ਮੁੰਬਈ: ਅਦਾਕਾਰ ਅਮਿਤਾਭ ਬੱਚਨ ਮੁੜ ਕਰੋਨਾ ਪਾਜ਼ੇਟਿਵ ਹੋ ਗਏ ਹਨ। ਮੰਗਲਵਾਰ ਦੇਰ ਰਾਤ ਉਨ੍ਹਾਂ ਟਵੀਟ ਕੀਤਾ ਕਿ ‘ਮੇਰੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ।’ ਉਨ੍ਹਾਂ ਪਿਛਲੇ ਦਿਨੀਂ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ। ਬਿੱਗ ਬੀ ਇਸ ਵੇਲੇ ‘ਕੌਣ ਬਨੇਗਾ ਕਰੋੜਪਤੀ-14’ ਦੀ ਮੇਜ਼ਬਾਨੀ ਕਰ ਰਹੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇਕਰ ਅਦਾਕਾਰ ਦੀ ਸਿਹਤ ਵਿਗੜਦੀ ਹੈ ਤਾਂ ਸ਼ੋਅ ਦੀ ਸ਼ੂਟਿੰਗ ’ਤੇ ਵੀ ਇਸ ਦਾ ਅਸਰ ਪਏੇਗਾ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਅਮਿਤਾਭ ਬੱਚਨ ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ-ਭਾਗ 1: ਸ਼ਿਵਾ’, ‘ਉਂਚਾਈ’, ‘ਗੁੱਡਬਾਏ’ ਅਤੇ ਤੇਲਗੂ ਅਦਾਕਾਰ ਪ੍ਰਭਾਸ ਨਾਲ ਫਿਲਮ ‘ਆਦਿ ਪੁਰੁਸ਼’ ਵਿੱਚ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਜੁਲਾਈ 2020 ਵਿੱਚ ਵੀ ਅਦਾਕਾਰ ਕਰੋਨਾ ਦੀ ਜ਼ੱਦ ਵਿੱਚ ਆਉਣ ਮਗਰੋਂ ਕੁਝ ਦਿਨ ਨਾਨਾਵਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਰਿਹਾ ਸੀ। -ਆਈਏਐੱਨਐੱਸ