ਮੁੰਬਈ: ਤਾਮਿਲ, ਤੇਲਗੂ ਅਤੇ ਮਲਿਆਲਮ ਫ਼ਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੀ ਅਦਾਕਾਰਾ ਅਮਾਲਾ ਪਾਲ, ਬੌਲੀਵੁੱਡ ਅਦਾਕਾਰ ਅਜੈ ਦੇਗਵਨ ਦੀ ਫ਼ਿਲਮ ‘ਭੋਲਾ’ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹੈ। ‘ਭੋਲਾ’ 2019 ਦੀ ਸੁਪਰਹਿੱਟ ਤਾਮਿਲ ਫ਼ਿਲਮ ‘ਕੈਥੀ’ ਦਾ ਹਿੰਦੀ ਰੀਮੇਕ ਹੈ। ਫ਼ਿਲਮ ਦੀ ਕਹਾਣੀ ਇਕ ਕੈਦੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੀ ਧੀ ਨੂੰ ਮਿਲਣ ਦਾ ਫ਼ੈਸਲਾ ਕਰਦਾ ਹੈ। ਉਹ ਪੁਲੀਸ ਅਤੇ ਡਰੱਗ ਮਾਫੀਆ ਵਿਚਕਾਰ ਹੋਏ ਝਗੜੇ ਵਿੱਚ ਉਲਝ ਜਾਂਦਾ ਹੈ। ‘ਭੋਲਾ’ ਅਜੈ ਦੇ ਨਿਰਦੇਸ਼ਨ ਵਾਲੀ ਚੌਥੀ ਫ਼ਿਲਮ ਹੈ। ਫ਼ਿਲਮ ਵਿੱਚ ਅਜੈ ਦੇਵਗਨ ਖੁਦ ਅਤੇ ਅਦਾਕਾਰਾ ਤੱਬੂ ਮੁੱਖ ਭੂਮਿਕਾਵਾਂ ਨਿਭਾਉਣਗੇ। ‘ਭੋਲਾ’ ਤੋਂ ਇਲਾਵਾ ਇਹ ਅਦਾਕਾਰ ਫ਼ਿਲਮ ‘ਦ੍ਰਿਸ਼ਅਮ 2’ ਵਿੱਚ ਵੀ ਨਜ਼ਰ ਆਉਣਗੇ। ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ, ਇਸ ਫ਼ਿਲਮ ਵਿੱਚ ਅਕਸ਼ੈ ਖੰਨਾ, ਸ੍ਰੀਆ ਸਰਨ, ਰਜਤ ਕਪੂਰ ਤੇ ਇਸ਼ਿਤਾ ਦੱਤਾ ਵੀ ਹਨ। -ਏਐੱਨਆਈ