ਮੁੰਬਈ: ਫਿਲਮ ਨਿਰਮਾਤਾ ਆਦਿੱਤਿਆ ਚੋਪੜਾ ਹਿੰਦੀ ਫਿਲਮ ਸਨਅਤ ਦੇ ਕਾਮਿਆਂ ਦੇ ਵੈਕਸੀਨ ਲਗਵਾਉਣ ਲਈ ਅੱਗੇ ਆਇਆ ਹੈ। ਇਸ ਸਬੰਧੀ ਉਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਪ੍ਰੋਡਕਸ਼ਨ ਹਾਊਸ ਯਸ਼ ਰਾਜ ਫਿਲਮਜ਼ ਨੂੰ 60 ਹਜ਼ਾਰ ਟੀਕੇ ਖਰੀਦਣ ਦੇਣ ਦੀ ਪ੍ਰਵਾਨਗੀ ਦੇਣ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਨੂੰ ਭੇਜੇ ਗਏ ਪੱਤਰ ਵਿੱਚ ਯਸ਼ ਰਾਜ ਫਿਲਮਜ਼ ਨੇ ਲਿਖਿਆ, ‘‘ਫਿਲਮ ਸਨਅਤ ਔਖੇ ਦੌਰ ’ਚੋਂ ਲੰਘ ਰਹੀ ਹੈ। ਇਸ ਨੂੰ ਜਲਦੀ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ ਤਾਂ ਜੋ ਹਜ਼ਾਰਾਂ ਕਾਮੇ ਫਿਰ ਤੋਂ ਆਪਣੀ ਰੋਜ਼ੀ-ਰੋਟੀ ਕਮਾਉਣੀ ਸ਼ੁਰੂ ਕਰ ਕੇ ਆਪਣੇ ਪਰਿਵਾਰਾਂ ਦੀ ਦੇਖਭਾਲ ਕਰ ਸਕਣ। ਯਸ਼ ਚੋਪੜਾ ਫਾਊਂਡੇਸ਼ਨ ਰਾਹੀਂ ਯਸ਼ ਰਾਜ ਫਿਲਮਜ਼ ਪ੍ਰੋਡਕਸ਼ਨ ਹਾਊਸ ਇਸ ਸਬੰਧੀ ਆਪਣਾ ਸਮਰਥਨ ਦੇਣਾ ਚਾਹੁੰਦਾ ਹੈ।’’ ਉਨ੍ਹਾਂ ਅੱਗੇ ਲਿਖਿਆ, ‘‘ਅਸੀਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੋਂ 30 ਹਜ਼ਾਰ ਕਾਮਿਆਂ, ਜੋ ਫਿਲਮ ਇੰਡਸਟਰੀ ਫੈਡਰੇਸ਼ਨ ਦੇ ਮੈਂਬਰ ਹਨ, ਲਈ ਟੀਕੇ ਖਰੀਦਣ ਦੀ ਪ੍ਰਵਾਨਗੀ ਮੰਗੀ ਹੈ।’’ ਪੱਤਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟੀਕਾਕਰਨ ਨਾਲ ਸਬੰਧਤ ਬਾਕੀ ਸਾਰੇ ਖਰਚੇ ਯਸ਼ ਚੋਪੜਾ ਫਾਊਂਡੇਸ਼ਨ ਵੱਲੋਂ ਕੀਤੇ ਜਾਣਗੇ। ਇਸ ਵਿੱਚ ਵੈਕਸੀਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਕਾਮਿਆਂ ਦਾ ਆਉਣ-ਜਾਣ ਦਾ ਖਰਚਾ ਅਤੇ ਇਸ ਪ੍ਰੋਗਰਾਮ ਸਬੰਧੀ ਬੁਨਿਆਦੀ ਢਾਂਚਾ ਸਥਾਪਿਤ ਕਰਨਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਸਾਡੀ ਬੇਨਤੀ ਪ੍ਰਵਾਨ ਹੋ ਜਾਵੇਗੀ। ਇਸ ਨਾਲ ਸਾਡੇ ਮੈਂਬਰ ਸੁਰੱਖਿਅਤ ਹੋਣਗੇ ਅਤੇ ਜਲਦੀ ਤੋਂ ਜਲਦੀ ਰੁਜ਼ਗਾਰ ’ਤੇ ਵਾਪਸ ਪਰਤਣਗੇ।’’ ਆਈਏਐੱਨਐੱਸ