ਚੰਡੀਗੜ੍ਹ: ਆਲੀਆ ਭੱਟ ਨੇ ਦੋ ਹਫ਼ਤੇ ਪਹਿਲਾਂ ਇੰਸਟਾਗ੍ਰਾਮ ’ਤੇ ਸੈਲਫ਼ੀ ਸਾਂਝੀ ਕਰਦਿਆਂ ਐਲਾਨ ਕੀਤਾ ਸੀ ਕਿ ਉਹ ਫ਼ਿਲਮ ‘ਹਾਰਟ ਆਫ ਸਟੋਨਜ਼’ ਨਾਲ ਹੌਲੀਵੁੱਡ ’ਚ ਪੈਰ ਧਰੇਗੀ। ਉਸ ਨੇ ਆਖਿਆ ਸੀ, ‘‘…ਹੁਣ ਮੈਂ ਆਪਣੀ ਪਹਿਲੀ ਹੌਲੀਵੁੱਡ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹਾਂ..! ਇੱਕ ਵਾਰ ਫਿਰ ਫ਼ਿਲਮੀ ਜਗਤ ’ਚ ਨਵੇਂ ਆਇਆਂ ਵਰਗਾ ਅਹਿਸਾਸ ਹੋ ਰਿਹਾ ਹੈ..! ਕਾਫੀ ਘਬਰਾਹਟ ਹੋ ਰਹੀ ਹੈ… ਮੈਨੂੰ ਦੁਆਵਾਂ ਦਿਓ।’’ ਅੱਜ ਅਦਾਕਾਰਾ ਨੇ ਲੰਡਨ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਦੌਰਾਨ ਫੁਰਸਤ ਦੇ ਪਲਾਂ ’ਚ ਆਪਣੀ ਸਹੇਲੀ ਤਾਨਿਆ ਸਾਹਾ ਗੁਪਤਾ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਦੋਵੇਂ ਜਣੀਆਂ ਪਾਰਕ ਵਿੱਚ ਮੌਜ-ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਆਲੀਆ ਨੇ ਚਿੱਟੇ ਰੰਗ ਦੀ ਪੁਸ਼ਾਕ ਪਾਈ ਹੋਈ ਹੈ, ਜਦਕਿ ਤਾਨਿਆ ਨੇ ਚਿੱਟੇ ਰੰਗ ਦੇ ਟੌਪ ਨਾਲ ਡੈਨਿਮ ਦੀ ਜੀਨ ਪਹਿਨੀ ਹੋਈ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਆਲੀਆ ਨੇ ਲੇਖਕ ਅਮੇਡਸ ਵੁਲਫ ਦੀ ਇੱਕ ਸਤਰ ਸਾਂਝੀ ਕੀਤੀ ਹੈ, ‘‘ਕਈ ਵਾਰ ਸਭ ਤੋਂ ਦਿਲਚਸਪ ਕੰਮ ਕਿਸੇ ਨਾਲ ਗੱਲਬਾਤ ਕਰਨਾ ਹੁੰਦਾ ਹੈ।’’ ਆਲੀਆ ਦੀ ਤਸਵੀਰ ’ਤੇ ਸਭ ਤੋਂ ਪਹਿਲੀ ਪ੍ਰਤੀਕਿਰਿਆ ਉਸ ਦੀ ਨਨਾਣ ਕ੍ਰਿਸ਼ਮਾ ਕਪੂਰ ਦੀ ਆਈ, ਜਿਸ ਨੇ ਲਿਖਿਆ, ‘ਖ਼ੂਬਸੂਰਤ ਲੜਕੀਆਂ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਲੀਆ ਨੇ ਆਪਣੀਆਂ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਉਹ ਇੱਕ ਪਾਰਕ ਵਿੱਚ ਬੈਠੀ ਮਿੱਠੀ-ਮਿੱਠੀ ਧੁੱਪ ਦਾ ਆਨੰਦ ਮਾਣ ਰਹੀ ਹੈ। ਆਲੀਆ ਅੱਖਾਂ ਬੰਦ ਕਰਕੇ ਘਾਹ ’ਤੇ ਪਈ ਹੈ। ਆਲੀਆ ਨੇ ਆਖਿਆ, ‘ਮੈਨੂੰ ਮੇਰੇ ਹਿੱਸੇ ਦਾ ਸੂਰਜ ਦੇ ਦਿਓ, ਮੈਂ ਆਪਣੇ ਰਾਹ ਚਲੀ ਜਾਵਾਂਗੀ।’ -ਟ੍ਰਿਬਿਊਨ ਵੈੱਬ ਡੈਸਕ