ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ 70ਵੇਂ ਦਹਾਕੇ ਵਿੱਚ ਰਿਲੀਜ਼ ਹੋਈਆਂ ਫਿਲਮਾਂ ਲੰਮਾ ਸਮਾਂ ਚੱਲਦੀਆਂ ਸਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਆਪਣੀ ਜਵਾਨੀ ਦੇ ਦਿਨਾਂ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਦਿਖਾਈ ਦੇ ਰਹੇ ਹਨ। ਬਿੱਗ ਬੀ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਸ ਤਸਵੀਰ ਨਾਲ ਕੈਪਸ਼ਨ ਵਿੱਚ ਲਿਖਿਆ, ‘‘1970 ਦਾ ਦਹਾਕਾ… ਅਤੇ ਉਹ ਸਾਲ ਜਦੋਂ ਫਿਲਮਾਂ 50 ਹਫ਼ਤੇ ਅਤੇ 100 ਹਫ਼ਤਿਆਂ ਤੱਕ ਚੱਲਦੀਆਂ ਸਨ… ਅਤੇ ਉਨ੍ਹਾਂ ਵਿੱਚੋਂ 6-7 ਤਾਂ ਇੱਕੋ ਸਾਲ ਵਿੱਚ ਰਿਲੀਜ਼ ਹੋਈਆਂ… ਡੌਨ, ਕਸਮੇਂ ਵਾਅਦੇ, ਤ੍ਰਿਸ਼ੂਲ, ਮੁਕੱਦਰ ਕਾ ਸਿਕੰਦਰ, ਗੰਗਾ ਕੀ ਸੁਗੰਧ ਤੇ ਹੋਰ… ਅਤੇ ਇਹ ਸਭ 50 ਹਫ਼ਤਿਆਂ ਤੋਂ ਵੀ ਉੱਪਰ ਚੱਲੀਆਂ… ਹੁਣ ਓਟੀਟੀ(ਓਵਰ ਦਿ ਟੌਪ) ਦੇ ਲੱਖਾਂ ਲੋਕ ਸਫ਼ਲਤਾ ਦੇ ਗ੍ਰਾਫ਼ ਬਣਾਉਂਦੇ ਹਨ।’’ ਬੌਲੀਵੁੱਡ ਅਦਾਕਾਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਹੌਲੀਵੁੱਡ ਦੀ ਹਿੱਟ ਫਿਲਮ ‘ਦਿ ਇੰਟਰਨ’ ਦੇ ਹਿੰਦੀ ਰੀਮੇਕ ਵਿੱਚ ਭੂਮਿਕਾ ਨਿਭਾਉਣਗੇ। ਹੌਲੀਵੁੱਡ ਹਿੱਟ ਫਿਲਮ ਨੈਨਸੀ ਮੇਅਰਜ਼ ਦੇ ਨਿਰਦੇਸ਼ਨ ਹੇਠ ਬਣੀ ਸੀ ਅਤੇ ਉਸ ਵਿੱਚ ਰੋਬਰਟ ਡੀ ਨੀਰੋ ਅਤੇ ਐਨੀ ਹੈਥਵੇਅ ਨੇ ਮੁੱਖ ਰੋਲ ਨਿਭਾਏ ਸਨ। ਇਸ ਫਿਲਮ ਵਿੱਚ ਅਮਿਤਾਭ ਨਾਲ ਦੀਪਿਕਾ ਪਾਦੂਕੋਣ ਮੁੱਖ ਭੂਮਿਕਾ ਨਿਭਾ ਰਹੀ ਹੈ ਅਤੇ ਫਿਲਮ ਦਾ ਨਿਰਦੇਸ਼ਨ 2018 ਦੀ ਮਸ਼ਹੂਰ ਕਾਮੇਡੀ ਫਿਲਮ ‘ਬਧਾਈ ਹੋ’ ਬਣਾਉਣ ਵਾਲੇ ਨਿਰਦੇਸ਼ਕ ਅਮਿਤ ਰਵਿੰਦਰਨਾਥ ਸ਼ਰਮਾ ਕਰ ਰਹੇ ਹਨ। -ਆਈਏਐੱਨਐੱਸ