ਮਨਦੀਪ ਸਿੰਘ ਸਿੱਧੂ
ਪੰਜਾਬੀ ਸਿਨਮਾ ਦੇ ਇਹ ਉਹ ਕਲਾਕਾਰ ਹਨ ਜਿਹੜੇ ਪੰਜਾਬੀ ਸਿਨਮਾ ਦਾ ਮੁੱਢ ਬੱਝਣ ਦੌਰਾਨ ਇਸ ਦਾ ਹਿੱਸਾ ਸਨ, ਪਰ ਬਾਅਦ ਵਿਚ ਇਹ ਕਿੱਧਰ ਚਲੇ ਗਏ, ਇਸ ਬਾਰੇ ਕੋਈ ਕੁਝ ਨਹੀਂ ਜਾਣਦਾ। ਇਕ-ਦੋ ਫ਼ਿਲਮਾਂ ਕਰਨ ਤੋਂ ਬਾਅਦ ਇਨ੍ਹਾਂ ਬਾਰੇ ਕੋਈ ਉੱਘ ਸੁੱਘ ਨਹੀਂ ਮਿਲੀ।
ਕੁੰਦਨ ਲਾਲ ਰਾਜਪਾਲ: ਕੇ. ਐੱਲ. ਰਾਜਪਾਲ ਉਰਫ਼ ਕੁੰਦਨ ਲਾਲ ਰਾਜਪਾਲ ਦੀ ਪੈਦਾਇਸ਼ 1910 ਨੂੰ ਗੁੱਜਰਾਂਵਾਲਾ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਇਬਤਿਦਾਈ ਤਾਲੀਮ ਗੁੱਜਰਾਂਵਾਲਾ ਤੋਂ ਹਾਸਲ ਕਰਨ ਤੋਂ ਬਾਅਦ ਕੁੰਦਨ ਆਲ ਇੰਡੀਆ ਰੇਡੀਓ, ਲਾਹੌਰ ਦੇ ਗਾਇਕ ਮੁਕੱਰਰ ਹੋ ਗਏ ਅਤੇ ਹੌਲੀ-ਹੌਲੀ ਇਨ੍ਹਾਂ ਦੀ ਦਿਲਚਸਪੀ ਫ਼ਿਲਮਾਂ ਵੰਨੀ ਹੋ ਗਈ। ਜਦੋਂ ਹਰਿਆਣਾ ਦੇ ਪੰਜਾਬੀ ਗੱਭਰੂ ਕੇ. ਡੀ. ਮਹਿਰਾ ਉਰਫ਼ ਕ੍ਰਿਸ਼ਨ ਦੇਵ ਮਹਿਰਾ (1907-1995) ਨੇ ਟਾਲੀਵੱਡ ਸਟੂਡੀਓ ਵਿਚ ਮਾਦਨ ਥੀਏਟਰ, ਕਲਕੱਤਾ ਦੇ ਬੈਨਰ ਹੇਠ ਆਪਣੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ ਵਿਚ ਪੰਜਾਬੀ ਸਿਨੇ ਇਤਿਹਾਸ ਦੀ ਦੂਜੀ ਪੰਜਾਬੀ ਫ਼ੀਚਰ ਫ਼ਿਲਮ ‘ਸ਼ੀਲਾ’ ਉਰਫ਼ ‘ਪਿੰਡ ਦੀ ਕੁੜੀ’ (1936) ਸ਼ੁਰੂ ਕੀਤੀ ਤਾਂ ਇਸ ਵਿਚ ਹੋਰਨਾਂ ਫ਼ਨਕਾਰਾਂ ਦੇ ਨਾਲ ਕੇ. ਐੱਲ. ਰਾਜਪਾਲ ਨੂੰ ਨਵੇਂ ਹੀਰੋ ਵਜੋਂ ਮੁਤਆਰਿਫ਼ ਕਰਵਾਇਆ।
ਕੁੰਦਨ ਨੇ ਇਸ ਫ਼ਿਲਮ ਵਿਚ ‘ਕੇਦਾਰ’ ਦਾ ਸੋਹਣਾ ਪਾਰਟ ਅਦਾ ਕੀਤਾ, ਜਿਸ ਦੇ ਹਮਰਾਹ ਨਵਾਬ ਬੇਗ਼ਮ ਮੱਬੀ ਪਿੰਡ ਦੀ ਕੁੜੀ ‘ਸ਼ੀਲਾ’ ਦਾ ਟਾਈਟਲ ਕਿਰਦਾਰ ਨਿਭਾ ਰਹੀ ਸੀ। ਦੀਗ਼ਰ ਫ਼ਨਕਾਰਾਂ ਵਿਚ ਹੈਦਰ ਬਾਂਦੀ (ਭੈਣ ਨੂਰਜਹਾਂ), ਏ. ਆਰ. ਕਸ਼ਮੀਰੀ (ਦੁੱਲਾ), ਨਵਾਜ਼ਸ਼ ਅਲੀ (ਕੇਦਾਰ ਦਾ ਪਿਓ), ਬਾਵਾ ਰਹੀਮ ਬਖ਼ਸ਼ (ਤਾਇਆ), ਬੇਬੀ ਨੂਰਜਹਾਂ (ਨਵਾਂ ਚਿਹਰਾ/ਪਾਰੂ), ਮਾਸਟਰ ਗਾਮਾ (ਰੇਡੀਓ ਗਾਇਕ), ਚੰਦਾ ਬਾਈ (ਕੇਦਾਰ ਦੀ ਮਾਂ) ਆਦਿ ਨੁਮਾਇਆਂ ਸਨ। ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਕੇ. ਡੀ. ਮਹਿਰਾ ਅਤੇ ਸੰਗੀਤ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੇ ਮੁਰੱਤਬਿ ਕੀਤਾ। ਫ਼ਿਲਮ ਦੇ ਕੁੱਲ 15 ਗੀਤਾਂ ਵਿਚੋਂ ਕੁੰਦਨ ਲਾਲ ਤੇ ਨਵਾਬ ਬੇਗ਼ਮ ’ਤੇ ਫ਼ਿਲਮਾਏ ਗੀਤ ‘ਮੇਰੇ ਕੋਲ ਆ ਜਾ ਢੋਲ ਜਾਨੀ ਸੀਨੇ ਨਾਲ ਲੱਗ ਜਾ ਤੇਰੀ ਮਿਹਰਬਾਨੀ’ (ਨਵਾਬ ਬੇਗ਼ਮ, ਕੇ. ਐੱਲ. ਰਾਜਪਾਲ), ‘ਸ਼ਾਲਾ ਪਰਦੇਸੀ ਕੋਈ ਨਾ ਥੀਵੇ, ਕੱਖ ਜਿਨ੍ਹਾਂ ਤੋਂ ਭਾਰੇ, ਗਲੀਆਂ ਦੇ ਵਿਚ ਫਿਰੇ ਨਮਾਨੜੇ ਦੋਸਤੀਆਂ ਦੇ ਮਾਰੇ’ (ਕੇ. ਐੱਲ. ਰਾਜਪਾਲ) ਬੜੇ ਪਸੰਦ ਕੀਤੇ ਗਏ, ਪਰ ਅਫ਼ਸੋਸ ਇਸ ਫ਼ਿਲਮ ਦੇ ਗੀਤ ਦੋਵਾਂ ਪੰਜਾਬਾਂ ਵਿਚ ਕਿਸੇ ਕੋਲ ਮੌਜੂਦ ਨਹੀਂ ਹਨ। 153 ਮਿੰਟ ਦੀ ਇਹ ਫ਼ਿਲਮ 25 ਮਾਰਚ 1937 ਨੂੰ ਪੈਲੇਸ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ।
28 ਮਾਰਚ 1937 ਦੇ ‘ਦਿ ਡੇਲੀ ਇਨਕਲਾਬ, ਲਾਹੌਰ’ ਦੇ ਅਖ਼ਬਾਰ ਦੇ ਇਸ਼ਤਿਹਾਰ ’ਤੇ ਇਹ ਇਬਾਰਤ ਦਰਜ ਹੈ ‘ਪੰਜਾਬੀ ਜ਼ੁਬਾਨ ਵਿਚ ਪੰਜਾਬ ਦੀ ਰਵਾਇਤ ਨੂੰ ਤਾਜ਼ਾ ਕਰਨ ਵਾਲਾ ਪਹਿਲਾ ਪੰਜਾਬੀ ਲਾਸਾਨੀ ਸ਼ਾਹਕਾਰ’। ਕੁੰਦਨ ਲਾਲ ਰਾਜਪਾਲ ਦੀ ਦੂਜੀ ਪੰਜਾਬੀ ਫ਼ਿਲਮ ਅਬਦੁੱਲ ਰਸ਼ੀਦ ਕਾਰਦਾਰ ਦੇ ਫ਼ਿਲਮਸਾਜ਼ ਅਦਾਰੇ ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ (ਪਹਿਲੀ ਫ਼ਿਲਮ) ਦੀ ਜੇ. ਕੇ. ਨੰਦਾ ਦੀ ਹਿਦਾਇਤਕਾਰੀ ਵਿਚ ਬਣੀ ‘ਕੁੜਮਾਈ’ (1941) ਸੀ। ਇਸ ਫ਼ਿਲਮ ਵਿਚ ਰਾਜਪਾਲ ਨੇ ਸਹਾਇਕ ਅਦਾਕਾਰ ਦਾ ਕਿਰਦਾਰ ਨਿਭਾਇਆ ਜਦੋਂ ਕਿ ਮਰਕਜ਼ੀ ਕਿਰਦਾਰ ਵਿਚ ਵਾਸਤੀ ਤੇ ਰਾਧਾ ਰਾਣੀ ਮੌਜੂਦ ਸਨ। ਕਹਾਣੀ, ਮੁਕਾਲਮੇ ਤੇ ਗੀਤ ਡੀ. ਐੱਨ. ਮਧੋਕ ਅਤੇ ਮੌਸੀਕਾਰ ਖੁਰਸ਼ੀਦ ਅਨਵਰ (ਸਹਾਇਕ ਜੀ. ਐੱਮ. ਦੁਰਾਨੀ) ਸਨ। ਇਹ ਮਜ਼ਾਹੀਆ ਫ਼ਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਮੈਕਲੋਡ ਰੋਡ, ਲਾਹੌਰ, ਕੈਪੀਟਲ ਤੇ ਪਿਕਚਰ ਹਾਊਸ ਪੇਸ਼ਾਵਰ ਵਿਖੇ ਰਿਲੀਜ਼ ਹੋਈ।
ਪੰਜਾਬ ਵੰਡ ਤੋਂ ਬਾਅਦ ਜਦੋਂ ਫ਼ਿਲਮਸਾਜ਼ ਅਤੇ ਹਿਦਾਇਤਕਾਰ ਕੇ. ਐੱਲ. ਕਾਹਨ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਾਹਨ ਆਰਟ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਬਾਲੋ-ਮਾਹੀਏ ਕਿੱਸੇ ’ਤੇ ਪੰਜਾਬੀ ਫ਼ਿਲਮ ‘ਮਾਹੀਆ’ (1948) ਸ਼ੁਰੂ ਕੀਤੀ, ਤਾਂ ‘ਮਾਹੀਏ’ ਦੇ ਟਾਈਟਲ ਕਿਰਦਾਰ ਲਈ ਕੁੰਦਨ ਲਾਲ ਰਾਜਪਾਲ ਦਾ ਇੰਤਖ਼ਾਬ ਕੀਤਾ। ਜਦੋਂਕਿ ‘ਬਾਲੋ’ ਦਾ ਪਾਰਟ ਅਦਾਕਾਰਾ ਰਾਜ ਰਾਣੀ ਅਦਾ ਕਰ ਰਹੀ ਸੀ। ਵੰਡ ਦੇ ਚੱਲਦਿਆਂ ਫ਼ਨਕਾਰਾਂ ਦੇ ਹਿਜ਼ਰਤ ਕਰਨ ਸਦਕਾ ਇਹ ਫ਼ਿਲਮ ਮੁਕੰਮਲ ਨਾ ਹੋ ਸਕੀ। ਇਸ ਤੋਂ ਬਾਅਦ ਕੁੰਦਨ ਲਾਲ ਰਾਜਪਾਲ ਕਿੱਧਰ ਚਲੇ ਗਏ ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੋਈ ਮਾਲੂਮਾਤ ਨਹੀਂ ਮਿਲ ਸਕੀ।
ਐੱਸ. ਪਾਲ: ਐੱਸ. ਪਾਲ ਦੀ ਪੈਦਾਇਸ਼ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਜਵਾਨ ਹੁੰਦਿਆਂ ਉਸ ਦੀ ਖਿੱਚ ਸਿਨਮਾ ਵੱਲ ਹੋ ਗਈ। ਖ਼ੂਬਸੂਰਤ ਤਾਂ ਉਹ ਸੀ ਹੀ। ਫ਼ਿਲਮ ‘ਗੁਲ ਬਕਾਵਲੀ’ (1939) ਦੀ ਬੇਮਿਸਾਲ ਕਾਮਯਾਬੀ ਤੋਂ ਬਾਅਦ ਜਦੋਂ ਸੇਠ ਦਲਸੁਖ ਐੱਮ. ਪੰਚੋਲੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਮੋਤੀ ਬੀ. ਗਿਡਵਾਨੀ ਦੀ ਹਿਦਾਇਤਕਾਰੀ ਵਿਚ ਪੇਂਡੂ ਕਿਸਾਨਾਂ ਦੇ ਜੀਵਨ ’ਤੇ ਆਧਾਰਿਤ ਆਪਣੀ ਦੂਜੀ ਪੰਜਾਬੀ ਫ਼ੀਚਰ ਫ਼ਿਲਮ ‘ਯਮਲਾ ਜੱਟ’ (1940) ਸ਼ੁਰੂ ਕੀਤੀ ਤਾਂ ਇਸ ਵਿਚ ਮੁਤਆਰਿਫ਼ ਕਰਵਾਏ ਨਵੇਂ ਚਿਹਰਿਆਂ ਵਿਚ ਐੱਸ. ਪਾਲ ਵੀ ਇਕ ਸੀ।
ਐੱਸ. ਪਾਲ ਨੇ ਇਸ ਫ਼ਿਲਮ ‘ਰਾਮੂ’ ਨਾਮੀ ਮਰਕਜ਼ੀ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਖ਼ੂਬਸੂਰਤ ਅਦਾਕਾਰਾ ਅੰਜਨਾ ‘ਰਾਣੀ’ ਦਾ ਪਾਰਟ ਅਦਾ ਕਰ ਰਹੀ ਸੀ। ਇਹ ਅੰਜਨਾ ਦੀ ਵੀ ਪਹਿਲੀ ਫ਼ਿਲਮ ਸੀ, ਜਿਸ ਦਾ ਅਸਲ ਨਾਮ ‘ਬਿੱਲੋ’ ਸੀ। ਇਹ ਫ਼ਿਲਮ ‘ਗੁਲ ਬਕਾਵਲੀ’ ਦੀ ਅਦਾਕਾਰਾ ਸੁਰੱਈਆ ਜਬੀਨ ਦੀ ਸਕੀ ਛੋਟੀ ਭੈਣ ਸੀ। ਫ਼ਿਲਮ ਦੇ ਮੁਸੱਨਫ਼ (ਲੇਖਕ) ਦਲਸੁਖ ਐੱਮ. ਪੰਚੋਲੀ, ਨਗ਼ਮਾਨਿਗਾਰ ਤੇ ਮੁਕਾਲਮਾਨਵੀਸ ਵਲੀ ਸਾਹਿਬ ਅਤੇ ਸੰਗੀਤ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਤਾਮੀਰ ਕੀਤਾ। ਫ਼ਿਲਮ ਵਿਚ ਐੱਸ. ਪਾਲ ਤੇ ਅੰਜਨਾ ’ਤੇ ਫ਼ਿਲਮਾਏ ਮਸ਼ਹੂਰ ਜ਼ਮਾਨਾ ਗੀਤ ‘ਸੁਫ਼ਨੇ ਵਿਚ ਸੁਫ਼ਨਾ ਤੱਕਿਆ, ਜੀਹਨੂੰ ਤੱਕ-ਤੱਕ ਜੀਊੜਾ ਹੱਸਿਆ, ਪੈਲੀ ਵਿਚ ਪੈਲਾਂ ਪਾਉਂਦੀ ਸੀ, ਉਹ ਨਾਲ ਹਵਾ ਦੇ ਗਾਉਂਦੀ ਸੀ’, ‘ਆ ਸੱਜਣਾਂ ਦੋਵੇਂ ਰਲਕੇ ਚੱਲੀਏ ਪਰਲੇ ਪਾਰ’, ‘ਆ ਦੁੱਖੜੇ ਖੋਲ੍ਹ ਲਈਏ, ਅੱਖੀਆਂ ਦੀ ਸਿੱਪ ਦੇ ਵਿਚੋਂ ਹਾਏ ਮਾਹੀਆ ਸੁੱਚੇ ਮੋਤੀ ਨੀਂ ਰੋਲ ਲਈਏ’ (ਗ਼ੁਲਾਮ ਹੈਦਰ, ਸ਼ਮਸ਼ਾਦ ਬੇਗ਼ਮ), ‘ਅਸੀਂ ਲੱਖ-ਲੱਖ ਲਿਖ-ਲਿਖ ਪਾਈਆਂ ਹਾਏ ਚਿੱਠੀਆਂ ਦਰਦ ਦੀਆਂ’, ‘ਤੂੰ ਸੇਂ ਮੇਰੇ ਦੁੱਖ ਦਾ ਸਾਥੀ ਤੂੰ ਵੀ ਸਾਂਝਾਂ ਤੋੜ ਗਿਓਂ’ (ਗੁਲਾਮ ਹੈਦਰ) ਆਦਿ ਹੱਦ ਦਰਜਾ ਮਕਬੂਲ ਹੋਏ। ਇਹ ਫ਼ਿਲਮ 31 ਮਈ 1940 ਨੂੰ ਪੈਲੇਸ ਸਿਨਮਾ, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਸੁਪਰਹਿੱਟ ਫ਼ਿਲਮ ਸਾਬਤ ਹੋਈ।
ਫ਼ਿਲਮਸਾਜ਼ ਦਲਸੁਖ ਐੱਮ. ਪੰਚੋਲੀ ਦੇ ਜ਼ਾਤੀ ਅਦਾਰੇ ਦੀ ਨਿਰੰਜਨਪਾਲ (ਸਹਾਇਕ ਨਾਜ਼ਿਮ ਪਾਣੀਪਤੀ, ਰਾਮੇਸ਼ ਸਹਿਗਲ) ਨਿਰਦੇਸ਼ਿਤ ਤੀਜੀ ਪੰਜਾਬੀ ਫ਼ੀਚਰ ਫ਼ਿਲਮ ‘ਚੌਧਰੀ’ (1941) ਵਿਚ ਐੱਸ. ਪਾਲ ਨੇ ਪ੍ਰੀਤ ਨਗਰ ਦੇ ‘ਰਾਜਕੁਮਾਰ’ ਦਾ ਪਾਰਟ ਕੀਤਾ, ਜਿਸ ਦੇ ਸਨਮੁਖ ਅਦਾਕਾਰਾ ਨੂਰਜਹਾਂ ‘ਚੰਦਾ’ ਦਾ ਕਿਰਦਾਰ ਅਦਾ ਕਰ ਰਹੀ ਸੀ। ਕਹਾਣੀ, ਮੰਜ਼ਰਨਾਮਾ ਨਿਰੰਜਨਪਾਲ, ਮੁਕਾਲਮੇ ਤੇ ਗੀਤ ਐੱਫ਼. ਡੀ. ਸ਼ਰਫ਼ (ਫ਼ੀਰੋਜ਼ਦੀਨ ਸ਼ਰਫ਼) ਅਤੇ ਦਿਲਕਸ਼ ਤਰਜ਼ਾਂ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਤਰਤੀਬ ਕੀਤੀਆਂ। ਐੱਸ. ਪਾਲ ਤੇ ਨੂਰਜਹਾਂ ’ਤੇ ਫ਼ਿਲਮਾਏ ‘ਪੀਲੇ-ਪੀਲੇ ਖੇਤ ਮੈਂ ਮੌਜ ਲਗਾਈ ਆ ਕੇ ਚੇਤ ਨੇ ਦੇਖੋ’ (ਗ਼ੁਲਾਮ ਹੈਦਰ, ਨੂਰਜਹਾਂ, ਸ਼ਮਸ਼ਾਦ ਬੇਗ਼ਮ), ‘ਇਕ ਦੁਨੀਆ ਨਵੀਂ ਵਸਾ ਲਈਏ ਆ ਅਗਨ-ਲਗਨ ਦੀ ਲਾ ਲਈਏ’, ‘ਦੇਖੋ-ਦੇਖੋ ਇਹਦੀ ਕੈਸੀ ਸੋਹਣੀ ਚਾਲ ਹੈ, ਕਰਦੀ ਦਿਲਾਂ ਨੂੰ ਪਾਏਮਾਲ ਹੈ’ (ਗ਼ੁਲਾਮ ਹੈਦਰ, ਨੂਰਜਹਾਂ), ‘ਬਸ-ਬਸ ਵੇ ਢੋਲਣਾ ਕੀ ਤੇਰੇ ਨਾਲ ਬੋਲਣਾ, ‘ਹੱਸ-ਦੱਸ ਬੋਲਣਾ ਸ਼ਹਿਦ ਸ਼ੀਰੀਂ ਘੋਲਣਾ’ (ਨੂਰਜਹਾਂ, ਗ਼ੁਲਾਮ ਹੈਦਰ), ‘ਸੱਜਣਾਂ ਤੇਰੇ ਬਿਨ ਜੀਅ ਨਹੀਂ ਲੱਗਦਾ’ (ਨੂਰਜਹਾਂ) ਗੀਤ ਵੀ ਬੜੇ ਮਕਬੂਲ ਹੋਏ। ਇਹ ਫ਼ਿਲਮ 22 ਅਗਸਤ 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਆਪਣੀਆਂ ਇਨ੍ਹਾਂ ਦੋਵੇਂ ਪੰਜਾਬੀ ਫ਼ਿਲਮਾਂ ਵਿਚ ਹੀਰੋ ਦੀ ਮੁੱਖ ਭੂਮਿਕਾ ਨਿਭਾਉਣ ਵਾਲਾ ਐੱਸ. ਪਾਲ ਕਿੱਥੇ ਚਲਾ ਗਿਆ? ਬਹੁਤ ਖੋਜ ਕਰਨ ਦੇ ਬਾਅਦ ਵੀ ਕੋਈ ਜਾਣਕਾਰੀ ਦੋਵਾਂ ਪੰਜਾਬਾਂ ਵਿਚੋਂ ਨਹੀਂ ਮਿਲ ਪਾਈ।
ਸੁਰੱਈਆ ਜਬੀਨ: ਸੁਰੱਈਆ ਜਬੀਨ ਦੀ ਪੈਦਾਇਸ਼ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਵੰਡ ਤੋਂ ਪਹਿਲਾਂ ਹੋਈ। ਉਸ ਦਾ ਅਸਲੀ ਨਾਮ ਬਸ਼ੀਰ ਬੇਗ਼ਮ ਸੀ। ਇਹ ਆਲ ਇੰਡੀਆ ਰੇਡੀਓ, ਲਾਹੌਰ ਦੀ ਮਸ਼ਹੂਰ ਗੁਲੂਕਾਰਾ ਸੀ। ਜਦੋਂ ਫ਼ਿਲਮਸਾਜ਼ ਦਲਸੁਖ ਐੱਮ. ਪੰਚੋਲੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੰਚੋਲੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਬਰਕਤ ਮਹਿਰਾ ਦੀ ਹਿਦਾਇਤਕਾਰੀ ਵਿਚ ਆਪਣੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਗੁਲ ਬਕਾਵਲੀ’ (1939) ਬਣਾਈ ਤਾਂ ਰੇਡੀਓ ਗੁਲੂਕਾਰਾ ਸੁਰੱਈਆ ਜਬੀਨ ਨੂੰ ਨਵੀਂ ਹੀਰੋਇਨ ਵਜੋਂ ਪੇਸ਼ ਕੀਤਾ।
ਸੁਰੱਈਆ ਜਬੀਨ ਨੇ ਇਸ ਫ਼ਿਲਮ ਵਿਚ ‘ਲੱਖੀ’ ਦਾ ਪਾਰਟ ਅਦਾ ਕੀਤਾ, ਜਿਸ ਦੇ ਹਮਰਾਹ ਲਾਹੌਰ ਦਾ ਗੱਭਰੂ ਸਲੀਮ ਰਜ਼ਾ ਉਰਫ਼ ਆਗਾ ਸਲੀਮ ਰਜ਼ਾ ਖ਼ਾਨ ਕਿਜ਼ਿਲਬਾਸ਼ ‘ਤਾਜ਼ ਅਲਮਲੂਕ’ ਦਾ ਕਿਰਦਾਰ ਨਿਭਾ ਰਿਹਾ ਸੀ। ਕਹਾਣੀ, ਮੁਕਾਲਮੇ ਤੇ ਗੀਤ ਵਲੀ ਸਾਹਿਬ ਅਤੇ ਸੰਗੀਤ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਤਰਤੀਬ ਕੀਤਾ। ਸੁਰੱਈਆ ਜਬੀਨ ਤੇ ਸਲੀਮ ਰਜ਼ਾ ’ਤੇ ਫ਼ਿਲਮਾਏ ਗੀਤ ‘ਜਵਾਨੀ ਜੇ ਕੇ ਆ ਕੇ ਨਾ ਜਾਵੇ ਤੇ ਜਾਣਾ’, ‘ਟੁੱਟ ਗਈ ਤਾਰ…ਸੁੱਖ ਆਉਂਦਾ-ਆਉਂਦਾ ਆਏਗਾ’ (ਸੁਰੱਈਆ ਜਬੀਨ), ‘ਤੂੰ ਫੁੱਲ ਹੋਵੇਂ ਗੁਲਜ਼ਾਰਾਂ ਦਾ ਮੈਂ ਫੁੱਲਾਂ ਦੇ ਵਿਚ ਮਹਿਕਾਂ-ਤੂੰ ਬੁਲਬੁਲ ਬਾਗ ਬਹਾਰਾਂ ਦੀ’ (ਸੁਰੱਈਆ ਜਬੀਨ, ਗ਼ੁਲਾਮ ਹੈਦਰ) ਆਦਿ ਗੀਤਾਂ ਨੇ ਬੇਪਨਾਹ ਮਕਬੂਲੀਅਤ ਹਾਸਲ ਕੀਤੀ।
65 ਹਜ਼ਾਰ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ 15 ਲੱਖ ਰੱਖ ਰੁਪਏ ਕਮਾਏ। ਇਸ ਫ਼ਿਲਮ ਦੀ ਤਕਮੀਲ (ਪੂਰਾ ਹੋਣਾ) ਦੇ ਦੌਰਾਨ ਸੁਰੱਈਆ ਜਬੀਨ ਨੂੰ ਇਕ ਜਵਾਨ ਨਾਲ ਮੁਹੱਬਤ ਹੋ ਗਈ ਅਤੇ ਉਸ ਨਾਲ ਉਸ ਨੇ ਵਿਆਹ ਕਰਵਾ ਲਿਆ। ਇਹ ਫ਼ਿਲਮ ਸੁਰੱਈਆ ਜਬੀਨ ਦੀ ਪਹਿਲੀ ਤੇ ਆਖ਼ਰੀ ਫ਼ਿਲਮ ਕਰਾਰ ਪਾਈ। ਇਹ ਕਾਮਯਾਬ ਫ਼ਿਲਮ 12 ਨਵੰਬਰ 1939 ਪ੍ਰਭਾਤ ਟਾਕੀਜ਼, ਮੈਕਲੋਡ ਰੋਡ, ਲਾਹੌਰ ਵਿਖੇ ਪਰਦਾਪੇਸ਼ ਹੋਈ।
ਸੰਪਰਕ: 97805-09545