ਹਰਮੀਤ ਸਿਵੀਆਂ
ਐਤਵਾਰ ਦਾ ਦਿਨ ਸੀ। ਮੈਂ ਬੜੇ ਚਾਵਾਂ ਨਾਲ ਆਪਣੇ ਇੱਕ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਮੈਰਿਜ-ਪੈਲੇਸ ਵਿੱਚ ਪਹੁੰਚਿਆ ਤਾਂ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਤੇਜ਼ੀ ਦੇ ਇਸ ਯੁੱਗ ਵਿੱਚ ਸਭ ਕੁਝ ਤੇਜ਼ੀ ਨਾਲ ਹੋ ਰਿਹਾ ਸੀ, ਪਤਾ ਹੀ ਨਹੀਂ ਲੱਗਿਆ ਕਿ ਕਦੋਂ ਤੇ ਕਿੱਥੇ ਆਨੰਦ ਕਾਰਜ ਹੋ ਗਏ। ਬੱਸ ਉਦੋਂ ਹੀ ਪਤਾ ਲੱਗਿਆ ਜਦੋਂ ਲਾੜਾ ਅਤੇ ਲਾੜੀ ਆ ਕੇ ਕੁਰਸੀਆਂ ’ਤੇ ਬਿਰਾਜਮਾਨ ਹੋ ਗਏ। ਕੁਝ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਹੜਾ ਕੁੜੀ ਵਾਲਾ ਹੈ ਅਤੇ ਕਿਹੜਾ ਮੁੰਡੇ ਵਾਲਾ। ਪੈਂਟ, ਕੋਟ, ਟਾਈ ਵਿੱਚ ਸਜੇ ਲੋਕਾਂ ਨੇ ਸੋਹਣਾ ਹਾਰ ਸ਼ਿੰਗਾਰ ਕੀਤਾ ਹੋਇਆ ਸੀ। ਹਰ ਮੁਟਿਆਰ ਤੇ ਗੱਭਰੂ ਦੇ ਮਨ ਦੀ ਲਾਲਸਾ ਇਹ ਕਹਿ ਰਹੀ ਸੀ ਕਿ ਸ਼ਾਇਦ ਮੈਂ ਹੀ ਸਭ ਤੋਂ ਸੁੰਦਰ ਹਾਂ।
ਥੋੜ੍ਹੇ ਸਮੇਂ ਬਾਅਦ ਸਟੇਜੀ ਪ੍ਰੋਗਰਾਮ ਸ਼ੁਰੂ ਹੋਇਆ ਤੇ ਨਾਲ ਹੀ ਸ਼ਗਨ ਦੇਣ ਦਾ ਦੌਰ ਵੀ ਸ਼ੁਰੂ ਹੋਇਆ। ਸ਼ਰਾਬ ਦੇ ਨਸ਼ੇ ਵਿੱਚ ਗੁੱਟ ਕਈ ਆਦਮੀ ਸ਼ਗਨ ਵਾਲਾ ਕੰਮ ਵੀ ਮਿੰਟਾਂ-ਸਕਿੰਟਾਂ ਵਿੱਚ ਨਬਿੇੜ ਆਏ। ਸਟੇਜ ’ਤੇ ਵਾਰੋ ਵਾਰੀ ਆਰਕੈਸਟਰਾ ਵਾਲੀਆਂ ਕੁੜੀਆਂ ਆਪਣੇ ਫਨ ਦਾ ਮੁਜ਼ਾਹਰਾ ਕਰ ਰਹੀਆਂ ਸਨ। ਸਭ ਉਨ੍ਹਾਂ ਵੱਲ ਵੇਖ ਕੇ ਖ਼ੁਸ਼ ਹੋ ਰਹੇ ਸਨ। ਮੈਂ ਪੈਲੇਸ ਦੇ ਕੋਨੇ ਵਿੱਚ ਕੌਫ਼ੀ ਦਾ ਕੱਪ ਫੜ ਕੇ ਬੈਠਾ ਇਹ ਸਭ ਕੁਝ ਵੇਖ ਰਿਹਾ ਸੀ। ਨਾਲ ਹੀ ਮੇਰਾ ਦਿਮਾਗ਼ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਿਆ ਤੇ ਮੇਰਾ ਖਿਆਲ਼ ਆਪਣੇ ਵਿਰਾਸਤੀ ਰੀਤੀ-ਰਿਵਾਜਾਂ ਵੱਲ ਗਿਆ। ਪਿਛਲੇ ਲਗਪਗ ਚਾਰ ਦਹਾਕਿਆਂ ਦੇ ਵਿਆਹ ਤਾਂ ਮੈਂ ਖ਼ੁਦ ਦੇਖੇ ਹਨ, ਪਰ ਇਸ ਤੋਂ ਕੁਝ ਦਹਾਕੇ ਪਹਿਲਾਂ ਦੀਆਂ ਗੱਲਾਂ ਵੀ ਹਨ, ਜੋ ਮੇਰੇ ਪਿਤਾ ਜੀ ਤੇ ਦਾਦਾ ਜੀ ਦੱਸਦੇ ਹੁੰਦੇ ਸਨ ਕਿ ਉਸ ਵੇਲੇ ਵਿਆਹ ਕਿਵੇਂ ਹੁੰਦੇ ਸਨ। ਸੋਚਿਆ ਕਿ ਉਹ ਵੀ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਵਿੱਚ ਕਿਸੇ ਦੇ ਵਿਆਹ ਹੁੰਦਾ ਸੀ ਤਾਂ ਸਾਰੇ ਪਿੰਡ ਵਿੱਚ ਇੱਕ ਰੌਣਕ ਜਿਹੀ ਆ ਜਾਂਦੀ ਸੀ। ਪੂਰੇ ਸ਼ਰੀਕੇ ਵਾਲੇ ਕੰਮ ਵਿੱਚ ਰੁੱਝੇ ਰਹਿੰਦੇ ਸਨ। ਕੜਾਹੀ ਦੇ ਵੱਖ ਵੱਖ ਪਕਵਾਨਾਂ ਦੀਆਂ ਸੁਗੰਧੀਆਂ ਪਿੰਡ ਵਿੱਚ ਕਿਸੇ ਘਰ ਵਿਆਹ ਹੋਣ ਦਾ ਸੰਦੇਸ਼ ਦਿੰਦੀਆਂ ਰਹਿੰਦੀਆਂ ਸਨ। ਫਿਰ ਸ਼ੁਰੂ ਹੁੰਦਾ ਸੀ ਮੇਲ-ਗੇਲ ਦਾ ਆਉਣਾ, ਖ਼ਾਸ ਕਰ ਜਦੋਂ ਨਾਨਕਾ-ਮੇਲ ਆਉਂਦਾ ਤਾਂ ਉਨ੍ਹਾਂ ਦੀ ਚਮਕ-ਦਮਕ ਦੇਖਣ ਵਾਲੀ ਹੁੰਦੀ ਸੀ। ਸਿਰਾਂ ’ਤੇ ਸੱਗੀ-ਫੁੱਲ, ਸੂਹੀ ਫੁਲਕਾਰੀ, ਲੰਮੀ ਗੁੱਤ, ਧਰਤੀ ਨੂੰ ਸੁੰਭਰਦੀ ਘੱਗਰੇ ਦੀ ਲੌਣ ਤੇ ਤਿੱਲੇਦਾਰ ਜੁੱਤੀ ਦੀ ਲਿਸ਼ਕਦੀ ਹੋਈ ਨੋਕ, ਉੱਧਰ ਗੱਭਰੂਆਂ ਦੇ ਚਾਦਰੇ, ਗਲਾਂ ਵਿੱਚ ਕੈਂਠੇ, ਕੰਨੀ ਮੁੰਦਰਾਂ ਤੇ ਤੁੁਰਲੇ ਵਾਲੀਆਂ ਪੱਗਾਂ ਵੀ ਵੇਖਣਯੋਗ ਹੁੰਦੀਆਂ। ਸਾਰੇ ਪਿੰਡ ਦੇ ਲੋਕ ਕੋਠਿਆਂ ’ਤੇ ਚੜ੍ਹ ਕੇ ਇਹ ਸਾਰੇ ਰੰਗ ਦੇਖਦੇ। ਕਿਸੇ ਗੱਭਰੂ ਦੀ ਅਜਿਹੀ ਟੌਹਰ ਵੇਖ ਕੇ ਪਿੰਡ ਦੀ ਕੋਈ ਨਾ ਕੋਈ ਮੁਟਿਆਰ ਮਨ ਹੀ ਮਨ ਕਹਿ ਜਾਂਦੀ:
ਸੋਹਣੇ ਜਿਹੇ ਗੱਭਰੂ ਦੇ ਕੰਨੀਂ ਨੱਤੀਆਂ।
ਗੋਰਾ ਜਿਹਾ ਰੰਗ ਤੇ ਬਲੌਰੀ ਅੱਖੀਆਂ।
ਸੱਚ ਜਾਣੋ ਤਾਂ ਪੰਜਾਬ ਦੇ ਬਾਂਕੇ ਜੁਆਨਾਂ ਨੂੰ ਪੰਜਾਬੀ ਲਬਿਾਸ ਵਿੱਚ ਸਜੇ-ਧਜੇ ਵੇਖ ਭੁੱਖ ਲਹਿੰਦੀ ਸੀ, ਸੱਥ ਵਿੱਚੋਂ ਲੰਘਦੀਆਂ ਨਾਨਕੇ ਮੇਲ ਦੀਆਂ ਮੁਟਿਆਰਾਂ ਉੱਚੀ-ਉੱਚੀ ਹੇਕ ਵਿੱਚ ਦੋਹੇ ਲਾਉਂਦੀਆਂ, ਪਿੰਡ ਦੇ ਮੁੰਡਿਆਂ ਨੂੰ ਗੱਲੀਂ ਗੱਲੀਂ ਬੜਾ ਕੁਝ ਕਹਿੰਦੀਆਂ:
ਆਉਂਦੀ ਕੁੜੀਏ, ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਗਹਿਣੇ।
ਨੀਂ ਪਿੰਡ ਦੇ ਸ਼ੌਕੀਨ ਗੱਭਰੂ
ਚਿੱਟੇ ਚਾਦਰੇ ਜ਼ਮੀਨਾਂ ਗਹਿਣੇ।
ਇੱਥੋਂ ਤੱਕ ਕਿ ਛੜਿਆਂ ਬਾਰੇ ਇੰਜ ਵੀ ਕਹਿ ਜਾਂਦੀਆਂ ਸਨ:
ਆਉਂਦੀ ਕੁੜੀਏ, ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਦਾਤੀ।
ਨੀਂ ਰੰਨਾਂ ਵਾਲੇ ਘਰ ਸੌਣਗੇ
ਛੜੇ ਜਾਣਗੇ ਕਣਕ ਦੀ ਰਾਖੀ।
ਇਹ ਸਭ ਕੁਝ ਪਿੰਡ ਵਾਲਿਆਂ ਵੱਲੋਂ ਹੱਸ ਕੇ ਸਵੀਕਾਰਿਆ ਜਾਂਦਾ। ਦੋ-ਮੰਜੀਆਂ ਜੋੜ ਕੇ ਉੱਤੇ ਧਰਿਆ ਸਪੀਕਰ ਪਿੰਡਾਂ ਵਿੱਚ ਰੌਣਕ ਲਾਈ ਰੱਖਦਾ। ਪਿੰਡ ਦੀਆਂ ਸੱਥਾਂ ਵਿੱਚ ਬੈਠੇ ਲੋਕ ਸਪੀਕਰ ਦੇ ਗੀਤਾਂ ਉੱਤੇ ਸਿਰ ਹਿਲਾ ਕੇ ਝੂਮਦੇ ਤੇ ਪੂਰਾ ਲੁਤਫ਼ ਲੈਂਦੇ। ਇਸ ਤਰ੍ਹਾਂ ਵਿਆਹ ਦੇ ਚੱਲਦੇ ਦੌਰ ਵਿੱਚ ਹਰ ਵਿਹਾਰ ਬੜੀ ਸ਼ਾਨੋ-ਸ਼ੌਕਤ ਨਾਲ ਮਨਾਏ ਜਾਂਦੇ। ਫਿਰ ਵਾਰੀ ਆਉਂਦੀ ਗਿੱਧੇ ਦੀ। ਜਦੋਂ ਗਿੱਧੇ ਦਾ ਪਿੜ ਬੱਝਦਾ ਤਾਂ ਨਾਨਕੀਆਂ ਅਤੇ ਦਾਦਕੀਆਂ ਵਿੱਚ ਬੜਾ ਮੁਕਾਬਲਾ ਹੁੰਦਾ:
ਊਰੀ-ਊਰੀ-ਊਰੀ
ਨੀਂ ਇਹ ਦਿਨ ਸ਼ਗਨਾਂ ਦਾ
ਨੱਚ ਨੱਚ ਹੋ ਜਾ ਦੂਹਰੀ
ਨੀਂ ਇਹ ਦਿਨ ਸ਼ਗਨਾਂ ਦਾ।
ਇਸ ਤੋਂ ਲੈ ਕੇ ਬੋਲੀਆਂ ਰਾਹੀਂ ਪੂਰੀਆਂ ਚੋਕਰਾਂ ਲਾਈਆਂ ਜਾਂਦੀਆਂ। ਦਾਦਕੀਆਂ, ਨਾਨਕੀਆਂ ’ਤੇ ਵਿਅੰਗ ਕਰਦੀਆਂ:
* ਛੋਲੇ-ਛੋਲੇ-ਛੋਲੇ
ਇਨ੍ਹਾਂ ਨਾਨਕੀਆਂ ਦੀ
ਰੜੇ ਭੰਬੀਰੀ ਬੋਲੇ।
W ਛੋਲੇ-ਛੋਲੇ-ਛੋਲੇ
ਇਨ੍ਹਾਂ ਨਾਨਕੀਆਂ ਦੇ
ਮੂੰਹ ਚੌੜੇ ਢਿੱਡ ਪੋਲੇ।
ਬੋਲੀਆਂ ਰਾਹੀਂ ਲਾਈਆਂ ਜਾਂਦੀਆਂ ਚੋਭਾਂ ਨੂੰ ਖਿੜੇ ਮੱਥੇ ਸਵੀਕਾਰਿਆ ਜਾਂਦਾ। ਗਿੱਧੇ ਵਿੱਚ ਜੇਠ ਅਤੇ ਛੜਿਆਂ ਦਾ ਵੀ ਆਮ ਜ਼ਿਕਰ ਹੁੰਦਾ:
ਖੱਟੀ ਚੁੰਨੀ ਲੈ ਕੇ ਨੀਂ ਮੈਂ ਧਾਰ ਚੋਣ ਗਈ ਸੀ
ਖੱਟੀ ਚੁੰਨੀ ਨੇ ਮੇਰਾ ਗਲ ਘੁੱਟਤਾ।
ਨੀਂ ਮੈਂ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟਤਾ।
ਚੱਲਦੀ ਚਾਲ ਵਿੱਚ ਪਿੰਡ ਦਾ ਕੋਈ ਗੱਭਰੂ ਆਪਣੇ ਬੋਲਾਂ ਰਾਹੀਂ ਇੱਥੋਂ ਤੱਕ ਵੀ ਕਹਿ ਜਾਂਦਾ:
ਸਫ਼ਰ ਦੀਨ ਨੇ ਕੀਤਾ ਦਰਸ਼ਨ
ਜੈਸੀ ਹੀਰ ਸਿਆਲਾਂ।
ਮੇਲਣ ਅੱਗ ਵਰਗੀ
ਤੁਰਦੀ ਹੰਸ ਦੀਆਂ ਚਾਲਾਂ।
ਇਸੇ ਤਰ੍ਹਾਂ ਛੱਜ ਭੰਨਿਆ ਜਾਂਦਾ, ਜਾਗੋ ਕੱਢੀ ਜਾਂਦੀ, ਲੋਕਾਂ ਦੇ ਪਰਨਾਲੇ ਤੋੜੇ ਜਾਂਦੇ, ਸੁੱਤੇ ਲੋਕਾਂ ਦੇ ਮੰਜੇ ਮੂਧੇ ਮਾਰੇ ਜਾਂਦੇ, ਇਸ ਤਰ੍ਹਾਂ ਸਭ ਕਾਰਜ ਖੁਸ਼ੀ-ਖੁੁਸ਼ੀ ਨੇਪਰੇ ਚੜ੍ਹਦੇ।
ਜਦੋਂ ਇਹ ਸੋਚਦੇ-ਸੋਚਦੇ ਮੇਰੀ ਸੋਚਾਂ ਦੀ ਲੜੀ ਟੁੱਟੀ ਤਾਂ ਦੇਖਿਆ ਸਟੇਜ ਉੱਪਰ ਨੱਚ ਰਹੀਆਂ ਕੁੜੀਆਂ ਨਾਲ ਸ਼ਰਾਬੀ ਹੋਏ ਲੋਕ ਲੱਤਾਂ-ਬਾਹਾਂ ਮਾਰ-ਮਾਰ ਖੁਸ਼ੀ ਮਨਾ ਰਹੇ ਸਨ। ਮੈਨੂੰ ਇੰਜ ਜਾਪ ਰਿਹਾ ਸੀ, ਜਿਵੇਂ ਵਿਰਸੇ ਦੇ ਵਾਰਿਸ ਖ਼ੁਦ ਹੀ ਆਪਣੇ ਵਿਰਸੇ ਨੂੰ ਲੰਗਾਰ ਕਰੀ ਜਾ ਰਹੇ ਹਨ। ਡੀਜੇ ਉੱਪਰ ਚੱਲ ਰਹੇ ਗੀਤਾਂ ਉੱਪਰ ਨੌਜਵਾਨ ਮੁੰਡੇ ਅਤੇ ਰਿਸ਼ਤੇਦਾਰੀ ਵਿੱਚੋਂ ਕੁੜੀਆਂ ਅਤੇ ਔਰਤਾਂ ਨੱਚ ਰਹੀਆਂ ਸਨ, ਪਰ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਕਈ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਵੀ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਨਾਲ ਇੱਧਰ-ਉੱਧਰ ਲੱਤਾਂ-ਬਾਹਾਂ ਮਾਰ ਕੇ ਨੱਚ ਰਹੇ ਸਨ ਤੇ ਨੋਟਾਂ ਦੀ ਬਰਸਾਤ ਵੀ ਕਰ ਰਹੇ ਸਨ।
ਇਸੇ ਤਰ੍ਹਾਂ ਵੇਖਦਿਆਂ-ਵੇਖਦਿਆਂ ਮੇਲਾ ਵਿੱਛੜ ਗਿਆ। ਪੈਲੇਸ ਵਾਲਿਆਂ ਕੁਰਸੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕੁੜੀ ਵੀ ਪੈਲੇਸ ਵਿੱਚੋਂ ਹੀ ਵਿਦਾ ਕੀਤੀ। ਰਿਸ਼ਤੇਦਾਰ ਵੀ ਵਿਦਾਇਗੀ ਲੈ ਰਹੇ ਸਨ। ਸੱਚ-ਮੁੱਚ ਪੈਲੇਸਾਂ ਨੇ ਵਿਆਹ ਦੇ ਉਸ ਰੰਗ ਨੂੰ ਖਤਮ ਕਰ ਦਿੱਤਾ ਜੋ ਵਿਆਹ ਤੋਂ ਤਿੰਨ ਚਾਰ ਦਿਨ ਬਾਅਦ ਤੱਕ ਵੀ ਰਹਿੰਦਾ ਸੀ, ਹੁਣ ਤਾਂ ਬਸ ਜਦੋਂ ਪੈਲੇਸ ਵਿੱਚੋਂ ਬਾਹਰ ਹੋਏ ਤਾਂ ਵਿਆਹ ਖਤਮ। ਸਾਡੀ ਵਿਰਾਸਤ ਦੇ ਇਹ ਅਨਮੋਲ ਰੰਗ ਸਾਡੇ ਲਈ ਕਿਤੇ ਯਾਦ ਹੀ ਨਾ ਬਣ ਕੇ ਰਹਿ ਜਾਣ। ਜੋ ਸਾਡੇ ਆਪਸੀ ਭਾਈਚਾਰੇ, ਮਿਲਵਰਤਨ ਅਤੇ ਮੋਹ-ਪਿਆਰ ਦੇ ਪ੍ਰਤੀਕ ਸਨ।
ਸੰਪਰਕ: 80547-57806