ਮੁੰਬਈ: ਕਰੋਨਾ ਕਾਰਨ ਕਈ ਵਾਰ ਮੁਲਤਵੀ ਹੋਣ ਮਗਰੋਂ ਅਮਿਤਾਭ ਬੱਚਨ ਦੀ ਫਿਲਮ ‘ਝੁੰਡ’ ਚਾਰ ਮਾਰਚ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਮਰਾਠੀ ਬਲੌਕਬਸਟਰ ਫਿਲਮ ‘ਸੈਰਾਟ’ ਅਤੇ 2013 ਵਿਚ ਆਈ ਫਿਲਮ ‘ਫੈਨਡਰਾਈ’ ਲਈ ਮਸ਼ਹੂਰ ਨਾਗਰਾਜ ਪੋਪਟਰਾਓ ਮੰਜੁਲੇ ਦੇ ਨਿਰਦੇਸ਼ਨ ਹੇਠ ਬਣੀ ਇਹ ਪਹਿਲੀ ਹਿੰਦੀ ਫਿਲਮ ਹੈ। ‘ਟੀ-ਸੀਰੀਜ਼’, ‘ਤਾਂਡਵ ਫਿਲਮਜ਼ ਐਂਟਰਟੇਨਮੈਂਟ’ ਅਤੇ ‘ਅਟਪਟ’ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਅਤਿਮਾਭ ਬੱਚਨ ਨੇ ਨਾਗਪੁਰ ਦੇ ਸੇਵਾਮੁਕਤ ਖੇਡ ਅਧਿਆਪਕ ਵਿਜੈ ਬਰਸੇ ਦੀ ਭੂਮਿਕਾ ਨਿਭਾਈ ਹੈ, ਜੋ ਝੁੱਗੀਆਂ-ਝੌਂਪੜੀਆਂ ਵਿੱਚ ਫੁਟਬਾਲ ਦੀ ਲਹਿਰ ਸ਼ੁਰੂ ਕਰਦਾ ਹੈ। ਅਦਾਕਾਰ ਨੇ ਟਵਿੱਟਰ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਇਸ ਟੋਲੀ ਨਾਲ ਮੁਕਾਬਲਾ ਕਰਨ ਲਈ ਤਿਆਰ ਰਹੋ। ਸਾਡੀ ਟੀਮ ਆ ਰਹੀ ਹੈ। ‘ਝੁੰਡ’ 4 ਮਾਰਚ 2022 ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ।’’
ਇਸ ਫਿਲਮ ਨੂੰ ਪਹਿਲਾਂ 2020 ਵਿਚ ਅਤੇ ਮਗਰੋਂ ਜੂਨ 2021 ਵਿਚ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਕਰੋਨਾ ਕਾਰਨ ਦੋਵੇਂ ਵਾਰ ਇਸ ਦੀ ਤਾਰੀਕ ਅੱਗੇ ਪਾ ਦਿੱਤੀ ਗਈ ਸੀ। ਅਖੀਰ ਹੁਣ ਇਹ ਫਿਲਮ ਇਸ ਸਾਲ 4 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਰਾਜ ਹੀਰੇਮਠ, ਸਵਿਤਾ ਰਾਜ ਹੀਰੇਮਠ, ਮੰਜੁਲੇ, ਗਾਰਗੀ ਕੁਲਕਰਨੀ ਅਤੇ ਮੀਨੂ ਅਰੋੜਾ ਫਿਲਮ ਦੇ ਨਿਰਮਾਤਾ ਹਨ। -ਪੀਟੀਆਈ