ਮੁੰਬਈ: ਅਦਾਕਾਰ ਅਜੈ ਦੇਵਗਨ ਨੂੰ ਫਿਲਮ ਜਗਤ ਵਿੱਚ ਕੰਮ ਕਰਦਿਆਂ 22 ਨਵੰਬਰ ਨੂੰ ਤੀਹ ਵਰ੍ਹੇ ਪੂਰੇ ਹੋ ਜਾਣਗੇ। 1991 ਵਿੱਚ ਫਿਲਮ ‘ਫੂਲ ਔਰ ਕਾਂਟੇ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਅਦਾਕਾਰ ਦਾ ਡਾਇਲਾਗ ‘ਅਗਰ ਤੇਰੇ ਪਾਸ ਜਾਗੀਰ ਹੈ ਤੋ ਮੇਰੇ ਪਾਸ ਜਿਗਰ ਹੈ’ ਸਦਾ ਲਈ ਉਸ ਦੀ ਪਛਾਣ ਨਾਲ ਜੁੜ ਗਿਆ। ਅਜੈ ਹੁਣ ਤੱਕ ‘ਜ਼ਖ਼ਮ’, ‘ਇਸ਼ਕ’, ‘ਦਿਲਜਲੇ’, ‘ਹਮ ਦਿਲ ਦੇ ਚੁਕੇ ਸਨਮ’, ‘ਦਿ ਲੈਜੰਡ ਆਫ ਭਗਤ ਸਿੰਘ’, ‘ਯੁਵਾ’, ‘ਓਮਕਾਰਾ’ ਤੇ ‘ਸਿੰਘਮ’ ਵਰਗੀਆਂ ਕਈ ਹਿੱਟ ਫਿਲਮਾਂ ’ਚ ਕੰਮ ਕਰ ਚੁੱਕਿਆ ਹੈ। ਇਸ ਫਿਲਮ ਨਾਲ ਨਾ ਸਿਰਫ਼ ਫਿਲਮ ਜਗਤ ਨੂੰ ਅਜੈ ਦੇਵਗਨ ਵਰਗਾ ਅਦਾਕਾਰ ਮਿਲਿਆ ਸੀ, ਸਗੋਂ ਦੋ ਮੋਟਰਸਾਈਕਲਾਂ ’ਤੇ ਚੜ੍ਹ ਕੇ ਸਿਨੇਮਾ ਦੀ ਸਕਰੀਨ ’ਤੇ ਛਾਉਣ ਵਾਲੇ ਅਜੈ ਨੇ ਉਸ ਵੇਲੇ ਸਨਸਨੀ ਫੈਲਾ ਦਿੱਤੀ ਸੀ।
ਆਪਣੀ ਪਹਿਲੀ ਫਿਲਮ ਨੂੰ ਯਾਦ ਕਰਦਿਆਂ ਅਜੈ ਨੇ ਕਿਹਾ, ‘ਫੂਲ ਔਰ ਕਾਂਟੇ’ ਦੀ ਤੀਹਵੀਂ ਵਰ੍ਹੇਗੰਢ ਮਨਾਉਣਾ ਮੇਰੇ ਲਈ ਬਹੁਤ ਹੀ ਖੁਸ਼ੀ ਵਾਲਾ ਪਲ ਹੈ। ਇਸ ਫਿਲਮ ਨਾਲ ਮੈਂ ਫਿਲਮ ਜਗਤ ਵਿੱਚ ਧਮਾਕੇਦਾਰ ਐਂਟਰੀ ਕੀਤੀ। ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਇੰਜ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਉਣ ਵਾਲੇ ਸਟੰਟ ਨੂੰ ਦਰਸ਼ਕ ਇੰਨਾ ਪਸੰਦ ਕਰਨਗੇ ਕਿ ਇਹ ਸੀਨ ਮੇਰੀ ਪਛਾਣ ਦਾ ਇੱਕ ਅਹਿਮ ਹਿੱਸਾ ਬਣ ਜਾਵੇਗਾ। ਮੈਨੂੰ ਹਾਲੇ ਵੀ ਯਾਦ ਹੈ ਕਿ ਇਹ ਸਟੰਟ ਕਰਨ ਵੇਲੇ ਮੇਰੇ ਅੰਦਰ ਕਿੰਨੀ ਹਲਚਲ ਮਚੀ ਹੋਈ ਸੀ।’ ਜ਼ਿਕਰਯੋਗ ਹੈ ਕਿ ਇਹ ਸੀਨ ਇਸ ਲਈ ਵੀ ਖਾਸ ਸੀ ਕਿਉਂਕਿ ਇਸ ਦਾ ਨਿਰਦੇਸ਼ਨ ਅਜੈ ਦੇਵਗਨ ਦੇ ਪਿਤਾ ਐਕਸ਼ਨ ਮਾਸਟਰ ਵੀਰੂ ਦੇਵਗਨ ਨੇ ਕੀਤਾ ਸੀ ਤੇ ਇਸ ਸੀਨ ਲਈ ਕਿਸੇ ਸਟੰਟਮੈਨ ਦੀ ਮਦਦ ਨਹੀਂ ਸੀ ਲਈ ਗਈ। ਅਦਾਕਾਰ ਨੇ ਕਿਹਾ, ‘ਉਦੋਂ ਤੋਂ ਲੈ ਕੇ ਹੁਣ ਤੱਕ ਹਿੰਦੀ ਸਿਨੇਮਾ ਨੇ ਬਹੁਤ ਤਰੱਕੀ ਕੀਤੀ ਹੈ ਤੇ ਮੈਂ ਖੁਸ਼ਨਸੀਬ ਹਾਂ ਕਿ ਮੈਂ ਇਸ ਦਾ ਹਿੱਸਾ ਬਣ ਸਕਿਆ।’ ਜ਼ਿਕਰਯੋਗ ਹੈ ਕਿ ‘ਜ਼ੀ ਬਾਲੀਵੁੱਡ’ ਚੈਨਲ ’ਤੇ 22 ਨਵੰਬਰ ਨੂੰ ਸ਼ਾਮ 5.45 ਵਜੇ ਫਿਲਮ ‘ਫੂਲ ਔਰ ਕਾਂਟੇ’ ਦਾ ਮੁੜ ਕੀਤਾ ਪ੍ਰਸਾਰਣ ਕੀਤਾ ਜਾਵੇਗਾ। -ਆਈਏਐੱਨਐੱਸ