ਮੁੰਬਈ, 28 ਫਰਵਰੀ
ਬੌਲੀਵੁੱਡ ਦੇ ਮਹਾਨ ਅਦਾਕਾਰ ਅਮਿਤਾਭ ਬੱਚਨ ਨੇ ਆਖਿਆ ਕਿ ਉਹ ਅੱਖਾਂ ਦੇ ਮੋਤੀਏ ਦੇ ਅਪਰੇਸ਼ਨ ਕਾਰਨ ਜ਼ੇਰੇ ਇਲਾਜ ਹਨ। 78 ਸਾਲਾ ਅਦਾਕਾਰਾ ਨੇ ਇਸ ਸਬੰਧੀ ਵੇਰਵੇ ਨਹੀਂ ਦਿੱਤੇ ਅਤੇ ਚਿੰਤਤ ਪ੍ਰਸ਼ੰਸਕ ਉਸ ਦੀ ਜਲਦੀ ਸਿਹਤਯਾਬੀ ਕਾਮਨਾ ਕਰ ਰਹੇ ਹਨ। ਹਾਲਾਂਕਿ ਅਦਾਕਾਰ ਦੇ ਦਫ਼ਤਰ ਵੱਲੋਂ ਵੀ ਅਧਿਕਾਰਤ ਤੌਰ ’ਤੇ ਇਸ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ ਗਿਆ ਪਰ ਰਿਪੋਰਟਾਂ ਹਨ ਕਿ ਅਦਾਕਾਰ ਦਾ ਅੱਖਾਂ ਦੇ ਮੋਤੀਏ ਦਾ ਅਪਰੇਸ਼ਨ ਹੋ ਰਿਹਾ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਜਾਵੇਗਾ। ਅਮਿਤਾਭ ਨੇ ਸ਼ਨਿੱਚਰਵਾਰ ਦੇਰ ਰਾਤ ਆਪਣੇ ਬਲੌਗ ’ਚ ਲਿਖਿਆ,‘‘ਸਿਹਤ ਦੀ ਹਾਲਤ… ਸਰਜਰੀ… ਲਿਖ ਨਹੀਂ ਸਕਦਾ।’’ ਪਿਛਲੇ ਕੁਝ ਘੰਟਿਆਂ ਤੋਂ ਉਸ ਦੇ ਚਾਹੁਣ ਵਾਲੇ ਸੋਸ਼ਲ ਮੀਡੀਆ ’ਤੇ ਉਸ ਦੀ ਤੰਦਰੁਸਤੀ ਲਈ ਦੁਆਵਾਂ ਕਰ ਰਹੇ ਹਨ। ਜਾਣਕਾਰੀ ਅਨੁਸਾਰ ਅਮਿਤਾਭ ਨੇ ਤੈਅਸ਼ੁਦਾ ਪ੍ਰੋਗਰਾਮ ਨਾਲ ਇਸ ਵਰ੍ਹੇ ਦੀ ਸ਼ੁਰੂਆਤ ਕੀਤੀ ਸੀ। ਉਸ ਦੀਆਂ ਇਸ ਸਾਲ ਪੰਜ ਫ਼ਿਲਮਾਂ ਆਉਣ ਵਾਲੀਆਂ ਹਨ। ਉਸ ਦੀ ਅਗਲੀ ਫ਼ਿਲਮ ‘ਚਿਹਰੇ’ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਵਿੱਚ ਇਮਰਾਨ ਹਾਸ਼ਮੀ ਤੇ ਰੀਆ ਚੱਕਰਵਰਤੀ ਵੀ ਨਜ਼ਰ ਆਉਣਗੇ। ਅਦਾਕਾਰ ਉਮਰ ਦੇ ਇਸ ਪੜਾਅ ’ਤੇ ਵੀ ਫ਼ਿਲਮ ‘ਮੇਅਡੇਅ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੇ ਨਿਰਦੇਸ਼ਕ ਅਜੈ ਦੇਵਗਨ ਹਨ ਅਤੇ ਇਸ ਫ਼ਿਲਮ ਵਿੱਚ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਏਗੀ। ਜਾਣਕਾਰੀ ਅਨੁਸਾਰ ਪਿਛਲੇ ਸਾਲ ਕਰੋਨਾ ਟੈਸਟ ਪਾਜ਼ੇਟਿਵ ਆਉਣ ਕਾਰਨ ਅਮਿਤਾਭ ਬੱਚਨ, ਉਸ ਦੇ ਪੁੱਤਰ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਅਰਾਧਿਆ ਨੂੰ ਹਸਪਤਾਲ ਦਾਖ਼ਲ ਕਰਨਾ ਪਿਆ ਸੀ। ਹਾਲ ਹੀ ਵਿਚ ਅਮਿਤਾਭ ਪ੍ਰਸਿੱਧ ਸ਼ੋਅ ‘ਕੌਨ ਬਨੇਗਾ ਕਰੋੜ’ ਦੀ ਮੇਜ਼ਬਾਨੀ ਤੋਂ ਵਿਹਲੇ ਹੋਏ ਹਨ। -ਆਈਏਐੱਨਐੱਸ