ਨਵੀਂ ਦਿੱਲੀ: ਅਦਾਕਾਰ ਅਲੀ ਫੈਜ਼ਲ ਤੇ ਰਿਚਾ ਚੱਢਾ ਦੇ ਵਿਆਹ ਦੀਆਂ ਰਸਮਾਂ ਅੱਜ ਇਥੇ ਸ਼ੁਰੂ ਹੋ ਗਈਆਂ ਹਨ। ਇਸ ਜੋੜੀ ਨੇ ਵਿਆਹ ਤੋਂ ਪਹਿਲਾਂ ਆਪਣੇ ਚਾਹੁਣ ਵਾਲਿਆਂ ਲਈ ਇਕ ਆਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਸਾਲ 2020 ਵਿੱਚ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਸੀ। ਅਲੀ ਤੇ ਰਿਚਾ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਅੱਜ ਦੋਵਾਂ ਦੇ ਘਰ ਮਹਿੰਦੀ ਦੀਆਂ ਰਸਮਾਂ ਤੇ ਗੀਤ-ਸੰਗੀਤ ਪ੍ਰੋਗਰਾਮ ਹੋਇਆ। ਭਲਕੇ ਸ਼ੁੱਕਰਵਾਰ ਨੂੰ ਅਦਾਕਾਰ ਜੋੜੀ ਵੱਲੋਂ ਇਕ ਪਾਰਟੀ ਕੀਤੀ ਜਾਵੇਗੀ, ਜਿਸ ’ਚ ਰਾਤ ਦਾ ਭੋਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਹ 4 ਅਕਤੂਬਰ ਨੂੰ ਮੁੰਬਈ ਵਿੱਚ ਵਿਆਹ ਕਰਾਉਣਗੇ। ਰਿਚਾ ਨੇ ਆਖਿਆ, ‘ਦੋ ਸਾਲ ਪਹਿਲਾਂ ਅਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਤੇ ਉਦੋਂ ਕਰੋਨਾ ਮਹਾਮਾਰੀ ਫੈਲ ਗਈ, ਜਿਸ ਕਾਰਨ ਸਾਡੇ ਵਿਆਹ ਦਾ ਪ੍ਰੋਗਰਾਮ ਸਿਰੇ ਨਹੀਂ ਚੜ੍ਹ ਸਕਿਆ।’ ਆਡੀਓ ’ਚ ਅਲੀ ਕਹਿੰਦਾ ਸੁਣਾਈ ਦੇ ਰਿਹਾ ਹੈ, ‘ਸਾਰੇ ਦੇਸ਼ ਵਾਸੀਆਂ ਵਾਂਗ ਅਸੀਂ ਦੋਵੇਂ ਵੀ ਇੱਕ ਤੋਂ ਬਾਅਦ ਇਕ ਬਿਪਤਾ ਵਿੱਚ ਘਿਰੇ ਰਹੇ। ਆਖ਼ਰਕਾਰ ਹੁਣ ਅਸੀਂ ਸਾਰੇ ਇਸ ਮੌਕੇ ’ਤੇ ਆਪਣੇ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਦਾ ਆਸ਼ੀਰਵਾਦ ਲੈਣ ਜਾ ਰਹੇ ਹਾਂ… ਧੰਨਵਾਦ।’ -ਆਈਏਐੱਨਐੱਸ