ਮੁੰਬਈ: ਪ੍ਰੋਡਿਊਸਰ ਅਜੈ ਕਪੂਰ ਨੂੰ 2018 ਵਿੱਚ ਬਣੀ ਤਮਿਲ ਬਲਾਕਬਸਟਰ ਫ਼ਿਲਮ ‘96’ ਨੂੰ ਹਿੰਦੀ ਦਰਸ਼ਕਾਂ ਲਈ ਰੀਮੇਕ ਕਰਨ ਦੇ ਅਧਿਕਾਰ ਮਿਲ ਗਏ ਹਨ। ਇਸ ਫ਼ਿਲਮ ਵਿੱਚ ਵਿਜੈ ਸੇਤੂਪਤੀ ਅਤੇ ਤ੍ਰਿਸ਼ਾ ਨੇ ਭੂਮਿਕਾ ਨਿਭਾਈ ਹੈ। ਰੋਮਾਂਟਿਕ ਫ਼ਿਲਮ ਬਣਾਉਣ ਲਈ ਕਲਾਕਾਰਾਂ ਅਤੇ ਨਿਰਦੇਸ਼ਕ ਬਾਰੇ ਐਲਾਨ ਛੇਤੀ ਕੀਤੇ ਜਾਣ ਦੀ ਉਮੀਦ ਹੈ। ਅਜੈ ਕਪੂਰ ਨੇ ਕਿਹਾ, ‘‘ਫਿਲਮ 96 ਦਿਲ ਨੂੰ ਟੁੰਭਣ ਵਾਲੀ, ਹਲਕੀ-ਫੁਲਕੀ ਰੋਮਾਂਟਿਕ ਕਹਾਣੀ ਹੈ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਕਹਾਣੀ ਭਾਸ਼ਾ ਤੇ ਖੇਤਰ ਨਾਲ ਜੁੜੀਆਂ ਅਣਦਿਸਦੀਆਂ ਹੱਦਬੰਦੀਆਂ ਨੂੰ ਤੋੜਦੀ ਹੈ, ਜਿਸ ਨੇ ਮੈਨੂੰ ਕੌਮੀ ਦਰਸ਼ਕਾਂ ਲਈ ਹਿੰਦੀ ਵਿੱਚ ਫ਼ਿਲਮ ਦੇ ਰੀਮੇਕ ਸਬੰਧੀ ਪ੍ਰੇਰਿਤ ਕੀਤਾ।’’ ਉਨ੍ਹਾਂ ਕਿਹਾ, ‘‘ਮੈਂ ਨਿਰਦੇਸ਼ਕ ਅਤੇ ਕਲਾਕਾਰ ਦੇ ਮੁਤਾਬਕ ਢੁਕਵੀਂ ਪਟਕਥਾ ’ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ। -ਆਈਏਐੱਨਐੱਸ