ਹਰਕੰਵਲ ਕੰਗ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਵਿਚ ਜਨਮਿਆ ਸਰਦੂਲ ਸਿਕੰਦਰ ਪੰਜਾਬੀ ਗਾਇਕੀ ਵਿਚ ਆਪਣੀਆਂ ਅਮਿੱਟ ਪੈੜਾਂ ਪਾਉਂਦਾ ਹੋਇਆ ਪਿਛਲੇ ਦਿਨੀਂ ਉਦੋਂ ਸਦੀਵੀ ਵਿਛੋੜਾ ਦੇ ਗਿਆ ਜਦੋਂ ਪੰਜਾਬੀ ਗਾਇਕੀ ਨੂੰ ਉਸ ਵਰਗੇ ਸੁਰਾਂ ਦੇ ਸਿਕੰਦਰ ਦੀ ਡਾਢੀ ਲੋੜ ਸੀ। ਉਹ ਪੰਜਾਬੀ ਗਾਇਕੀ ਦਾ ਮੁਹਾਣ ਬਦਲਣ ਦੇ ਸਮਰੱਥ ਗਵੱਈਆ ਸੀ। ਸ਼ਾਇਦ ਉਸ ਨੂੰ ਇਹ ਗਿਲਾ ਵੀ ਰਿਹਾ ਹੋਵੇ ਕਿ ਸਰਕਾਰਾਂ ਨੇ ਉਸ ਦੀ ਕਲਾ ਦਾ ਮੁੱਲ ਨਹੀਂ ਪਾਇਆ, ਪਰ ਸਰੋਤਿਆਂ ਨੇ ਉਸ ਨੂੰ ਮਣਾਮੂੰਹੀ ਪਿਆਰ ਦੇ ਕੇ ਇਹ ਸੱਲ ਭੁਲਾ ਦਿੱਤਾ।
15 ਜਨਵਰੀ 1961 ਨੂੰ ਪਿਤਾ ਸਾਗਰ ਮਸਤਾਨਾ ਤੇ ਮਾਤਾ ਲੀਲਾਵਤੀ ਦੇ ਘਰ ਜਦੋਂ ਉਸ ਨੇ ਜਨਮ ਲਿਆ ਤਾਂ ਪਰਿਵਾਰ ਗੁਰਬਤ ਹੰਢਾ ਰਿਹਾ ਸੀ, ਪਰ ਹੁਣ ਉਹ ਮਹਿਲਾਂ ਦਾ ਮਾਲਕ ਸੀ। ਉਸ ਨੂੰ ਸੰਗੀਤਕ ਮਾਹੌਲ ਵਿਰਾਸਤ ਵਿਚ ਹੀ ਮਿਲਿਆ। ਤਿੰਨ ਭਰਾਵਾਂ ਵਿਚੋਂ ਉਹ ਸਭ ਤੋਂ ਛੋਟਾ ਸੀ। ਪੰਜਾਬੀ ਸੰਗੀਤ ਜਗਤ ਵਿਚ ਪੱਕੇ ਪੈਰੀਂ ਹੋਣ ਲਈ ਉਸ ਨੂੰ ਆਪਣੇ ਉਸਤਾਦਾਂ ਵਰਗੇ ਵੱਡੇ ਭਾਈ ਗਮਦੂਰ ਅਮਨ ਦੀ ਸਰਪ੍ਰਸਤੀ ਮਿਲੀ ਅਤੇ ਉਹ ਆਪਣੇ ਭਰਾ ਭਰਭੂਰ ਅਲੀ ਦੀ ਉਂਗਲ ਲੱਗ ਕੇ ਸੰਗੀਤਕ ਮਹਿਫ਼ਲਾਂ ਵਿਚ ਪੁੱਜਣ ਲੱਗਾ। ਇਹ ਤਿੰਨੋਂ ਭਰਾ ਸ਼ੁਰੂਆਤੀ ਦੌਰ ਵਿਚ ਰੇਡੀਓ ਦੇ ਮਾਨਤਾ ਪ੍ਰਾਪਤ ਕਲਾਕਾਰ ਸਨ। ਸਰਦੂਲ ਹੋਰੀਂ ਗਮਦੂਰ ਅਮਨ ਦੀ ਅਗਵਾਈ ਹੇਠ ਕਿਸੇ ਸਮੇਂ ਖੁਮਾਣੋਂ ਦੀ ਰਾਮਲੀਲਾ ਵਿਚ ਸੰਗੀਤ ਦਿੰਦੇ ਹੁੰਦੇ ਸਨ ਅਤੇ ਇੱਥੇ ਹੀ ਉਹ ਸਟੇਜ ’ਤੇ ਕੁਲਦੀਪ ਮਾਣਕ, ਨਰਿੰਦਰ ਬੀਬਾ ਦੇ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦਾ। ਸੁਰਾਂ ਦਾ ਇਹ ਸਿਕੰਦਰ ਪਿਛਲੇ ਕੁਝ ਸਮੇਂ ਤੋਂ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰ ਰਿਹਾ ਸੀ। ਪਤਨੀ ਅਮਰ ਨੂਰੀ ਨੇ ਆਪਣਾ ਗੁਰਦਾ ਦੇ ਕੇ ਜੀਵਨ ਸਾਥੀ ਹੋਣ ਦਾ ਫਰਜ਼ ਨਿਭਾ ਦਿੱਤਾ, ਪਰ ਸਰਦੂਲ ਆਖਿਰ ਛੱਡ ਗਿਆ।
ਜਦੋਂ ਅਸੀਂ ਸਰਦੂਲ ਦੀ ਗਾਇਕੀ ਦੇ ਮੁੱਢਲੇ ਸਫ਼ਰ ਉੱਤੇ ਝਾਤ ਮਾਰਦੇ ਹਾਂ ਤਾਂ ਸ਼ੁਰੂਆਤ ਵਿਚ ਉਸ ਨੇ ‘ਜੱਟ ਹੇਠ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਰਾਹਣਾ’ ਅਤੇ ‘ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ’ ਵਰਗੇ ਗੀਤ ਗਾਏ। ਪੇਸ਼ੇਵਰ ਗਾਇਕੀ ਵਿਚ ਸਰਦੂਲ ਦਾ ਸਫ਼ਰ ‘ਰੋਡਵੇਜ਼ ਦੀ ਲਾਰੀ’ ਨਾਲ 1980 ਵਿਚ ਸ਼ੁਰੂ ਹੋਇਆ। ਸੰਗੀਤ ਸਮਰਾਟ ਚਰਨਜੀਤ ਅਹੂਜਾ ਦੀ ਸੰਗੀਤਕ ਨਿਰਦੇਸ਼ਨਾ ਵਿਚ ਸਰਦੂਲ ਨੇ ਐੱਚਐੱਮਵੀ ਵਰਗੀਆਂ ਵੱਡੀਆਂ ਕੰਪਨੀਆਂ ਦੀਆਂ ਧਾਰਨਾਵਾਂ ਨੂੰ ਤੋੜ ਕੇ ਸਫਲਤਾ ਦੇ ਝੰਡੇ ਗੱਡ ਦਿੱਤੇ। ਇਹ ਪਹਿਲੀ ਵਾਰ ਸੀ ਕਿ ਚਰਨਜੀਤ ਅਹੂਜਾ ਨੇ ਆਪਣੇ ਇਸ ਲਾਡਲੇ ਸ਼ਾਗਿਰਦ ਨੂੰ ਐੱਚਐੱਮਵੀ ਕੰਪਨੀ ਤੋਂ ਜਵਾਬ ਮਿਲਣ ਬਾਅਦ ਖ਼ੁਦ ਰਿਕਾਰਡ ਕਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਸਰਦੂਲ ਜੋ ਛੁਪਿਆ ਹੋਇਆ ਹੀਰਾ ਸੀ, ਰਾਤੋ ਰਾਤ ਸਟਾਰ ਬਣ ਕੇ ਪੰਜਾਬੀ ਸੰਗੀਤ ਜਗਤ ਵਿਚ ਆਪਣੀ ਸੁਗੰਧ ਬਿਖੇਰਨ ਲੱਗਾ। ਬਸ! ਫਿਰ ਕੀ ਸੀ, ਉਸ ਦਾ ਅਜਿਹਾ ਸੰਗੀਤਕ ਸਫ਼ਰ ਸ਼ੁਰੂ ਹੋਇਆ, ਜਿਸ ਨੇ ਪੰਜਾਬੀ ਗਾਇਕੀ ਨੂੰ ਉੱਚੇ ਮੁਕਾਮ ’ਤੇ ਪਹੁੰਚਾ ਦਿੱਤਾ। ਇਹ ਸਫ਼ਰ ਉਦੋਂ ਹੋਰ ਵੀ ਸੁਹਾਨਾ ਹੋ ਗਿਆ ਜਦੋਂ ਉਸ ਦੀ ਸਹਿ ਗਾਇਕਾ ਅਮਰ ਨੂਰੀ ਨਾਲ ਉਸ ਦਾ ਵਿਆਹ ਹੋ ਗਿਆ। ਜਦੋਂ ਸਰਦੂਲ ਰੋਪੜ ਵਿਖੇ ਨੂਰੀ ਦੇ ਪੇਕੇ ਘਰ ਬਰਾਤ ਲੈ ਕੇ ਢੁਕਿਆ ਤਾਂ ਸਾਰਾ ਸ਼ਹਿਰ ਹੀ ਬਰਾਤ ਦੇਖਣ ਲਈ ਉਮੜ ਪਿਆ ਸੀ। ਇਸ ਤੋਂ ਉਸ ਦੇ ਲੋਕਾਂ ਸਿਰ ਚੜ੍ਹ ਬੋਲਦੇ ਜਾਦੂ ਦਾ ਪਤਾ ਲੱਗਦਾ ਹੈ। ਉਨ੍ਹਾਂ ਘਰ ਦੋ ਪੁੱਤਰਾਂ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਨੇ ਜਨਮ ਲਿਆ ਜੋ ਆਪਣੀ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ।
ਸਰਦੂਲ ਨੇ ਇਕ ਤੋਂ ਵਧ ਕੇ ਇਕ ਕੈਸੇਟਾਂ ਕੱਢ ਕੇ ਸਰੋਤਿਆਂ ਦੇ ਦਿਲਾਂ ਵਿਚ ਜਗ੍ਹਾ ਬਣਾ ਲਈ। ਉਸ ਦੀਆਂ ਸਦਾਬਹਾਰ ਕੈਸੇਟਾਂ ’ਚ ‘ਯਾਰੀ ਪਰਦੇਸੀਆਂ ਦੀ’, ‘ਡੋਲੀ ਮੇਰੀ ਮਸ਼ੂਕ ਦੀ’, ‘ਲੰਡਨ ਵਿਚ ਬਹਿ ਗਈ’, ‘ਨਖਰਾ ਜਨਾਬ ਦਾ’, ‘ਹੁਸਨਾਂ ਦੇ ਮਾਲਕੋ’, ‘ਹਈਆ ਹੋ’, ‘ਆ ਜਾ ਸੋਹਣੀਏ’ ਅਤੇ ‘ਸੌਰੀ ਰੌਂਗ ਨੰਬਰ’ ਦਾ ਨਾਂ ਲਿਆ ਜਾ ਸਕਦੈ। ਜਲੰਧਰ ਦੂਰਦਰਸ਼ਨ ਤੋਂ ਸਰਦੂਲ ਦੀ ਗਾਇਕੀ ਦਾ ਸਫ਼ਰ ਨਾਲੋ ਨਾਲ ਜਾਰੀ ਰਿਹਾ। ਸਟੇਜ ਦਾ ਉਹ ਧਨੀ ਸੀ। ਅਕਸਰ, ਉਹ ਸਰੋਤਿਆਂ ਨੂੰ ਆਪਣੇ ਨਾਲ ਤੋਰ ਲੈਂਦਾ ਅਤੇ ਆਪਣੇ ਕਾਲੇ ਰੰਗ ਦਾ ਰੱਬ ਨੂੰ ਉਲਾਂਭਾ ਇਸ ਤਰ੍ਹਾਂ ਦਿੰਦਾ:
ਰੱਬਾ ਕਾਲੇ ਜਹਾਨ ’ਤੇ ਪੈਦਾ ਕਿਉਂ ਕੀਤੇ
ਸਾਨੂੰ ਨੀਂ ਗੋਰੇ ਪਸੰਦ ਕਰਦੇ
ਉਸ ਦੇ ਸਦਾਬਹਾਰ ਗੀਤਾਂ ਵਿਚ ‘ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ’, ‘ਨੀਂ ਫੁੱਲਾਂ ਦੀਏ ਕੱਚੀਏ ਵਪਾਰਨੇ’, ‘ਤੂੰ ਟਿਕਟ ਕਟਾ ਲਈ ਚੋਰੀ ਚੋਰੀ’,
‘ਤੇਰਾ ਲਿਖ ਦੂੰ ਸਫੈਦਿਆਂ ’ਤੇ ਨਾਂ’ ‘ਸਿੱਖ ਲੈ ਕਲੈਹਰੀਆ ਮੋਰਾ ਤੁਰਨਾ ਤੋਰ ਪੰਜਾਬਣ ਦੀ’ ‘ਠੁਮਕਾ’, ‘ਖ਼ਤ ਟੁਕੜੇ ਟੁਕੜੇ’, ‘ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ’, ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ’, ‘ਮਿੱਤਰਾਂ ਨੂੰ ਮਾਰ ਗਿਆ ਤੇਰਾ ਠੁਮਕਾ’ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ ਟੱਪੇ, ਮਾਹੀਆ, ਲੋਕ ਗਾਥਾਵਾਂ ਸਮੇਤ ਗਾਇਕੀ ਦੀ ਹਰ ਵੰਨਗੀ ਨੂੰ ਬਾਖ਼ੂਬੀ ਗਾਇਆ। ਬਕੌਲ ਚਰਨਜੀਤ ਅਹੂਜਾ ਸਰਦੂਲ ਪੰਜਾਬੀ ਗਾਇਕੀ ਦਾ ਚਹੁੰਮੁਖੀਆ ਦੀਵਾ ਸੀ। ਉਸ ਵਿਚੋਂ ਲੋਕ ਨੁਸਰਤ ਫਤਿਹ ਅਲੀ ਖਾਨ ਦੀ ਗਾਇਕੀ ਨੂੰ ਦੇਖਦੇ ਸਨ। ਜੇ ਉਹ ਕੀਰਤਨ ਕਰਦਾ ਤਾਂ ਬੇਹੱਦ ਸ਼ਿੱਦਤ ਨਾਲ, ਜੇ ਉਹ ਮਾਤਾ ਦੀਆਂ ਭੇਟਾ ਗਾਉਂਦਾ ਤਾਂ ਫਿਰ ਉਹ ਮਾਤਾ ਦਾ ਭਗਤ ਹੀ ਲੱਗਦਾ ਅਤੇ ਦਰਦ ਭਰੇ ਗੀਤ ਗਾਉਣ ਵਿਚ ਤਾਂ ਉਸ ਦਾ ਕੋਈ ਸਾਨੀ ਹੀ ਨਹੀਂ ਸੀ। ਗੱਲ ਕੀ ਉਹ ਗਾਇਕੀ ਦੀ ਹਰ ਵਿਧਾ ਨੂੰ ਨਿਭਾਉਣ ਵਾਲਾ ਪਰਿਪੱਕ ਫ਼ਨਕਾਰ ਸੀ। ਉਹ ਬੇਹੱਦ ਅਨੁਸ਼ਾਸਿਤ ਸੀ ਅਤੇ ਸਾਰੀ ਉਮਰ ਰਿਆਜ਼ ਕਰਨਾ ਨਹੀਂ ਭੁੱਲਿਆ ਤੇ ਕਲਾ ਨੂੰ ਸਮਰਪਿਤ ਇਸ ਜਿਊੜੇ ਨੇ ਪੈਰ ਵੀ ਨਹੀਂ ਛੱਡੇ ਸਨ। ਉਹ ਆਖ਼ਰੀ ਸਾਹਾਂ ਤਕ ਆਪਣੀ ਜੰਮਣ ਭੋਂਇ ਨਾਲ ਜੁੜਿਆ ਰਿਹਾ ਅਤੇ ਵਿਵਾਦਾਂ ਤੋਂ ਦੂਰ ਰਿਹਾ। ਮੀਰ ਆਲਮਾਂ ਵਿਚੋਂ ਹੋਣ ਕਰਕੇ ਉਹ ਹਾਸੇ ਹਾਸੇ ਵਿਚ ਗੰਭੀਰ ਗੱਲਾਂ ਕਹਿ ਜਾਂਦਾ। ਜੀਵਨ ਭਰ ਰਾਜਨੀਤੀ ਤੋਂ ਦੂਰ ਰਹੇ ਸਰਦੂਲ ਨੇ ਆਪਣੇ ਅੰਦਰਲੇ ਕਲਾਕਾਰ ਨੂੰ ਕਿਸੇ ਨਾ ਕਿਸੇ ਰੂਪ ਵਿਚ ਜਿਊਂਦਾ ਰੱਖਿਆ। ਉਸ ਨੇ ਅਦਾਕਾਰੀ ਵਿਚ ਵੀ ਹੱਥ ਅਜ਼ਮਾਏ। ਅੱਜ ਭਾਵੇਂ ਉਹ ਸਾਡੇ ਦਰਮਿਆਨ ਸਰੀਰਿਕ ਰੂਪ ਵਿਚ ਮੌਜੂਦ ਨਹੀਂ ਹੈ, ਪਰ ਉਹ ਹਮੇਸ਼ਾਂ ਆਪਣੀ ਗਾਇਕੀ ਦੇ ਦਮ ’ਤੇ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਦਾ ਰਹੇਗਾ। ਇਹ ਗੱਲ ਉਸ ’ਤੇ ਢੁੱਕਦੀ ਹੈ ਕਿ ਭਗਤ, ਸੂਰਮੇ ਅਤੇ ਗਵੱਈਏ ਸਦਾ ਹੀ ਅਮਰ ਰਹਿੰਦੇ ਨੇ, ਪਰ ਉਸ ਦੀ ਘਾਟ ਸਾਨੂੰ ਸਦਾ ਰੜਕਦੀ ਰਹੇਗੀ।
ਅੱਖਾਂ ਜਦੋਂ ਮੀਟੀਆਂ ਜ਼ਮਾਨਾ ਮੈਨੂੰ ਰੋਏਗਾ
ਥਾਓਂ ਥਾਈਂ ਆਪਣਾ ਬਿਗਾਨਾ ਮੈਨੂੰ ਰੋਏਗਾ।