ਮੁੰਬਈ, 20 ਨਵੰਬਰ
ਅਦਾਕਾਰ ਅਨੁਪਰ ਖੇਰ ਰਿਸ਼ੀ ਕਪੂਰ ਦੇ ਦੇਹਾਂਤ ਮਗਰੋਂ ਪਹਿਲੀ ਵਾਰ ਊਨ੍ਹਾਂ ਦੀ ਪਤਨੀ ਨੀਤੂ ਕਪੂਰ ਨੂੰ ਮਿਲ ਕੇ ਭਾਵੁਕ ਹੋ ਗਏ। ਅਨੁਪਮ ਖੇਰ ਨੇ ਕਿਹਾ ਕਿ ਊਨ੍ਹਾਂ ਨੂੰ ਫ਼ਿਲਮ ਦੇ ਸੈੱਟ ’ਤੇ ਮਰਹੂਮ ਰਿਸ਼ੀ ਕਪੂਰ ਦੀ ਘਾਟ ਰੜਕੀ। ਅਨੁਪਮ ਨੀਤੂ ਨੂੰ ਚੰਡੀਗੜ੍ਹ ਵਿੱਚ ਮਿਲੇ, ਜਿੱਥੇ ਊਹ ਆਪਣੀ ਫ਼ਿਲਮ ‘ਜੁੱਗ ਜੁੱਗ ਜੀਓ’ ਦੀ ਸ਼ੂਟਿੰਗ ਲਈ ਆਈ ਹੋਈ ਸੀ। ਮੁਲਾਕਾਤ ਮਗਰੋਂ ਅਨੁਪਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਨਿਊਯਾਰਕ ਵਿੱਚ ਰਿਸ਼ੀ ਕਪੂਰ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਊਨ੍ਹਾਂ ਕਪੂਰ ਜੋੜੇ ਨਾਲ ਆਪਣੀ ਪੁਰਾਣੀ ਤਸਵੀਰ ਪੋਸਟ ਕਰਕੇ ਲਿਖਿਆ, ‘‘ਪਿਆਰੀ ਨੀਤੂ, ਬੀਤੀ ਰਾਤ ਚੰਡੀਗੜ੍ਹ ਵਿੱਚ ਰਿਸ਼ੀ ਜੀ ਤੋਂ ਬਗ਼ੈਰ ਤੁਹਾਡੇ ਨਾਲ ਹੋਈ ਮੁਲਾਕਾਤ ਨੇ ਨਿਊਯਾਰਕ ਦੀਆਂ ਕਈ ਯਾਦਾਂ ਤਾਜ਼ਾ ਕਰ ਦਿੱਤੀਆਂ। ਨਾਲ ਹੀ ਅੱਖਾਂ ’ਚ ਆਏ ਹੰਝੂਆਂ ਨੇ ਊਨ੍ਹਾਂ ਪਲਾਂ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ।’’ ਊਨ੍ਹਾਂ ਲਿਖਿਆ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਕੰਮ ਕਰ ਰਹੇ ਹੋ। ਅਜਿਹਾ ਕਰ ਕੇ ਤੁਸੀਂ ਊਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਖ਼ੁਸ਼ਕਿਸਮਤ ਇਨਸਾਨ ਬਣਾਇਆ। ਅਸੀਂ, ਤੁਹਾਡੇ ਦੋਸਤ ਹਮੇਸ਼ਾ ਤੁਹਾਡੇ ਨਾਲ ਹਾਂ। ਕੁਝ ਰਿਸ਼ਤੇ ਟੇਪ ਰਿਕਾਰਡਰ ਦੇ ਪੌਜ਼ ਬਟਨ ਦੀ ਤਰ੍ਹਾਂ ਹੁੰਦੇ ਹਨ, ਜੋ ਊੱਥੋਂ ਹੀ ਮੁੜ ਸ਼ੁਰੂ ਹੋ ਜਾਂਦੇ ਹਨ, ਜਿੱਥੋਂ ਅਸੀਂ ਊਨ੍ਹਾਂ ਨੂੰ ਛੱਡਦੇ ਹਾਂ। ਪਿਆਰ ਅਤੇ ਸ਼ੁਭਕਾਮਨਾਵਾਂ। #ਯਾਦਾਂ#ਤਸਵੀਰਾਂ#ਚਿੰਟੂ ਜੀ।’’
ਰਿਸ਼ੀ ਕਪੂਰ ਦਾ 30 ਅਪਰੈਲ ਨੂੰ ਦੇਹਾਂਤ ਹੋ ਗਿਆ ਸੀ। ਨੀਤੂ ਕਪੂਰ ਇਨ੍ਹੀਂ ਦਿਨੀਂ ‘ਜੁੱਗ ਜੁੱਗ ਜੀਓ’ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫ਼ਿਲਮ ਵਿੱਚ ਅਦਾਕਾਰ ਅਨਿਲ ਕਪੂਰ, ਕਿਆਰਾ ਅਡਵਾਨੀ, ਵਰੁਣ ਧਵਨ ਵੀ ਅਹਿਮ ਰੋਲ ਨਿਭਾ ਰਹੇ ਹਨ। ‘ਜੁੱਗ ਜੁੱਗ ਜੀਓ’ ਫ਼ਿਲਮ ਦਾ ਨਿਰਦੇਸ਼ਨ ‘ਗੁੱਡ ਨਿਊਜ਼’ ਜਿਹੀ ਸਫ਼ਲ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਊਣ ਵਾਲੇ ਡਾਇਰੈਕਟਰ ਰਾਜ ਮਹਿਤਾ ਕਰ ਰਹੇ ਹਨ। ਰਿਸ਼ੀ ਕਪੂਰ ਦੇ ਦੇਹਾਂਤ ਮਗਰੋਂ ਨੀਤੂ ਕਪੂਰ ਦੀ ਇਹ ਪਹਿਲੀ ਫ਼ਿਲਮ ਹੈ। -ਆਈਏਐੱਨਐੱਸ