ਮੁੰਬਈ: ਕਰੋਨਾ ਨਾਲ ਜੂਝ ਰਹੀ ਬੌਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਹੁਣ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਆਲੀਆ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਖਿਆ,‘‘ਕਰੋਨਾ ਤੋਂ ਮੁਕਤੀ ਮਿਲਣਾ ਚੰਗੀ ਗੱਲ ਹੈ।’’ ਇਸ ਦੌਰਾਨ ਅਨਿਲ ਕਪੂਰ, ਕੈਟਰੀਨਾ ਕੈਫ, ਦੀਆ ਮਿਰਜ਼ਾ ਅਤੇ ਟਿਸਕਾ ਚੋਪੜਾ ਸਮੇਤ ਆਲੀਆ ਦੇ ਪ੍ਰਸ਼ੰਸਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਜਾਣਕਾਰੀ ਅਨੁਸਾਰ ਲੰਘੀ 2 ਅਪਰੈਲ ਨੂੰ ਆਲੀਆ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਤੋਂ ਇਲਾਵਾ ਆਲੀਆ ਦੀਆਂ ਕਈ ਫ਼ਿਲਮਾਂ ਆਉਣ ਵਾਲੀਆਂ ਹਨ, ਜਿਨ੍ਹਾਂ ’ਚ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’, ਨਿਰਦੇਸ਼ਕ ਐੱਸਐੱਸ ਰਾਜਾਮੌਲੀ ਦੀ ਫ਼ਿਲਮ ‘ਆਰਆਰਆਰ’ ਅਤੇ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ਸ਼ਾਮਲ ਹਨ। ਆਲੀਆ ਫ਼ਿਲਮ ‘ਡਾਰਲਿੰਗ’ ਨਾਲ ਪ੍ਰੋਡਿਊਸਰ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਕੋ-ਪ੍ਰੋਡਿਊਸਰ ਸ਼ਾਹਰੁਖ ਖਾਨ ਹੈ। -ਆਈਏਐੱਨਐੱਸ
ਰਾਹੁਲ ਰੌਏ ਤੇ ਪਰਿਵਾਰ ਕਰੋਨਾ ਪਾਜ਼ੇਟਿਵ
ਮੁੰਬਈ: ਅਦਾਕਾਰ ਰਾਹੁਲ ਰੌਏ ਨੇ ਅੱਜ ਆਖਿਆ ਿਕ ਉਸ ਦੀ, ਭੈਣ ਪ੍ਰਿਯੰਕਾ ਅਤੇ ਜੀਜਾ ਰੋਮੀਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਦਾਕਾਰ ਨੂੰ ਸਮਝ ਨਹੀਂ ਆ ਰਹੀ ਕਿ ਉਸ ਦੀ ਅਤੇ ਪਰਿਵਾਰ ਦੀ ਘਰੇ ਰਹਿੰਦਿਆਂ ਜਾਂ ਬਗੈਰ ਕਿਸੇ ਦੇ ਸੰਪਰਕ ਵਿੱਚ ਆਇਆਂ ਕਰੋਨਾ ਰਿਪੋਰਟ ਪਾਜ਼ੇਟਿਵ ਕਿਵੇਂ ਆ ਗਈ ਹੈ। ਰਾਹੁਲ ਨੇ ਆਖਿਆ,‘‘ਮੇਰੀ ਕਰੋਨਾ ਕਹਾਣੀ। ਲੰਘੀ 27 ਮਾਰਚ ਨੂੰ ਮੇਰੇ ਗੁਆਂਢੀਆਂ ਦੇ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਅਸੀਂ ਸਾਵਧਾਨੀ ਵਰਤਦਿਆਂ ਆਪਣਾ ਰਿਹਾਇਸ਼ੀ ਫਲੈਟ 14 ਦਿਨਾਂ ਲਈ ਬੰਦ ਕਰ ਦਿੱਤਾ। ਮੈਂ ਤੇ ਮੇਰਾ ਪਰਿਵਾਰ ਨੇ 11 ਅਪਰੈਲ ਨੂੰ ਦਿੱਲੀ ਜਾਣਾ ਸੀ। ਅਸੀਂ 7 ਅਪਰੈਲ ਨੂੰ ਮੈਟਰੋਪੌਲਿਸ ਲੈਬ ਵਿੱਚ ਪੀਆਰਪੀਸੀਆਰ ਟੈਸਟ ਕਰਵਾਇਆ, ਜਿਸ ਦੀ ਰਿਪੋਰਟ 10 ਅਪਰੈਲ ਨੂੰ ਆਈ ਹੈ। ਰਿਪੋਰਟ ਅਨੁਸਾਰ ਮੇਰਾ ਪੂਰਾ ਪਰਿਵਾਰ ਕਰੋਨਾ ਪਾਜ਼ੇਟਿਵ ਆਇਆ ਹੈ, ਜਿਨ੍ਹਾਂ ਵਿੱਚ ਰੋਮੀਰਸੇਨ ਅਤੇ ਪ੍ਰਿਯੰਕਾਰੌਏ ਸ਼ਾਮਲ ਹਨ। ਸਾਡੇ ਵਿੱਚ ਕਰੋਨਾ ਦਾ ਕੋਈ ਲੱਛਣ ਨਹੀਂ ਸੀ। ਸਾਨੂੰ ਉਸੇ ਦਿਨ ਪਤਾ ਲੱਗਿਆ ਕਿ ਬੀਐੱਮਸੀ ਅਫ਼ਸਰ ਪੂਰੀ ਸੁਸਾਇਟੀ ਦੇ ਟੈਸਟ ਕਰ ਰਹੇ ਹਨ ਅਤੇ ਅਸੀਂ ਐਂਟੀਜਨ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਇਸ ਤੋਂ ਥੋੜ੍ਹਾ ਸਮਾਂ ਬਾਅਦ ਅਸੀਂ ਨੇੜਲੀ ਇਕ ਲੈਬ ਵਿੱਚ ਮੁੜ ਆਰਟੀਪੀਸੀਆਰ ਲਈ ਸੈਂਪਲ ਦਿੱਤੇ, ਜਿਸ ਦੀ ਰਿਪੋਰਟ ਹਾਲੇ ਮਿਲਣੀ ਬਾਕੀ ਹੈ।’’ -ਆਈਏਐੱਨਐੱਸ