ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਦਿਨ-ਰਾਤ ਕੰਮ ਕਰ ਰਿਹਾ ਹੈ, ਕਿਉਂਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਜਦੋਂ ਉਹ ਆਪਣੇ ਜੱਦੀ ਸ਼ਹਿਰ ਚੰਡੀਗੜ੍ਹ ਵਿੱਚ ਆਪਣੇ ਮਾਪਿਆਂ ਨਾਲ ਦੀਵਾਲੀ ਮਨਾਉਣ ਜਾਵੇ ਤਾਂ ਉਸ ਤੋਂ ਪਹਿਲਾਂ ਸਾਰੇ ਕੰਮ ਨਿਪਟ ਜਾਣ। ਆਯੂਸ਼ਮਾਨ ਨੇ ਕਿਹਾ,‘‘ਦੀਵਾਲੀ ਮੇਰਾ ਪਸੰਦੀਦਾ ਤਿਉਹਾਰ ਹੈ ਤੇ ਮੈਂ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹਾਂ। ਮੈਂ ਆਪਣੀ ਆਉਣ ਵਾਲੀ ਫ਼ਿਲਮ ‘ਡਰੀਮ ਗਰਲ-2’ ਅਤੇ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਵਿੱਚ ਕਾਫੀ ਰੁੱਝਿਆ ਹੋਇਆਂ ਹਾਂ ਪਰ ਮੈਂ ਕਿਸੇ ਨਾ ਕਿਸੇ ਤਰੀਕੇ ਦੋ ਦਿਨ ਕੱਢੇ ਹਨ ਅਤੇ ਮੈਂ ਆਪਣੇ ਚੰਡੀਗੜ੍ਹ ਸਥਿਤ ਘਰ ਛੇਤੀ ਜਾਣ ਲਈ ਤਿਆਰੀ ਕਰ ਰਿਹਾ ਹਾਂ।’’ ਅਸਲ ਵਿੱਚ ਆਯੂਸ਼ਮਾਨ ਆਪਣੀ ਮਾਂ ਦੇ ਹੱਥਾਂ ਦਾ ਬਣਿਆ ਭੋਜਨ ਖਾਣਾ ਚਾਹੁੰਦਾ ਹੈ। ਆਯੂਸ਼ਮਾਨ ਨੇ ਕਿਹਾ,‘‘ ਮੈਂ ਆਪਣੇ ਮਾਂ ਦੇ ਹੱਥਾਂ ਦਾ ਬਣਿਆ ਭੋਜਨ ਤੇ ਮਠਿਆਈਆਂ ਖਾਣ ਲਈ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਉਤਾਵਲਾ ਹਾਂ।’’ ਆਯੂਸ਼ਮਾਨ ਤੇ ਉਸ ਦੀ ਪਤਨੀ ਤਾਹਿਰਾ ਕਸ਼ਯਪ ਨੇ ਹਾਲ ਹੀ ਵਿੱਚ ਆਪਣੇ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਵਿਚਲੇ ਦੋਸਤਾਂ ਨੂੰ ਦੀਵਾਲੀ ਦੀ ਵੱਡੀ ਪਾਰਟੀ ਦਿੱਤੀ ਹੈ। ਹਾਲ ਹੀ ਵਿਚ ਆਯੂਸ਼ਮਾਨ ਦੀ ਫ਼ਿਲਮ ‘ਡਾਕਟਰ ਜੀ’ ਆਈ ਹੈ ਜਿਸ ਨੂੰ ਦਰਸ਼ਕਾਂ ਨੇ ਰਲਵਾਂ-ਮਿਲਵਾਂ ਹੁੰਗਾਰਾ ਦਿੱਤਾ ਹੈ। -ਆਈਏਐੱਨਐੱਸ