ਮੁੰਬਈ: ਬੌਲੀਵੁਡ ਸੁਪਰਸਟਾਰ ਅਮਿਤਾਭ ਬੱਚਨ ਨੇ ਪੁਰਾਣੇ ਚੰਗੇ ਦਿਨਾਂ ਨੂੰ ਯਾਦ ਕਰਦਿਆਂ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਬਿੱਗ ਬੀ ਨੇ ਅੱਜ ਇੰਸਟਾਗ੍ਰਾਮ ’ਤੇ ਤਸਵੀਰ ਪੋਸਟ ਕਰਦਿਆਂ ਉਸ ਦੀ ਕੈਪਸ਼ਨ ’ਚ ਲਿਖਿਆ, ‘’ਅੱਛੇ ਦਿਨ ਥੇ ਯਾਰ!! ਇਸ ਤਸਵੀਰ ਵਿੱਚ ਅਮਿਤਾਭ ਚਿੱਟੀ ਕਮੀਜ਼ ਅਤੇ ਕਾਲੇ ਚਮੜੇ ਦੀ ਜੈਕੇਟ ਤੇ ਡੈਨਿਮ ਪੈਂਟ ਵਿਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੁਪਰਸਟਾਰ ਨੇ ਲੰਬੇ ਭੂਰੇ ਬੂਟ ਅਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ। ਇਸ ਤਸਵੀਰ ਵਿਚ ਉਸ ਦੇ ਹੱਥ ਕੈਮਰਾ ਵੀ ਹੈ। ਇਹ ਤਸਵੀਰ ਸਾਂਝੀ ਕਰਨ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਦਿਲ ਤੇ ਫਾਇਰ ਦੀਆਂ ਇਮੋਜੀ ਨਾਲ ਪਿਆਰ ਜ਼ਾਹਿਰ ਕੀਤਾ ਹੈ। ਇਕ ਪ੍ਰਸੰਸਕ ਨੇ ਲਿਖਿਆ, ‘ਤੁਸੀਂ ਹਾਲੇ ਵੀ ਜਵਾਨ ਹੋ।’ ਇਕ ਹੋਰ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘‘ਐਵਰਗਰੀਨ ਹੈਂਡਸਮ।’ ਬਿੱਗ ਬੀ ਨੂੰ ਆਖ਼ਰੀ ਵਾਰ ਫਿਲਮ ‘ਉਂਚਾਈ’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿਚ ਅਨੁਪਮ ਖੇਰ, ਪਰਿਨੀਤੀ ਚੋਪੜਾ ਅਤੇ ਬੋਮਨ ਇਰਾਨੀ ਮੁੱਖ ਭੂਮਿਕਾਵਾਂ ਵਿੱਚ ਹਨ। ਸੂਰਜ ਬੜਜਾਤੀਆ ਵਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਸੀ। ਅਮਿਤਾਭ ਅਗਲੀ ਵਾਰ ਨਾਗ ਅਸ਼ਵਿਨ ਦੇ ਨਿਰਦੇਸ਼ਨ ’ਚ ‘ਪ੍ਰਾਜੈਕਟ ਕੇ’ ਵਿੱਚ ਨਜ਼ਰ ਆਉਣਗੇ। -ਏਐੱਨਆਈ