ਮਨਦੀਪ ਸਿੰਘ ਸਿੱਧੂ
ਅਦਾਕਾਰ ਅਨੂਪ ਜਾਨ ਦੀ ਪੈਦਾਇਸ਼ 1922 ਵਿਚ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਅੰਦਰੂਨ ਮੋਚੀ ਗੇਟ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਅਨੂਪ ਜਾਨ ਦਾ ਅਸਲੀ ਨਾਮ ਅਹਿਮਦ ਜਾਨ ਸੀ। ਉਨ੍ਹਾਂ ਦਾ ਪਹਿਲਾ ਫ਼ਿਲਮੀ ਨਾਮ ਏ. ਜਾਨ ਫਿਰ ਜਾਨ ਤੇ ਅਨੂਪ ਜਾਨ ਰੱਖਿਆ ਗਿਆ। ਇਬਤਿਦਾਈ ਤਾਲੀਮ ਤੋਂ ਬਾਅਦ ਜਾਨ ਨੇ ਜਿਮਨਾਸਟਿਕ, ਸਟੰਟ, ਤਲਵਾਰਬਾਜ਼ੀ ਅਤੇ ਘੋੜਸਵਾਰੀ ਦੀ ਤਰਬੀਅਤ ਆਪਣੇ ਪਿਤਾ ਅਤੇ ਮਸ਼ਹੂਰ ਅਦਾਕਾਰ ਮਾਸਟਰ ਗ਼ੁਲਾਮ ਕਾਦਰ ਤੋਂ ਹਾਸਲ ਕੀਤੀ। ਅਹਿਮਦ ਜਾਨ ਵੀ ਆਪਣੇ ਪਿਤਾ ਵਾਂਗ ਬਹਾਦਰ, ਨਿਡਰ ਅਤੇ ਕਾਬਲ ਜਵਾਨ ਸੀ। ਉਸ ਨੇ ਜਿਮਨਾਸਟਿਕ ਦੇ ਜ਼ਰੀਏ ਆਪਣੇ ਜਿਸਮ ਦੀ ਹਿਫ਼ਾਜ਼ਤ ਕਰਕੇ ਉਸ ਨੂੰ ਇੰਤਹਾਈ ਖ਼ੂਬਸੂਰਤ ਬਣਾਇਆ ਹੋਇਆ ਸੀ। ਉਹ ਵੱਡੇ ਤੋਂ ਵੱਡਾ ਅਤੇ ਬੇਹੱਦ ਮੁਸ਼ਕਿਲ ਸਟੰਟ ਐਨੀ ਮੁਹਾਰਤ ਨਾਲ ਪੇਸ਼ ਕਰਦਾ ਸੀ ਕਿ ਫ਼ਿਲਮਬੀਨ ਵੀ ਹੈਰਾਨ ਹੋ ਜਾਂਦੇ ਸਨ। ਵੰਡ ਤੋਂ ਬਾਅਦ ਉਸ ਨੇ ਪਾਕਿਸਤਾਨ ਦੀਆਂ ਬੇਸ਼ੁਮਾਰ ਫ਼ਿਲਮਾਂ ਵਿਚ ਤਲਵਾਰਬਾਜ਼ੀ, ਘੋੜਸਵਾਰੀ ਅਤੇ ਮੁਸ਼ਕਿਲ ਦ੍ਰਿਸ਼ ਅੰਜਾਮ ਦੇ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਉਹ ਇਸ ਫ਼ਨ ਦੇ ਵਾਰਿਸ ਹਨ ਅਤੇ ਉਨ੍ਹਾਂ ਦਾ ਕੋਈ ਸਾਨੀ ਨਹੀਂ।
ਵੰਡ ਤੋਂ ਪਹਿਲਾਂ ਜਦੋਂ ਮੀਆਂ ਅਬਦੁੱਲ ਰਸ਼ੀਦ ਕਾਰਦਾਰ ਉਰਫ਼ ਏ. ਆਰ. ਕਾਰਦਾਰ ਨੇ ਆਪਣੇ ਫ਼ਿਲਮਸਾਜ਼ ਅਦਾਰੇ ਯੂਨਾਈਟਿਡ ਪਲੇਅਰਜ਼ ਕਾਰਪੋਰੇਸ਼ਨ, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਚੁੱਪ ਐਕਸ਼ਨ ਫ਼ਿਲਮ ‘ਦਿ ਮਿਸਟੀਰੀਅਸ ਈਗਲ’ ਉਰਫ਼ ‘ਹੁਸਨ ਕਾ ਡਾਕੂ’ (1929) ਬਣਾਈ ਤਾਂ ਉਨ੍ਹਾਂ 7 ਸਾਲਾ ਅਹਿਮਦ ਜਾਨ ਨੂੰ ਬਾਲ ਅਦਾਕਾਰ ਦੀ ਹੈਸੀਅਤ ਨਾਲ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ ਸੀ। ਫ਼ਿਲਮ ਦੀ ਕਹਾਣੀ ਮੁਤਾਬਿਕ ਇਕ ਮੰਜ਼ਰ ਵਿਚ ਨਾਨਾ ਅਤੇ ਦੋਹਤਾ ਬਾਕਸਿੰਗ ਖੇਡਦੇ ਹੋਏ ਵਿਖਾਏ ਗਏ ਸਨ। ਫ਼ਿਲਮ-ਮੱਦਾਹਾਂ ਨੇ ਇਸ ਦ੍ਰਿਸ਼ ਉੱਤੇ ਤਾੜੀਆਂ ਮਾਰ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ।
ਰੂਪ ਕੇ ਸ਼ੋਰੀ ਨੇ ਜਦੋਂ ਆਪਣੇ ਫ਼ਿਲਮਸਾਜ਼ ਅਦਾਰੇ ਕਮਲਾ ਮੂਵੀਟੋਨ ਲਿਮਟਿਡ, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਹੈਰੋਲਡ ਲੂਈਸ ਉਰਫ਼ ਮਜਨੂੰ) ਵਿਚ ਪੰਜਾਬ ਦੀ ਸਭ ਤੋਂ ਕਾਮਯਾਬ ਪੰਜਾਬੀ ਫ਼ੀਚਰ ਫ਼ਿਲਮ ‘ਦੁੱਲਾ ਭੱਟੀ’ ਉਰਫ਼ ‘ਦੁਖੀ ਜਵਾਨੀ’ (1940) ਬਣਾਈ ਤਾਂ ਜਾਨ ਨੂੰ ਇਸ ਫ਼ਿਲਮ ’ਚ ਲੈਬੋਰਟਰੀ ਤਕਨੀਸ਼ੀਅਨ ਦਾ ਕੰਮ ਦਿੱਤਾ ਸੀ।
ਕਮਲਾ ਮੂਵੀਟੋਨ, ਲਾਹੌਰ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ (ਸਹਾਇਕ ਹੈਰੋਲਡ ਲੂਈਸ ਉਰਫ਼ ਮਜਨੂੰ) ਹਿੰਦੀ ਫ਼ਿਲਮ ‘ਹਿੰਮਤ’ (1941) ਵਿਚ ਏ. ਜਾਨ ਨੇ ਅਹਿਮ ਭੂਮਿਕਾ ਨਿਭਾਈ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿਚ ਰਾਗਿਨੀ ਤੇ ਬੇਗ ਅਤੇ ਦੀਗ਼ਰ ਫ਼ਨਕਾਰਾਂ ਵਿਚ ਮਜਨੂੰ, ਰਾਧਾ ਰਾਣੀ, ਜ਼ਹੂਰ ਸ਼ਾਹ, ਗ਼ੁਲਾਮ ਕਾਦਰ, ਮਨੋਰਮਾ, ਮਾਲਾ, ਰਾਮੇਸ਼ ਠਾਕੁਰ ਨੁਮਾਇਆਂ ਸਨ। ਕਹਾਣੀ, ਮੰਜ਼ਰਨਾਮਾ ਰੂਪ ਕੇ. ਸ਼ੋਰੀ, ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤਕ ਤਰਜ਼ਾਂ ਪੰਡਤ ਗੋਬਿੰਦਰਾਮ ਨੇ ਤਾਮੀਰ ਕੀਤੀਆਂ। ਇਹ ਫ਼ਿਲਮ 27 ਜੂਨ 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ ਤੇ ਬੇਹੱਦ ਕਾਮਯਾਬ ਫ਼ਿਲਮ ਕਰਾਰ ਪਾਈ।
ਕਮਲਾ ਮੂਵੀਟੋਨ ਤੋਂ ਬਾਅਦ ਜਦੋਂ ਰੂਪ ਕੇ. ਸ਼ੋਰੀ ਨੇ ਆਪਣੇ ਦੂਸਰੇ ਫ਼ਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਹੇਠ ਆਪਣੀ ਹਿਦਾਇਤਕਾਰੀ ਵਿਚ ਹਿੰਦੀ ਫ਼ਿਲਮ ‘ਨਿਸ਼ਾਨੀ’ (1942) ਬਣਾਈ ਤਾਂ ਇਸ ਫ਼ਿਲਮ ਵਿਚ ਜਾਨ ਨੇ ਸਹਾਇਕ ਕਿਰਦਾਰ ਨਿਭਾਇਆ ਜਦੋਂਕਿ ਮੁੱਖ ਭੂਮਿਕਾ ਵਿਚ ਅਦਾਕਾਰਾ ਰਾਗਿਨੀ ਤੇ ਮਜਨੂੰ (ਹੈਰੋਲਡ ਲੂਈਸ) ਦੀ ਜੋੜੀ ਸੀ। ਦੀਗ਼ਰ ਫ਼ਨਕਾਰਾਂ ਵਿਚ ਐੱਮ. ਡੀ. ਕੰਵਰ, ਰੂਪਲੇਖਾ (ਭੈਣ ਅਦਾਕਾਰਾ ਰਮੋਲਾ), ਮਾਸਟਰ ਗ਼ੁਲਾਮ ਕਾਦਰ, ਰਾਮੇਸ਼ ਠਾਕੁਰ ਆਦਿ ਸ਼ਾਮਲ ਸਨ। ਮੁਕਾਲਮੇ ਤੇ ਗੀਤ ਅਜ਼ੀਜ਼ ਕਸ਼ਮੀਰੀ ਅਤੇ ਧੁੰਨਾਂ ਪੰਡਤ ਅਮਰਨਾਥ (ਹਿਜ਼ ਮਾਸਟਰ ਵੋਆਇਸ) ਨੇ ਤਰਤੀਬ ਕੀਤੀਆਂ। ਇਹ ਫ਼ਿਲਮ 7 ਨਵੰਬਰ 1943 ਨੂੰ ਕਰਾਊਨ ਟਾਕੀਜ਼, ਲਾਹੌਰ ’ਚ ਰਿਲੀਜ਼ ਹੋਈ।
1941 ਵਿਚ ਠਾਕੁਰ ਰਾਜਿੰਦਰ ਸਿੰਘ ਨੇ ਮੈਕਲੋਡ ਰੋਡ, ਲਾਹੌਰ ਉੱਪਰ ਬਣੇ ਆਪਣੇ ਫ਼ਿਲਮਸਾਜ਼ ਅਦਾਰੇ ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੇ ਬੈਨਰ ਹੇਠ ਬੀ. ਐੱਸ. ਰਾਜਹੰਸ (ਸਹਾਇਕ ਭਰਤ ਵੀਰ) ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਪਟਵਾਰੀ’ (1942) ਸ਼ੁਰੂ ਕੀਤੀ ਤਾਂ ਇਸ ਵਿਚ ਏ. ਜਾਨ ਨੂੰ ਸਹਾਇਕ ਹੀਰੋ ਦਾ ਕਿਰਦਾਰ ਦਿੱਤਾ ਗਿਆ। ਫ਼ਿਲਮ ਵਿਚ ਮੁੱਖ ਹੀਰੋ ਦਾ ਟਾਈਟਲ ਕਿਰਦਾਰ ਲਾਇਲਪੁਰ ਦੇ ਗੱਭਰੂ ਐੱਸ. ਡੀ. ਨਾਰੰਗ ਉਰਫ਼ ਸੱਤਯਾ ਦੇਵ ਨਾਰੰਗ ਅਤੇ ਹੀਰੋਇਨ ਦਾ ਪਾਰਟ ਹਾਫ਼ਿਜ਼ਾਬਾਦ (ਗੁਜਰਾਂਵਾਲਾ) ਦੀ ਮੁਟਿਆਰ ਰਾਗਿਨੀ ਨੇ ਅਦਾ ਕੀਤਾ। ਕਹਾਣੀ, ਮੁਕਾਲਮੇ ਤੇ ਗੀਤ ਵਲੀ ਸਾਹਿਬ (ਸਹਾਇਕ ਜੀ. ਰਬਾਨੀ) ਅਤੇ ਮੌਸੀਕੀ ਪੰਡਤ ਗੋਬਿੰਦਰਾਮ ਨੇ ਮੁਰੱਤਬਿ ਕੀਤੀ। ਇਹ ਕਾਮਯਾਬ ਫ਼ਿਲਮ 18 ਦਸੰਬਰ 1942 ਨੂੰ ਵਲਿੰਗਟਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ।
1946 ਵਿਚ ਫ਼ਿਲਮਸਾਜ਼ ਐੱਮ. ਐੱਲ. ਗੁਪਤਾ ਨੇ ਅੱਪਰ ਇੰਡੀਆ ਸਟੂਡੀਓਜ਼ ਵਿਚ ਫ਼ਿਲਮਸਾਜ਼ ਅਦਾਰੇ ਨੈਸ਼ਨਲ ਫ਼ਿਲਮ ਪ੍ਰੋਡਿਊਸਰਜ਼, ਲਾਹੌਰ ਹੇਠ ਕੈਲਾਸ਼ ਭੰਡਾਰੀ ਦੀ ਹਿਦਾਇਤਕਾਰੀ ਵਿਚ ਹਿੰਦੀ ਫ਼ਿਲਮ ‘ਬਿਰਹਨ’ ਸ਼ੁਰੂ ਕੀਤੀ। ਫ਼ਿਲਮ ਵਿਚ ਅਦਾਕਾਰ ਪ੍ਰਾਣ (ਮੁਨੀਸ਼) ਤੇ ਰੂਪਾ (ਕਿਰਨ) ਜੋੜੀਦਾਰ ਸਨ। ਦੂਜੇ ਹੀਰੋ ਵਜੋਂ ਜਾਨ ਦਾ ਨਾਮ ਅਨੂਪ ਜਾਨ ਰੱਖਿਆ ਗਿਆ। ਅਨੂਪ ਜਾਨ ਫ਼ਿਲਮ ਵਿਚ ‘ਡਾਕਟਰ ਅਮਰ’ ਦਾ ਕਿਰਦਾਰ ਨਿਭਾ ਰਿਹਾ ਸੀ, ਜਿਸ ਦੇ ਹਮਰਾਹ ਅਦਾਕਾਰਾ ਬੇਗਮ ਪਰਵੀਨ ‘ਨਿਰਮਲਾ’ ਦਾ ਪਾਰਟ ਅਦਾ ਕਰ ਰਹੀ ਸੀ। ਕਹਾਣੀ ਬੇਕਲ ‘ਅੰਮ੍ਰਿਤਸਰੀ’, ਗੀਤ ਸਰਸ਼ਾਰ ਸੇਲਾਨੀ ਤੇ ਬੇਕਲ ‘ਅੰਮ੍ਰਿਤਸਰੀ’, ਮੁਕਾਲਮੇ ਆਜ਼ਮ ਮਿਰਜ਼ਾ, ਮੰਜ਼ਰਨਾਮਾ ਵਿਜੈ ਮਹਾਤਰੇ ਅਤੇ ਸੰਗੀਤਕਾਰ ਲੱਛੀ ਰਾਮ ਸਨ। ਇਸ ਫ਼ਿਲਮ ਵਿਚ ਅਨੂਪ ਜਾਨ ਦੀ ਬਿਹਤਰੀਨ ਅਦਾਕਾਰੀ ਨੂੰ ਵੇਖ ਕੇ ਲਾਹੌਰ ਦੇ ਦੀਗ਼ਰ ਫ਼ਿਲਮਸਾਜ਼ ਵੀ ਇਸ ਨੂੰ ਆਪਣੀਆਂ ਫ਼ਿਲਮਾਂ ਵਿਚ ਲੈਣ ਬਾਰੇ ਸੋਚ ਰਹੇ ਸਨ ਕਿ ਮੁਲਕ ਵਿਚ ਫ਼ਿਰਕੂ-ਫ਼ਸਾਦ ਸ਼ੁਰੂ ਹੋ ਗਏ। 1947 ਵਿਚ ਪਰੇਸ਼ਾਨ ਹੋਇਆ ਗੁਪਤਾ ਇਸ ਦਾ ਮੁਕੰਮਲ ਨੈਗੇਟਿਵ ਲੈ ਕੇ ਬੰਬਈ ਟੁਰ ਗਿਆ। ਬੰਬਈ ਵਿਚ ਇਸ ਫ਼ਿਲਮ ਦੇ ਪ੍ਰਿੰਟ ਕਢਵਾਏ ਗਏ। ਇਸ ਤਰ੍ਹਾਂ ਇਹ ਫ਼ਿਲਮ 25 ਅਪਰੈਲ 1947 ਨੂੰ ਕਰਾਚੀ ਵਿਚ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ।
ਇਸ ਫ਼ਿਲਮ ਦੀ ਤਕਮੀਲ ਤੋਂ ਬਾਅਦ ਅਨੂਪ ਆਪਣੇ ਮਿੱਤਰ ਪ੍ਰਾਣ ਨਾਲ ਬੰਬਈ ਆ ਗਿਆ ਸੀ। ਦੋਵਾਂ ਨੇ ਕੰਮ ਦੇ ਸਿਲਸਿਲੇ ਵਿਚ ਕਈ ਸਟੂਡੀਓਜ਼ ਦੇ ਚੱਕਰ ਲਾਏ। ਚੰਦ ਫ਼ਿਲਮਸਾਜ਼ਾਂ ਨੇ ਦੋਵਾਂ ਨੂੰ ਆਪਣੀਆਂ ਫ਼ਿਲਮਾਂ ਵਿਚ ਕੰਮ ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਪੰਜਾਬ ਵਿਚ ਫ਼ਸਾਦਾਂ ਨੇ ਜ਼ੋਰ ਫੜ ਲਿਆ। ਜਦੋਂ ਹਾਲਾਤ ਮਜ਼ੀਦ ਖ਼ਰਾਬ ਹੋ ਗਏ ਤਾਂ ਮੁਲਕ ਤਕਸੀਮ ਹੋ ਗਿਆ ਤਾਂ ਪ੍ਰਾਣ ਨੇ ਮਿੱਤਰ ਅਨੂਪ ਨੂੰ ਨਵੇਂ ਬਣੇ ਮੁਲਕ ਪਾਕਿਸਤਾਨ ਭੇਜ ਦਿੱਤਾ। ਇਸ ਤਰ੍ਹਾਂ ਦੁਬਾਰਾ ਫ਼ਿਲਮ ‘ਬਿਰਹਨ’ 1948 ਵਿਚ ਬੰਬੇ ਰਿਲੀਜ਼ ਕੀਤੀ ਗਈ।
ਅਨੂਪ ਨੇ ਪਾਕਿਸਤਾਨ ਆ ਕੇ ਆਪਣੇ ਪਹਿਲੇ ਨਾਮ ਅਹਿਮਦ ਜਾਨ ਨਾਮ ਨਾਲ ਫ਼ਿਲਮਬੰਦੀ ਦਾ ਕੰਮ ਸ਼ੁਰੂ ਕਰ ਦਿੱਤਾ। ਨੂਰ ਮਹਿਲ ਪਿਕਚਰਜ਼, ਲਾਹੌਰ ਦੀ ਅਮੀਨ ਮਲਿਕ ਨਿਰਦੇਸ਼ਿਤ ਉਰਦੂ ਫ਼ਿਲਮ ‘ਦੀਵਾਰ’ (1954) ਵਿਚ ਜਾਨ ਨੇ ਤਲਵਾਰਬਾਜ਼ੀ ਦਾ ਬਿਹਤਰੀਨ ਮੁਜ਼ਾਹਰਾ ਕੀਤਾ। ਇਸ ਫ਼ਿਲਮ ਲਈ ਜਾਨ ਨੇ ਅਦਾਕਾਰਾਂ ਨੂੰ ਤਲਵਾਰਬਾਜ਼ੀ ਦੀ ਤਰਤੀਬ ਵੀ ਦਿੱਤੀ ਅਤੇ ਫਾਈਟ ਮਾਸਟਰ ਦਾ ਫ਼ਰਜ਼ ਵੀ ਨਿਭਾਇਆ। ਫਿਰ ਫ਼ਿਲਮਸਾਜ਼ ਸ਼ੇਖ਼ ਲਤੀਫ਼ ਨੇ ਉਰਦੂ ਫ਼ਿਲਮ ‘ਕਾਫ਼ਿਰਸਤਾਨ’ ਸ਼ੁਰੂ ਕੀਤੀ ਅਤੇ ਹਿਦਾਤਿਕਾਰੀ ਦੇ ਫ਼ਰਾਇਜ਼ ਸਬਟੇਨ ਫ਼ਜ਼ਲੀ ਦੇ ਸਪੁਰਦ ਕੀਤੇ। ਇਸ ਫ਼ਿਲਮ ਵਿਚ ਕੰਮ ਕਰਨ ਲਈ ਰਤਨ ਕੁਮਾਰ ਨੂੰ ਬੰਬੇ ਤੋਂ ਬੁਲਾਇਆ ਗਿਆ। ਮਾਸਟਰ ਗ਼ੁਲਾਮ ਕਾਦਰ ਨੂੰ ਇਸ ਫ਼ਿਲਮ ਦਾ ਫਾਈਟ ਮਾਸਟਰ ਮੁਕੱਰਰ ਕਰ ਦਿੱਤਾ ਗਿਆ। ਕੈਪੀਟਲ ਸਿਨਮਾ ਦੇ ਥੱਲੇ ਸਕੇਟਿੰਗ ਹਾਲ ਵਿਚ ਰਤਨ ਕੁਮਾਰ ਨੂੰ ਜਾਨ ਨੇ ਤਿੰਨ ਮਹੀਨੇ ਤਕ ਤਲਵਾਰਬਾਜ਼ੀ ਦੀ ਮਸ਼ਕ ਕਰਵਾਈ, ਪਰ ਕਿਸੇ ਕਾਰਨ ਇਹ ਫ਼ਿਲਮ ਵੀ ਨਾ ਬਣ ਸਕੀ।
ਹਿਦਾਇਤਕਾਰ ਅਨਵਰ ਕਮਾਲ ਪਾਸ਼ਾ ਨੇ ਨਿਗ਼ਾਰ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਐਕਸ਼ਨ ਉਰਦੂ ਫ਼ਿਲਮ ‘ਸਰਫ਼ਰੋਸ਼’ (1956) ਬਣਾਈ। ਇਸ ਫ਼ਿਲਮ ਲਈ ਜਾਨ ਨੇ ਸੰਤੋਸ਼ ਕੁਮਾਰ ਤੇ ਨਈਮ ਹਾਸ਼ਮੀ ਨੂੰ ਤਲਵਾਰਬਾਜ਼ੀ ਸਿਖਾਈ ਅਤੇ ਹੀਰੋ ਦੇ ਡੁਪਲੀਕੇਟ ਵੀ ਬੜੀ ਮੁਹਾਰਤ ਨਾਲ ਪੇਸ਼ ਕੀਤੇ। ਇਹ ਫ਼ਿਲਮ ਬੇਹੱਦ ਕਾਮਯਾਬ ਫ਼ਿਲਮ ਸਾਬਤ ਹੋਈ ਅਤੇ ਜਾਨ ਦੇ ਕੰਮ ਨੂੰ ਬਹੁਤ ਸਲਾਹਿਆ ਗਿਆ। ਪਾਕਿਸਤਾਨ ਟੈਲੀਵਿਜ਼ਨ ਦੇ ਹਿਦਾਇਤਕਾਰ ਯਾਵਰ ਹਿਆਤ ਖ਼ਾਨ ਨੇ ਜਦੋਂ ਆਪਣਾ ਉਰਦੂ ਡਰਾਮਾ ‘ਕੁੰਡੀ’ ਸ਼ੁਰੂ ਕੀਤਾ ਤਾਂ ਇਸ ਲਈ ਜਾਨ ਨੂੰ ਤਲਵਾਰਬਾਜ਼ੀ ਲਈ ਚੁਣਿਆ ਗਿਆ। ਇਸ ਡਰਾਮੇ ਦੀ ਹੀਰੋਇਨ ਹੂਮੇਰਾ ਸੀ। ਜਾਨ ਨੇ ਇਸ ਨੂੰ ਵੀ ਤਲਵਾਰਬਾਜ਼ੀ ਸਿਖਾਈ। ‘ਕੁੰਡੀ’ ਵਿਚ ਹੂਮੇਰਾ ਨੇ ਤਲਵਾਰਬਾਜ਼ੀ ਦਾ ਅਜਿਹਾ ਮੁਜ਼ਾਹਰਾ ਕੀਤਾ ਜਿਵੇਂ ਕਿ ਹਕੀਕੀ ਤਲਵਾਰਬਾਜ਼ ਕਰਦੇ ਹੋਣ। ਟੈਲੀਵਿਜ਼ਨ ਦੇ ਨੁਮਾਇੰਦਿਆਂ ਨੇ ਇਸ ਡਰਾਮੇ ਦੀ ਖ਼ਾਸ ਕਰ ਕੇ ਤਲਵਾਰਬਾਜ਼ੀ ਦੀ ਬੇਹੱਦ ਤਾਰੀਫ਼ ਕੀਤੀ।
ਅਹਿਮਦ ਜਾਨ ਪਾਕਿਸਤਾਨ ਫ਼ਿਲਮ ਸਨਅਤ ਦੇ ਵਾਹਿਦ ਸ਼ਖ਼ਸ ਸਨ, ਜਿਨ੍ਹਾਂ ਨੇ ਫ਼ਿਲਮਾਂ ਦੇ ਨਾਮੀ-ਗ਼ਰਾਮੀ ਫ਼ਨਾਕਾਰਾਂ ਨੂੰ ਨਾ ਸਿਰਫ਼ ਤਲਵਾਰਬਾਜ਼ੀ ਸਿਖਾਈ ਬਲਕਿ ਉਨ੍ਹਾਂ ਦੇ ਡੁਪਲੀਕੇਟ ਦੇ ਕਿਰਦਾਰ ਵੀ ਬਖ਼ੂਬੀ ਅਦਾ ਕੀਤੇ। ਭਾਰਤ-ਪਾਕਿ ਫ਼ਿਲਮਾਂ ਦਾ ਇੰਤਹਾਈ ਬਹਾਦਰ, ਮਿਲਣਸਾਰ, ਹਰਦਿਲ-ਅਜ਼ੀਜ਼ ਅਦਾਕਾਰ ਅਹਿਮਦ ਜਾਨ ਉਰਫ਼ ਅਨੂਪ ਜਾਨ 1990 ਵਿਚ 68 ਸਾਲਾਂ ਦੀ ਉਮਰੇ ਲਾਹੌਰ (ਪਾਕਿਸਤਾਨ) ਵਿਚ ਫ਼ੌਤ ਹੋ ਗਿਆ।
ਸੰਪਰਕ: 97805-09545