ਸਾਂਵਲ ਧਾਮੀ
ਹੁਸ਼ਿਆਰਪੁਰ ਤੋਂ ਦਸੂਹੇ ਵੱਲ ਜਾਈਏ ਤਾਂ ਰਾਹ ਵਿੱਚ ਸੁਤੰਤਰਤਾ ਸੈਨਾਨੀ ਪੰਡਤ ਜਗਤ ਰਾਮ ਜੀ ਦਾ ਪਿੰਡ ਆਉਂਦਾ ਏ ਹਰਿਆਣਾ। ਸੰਤਾਲੀ ਤੋਂ ਪਹਿਲਾਂ ਹਰਿਆਣਾ ਭਾਰਤ ਦਾ ਇੱਕੋ-ਇੱਕ ਅਜਿਹਾ ਕਸਬਾ ਸੀ, ਜਿੱਥੇ ‘ਹਿੰਦੂ ਮੁਸਲਿਮ ਸਕੂਲ’ ਸੀ। ਇੱਥੋਂ ਦੀ ਰਾਮ ਲੀਲਾ ’ਚ ਮੁਸਲਮਾਨਾਂ ਦੇ ਮੁੰਡੇ ਵੀ ਹਿੱਸਾ ਲੈਂਦੇ ਹੁੰਦੇ ਸਨ। ਰਾਣਕਾ, ਕਾਨੂੰਗੋਆਂ, ਰਾਮਗੜ੍ਹੀਆ ਤੇ ਮਹਿਤਾ: ਇਸ ਕਸਬੇ ਦੇ ਚਾਰ ਮੁਹੱਲੇ ਸਨ। ‘ਸਿੱਖ ਇਤਿਹਾਸ ਦੇ ਪਿਤਾਮਾ’ ਡਾ. ਗੰਡਾ ਸਿੰਘ ਦਾ ਜਨਮ ਵੀ ਆਪਣੇ ਨਾਨਕੇ ਘਰ ਹਰਿਆਣੇ ’ਚ ਹੀ ਹੋਇਆ ਸੀ।
ਰਾਮਗੜ੍ਹੀਆ ਮੁਹੱਲੇ ਦੀ ਮੁਹਤਬਰ ਸ਼ਖ਼ਸੀਅਤ ਸੁਤੰਤਰਤਾ ਸੈਨਾਨੀ ਸ.ਪ੍ਰਤਾਪ ਸਿੰਘ ਸਨ। ਪਿਛਲੇ ਦਿਨੀਂ ਉਨ੍ਹਾਂ ਦੀ 92 ਸਾਲਾ ਧੀ ਬੀਬੀ ਮਹਿੰਦਰ ਕੌਰ ਨਾਲ ਮੇਰੀ ਮੁਲਾਕਾਤ ਹੋਈ।
ਉਨ੍ਹਾਂ ਦੱਸਿਆ,“ਮੇਰਾ ਜਨਮ 31 ਦਸੰਬਰ, 1931 ਦਾ ਏ। ਅਸੀਂ ਸੱਤ ਭੈਣ-ਭਾਈ ਸਾਂ। ਲੇਖਕ ਜਗਜੀਤ ਸਿੰਘ ਕੋਮਲ ਮੈਥੋਂ ਛੋਟਾ ਸੀ। ਸਾਡੇ ਰਾਮਗੜ੍ਹੀਆ ਮੁਹੱਲੇ ਦੇ ਪਿੱਛਵਾੜੇ ਮੁਗਲਾਂ ਦੇ ਘਰ ਸਨ। ਰਾਣਿਆਂ ਦੇ ਘਰ ਦੂਜੇ ਪਾਸੇ ਸਨ। ਮੇਰੀ ਖ਼ਾਸ ਸਹੇਲੀ ਸਈਦਾ ਬੇਗ਼ਮ ਰਾਣਿਆਂ ਦੀ ਧੀ ਸੀ। ਉਹਦੇ ਅੱਬਾ ਦਾ ਨਾਂ ਮੁਹੰਮਦ ਇਕਬਾਲ ਸੀ ਤੇ ਉਹਦਾ ਫੁੱਫੜ ਰਾਣਿਆਂ ਦਾ ਹੈੱਡ ਸੀ। ਉਹਨੂੰ ਸਾਰੇ ਰਾਜਾ ਸਾਹਿਬ ਕਹਿੰਦੇ ਸੀ। ਸਈਦਾ ਦੇ ਅੱਬਾ ਦੇ ਤਿੰਨ ਵਿਆਹ ਹੋਏ ਸਨ। ਉਹ ਅੱਠ ਭੈਣਾਂ ਤੇ ਉਨ੍ਹਾਂ ਦਾ ਇੱਕ ਭਰਾ ਸੀ। ਅਸੀਂ ਇੱਕ ਦੂਜੇ ਦੇ ਘਰ ਆਉਂਦੀਆਂ-ਜਾਂਦੀਆਂ ਸਾਂ ਤੇ ਇੱਕ ਦੂਜੇ ਦੇ ਘਰੋਂ ਸੁੱਕੇ ਮੇਵੇ ਖਾ ਲੈਂਦੀਆਂ ਸਾਂ। ਕਬੀਰਪੁਰ ਦੀਆਂ ਦੋ ਕੁੜੀਆਂ ਜ਼ਮੀਰ ਤੇ ਆਸਿਫ਼ਾ ਵੀ ਮੇਰੇ ਨਾਲ ਪੜ੍ਹਦੀਆਂ ਸਨ। ਸਕੂਲ ’ਚ ਸਵੇਰ ਦੀ ਦੁਆ ਮੈਂ ਤੇ ਸਈਦਾ ਕਰਵਾਉਂਦੀਆਂ ਸਾਂ।
‘ਭੂਲ ਨਾ ਜਾਨਾ ਮੌਲਾ, ਮੈਂ ਹੂੰ ਦੀਵਾਨਾ ਮੌਲਾ।’
ਹਿੰਦੂਆਂ ਦੀਆਂ ਕੁੜੀਆਂ ਨੇ ਕਹਿਣਾ-ਅਸੀਂ ‘ਮੌਲਾ’ ਨਹੀਂ ਕਹਿਣਾ। ਅਸੀਂ ਤਾਂ ਈਸ਼ਵਰ ਕਹਿਣਾ। ਫਿਰ ਮੁੱਖ ਅਧਿਆਪਕਾ ਨੇ ਦੁਆ ਬਦਲ ਦਿੱਤੀ। ਨਵੀਂ ਦੁਆ ਸੀ-ਪਰਵਰਦਗਾਰੇ ਆਲਮ, ਮੈਂ ਹੂੰ ਦੀਵਾਨਾ ਤੇਰਾ।
ਸਾਡੀ ਮੁੱਖ ਅਧਿਆਪਕਾ ਦਾ ਨਾਂ ਅਨਾਇਤ ਬੇਗ਼ਮ ਸੀ। ਉਹ ਬਾਲ ਵਿਧਵਾ ਸੀ। ਉਨ੍ਹਾਂ ਦਾ ਘਰ ਸਕੂਲ ’ਚ ਹੀ ਸੀ। ਦੁਰਗਾਵਤੀ, ਵਾਰਸੀ ਤੇ ਰਾਮ ਪਿਆਰੀ; ਉਸ ਸਕੂਲ ’ਚ ਤਿੰਨ ਅਧਿਆਪਕ ਹੋਰ ਵੀ ਸਨ। ਅਸੀਂ ਪੰਜਵੀਂ ਕਰ ਲਈ। ਅਨਾਇਤ ਬੇਗ਼ਮ ਨੇ ਕੁਝ ਕੁੜੀਆਂ ਨੂੰ ਮਿਡਲ ਪਾਸ ਕਰਨ ਲਈ ਪ੍ਰੇਰਿਆ, ਪਰ ਮਸਲਾ ਇਹ ਸੀ ਕਿ ਅਗਾਂਹ ਪੜ੍ਹੀਏ ਕਿੱਥੇ? ਉਨ੍ਹਾਂ ਆਖਿਆ- ਤੁਸੀਂ ਹਰ ਮਹੀਨੇ ਮੈਨੂੰ ਥੋੜ੍ਹੇ-ਥੋੜ੍ਹੇ ਪੈਸੇ ਲਿਆ ਕੇ ਦੇਣੇ ਨੇ। ਮੈਂ ਤੁਹਾਡੇ ਵਾਸਤੇ ਨਵੇਂ ਅਧਿਆਪਕ ਰੱਖ ਲਵਾਂਗੀ।
ਮੈਂ, ਸਈਦਾ, ਹੁਸਨ ਆਰਾ, ਸੰਤੋਸ਼, ਕੁਲਵੰਤ, ਮੁਮਤਾਜ਼ ਤੇ ਅੱਤਰੀ; ਦਸ ਕੁੜੀਆਂ ਨੇ ਅੱਠਵੀਂ ਦੀ ਪੜ੍ਹਾਈ ਸ਼ੁਰੂ ਕੀਤੀ। ਅਸੀਂ ਇੱਕ-ਦੂਜੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਕੋਈ ਕੁੜੀ ਇਕੱਲੀ ਵੀ ਰਹਿ ਗਈ, ਉਹ ਤਾਂ ਵੀ ਅੱਠਵੀਂ ਜ਼ਰੂਰ ਪਾਸ ਕਰੇਗੀ। ਮੁੱਖ ਅਧਿਆਪਕਾ ਨੇ ਕਿਹਾ ਸੀ ਕਿ ਜੇਕਰ ਇਕੱਲੀ ਕੁੜੀ ਵੀ ਰਹਿ ਜਾਏਗੀ ਤਾਂ ਉਹ ਉਸ ਨੂੰ ਵੀ ਪੜ੍ਹਾਵੇਗੀ।
ਮੁਮਤਾਜ਼ ਅਮੀਰਾਂ ਦੀ ਕੁੜੀ ਸੀ। ਬਾਕੀ ਕੁੜੀਆਂ ਡੇਢ-ਡੇਢ ਰੁਪਈਆ ਮਹੀਨਾ ਦਿੰਦੀਆਂ ਸਨ, ਪਰ ਮੁਮਤਾਜ਼ ਪੰਜ ਰੁਪਏ। ਜਦੋਂ ਮੁਮਤਾਜ਼ ਸਕੂਲੋਂ ਹਟ ਗਈ ਤਾਂ ਸਾਡੀ ਨਵੀਂ ਰੱਖੀ ਅਧਿਆਪਕਾ ਵੀ ਹਟ ਗਈ ਕਿ ਪੰਜਾਂ ਰੁਪਈਆਂ ਵਾਲੀ ਕੁੜੀ ਤਾਂ ਗਈ। ਬਾਕੀ ਕੁੜੀਆਂ ਵੀ ਹੌਲੀ-ਹੌਲੀ ਹਟਦੀਆਂ ਗਈਆਂ। ਆਖ਼ਰ ’ਚ ਮੈਂ ਇਕੱਲੀ ਰਹਿ ਗਈ। ਅੱਠਵੀਂ ਸਿਰਫ਼ ਮੈਂ ਹੀ ਪਾਸ ਕੀਤੀ।
ਸੰਤਾਲੀ ’ਚ ਜਦੋਂ ਰੌਲੇ ਪਏ ਤਾਂ ਸਾਡੇ ਪਿੰਡ ’ਚ ਵੀ ਅਮਨ ਕਮੇਟੀ ਬਣ ਗਈ। ਮੇਰੇ ਪਿਤਾ ਜੀ ਵੀ ਉਸ ਅਮਨ ਕਮੇਟੀ ਦੇ ਮੈਂਬਰ ਸਨ। ਜਦੋਂ ਗੜਬੜ ਹੋਈ, ਉਨ੍ਹੀਂ ਦਿਨੀਂ ਮੇਰੇ ਪਿਤਾ ਜੀ ਅਸਾਮ ਗਏ ਹੋਏ ਸਨ। ਉੱਥੇ ਰਾਮਗੜ੍ਹੀਆ ਕਾਨਫਰੰਸ ਹੋ ਰਹੀ ਸੀ। ਉਦੋਂ ਹਰਿਆਣੇ ’ਚ ਵੀ ਕੈਂਪ ਲੱਗਿਆ ਸੀ। ਬਲੋਚ ਰਜਮੈਂਟ ਨੇ ਖੇਤਾਂ ’ਚ ਕੰਮ ਕਰਦੇ ਦੋ ਤਿੰਨ ਹਿੰਦੂ-ਸਿੱਖ ਮਾਰ ਦਿੱਤੇ। ਲੋਕਾਂ ਨੂੰ ਗੁੱਸਾ ਚੜ੍ਹਿਆ ਤੇ ਉਨ੍ਹਾਂ ਹਰਿਆਣੇ ’ਤੇ ਹਮਲਾ ਕਰ ਦਿੱਤਾ। ਹਰਿਆਣੇ ਦੇ ਮੁਸਲਮਾਨ ਆਪੋ ਆਪਣੇ ਘਰਾਂ ’ਚ ਹੀ ਵੱਸ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਇਉਂ ਲੱਗਦਾ ਸੀ ਕਿ ਸਾਨੂੰ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ। ਸਾਡੇ ਘਰ ਦੇ ਸਾਹਮਣੇ ਮੁਮਤਾਜ਼ ਦਾ ਘਰ ਸੀ। ਅਸੀਂ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਕਿ ਧਾੜਵੀ ਇਸ ਘਰ ’ਚੋਂ ਤਿੰਨ ਕੁੜੀਆਂ ਨੂੰ ਖਿੱਚ ਕੇ ਲੈ ਗਏ। ਉਹ ਸਾਡਾ ਨਾਂ ਲੈ-ਲੈ ਕੇ ’ਵਾਜ਼ਾਂ ਮਾਰਦੀਆਂ ਰਹੀਆਂ -ਸਾਨੂੰ ਬਚਾ ਲਓ। ਉਨ੍ਹਾਂ ਕੁੜੀਆਂ ਨੂੰ ਅਮਨ ਕਮੇਟੀ ਵਾਲੇ ਛੇਤੀ ਵਾਪਸ ਲੈ ਆਏ ਸਨ। ਅਸੀਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲ ਕੇ ਵੀ ਆਈਆਂ ਸਾਂ।
ਇਸ ਘਟਨਾ ਤੋਂ ਬਾਅਦ ਸਾਰੇ ਮੁਸਲਮਾਨ ਘਰ ਛੱਡ ਕੇ ਕੈਂਪ ’ਚ ਚਲੇ ਗਏ ਤੇ ਥੋੜ੍ਹੇ ਦਿਨਾਂ ਬਾਅਦ ਟਰੱਕਾਂ ’ਚ ਬੈਠ ਕੇ ਪਾਕਿਸਤਾਨ ਵੱਲ ਤੁਰ ਗਏ। ਓਧਰ ਜਾ ਕੇ ਵੀ ਇੱਕ ਦੋ ਕੁੜੀਆਂ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ, ਫਿਰ ਹੌਲੀ-ਹੌਲੀ ਸਭ ਕੁਝ ਮੁੱਕ ਮੁਕਾ ਗਿਆ। ਜਿਹੜੇ ਸੰਤਾਲੀ ਤੋਂ ਬਾਅਦ ਆਏ, ਉਹ ਵੀ ਹੌਲੀ-ਹੌਲੀ ਹਰਿਆਣਾ ਛੱਡ ਕੇ ਜਾਂਦੇ ਰਹੇ। ਸੰਤਾਲੀ ਦਾ ਉੱਜੜਿਆ ਹਰਿਆਣਾ ਹੁਣ ਤਕ ਨਹੀਂ ਵਸਿਆ।” ਬੀਬੀ ਮਹਿੰਦਰ ਕੌਰ ਹਉਕਾ ਭਰਦਿਆਂ ਚੁੱਪ ਹੋ ਗਏ।
“ਤੁਹਾਡੀ ਮੁੱਖ ਅਧਿਆਪਕਾ ਦਾ ਕੀ ਬਣਿਆ?” ਮੈਂ ਸਵਾਲ ਕੀਤਾ।
“ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਉਹ ਆਪਣੀਆਂ ਭੈਣਾਂ ਕੋਲ ਲੁਧਿਆਣੇ ਗਏ ਹੋਏ ਸਨ। ਉਨ੍ਹਾਂ ਨੂੰ ਲੁਧਿਆਣੇ ਤੋਂ ਹੀ ਓਧਰ ਜਾਣਾ ਪੈ ਗਿਆ ਸੀ। ਉਨ੍ਹਾਂ ਦਾ ਸਾਰਾ ਸਾਮਾਨ ਹਰਿਆਣੇ ’ਚ ਹੀ ਰਹਿ ਗਿਆ ਸੀ। ਅਕਤੂਬਰ ਮਹੀਨੇ ਦੇ ਆਖ਼ਰੀ ਦਿਨਾਂ ’ਚ ਮੇਰੇ ਨਾਂ ਹੈੱਡ-ਟੀਚਰ ਅਨਾਇਤ ਬੇਗ਼ਮ ਦੀ ਚਿੱਠੀ ਆਈ ਸੀ।”
ਬੀਬੀ ਮਹਿੰਦਰ ਕੌਰ ਨੇ ਉਦਾਸ ਜਿਹਾ ਮੁਸਕਰਾਉਂਦਿਆਂ ਕੋਲ ਪਏ ਫੋਲਡਰ ’ਚੋਂ ਬੜੇ ਅਦਬ ਨਾਲ ਇੱਕ ਪੁਰਾਣਾ ਕਾਗਜ਼ ਕੱਢਦਿਆਂ ਪੜ੍ਹਨਾ ਸ਼ੁਰੂ ਕੀਤਾ, ‘ਬਰਖ਼ੁਰਦਾਰੀ ਮਹਿੰਦਰ ਕੌਰ, ਉਮਰ ਦਰਾਜ ਹੋ। ਬਾਅਦ ਦੁਆਏ ਖੈਰ ਕੇ ਵਾਜ਼ਿਆ ਹੋ ਮੈਂ ਛੁੱਟੀਆਂ ਹੋਨੇ ਪਰ ਆਠ-ਆਠ ਸੰਤਾਲੀ ਸੇ ਹਰਿਆਨਾ ਸੇ ਨਿਕਲੀ ਹੋਈ ਹੂੰ। ਮੇਰੇ ਨਿਕਲਨੇ ਕੇ ਚੰਦ ਰੋਜ਼ ਬਾਅਦ ਹੀ ਰਸਤੇ ਔਰ ਗਾਡੀਆਂ ਖ਼ਤਰਨਾਕ ਤਰੀਕੇ ਸੇ ਬੰਦ ਹੋ ਗਏ। ਮੈਂ ਵਾਪਸ ਹਰਿਆਨਾ ਨਹੀਂ ਆ ਸਕੀ। ਇਸ ਬਦਅਮਨੀ ਮੇਂ ਲੁਧਿਆਣਾ ਸੇ ਹੀ ਲਾਇਲਪੁਰ ਪਹੁੰਚੀ, ਕਿਉਂਕਿ ਮਸਊਦਾ ਬੇਗ਼ਮ ਕੀ ਯਹਾਂ ਗੌਰਮਿੰਟ ਹਾਈ ਸਕੂਲ ਮੇਂ ਤਬਦੀਲੀ ਹੋ ਗਈ ਥੀ। ਮੈਂ ਉਸ ਕੇ ਪਾਸ ਹੂੰ। ਮੈਂ ਆਪਨੇ ਹਮਰਾਹ ਘਰ ਸੇ ਪਹਿਨਨੇ ਕੇ ਕੱਪਡੇ ਤੱਕ ਨਹੀਂ ਲਾ ਸਕੀ। ਮੁਝੇ ਵਾਜ਼ਿਆ ਤੌਰ ਪਰ ਤਹਿਰੀਰ ਕਰੇਂ ਕਿ ਆਯਾ ਮੇਰਾ ਮਕਾਨ ਮੁਕੰਮਲ ਹੈ, ਔਰ ਮੇਰਾ ਸਾਮਾਨ ਮਹਿਫੂਜ਼ ਹੈ? ਅਗਰ ਮੇਰਾ ਮਕਾਨ ਔਰ ਸਾਮਾਨ ਮਹਿਫੂਜ਼ ਹੈਂ ਤੋ ਮੈਂ ਕਿਸ ਤਰੀਕੇ ਸੇ ਅਪਨੇ ਪਹਿਨਨੇ ਕੇ ਗਰਮ ਕੱਪਡੇ ਔਰ ਬਿਸਤਰ ਵਗੈਰਾ ਲੇ ਸਕਤੀ ਹੂੰ? ਅਗਰ ਕੋਈ ਤਰੀਕਾ ਹੋ ਸਕਤਾ ਹੋ ਤੋ ਉਮੀਦ ਹੈ ਕਿ ਤੁਮ ਮੁਝੇ ਜ਼ਰੂਰ ਮੁਤਲਾਹ ਕਰੋਗੀ, ਕਿਉਂਕਿ ਮੈਂ ਹਮੇਸ਼ਾਂ ਸੇ ਤੁਝ ਪਰ ਭਰੋਸਾ ਰੱਖਤੀ ਰਹੀ ਹੂੰ। ਔਰ ਇੰਸ਼ਾਅਲਾਹ ਅਬ ਭੀ ਤਵੱਕੋ ਰੱਖੇ ਹੂੰ। ਚੰਦ ਰੋਜ਼ ਹੂਏ ਹੈ ਮੈਨੇ ਉਸਤਾਨੀ ਦੁਰਗਾਵਤੀ ਕੇ ਨਾਮ ਵੀ ਚਿੱਠੀ ਲਿਖੀ ਥੀ ਕਿ ਆਯਾ ਤਨਖਾਹੇਂ ਆਈ ਹੈ ਜਾਂ ਨਹੀਂ। ਹਮੇਂ ਤਨਖਾਹੇਂ ਮਾਹ ਜੂਨ ਸੇ ਨਹੀਂ ਮਿਲੀ ਥੀ। ਤਨਖ਼ਾਹ ਕੇ ਬਾਬਤ ਵੀ ਉਸਤਾਨੀ ਦੁਰਗਾਵਤੀ ਸੇ ਜਾਂ ਅਪਨੇ ਬਾਪ ਕੇ ਜ਼ਰੀਏ ਜਿਸ ਤਰ੍ਹਾਂ ਮਾਲੂਮ ਹੋ, ਮੁਝੇ ਜ਼ਰੂਰ ਬਤਾ ਦੇਨਾ। ਤਾਕੀਦ ਹੈ। ਉਮੀਦ ਹੈ ਕਿ ਸਕੂਲ ਖੁੱਲ੍ਹ ਗਿਆ ਹੋਗਾ। ਜਵਾਬ ਜ਼ਰੂਰ ਦੇਨਾ। ਜਲਦੀ ਦੇ। ਤੁਮਾਹਰੀ ਉਸਤਾਨੀ। ਅਨਾਇਤ ਬੇਗ਼ਮ।’
ਖ਼ਤ ਪੜ੍ਹਨ ਮਗਰੋਂ ਬੀਬੀ ਮਹਿੰਦਰ ਕੌਰ ਅੱਖਾਂ ਪੂੰਝਦਿਆਂ ਬੋਲੇ-ਮੈਂ ਅੱਜ ਜੋ ਕੁਝ ਵੀ ਹਾਂ, ਉਸਤਾਨੀ ਅਨਾਇਤ ਬੇਗ਼ਮ ਕਰਕੇ ਹਾਂ। ਅਫ਼ਸੋਸ ਕਿ ਮੈਂ ਉਨ੍ਹਾਂ ਦੀ ਕੋਈ ਮਦਦ ਨਾ ਕਰ ਸਕੀ। ਪਤਾ ਨਹੀਂ ਕਿੰਨੇ ਵਰ੍ਹੇ ਉਹ ਮੇਰਾ ਖ਼ਤ ਉਡੀਕਦੇ ਰਹੇ ਹੋਣਗੇ। ਗਰਮ ਕੱਪੜਿਆਂ ਬਗ਼ੈਰ ਉਨ੍ਹਾਂ ਉਹ ਸਿਆਲ ਕਿੰਜ ਕੱਟਿਆ ਹੋਵੇਗਾ! ਪੌਣੀ ਸਦੀ ਬੀਤ ਗਈ ਏ। ਬਿਨਾਂ ਸ਼ੱਕ ਉਸਤਾਨੀ ਜੀ ਕਦੋਂ ਦੇ ਕਬਰ ’ਚ ਪੈ ਗਏ ਹੋਣਗੇ। ਅੱਜ ਵੀ ਜਦੋਂ ਮੈਂ ਉਨ੍ਹਾਂ ਦਾ ਲਿਖਿਆ ਖ਼ਤ ਪੜ੍ਹਦੀ ਹਾਂ, ਉਹ ਮੈਨੂੰ ਠਿਠਰਦੇ ਹੋਏ ਵਿਖਾਈ ਦਿੰਦੇ ਨੇ!”
ਗੱਲ ਮੁੱਕੀ ਤਾਂ ਬੀਬੀ ਮਹਿੰਦਰ ਕੌਰ ਹੋਰਾਂ ਦੇ ਝੁਰੜਾਏ ਚਿਹਰੇ ’ਤੇ ਸੰਘਣਾ ਪਛਤਾਵਾ ਸੀ।
ਸੰਪਰਕ: 97818-43444