ਮੁੰਬਈ: ਅਦਾਕਾਰ ਅਲੀ ਫਜ਼ਲ ਨੂੰ ਇਸ ਵਾਰ ਬੁਸਾਨ ਕੌਮਾਂਤਰੀ ਫਿਲਮ ਮੇਲੇ ਵਿੱਚ ਇਸ ਵਾਰ ਏਸ਼ੀਆ ਕੰਟੈਂਟ ਐਵਾਰਡ ਲਈ ਸਰਬੋਤਮ ਅਦਾਕਾਰ ਦੀ ਕੈਟਾਗਰੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਨਾਮਜ਼ਦਗੀ ਅਲੀ ਨੂੰ ਨੈੱਟਫਲਿਕਸ ’ਤੇ ਸਤਿਆਜੀਤ ਰੇਅ ਦੇ ਕੰਮ ’ਤੇ ਆਧਾਰਿਤ ਸੀਰੀਜ਼ ਦੇ ਅੰਕ ‘ਫੋੋਰਗੈੱਟ ਮੀ ਨੌਟ’ ਵਿੱਚ ਇਸਪਿਤ ਨਾਇਰ ਦੇ ਕਿਰਦਾਰ ਨੂੰ ਨਿਭਾਉਣ ਲਈ ਮਿਲੀ ਹੈ। ਇਸ ਮੌਕੇ ਅਲੀ ਨੇ ਕਿਹਾ, ‘ਇਹ ਮੇਰੇ ਲਈ ਬਿਲਕੁਲ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸੀ। ਇਸ ਨਾਮਜ਼ਦਗੀ ਲਈ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਇਸ ਐਵਾਰਡ ਲਈ ਤੁਹਾਨੂੰ ਵਿਚਾਰਿਆ ਜਾਣਾ ਬਹੁਤ ਵੱਡੀ ਗੱਲ ਹੈ।’ ਅਦਾਕਾਰ ਨੇ ਕਿਹਾ ਇਸ ਸਾਲ ਬਹੁਤ ਹੀ ਵਧੀਆ ਕੰਮ ਹੋਇਆ ਹੈ ਤੇ ਅਜਿਹੇ ਬਾਕਮਾਲ ਕੰਮ ਵਿੱਚ ਤੁਹਾਨੂੰ ਨਾਮਜ਼ਦਗੀ ਮਿਲਣਾ ਮਾਣ ਵਾਲੀ ਗੱਲ ਹੈ। ਸ੍ਰਿਜੀਤ ਮੁਖਰਜੀ ਵੱਲੋਂ ਨਿਰਦੇਸ਼ਿਤ ਇਹ ਅੰੰਕ ਸਤਿਆਜੀਤ ਰੇਅ ਦੀ ਕਹਾਣੀ ‘ਬਿਪਿਨ ਚੌਧਰੀ ਕਾ ਸਮ੍ਰਿਤੀ ਭਰਮ’ ਦੀ ਤਰਜਮਾਨੀ ਵਰਤਮਾਨ ਦੇ ਸੰਦਰਭ ਵਿੱਚ ਕਰਦੀ ਹੈ। ਇਸ ਵਿੱਚ ਅਲੀ ਫਜ਼ਲ ਨੇ ਇੱਕ ਅਜਿਹੇ ਕਾਰਪੋਰੇਟ ਦੀ ਭੂਮਿਕਾ ਨਿਭਾਈ ਹੈ, ਜਿਸ ਦਾ ਚੇਤਾ ਕੰਪਿਊਟਰ ਵਰਗਾ ਹੈ ਤੇ ਜੋ ਕਿਸੇ ਨੂੰ ਵੀ ਮੁਆਫ਼ ਨਹੀਂ ਕਰਦਾ। -ਆਈਏਐੱਨਐੱਸ