ਮੁੰਬਈ: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਤੇ ਤੱਬੂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਭੋਲਾ’ ਦੀ ਸ਼ੂਟਿੰਗ ਦਾ ਕੰਮ ਮੁਕੰਮਲ ਕਰ ਲਿਆ ਹੈ। ਇਹ ਤਾਮਿਲ ਫ਼ਿਲਮ ‘ਕੈਥੀ’ ਦਾ ਹਿੰਦੀ ਰੀਮੇਕ ਹੈ। ਤੱਬੂ ਨੇ ਸੋਸ਼ਲ ਮੀਡੀਆ ’ਤੇ ਅਜੈ ਦੇਵਗਨ ਨਾਲ ਸੈੱਟ ਦੀ ਤਸਵੀਰ ਸਾਂਝੀ ਕਰਦਿਆਂ ਫ਼ਿਲਮ ਦੀ ਸ਼ੂਟਿੰਗ ਦਾ ਕੰਮ ਨਬਿੜਨ ਬਾਰੇ ਜਾਣਕਾਰੀ ਸਾਂਝੀ ਕੀਤੀ। 51 ਸਾਲਾ ਅਦਾਕਾਰਾ ਨੇ ਆਖਿਆ, ‘‘ਦੇਖੋ ਅਸੀਂ ਇਕੱਠਿਆਂ ਨੇ ਆਪਣੀ ਨੌਵੀਂ ਫਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ।’’ ਜ਼ਿਕਰਯੋਗ ਹੈ ਕਿ ਇਹ ਦੋਵੇਂ ਫ਼ਿਲਮ ‘ਵਿਜੈਪਥ’, ‘ਹਕੀਕਤ’, ‘ਤਕਸ਼ਕ’, ‘ਦ੍ਰਿਸ਼ਯਮ’, ‘ਗੋਲਮਾਲ ਅਗੇਨ’ ਤੇ ‘ਦੇ ਦੇ ਪਿਆਰ ਦੇ’ ਵਿੱਚ ਵੀ ਇਕੱਠੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਆਉਣ ਵਾਲੀ ਫਿਲਮ ‘ਦ੍ਰਿਸ਼ਯਮ 2’ ਵਿੱਚ ਵੀ ਦਿਖਾਈ ਦੇਣਗੇ। ‘ਭੋਲਾ’ ਨੂੰ ਅਜੈ ਦੇਵਗਨ ਨੇ ਨਿਰਦੇਸ਼ਿਤ ਕੀਤਾ ਹੈ ਤੇ ਇਸ ਪਹਿਲਾਂ ਉਹ ਫ਼ਿਲਮ ‘ਯੂ ਮੀ ਔਰ ਹਮ’, ‘ਸ਼ਿਵਾਏ’ ਤੇ ‘ਰਨਵੇਅ 34’ ਨਿਰਦੇਸ਼ਿਤ ਕਰ ਚੁੱਕੇ ਹਨ। ਤਾਮਿਲ ਫ਼ਿਲਮ ‘ਕੈਥੀ’ ਨੂੰ ਕਨਗਰਾਜ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਸੀ, ਜਿਸ ਦੀ ਕਹਾਣੀ ਇਕ ਕੈਦੀ ਦੁਆਲੇ ਘੁੰਮਦੀ ਹੈ, ਜੋ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਪਹਿਲੀ ਵਾਰ ਆਪਣੀ ਧੀ ਨੂੰ ਮਿਲਣਾ ਚਾਹੁੰਦਾ ਹੈ ਪਰ ਉਸ ਦੀ ਪੁਲੀਸ ਤੇ ਡਰੱਗ ਮਾਫੀਆ ਨਾਲ ਲੜਾਈ ਸ਼ੁਰੂ ਹੋ ਜਾਂਦੀ ਹੈ। ਇਸ ਫ਼ਿਲਮ ਵਿੱਚ ਅਜੈ ਦੇਵਗਨ ਮੁੱਖ ਭੂਮਿਕਾ ਨਿਭਾਅ ਰਿਹਾ ਹੈ। -ਪੀਟੀਆਈ