਨਾ ਦੇ ਹਮਰਾਹ ਲੀਨਾ ਚੰਦਰਾਵਰਕਰ ਮੌਜੂਦ ਸੀ। ਲਕਸ਼ਮੀਕਾਂਤ-ਪਿਆਰੇ ਲਾਲ ਦੇ ਸੰਗੀਤ ’ਚ ਆਨੰਦ ਬਖ਼ਸ਼ੀ ਦੇ ਲਿਖੇ ‘ਇਤਨਾ ਤੋ ਯਾਦ ਹੈ ਮੁਝੇ ਕਿ ਉਨਸੇ ਮੁਲਾਕਾਤ ਹੂਈ’ (ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ), ‘ਜਾਨੇ ਕਿਓਂ ਲੋਗ ਮੁਹੱਬਤ ਕੀਆ ਕਰਤੇ ਹੈਂ’ ਤੇ ‘ਯੇ ਜੋ ਚਿਲਮਨ ਹੈ ਦੁਸ਼ਮਨ ਹੈ ਹਮਾਰੀ’ (ਮੁਹੰਮਦ ਰਫ਼ੀ) ਗੀਤਾਂ ਨੇ ਬੇਪਨਾਹ ਮਕਬੂਲੀਅਤ ਹਾਸਲ ਕੀਤੀ।
ਬਤੌਰ ਫਿਲਮਸਾਜ਼ ਤੇ ਹਿਦਾਇਤਕਾਰ ਐੱਚ. ਐੱਸ. ਰਵੇਲ ਨੇ ਰੌਸ਼ਨੀ ਫਿਲਮਜ਼, ਬੰਬੇ ਦੀ ਮਜ਼ਾਹੀਆ ਫਿਲਮ ‘ਸ਼ਰਾਰਤ’ (1959) ਤੇ ‘ਕਾਂਚ ਕੀ ਗੁੜੀਆ’ (1961) ਦਾ ਨਿਰਮਾਣ ਕੀਤਾ। ਡੀਲਕਸ ਇੰਟਰਨੈਸ਼ਨਲ, ਬੰਬੇ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਰੰਗੀਨ ਰੂਮਾਨੀ ਫਿਲਮ ‘ਲੈਲਾ ਮਜਨੂੰ’ (1976) ’ਚ ਰਿਸ਼ੀ ਕਪੂਰ ਨੇ ‘ਮਜਨੂੰ’ ਦਾ ਤੇ ਰਣਜੀਤਾ ਨੇ ‘ਲੈਲਾ’ ਦਾ ਪਾਰਟ ਅਦਾ ਕੀਤਾ। ਇਹ ਫਿਲਮ ਵੀ ਹਿੱਟ ਕਰਾਰ ਪਾਈ ਤੇ ਇਸ ਦੇ ਗੀਤ ਵੀ ਖ਼ੂਬ ਚੱਲੇ। ਐੱਚ. ਐੱਸ. ਰਵੇਲ ਦੀ ਹਿਦਾਇਤਕਾਰੀ ’ਚ ਰਿਲੀਜ਼ਸ਼ੁਦਾ ਆਖ਼ਰੀ ਹਿੰਦੀ ਫਿਲਮ ਤ੍ਰਿਪੁਤੀ ਫਿਲਮਜ਼, ਬੰਬੇ ਦੀ ‘ਦੀਦਾਰ-ਏ-ਯਾਰ’ (1982) ਸੀ। ਫਿਲਮ ’ਚ ਜਤਿੰਦਰ, ਰਿਸ਼ੀ ਕਪੂਰ ਰੇਖਾ, ਟੀਨਾ ਮੁਨੀਮ ਨੇ ਅਹਿਮ ਕਿਰਦਾਰ ਅਦਾ ਕੀਤੇ। ਕਹਾਣੀ ਰਾਹੁਲ ਰਵੇਲ ਤੇ ਮੰਜ਼ਰਨਾਮਾ ਰੂਹੀ ਰਵੇਲ ਨੇ ਤਹਿਰੀਰ ਕੀਤਾ। ਇਹ ਫਿਲਮ ਨਾਕਾਮ ਸਾਬਤ ਹੋਈ। ਇਸ ਤੋਂ ਬਾਅਦ ਰਵੇਲ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ।
25 ਅਪਰੈਲ 1964 ਨੂੰ ਵਿਗਿਆਨ ਭਵਨ, ਦਿੱਲੀ ਵਿਖੇ ਕਰਵਾਏ 11ਵੇਂ ਨੈਸ਼ਨਲ ਫਿਲਮ ਐਵਾਰਡ ਦੌਰਾਨ ਐੱਚ. ਐੱਸ. ਰਵੇਲ ਦੀ ਫਿਲਮ ‘ਮੇਰੇ ਮਹਬਿੂਬ’ (1963) ਨੂੰ ਸੈਕਿੰਡ ਬੈਸਟ ਹਿੰਦੀ ਫਿਲਮ ਦਾ ‘ਸਰਟੀਫਿਕੇਟ ਆਫ ਮੈਰਿਟ’ ਮਿਲਿਆ। ਇਸ ਤੋਂ ਇਲਾਵਾ 1968 ਵਿੱਚ 32ਵਾਂ ਸਾਲਾਨਾ ‘ਬੰਗਾਲ ਫਿਲਮ ਜਰਨਲਿਸਟਸ ਐਸੋਸੀਏਸ਼ਨ ਐਵਾਰਡ’ ਰਵੇਲ ਦੀ ਹਿੰਦੀ ਫਿਲਮ ‘ਸੰਘਰਸ਼’ (1968) ਨੂੰ ਮਿਲਿਆ ਸੀ।
ਭਾਰਤੀ ਫਿਲਮਾਂ ਦੇ ਪੰਜਾਬੀ ਫਿਲਮਸਾਜ਼ ਤੇ ਹਿਦਾਇਤਕਾਰ ਐੱਚ. ਐੱਸ. ਰਵੇਲ 17 ਸਤੰਬਰ 2004 ਨੂੰ 83 ਸਾਲਾਂ ਦੀ ਉਮਰ ਵਿੱਚ ਬਾਂਦਰਾ, ਮੁੰਬਈ ਵਿਖੇ ਵਫ਼ਾਤ ਪਾ ਗਏ। ਇਨ੍ਹਾਂ ਦਾ ਪੁੱਤਰ ਰਾਹੁਲ ਰਵੇਲ ਵੀ ਭਾਰਤੀ ਫਿਲਮਾਂ ਦਾ ਮਾਰੂਫ਼ ਹਿਦਾਇਤਕਾਰ ਹੈ, ਜਿਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿੱਚ ‘ਲਵ ਸਟੋਰੀ’ (1981), ‘ਬੇਤਾਬ’ (1983), ‘ਅਰਜੁਨ’ (1985), ‘ਡਕੈਤ’ (1987) ਵਰਗੀਆਂ ਕਾਮਯਾਬਤਰੀਨ ਹਿੰਦੀ ਫਿਲਮਾਂ ਦਿੱਤੀਆਂ। ਰਾਹੁਲ ਰਵੇਲ ਨੇ ਆਪਣੀ ਹਿਦਾਇਤਕਾਰੀ ਵਿੱਚ ਫਿਲਮ ‘ਜੀਵਨ ਏਕ ਸੰਘਰਸ਼’ (1990) ਬਣਾ ਕੇ ਆਪਣੇ ਪਿਤਾ ਦੀ ਬਣਾਈ ਸ਼ਾਨਦਾਰ ਫਿਲਮ ‘ਸੰਘਰਸ਼’ (1968) ਨੂੰ ਸ਼ਰਧਾਂਜਲੀ ਦਿੱਤੀ। ਐੱਚ. ਐੱਸ. ਰਵੇਲ ਉਰਫ਼ ਹਰਨਾਮ ਸਿੰਘ ਰਵੇਲ ਦਾ ਨਾਮ ਫਿਲਮ ਤਾਰੀਖ਼ ਵਿੱਚ ਅਮਰ ਰਹੇਗਾ।
ਸੰਪਰਕ: 97805-09545