ਚੇਨੱਈ: ਸਿਨੇਮਾ ਘਰਾਂ ਵਿੱਚ 7 ਜਨਵਰੀ ਨੂੰ ਰਿਲੀਜ਼ ਹੋ ਰਹੀ ਫਿਲਮ ‘ਆਰਆਰਆਰ’ ਦੇ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਨੇ ਕਿਹਾ ਕਿ ਅਦਾਕਾਰ ਅਜੈ ਦੇਵਗਨ ਦੇ ਚਿਹਰੇ ਤੋਂ ਇਮਾਨਦਾਰੀ ਝਲਕਦੀ ਹੈ। ਅੱਜ ਇੱਥੇ ਆਈਏਐੱਨਐੱਸ ਨਾਲ ਫਿਲਮ ‘ਆਰਆਰਆਰ’ ਬਾਰੇ ਗੱਲ ਕਰਦਿਆਂ ਰਾਜਾਮੌਲੀ ਨੇ ਇਹ ਖੁਲਾਸਾ ਕੀਤਾ। ਫਿਲਮ ਵਿੱਚ ਅਜੈ ਦੇਵਗਨ ਦੇ ਨਾਲ ਆਲੀਆ ਭੱਟ, ਰਾਮ ਚਰਨ, ਜੂਨੀਅਰ ਐੱਨਟੀਆਰ ਅਤੇ ਹੋਰ ਕਲਾਕਾਰ ਕੰਮ ਕਰ ਰਹੇ ਹਨ। ਰਾਜਾਮੌਲੀ ਨੇ ਅਜੈ ਦੇਵਗਨ ਦੇ ਕਿਰਦਾਰ ਬਾਰੇ ਗੱਲ ਕਰਦਿਆਂ ਦੱਸਿਆ, ‘‘ਮੈਂ ਆਪਣੀ ਸਮਰੱਥਾ ਤੋਂ ਵੱਧ ਇਸ ’ਤੇ ਰੌਸ਼ਨੀ ਨਹੀਂ ਪਾ ਸਕਦਾ ਪਰ ਅਜੈ ਬਾਰੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਜਦੋਂ ਅਸੀਂ ਇਹ ਕਿਰਦਾਰ ਪੂਰਾ ਲਿਖ ਲਿਆ ਅਤੇ ਦੇਖ ਰਹੇ ਸੀ ਕਿ ਇਸ ਨੂੰ ਕੌਣ ਨਿਭਾਵੇਗਾ ਤਾਂ ਉੱਥੇ ਲੇਖਕ ਤੇ ਨਿਰਦੇਸ਼ਕ ਟੀਮ ਵੱਲੋਂ 12-13 ਵਿਅਕਤੀ ਮੌਜੂਦ ਸੀ। ਇਸ ਲਈ ਮੈਂ ਆਪਣੀ ਟੀਮ ਨੂੰ ਪੁੱਛਿਆ ‘ਮੈਨੂੰ ਇੱਕ ਵਿਅਕਤੀ ਦਾ ਨਾਂ ਦੱਸੋ ਜੋ ਇਹ ਕਿਰਦਾਰ ਨਿਭਾਉਣ ਦੇ ਯੋਗ ਹੋਵੇ’ ਤੇ ਸਾਰੀ ਟੀਮ ਦਾ ਜੁਆਬ ਸੀ ‘ਅਜੈ ਦੇਵਗਨ…ਤੇ ਸਾਡੇ ਲਈ ਇਹੀ ਸਹੀ ਸੀ ਕਿਉਂਕਿ ਉਸ ਦੇ ਚਿਹਰੇ ਤੋਂ ਇਮਾਨਦਾਰੀ ਝਲਕਦੀ ਹੈ ਅਤੇ ਸਾਨੂੰ ਇਸੇ ਦੀ ਲੋੜ ਸੀ। ਫਿਲਮ ‘ਆਰਆਰਆਰ’ ਦੀ ਰੂਹ ਉਸ ਦੇ ਨਾਲ ਸ਼ੁਰੂ ਹੁੰਦੀ ਹੈ। ਉਹ ਜੋ ਵੀ ਬੋਲਦਾ ਹੈ, ਪੂਰੀ ਫਿਲਮ ਦੌਰਾਨ ਉਹ ਲਾਈਨਾਂ ਦਰਸ਼ਕਾਂ ਦੇ ਨਾਲ ਰਹਿੰਦੀਆਂ ਹਨ।’’ -ਆਈਏਐੱਨਐੱਸ