ਨਵੀਂ ਦਿੱਲੀ: ਸਾਊਥ ਦੀਆਂ ਫਿਲਮਾਂ ਦੇ ਸਿਤਾਰੇ ਅੱਲੂ ਅਰਜੁਨ ਨੇ ਐਕਸ਼ਨ ਡਰਾਮਾ ਫਿਲਮ ‘ਪੁਸ਼ਪਾ: ਦਿ ਰੂਲ’ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਕੁਬਾ ਬ੍ਰੋਜ਼ੇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਦਾਕਾਰ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਕੁਬਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿੱਚ ਅੱਲੂ ਅਰਜੁਨ ਦਾੜੀ ਵਿੱਚ ਦਿਖਾਈ ਦੇ ਰਿਹਾ ਹੈ ਤੇ ਉਸ ਨੇ ਚਿੱਟੇ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਲੜੀ ਦੀ ਪਹਿਲੀ ਫ਼ਿਲਮ ‘ਪੁਸ਼ਪਾ: ਦਿ ਰਾਈਜ਼’ ਨੂੰ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ ਤੇ ਹੁਣ ਫ਼ਿਲਮ ਦਾ ਅਗਲਾ ਭਾਗ ਤਿਆਰ ਹੋਣ ਦੀ ਮਿਲੀ ਖ਼ਬਰ ਮਗਰੋਂ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਕੁਬਾ ਦੀ ਪੋਸਟ ’ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਫਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦੀ ਸ਼ੂਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੀ ਸੂਚਨਾ ਦਿੱਤੀ ਗਈ ਸੀ। ਫਿਲਮ ਦੇ ਪਹਿਲੇ ਭਾਗ ਦਾ ਨਿਰਦੇਸ਼ਨ ਸੁਕੁਮਾਰ ਵੱਲੋਂ ਕੀਤਾ ਗਿਆ ਸੀ, ਜੋ ਪਿਛਲੇ ਸਾਲ 17 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ। ਹਾਲਾਂਕਿ ‘ਪੁਸ਼ਪਾ: ਦਿ ਰੂਲ’ ਨੂੰ ਰਿਲੀਜ਼ ਕਰਨ ਸਬੰਧੀ ਹਾਲੇ ਨਿਰਮਾਤਾਵਾਂ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। -ਏਐੱਨਆਈ