ਮੁੰਬਈ: ਅਦਾਕਾਰ ਅਨਿਲ ਕਪੂਰ ਅਤੇ ਉਸ ਦੇ ਪੁੱਤਰ ਹਰਸ਼ ਵਰਧਨ ਕਪੂਰ ਦੀ ਫਿਲਮ ‘ਥਾਰ’ 6 ਮਈ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। ਇਸ ਵਿੱਚ ਫਾਤਿਮਾ ਸਨਾ ਸ਼ੇਖ ਅਤੇ ਸਤੀਸ਼ ਕੌਸ਼ਿਕ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ਹਨ। ਫਿਲਮ ਰਹੱਸ ਅਤੇ ਰੋਮਾਂਚ ਦਾ ਮਿਸ਼ਰਨ ਹੈ। ਪਿਓ-ਪੁੱਤ ਅਨਿਲ ਤੇ ਹਰਸ਼ ਦੀ ਜੋੜੀ ਨੇ ਇਕੱਠਿਆਂ ਇਹ ਦੂਜੀ ਫਿਲਮ ਕੀਤੀ ਹੈ। ਇਸ ਤੋਂ ਪਹਿਲਾਂ ਉਹ ਕਾਮੇਡੀ ਥ੍ਰਿਲਰ ‘ਏਕੇ ਵਰਸਿਜ਼ ਏਕੇ’ ਵਿੱਚ ਇਕੱਠੇ ਨਜ਼ਰ ਆਏ ਸਨ। ਓਟੀਟੀ ਪਲੇਟਫਾਰਮ ਨੈੱਟਫਲਿਕਸ ’ਤੇ 6 ਮਈ ਨੂੰ ਇਸ ਦਾ ਪ੍ਰੀਮੀਅਰ ਹੋਵੇਗਾ। ਇਹ ਫਿਲਮ ਪੁਰਾਤਨ ਵਸਤਾਂ ਦੇ ਇਕ ਡੀਲਰ ਸਿਧਾਰਥ ਦੇ ਸਫ਼ਰ ਨੂੰ ਰਾਜਸਥਾਨ ਦੇ ਦੂਰ-ਦੁਰਾਡੇ ਦੇ ਇਕ ਪਿੰਡ ਰਾਹੀਂ ਬਿਆਨਦੀ ਹੈ ਜਿਸ ਨੂੰ ਹਾਲ ਹੀ ਵਿੱਚ ਹੋਈਆਂ ਲੜੀਵਾਰ ਹਿੰਸਕ ਮੌਤਾਂ ਨੇ ਹਿਲਾ ਕੇ ਰੱਖ ਦਿੱਤਾ ਹੈ। ਕਹਾਣੀ ਉਦੋਂ ਦਿਲਚਸਪ ਮੋੜ ਲੈਂਦੀ ਹੈ ਜਦੋਂ ਸਥਾਨਕ ਪੁਲੀਸ ਅਧਿਕਾਰੀ ਸੁਰੇਖਾ ਸਿੰਘ ਦਾ ਇਨ੍ਹਾਂ ਹਿੰਸਕ ਘਟਨਾਵਾਂ ਦੀ ਜਾਂਚ ਦੌਰਾਨ ਸਿਧਾਰਥ ਨਾਲ ਟਾਕਰਾ ਹੁੰਦਾ ਹੈ। ਰਾਜ ਸਿੰਘ ਚੌਧਰੀ ਨੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦਾ ਨਿਰਮਾਤਾ ਅਨਿਲ ਕਪੂਰ ਹੈ। -ਆਈਏਐੱਨਐੱਸ