ਕੋਲਕਾਤਾ: ਹਾਲ ਹੀ ਵਿੱਚ ਬੰਗਾਲੀ ਫਿਲਮ ‘ਗੋਲੋਂਦਾਜ’ ਵਿੱਚ ਕੰਮ ਕਰਨ ਵਾਲਾ ਅਮਰੀਕੀ ਅਦਾਕਾਰ ਅਲੈਕਸ ਓ’ਨੈੱਲ ਦਾ ਕਹਿਣਾ ਹੈ ਕਿ ਉਹ ਫਿਲਮ ਨਿਰਦੇਸ਼ਕ ਧਰੁਬੋ ਬੈਨਰਜੀ ਨਾਲ ਮੁੜ ਕੰਮ ਕਰਨਾ ਪਸੰਦ ਕਰੇਗਾ। ਅਮਿਤਾਭ ਬੱਚਨ ਦੀ ‘ਚੀਨੀ ਕਮ’, ‘ਜੋਕਰ’, ‘ਚਿਟਗੌਂਗ’ ਅਤੇ ‘ਮੈਂ ਔਰ ਚਾਰਲਸ’ ’ਚ ਕੰਮ ਕਰਨ ਵਾਲੇ ਅਦਾਕਾਰ ਨੇ 2017 ਵਿੱਚ ਸ੍ਰੀਜੀਤ ਮੁਖਰਜੀ ਦੀ ਫਿਲਮ ‘ਯੇਤੀ ਓਭੀਜਾਨ’ ਨਾਲ ਬੰਗਾਲੀ ਫਿਲਮਾਂ ’ਚ ਅਦਾਕਾਰੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ, ‘‘ਫਿਲਮ ਦੀ ਸ਼ੂਟਿੰਗ ਸਵਿਟਜ਼ਰਲੈਂਡ ਸਮੇਤ ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਵਿੱਚ ਕੀਤੀ ਗਈ ਸੀ ਅਤੇ ਇਹ ਬੰਗਾਲੀ ਫਿਲਮ ਜਗਤ ਵਿੱਚ ਦਾਖਲ ਹੋਣ ਦਾ ਸ਼ਾਨਦਾਰ ਰਾਹ ਸੀ।’’ ‘ਗੋਲੋੋਂਦਾਜ’ ਵਿੱਚ ਕੰਮ ਕਰਨ ਬਾਰੇ 41 ਸਾਲਾ ਅਦਾਕਾਰ ਨੇ ਦੱਸਿਆ ਕਿ ਉਹ ਪਹਿਲਾਂ ਫੁਟਬਾਲਰ ਸੀ। ਉਹ ਅਮਰੀਕਾ ਵਿੱਚ ਸਾਬਕਾ ਰੈਫਰੀ ਵੀ ਰਿਹਾ ਹੈ ਪਰ ਇਹ ਫੁਟਬਾਲ ’ਤੇ ਕੇਂਦਰਿਤ ਉਸ ਦੀ ਪਹਿਲੀ ਫਿਲਮ ਹੈ। ਇਹ ਫਿਲਮ ਭਾਰਤ ਵਿੱਚ ਪਹਿਲੀ ਵਾਰ ਫੁਟਬਾਲ ਖੇਡਣ ਵਾਲੇ ਅਤੇ ਭਾਰਤ ਵਿੱਚ ਪਹਿਲਾ ਪੇਸ਼ਵਰ ਫੁਟਬਾਲ ਕਲੱਬ ਖੋਲ੍ਹਣ ਵਾਲੇ ‘ਦਿ ਫਾਦਰ ਆਫ ਦਿ ਇੰਡੀਅਨ ਫੁਟਬਾਲ’ ਦੇ ਨਾਂ ਨਾਲ ਪ੍ਰਸਿੱਧ ਨਾਗੇਂਦਰ ਪ੍ਰਸਾਦ ਸਰਬਾਧਿਕਾਰੀ ਦੇ ਜੀਵਨ ’ਤੇ ਆਧਾਰਿਤ ਹੈ। ਅਲੈਕਸ ਨੇ ਕਿਹਾ, ‘‘ਮੈਂ ਹਮੇਸ਼ਾ ਪਹਿਲਾਂ ਵਾਲੇ ਨਿਰਦੇਸ਼ਕਾਂ ਨਾਲ ਵਾਰ-ਵਾਰ ਕੰਮ ਕਰਨ ਲਈ ਉਤਸ਼ਾਹਿਤ ਰਹਿੰਦਾ ਹਾਂ। ਮੈਂ ਸ੍ਰੀਜੀਤ ਅਤੇ ਧਰੁਬੋ ਨਾਲ ਦੁਬਾਰਾ ਕੰਮ ਕਰਨ ਲਈ ਉਤਸੁਕ ਹਾਂ।’’ ਉਸ ਦਾ ਅਗਲਾ ਪ੍ਰਾਜੈਕਟ ‘ਦਿ ਬੈਟਲ ਆਫ ਭੀਮਾ ਕੋਰੇਗਾਓਂ’ ਹੈ। -ਪੀਟੀਆਈ