ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਕਿ ਉਸ ਨੇ ਅਦਾਕਾਰ ਪ੍ਰਭਾਸ ਨਾਲ ਬਹੁ-ਭਾਸ਼ਾਈ ਫਿਲਮ ਦੀ ਸ਼ੂੁਟਿੰਗ ਸ਼ੁਰੂ ਕੀਤੀ ਹੈ, ਜਿਸ ਦਾ ਨਾਮ ਹਾਲੇ ਨਹੀਂ ਰੱਖਿਆ ਗਿਆ। ਸਾਲ 2018 ਦੀ ਕੌਮੀ ਐਵਾਰਡ ਜੇਤੂ ਫਿਲਮ ‘ਮਹਾਨਤੀ’ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਨਾਗ ਅਸ਼ਿਵਨ ਇਸ ਪ੍ਰਾਜੈਕਟ ਦਾ ਨਿਰਦੇਸ਼ਨ ਕਰ ਰਿਹਾ ਹੈ, ਜਿਸ ਦਾ ਆਰਜ਼ੀ ਸਿਰਲੇਖ ‘ਪ੍ਰਾਜੈਕਟ ਕੇ’ ਰੱਖਿਆ ਗਿਆ ਹੈ। ਇਸ ਫਿਲਮ ਵਿੱਚ ਦੀਪਿਕਾ ਪਾਦੂਕੋਣ ਵੀ ਦਿਖਾਈ ਦੇਵੇਗੀ। ਬੱਚਨ ਨੇ ਟਵਿੱਟਰ ’ਤੇ ਪ੍ਰਭਾਸ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਲਿਖਿਆ, ‘‘ਪਹਿਲਾ ਦਿਨ… ਪਹਿਲਾ ਸ਼ੂਟ… ‘ਬਾਹੂਬਲੀ’ ਪ੍ਰਭਾਸ ਨਾਲ ਪਹਿਲੀ ਫਿਲਮ… ਅਤੇ ਉਸ ਦੀ ਅਦਾ, ਹੁਨਰ ਅਤੇ ਬੇਪਨਾਹ ਨਿਮਰਤਾ ਸਮਝਣ ਦਾ ਮਾਣ ਮਿਲਿਆ।’’ ਪ੍ਰਭਾਸ ਨੇ ਬੱਚਨ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਪੇਜ ’ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਕਿ ਉਸ ਲਈ ਇਹ ਪਲ ਇੱਕ ਸੁਫ਼ਨਾ ਸਾਕਾਰ ਹੋਣ ਵਾਂਗ ਹੈ। ਉਸ ਨੇ ਟਵੀਟ ਕੀਤਾ, ‘‘ਮਹਾਨ ਅਮਿਤਾਭ ਬੱਚਨ ਸਰ ਨਾਲ ਅੱਜ ‘ਪ੍ਰਾਜੈਕਟ ਕੇ’ ਦਾ ਪਹਿਲਾ ਸ਼ੂਟ ਖ਼ਤਮ ਕੀਤਾ।’’ ਪਿਛਲੇ ਸਾਲ ਜੁਲਾਈ ਵਿੱਚ ਪ੍ਰਭਾਸ ਨੇ ਹੈਦਰਾਬਾਦ ਦੇ ਰਾਮੋਜੀ ਫਿਲਮ ਸਿਟੀ ਵਿੱਚ ਬੱਚਨ ਦੀ ਫਿਲਮ ਦੇ ਮਹੂਰਤ ਸ਼ੂਟ ਲਈ ਕਲੈਪ ਕੀਤਾ ਸੀ। -ਪੀਟੀਆਈ