ਮਨਦੀਪ ਸਿੰਘ ਸਿੱਧੂ
ਇਲਾ ਦੇਵੀ ਦੀ ਪੈਦਾਇਸ਼ 1920 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਉਸ ਦਾ ਅਸਲ ਨਾਮ ਇਲਮਾਸ ਤੇ ਫਿਲਮੀ ਨਾਮ ਇਲਾ ਦੇਵੀ ਸੀ। ਉਸ ਦੀ ਮਾਂ ਇਨਾਇਤ ਬੇਗ਼ਮ ਉਰਫ਼ ਇਨਾਇਤੀ ਸੁਨਿਆਰੀ ਪੰਜਾਬ ਦੀ ਮਸ਼ਹੂਰ ਲੋਕ ਗੁਲੂਕਾਰਾ ਸੀ ਜੋ ਗੁਜਰਾਂਵਾਲਾ ਨਾਲ ਤਾਲੁਕ ਰੱਖਦੀ ਸੀ। ਇਨ੍ਹਾਂ ਦਾ ਖ਼ਾਨਦਾਨੀ ਕਸਬ ਸੁਨਿਆਰਗਿਰੀ ਸੀ, ਜਿਸ ਦੇ ਸਦਕਾ ਉਸ ਦੇ ਨਾਮ ਨਾਲ ਵੀ ਪੱਕੇ ਤੌਰ ਤੇ ‘ਸੁਨਿਆਰੀ’ ਮਨਸੂਬ ਹੋ ਗਿਆ।
ਇਲਾ ਦੇਵੀ ਨੂੰ ਅਦਾਕਾਰੀ ਤੇ ਗੁਲੂਕਾਰੀ ਆਪਣੀ ਮਾਂ ਕੋਲੋਂ ਵਿਰਾਸਤ ਵਿੱਚ ਮਿਲੀ ਸੀ, ਜਿਸ ਦਾ ਉਸ ਨੇ ਬਾਖ਼ੂਬੀ ਇਸਤੇਮਾਲ ਕੀਤਾ। ਉਸ ਦਾ ਫਿਲਮਾਂ ਦਾ ਸਫ਼ਰ ਲਾਹੌਰ ਤੋਂ ਸ਼ੁਰੂ ਹੋਇਆ। ਉਹ ਪਹਿਲਾਂ ਬਾਲ ਅਦਾਕਾਰਾ, ਫਿਰ ਮੁੱਖ ਅਦਾਕਾਰਾ, ਸਾਥੀ ਅਦਾਕਾਰਾ ਤੇ ਗੁਲੂਕਾਰਾ ਵਜੋਂ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਆਪਣੀ ਪਛਾਣ ਬਣਾਉਣ ’ਚ ਕਾਮਯਾਬ ਰਹੀ।
ਜਦੋਂ ਅਬਦੁੱਲ ਰਸ਼ੀਦ ਕਾਰਦਾਰ ਨੇ ਆਪਣੇ ਫਿਲਮਸਾਜ਼ ਅਦਾਰੇ ਯੂਨਾਈਟਿਡ ਪਲੇਅਰਜ਼ ਕਾਰਪੋਰੇਸ਼ਨ, ਲਾਹੌਰ ਦੇ ਬੈਨਰ ਹੇਠ ਸਟੰਟ ਚੁੱਪ ਫਿਲਮ ‘ਸਫ਼ਦਰ ਜੰਗ’ (1930) ਬਣਾਈ ਤਾਂ ਇਨਾਇਤ ਬੇਗ਼ਮ (ਇਨਾਇਤੀ ਸੁਨਿਆਰੀ) ਦੀ ਧੀ ਬੇਬੀ ਇਲਾ ਨੂੰ ਬਾਲ ਅਦਾਕਾਰਾ ਵਜੋਂ ਮੁਤਆਰਿਫ਼ ਕਰਵਾਇਆ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਲਾਹੌਰ ਦਾ ਗੱਭਰੂ ਹੀਰਾ ਲਾਲ ‘ਪਠਾਣ’ ਦਾ ਰੋਲ ਕਰ ਰਿਹਾ ਸੀ, ਜਿਸ ਦੇ ਰੂਬਰੂ ਮਿਸ ਮੁਮਤਾਜ਼ ਮੌਜੂਦ ਸੀ। ਦੀਗ਼ਰ ਫ਼ਨਕਾਰਾਂ ਵਿੱਚ ਇਨਾਇਤ ਸੁਨਿਆਰੀ, ਗੁਲਜ਼ਾਰ, ਐੱਮ. ਇਸਮਾਇਲ, ਗੁਲ ਹਮੀਦ, ਐੱਸ. ਐੱਫ਼. ਸ਼ਾਹ (ਸਈਅਦ ਫ਼ਜ਼ਲ ਸ਼ਾਹ), ਅਹਿਮਦ ਦੀਨ, ਮਾਸਟਰ ਗ਼ੁਲਾਮ ਕਾਦਿਰ ਆਦਿ ਨੁਮਾਇਆ ਸਨ। ਫਿਲਮ ਦੀ ਕਹਾਣੀ ਅਖ਼ਤਿਆਰ ਨੇ ਲਿਖੀ ਸੀ ਤੇ ਕੈਮਰਾਮੈਨ ਕੇ. ਵੀ. ਮਚਵੇ ਸਨ। ਇਹ ਕਾਮਯਾਬ ਫਿਲਮ ਮਈ 1930 ਨੂੰ ਇੰਪੀਰੀਅਲ ਸਿਨਮਾ, ਲਮਿੰਗਟਨ ਰੋਡ, ਬੰਬੇ ਵਿਖੇ ਨੁਮਾਇਸ਼ ਹੋਈ।
ਇਸ ਤੋਂ ਬਾਅਦ ਇਲਾ ਦੇਵੀ ਬੰਬੇ ਚਲੀ ਗਈ ਤੇ ਰਣਜੀਤ ਮੂਵੀਟੋਨ ਕੰਪਨੀ ਵਿੱਚ ਮੁਲਾਜ਼ਮ ਹੋ ਗਈ। ਜਦੋਂ ਸੇਠ ਚੰਦੂ ਲਾਲ ਸ਼ਾਹ ਨੇ ਆਪਣੇ ਫਿਲਮਸਾਜ਼ ਅਦਾਰੇ ਸ੍ਰੀ ਰਣਜੀਤ ਮੂਵੀਟੋਨ, ਬੰਬੇ ਦੇ ਬੈਨਰ ਹੇਠ ਚਤੁਰਭੁਜ ਦੋਸ਼ੀ (ਮਸ਼ਹੂਰ ਜਰਨਲਿਸਟ) ਦੀ ਹਿਦਾਇਤਕਾਰੀ ’ਚ ਪੁਰਾਣਿਕ ਹਿੰਦੀ ਫਿਲਮ ‘ਗੋਰਖ ਆਯਾ’ (1938) ਬਣਾਈ ਤਾਂ ਇਲਾ ਨੂੰ ਸਾਥੀ ਅਦਾਕਾਰਾ ਦਾ ਪਾਰਟ ਦਿੱਤਾ ਜਦੋਂ ਕਿ ‘ਗੋਰਖ ਨਾਥ’ ਦਾ ਟਾਈਟਲ ਰੋਲ ਪੰਜਾਬੀ ਗੱਭਰੂ ਤਿਰਲੋਕ ਕਪੂਰ ਨਿਭਾ ਰਿਹਾ ਸੀ। ਬਾਕੀ ਅਦਾਕਾਰਾਂ ਵਿੱਚ ਮਜ਼ਹਰ ਖ਼ਾਨ, ਕਲਿਆਣੀ, ਸਰਲਾ, ਰਾਮ ਆਪਟੇ, ਮਿ. ਚੈਟਰਜੀ, ਭਗਵਾਨ ਦਾਸ ਨੇ ਨੁਮਾਇਆ ਕਿਰਦਾਰ ਅੰਜਾਮ ਦਿੱਤੇ ਸਨ। ਫਿਲਮ ਦੇ 13 ਗੀਤ ਪਿਆਰੇ ਲਾਲ ‘ਸੰਤੋਸ਼ੀ’ ਅਤੇ ਸੰਗੀਤ ਗਿਆਨ ਦੱਤ ਨੇ ਮੁਰੱਤਬਿ ਕੀਤਾ ਸੀ।
ਰਣਜੀਤ ਮੂਵੀਟੋਨ, ਬੰਬੇ ਦੀ ਹੀ ਮਨੀਭਾਈ ਵਿਆਸ ਦੀ ਹਿਦਾਇਤਕਾਰੀ ਵਿੱਚ ਬਣੀ ਹਿੰਦੀ ਫਿਲਮ ‘ਬਾਜ਼ੀਗਰ’ (1938) ’ਚ ਮਿਸ ਇਲਾ ਦੇਵੀ ਦੇ ਹਮਰਾਹ ਮਜ਼ਾਹੀਆ ਅਦਾਕਾਰ ਚਾਰਲੀ ਉਰਫ਼ ਨੂਰ ਮੁਹੰਮਦ ਚਾਰਲੀ ਅਦਾਕਾਰੀ ਕਰ ਰਿਹਾ ਸੀ ਜਦੋਂ ਕਿ ਤਿਰਲੋਕ ਕਪੂਰ ਤੇ ਅਨੀਸ ਖ਼ਾਤੂਨ ਮੁੱਖ ਪਾਰਟ ਨਿਭਾ ਰਹੇ ਸਨ। ਹੋਰਨਾਂ ਫ਼ਨਕਾਰਾਂ ਵਿੱਚ ਬੇਗ (ਲਾਹੌਰ), ਮਿ. ਚੈਟਰਜੀ, ਖ਼ਾਤੂਨ, ਮਾਸਟਰ ਸੁਰੇਸ਼, ਸੱਤਿਆਵਤੀ ਨੁਮਾਇਆ ਸਨ। ਕਹਾਣੀ ਮਨੀਭਾਈ ਵਿਆਸ, ਮੁਕਾਲਮੇ ਪੀ. ਐੱਲ. ਸੰਤੋਸ਼ੀ, ਗੀਤ ਪੀ. ਐੱਲ. ਸੰਤੋਸ਼ੀ ਅਤੇ ਸੰਗੀਤਕ ਧੁਨਾਂ ਗਿਆਨ ਦੱਤ ਨੇ ਬਣਾਈਆਂ ਸਨ। ਫਿਲਮ ’ਚ ਕੁੱਲ 13 ਗੀਤ ਸਨ, ਜਿਨ੍ਹਾਂ ਨੂੰ ਅਨੀਸ ਖ਼ਾਤੂਨ, ਚਾਰਲੀ, ਇਲਾ ਦੇਵੀ, ਚੈਟਰਜੀ ਤੇ ਗਿਆਨ ਦੱਤ ਨੇ ਆਪਣੇ ਸੁਰੀਲੇ ਸੁਰ ਪ੍ਰਦਾਨ ਕੀਤੇ। ਇਹ ਫਿਲਮ ਇੱਕ ਦਸੰਬਰ 1938 ਨੂੰ ਲਕਸ਼ਮੀ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਪਰਦਾਪੇਸ਼ ਹੋਈ।
ਰਣਜੀਤ ਮੂਵੀਟੋਨ, ਬੰਬੇ ਦੀ ਹੀ ਜੇਯੰਤ ਦੇਸਾਈ ਹਿਦਾਇਤਸ਼ੁਦਾ (ਸਹਾਇਕ ਰਵੀ ਜਯਕਰ) ਸਟੰਟ ਹਿੰਦੀ ਫਿਲਮ ‘ਬਿੱਲੀ’ ਉਰਫ਼ ‘ਦਿ ਕੈਟ’ (1939) ’ਚ ਇਲਾ ਦੇਵੀ ਨੇ ‘ਦੇਵਿਕਾ’ ਦਾ ਪਾਰਟ ਅਦਾ ਕੀਤਾ, ਜਿਸ ਦੇ ਰੂਬਰੂ ਈਸ਼ਵਰ ਲਾਲ ‘ਸਤੀਸ਼’ ਦਾ ਕਿਰਦਾਰ ਨਿਭਾ ਰਿਹਾ ਸੀ। ਮਰਕਜ਼ੀ ਕਿਰਦਾਰ ਵਿੱਚ ਈ. ਬਿਲੀਮੋਰੀਆ (ਰਮੇਸ਼) ਤੇ ਅਦਾਕਾਰਾ ਸੁਨੀਤਾ (ਪ੍ਰਭਾ) ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਬਾਕੀ ਅਦਾਕਾਰਾਂ ਵਿੱਚ ਮਜ਼ਹਰ, ਖ਼ਾਤੂਨ, ਗੌਰੀ, ਰਾਜਕੁਮਾਰੀ ਬਨਾਰਸ, ਰਾਮ ਆਪਟੇ, ਕਲਿਆਣੀ, ਮਿ. ਚੈਟਰਜੀ ਮੌਜੂਦ ਸਨ। ਕਹਾਣੀ ਐੱਮ. ਆਰ. ਕਪੂਰ, ਗੀਤ ਤੇ ਮੁਕਾਲਮੇ ਪਿਆਰੇ ਲਾਲ ਸੰਤੋਸ਼ੀ ਅਤੇ ਸੰਗੀਤਕ ਤਰਜ਼ਾਂ ਗਿਆਨ ਦੱਤ (ਸਹਾਇਕ ਨਰਾਇਣ ਮੁਖਰਜੀ) ਨੇ ਤਰਤੀਬ ਦਿੱਤੀਆਂ ਸਨ। ਫਿਲਮ ’ਚ ਕੁੱਲ 11 ਗੀਤ ਸਨ, ਪਰ ਇਲਾ ਦੇਵੀ ਤੇ ਈਸ਼ਵਰ ਲਾਲ ਉੱਪਰ ਫਿਲਮਾਏ ‘ਚਾਲ ਚਲੈ ਮਤਵਾਰੀ ਗਾੜੀ’ ਤੇ ‘ਨੀਰ ਭਰਨ ਕੈਸੇ ਜਾਊਂ ਅਕੇਲੀ ਸ਼ਿਆਮ ਕਰਤੇ ਮੋਸੇ ਅਠਖੇਲੀ’ (ਈਲਾ ਦੇਵੀ, ਈਸ਼ਵਰ ਲਾਲ), ‘ਆਜ ਮਿਲੇ ਬਨ ਮੇਂ ਬਨਵਾਰੀ ਨਜ਼ਰ ਮਿਲੀ ਜਬ ਉਨਸੇ ਮੋਰੀ’ (ਇਲਾ ਦੇਵੀ) ਗੀਤ ਵੀ ਬੜੇ ਪਸੰਦ ਕੀਤੇ ਗਏ।
ਰਣਜੀਤ ਮੂਵੀਟੋਨ, ਬੰਬੇ ਦੀ ਹੀ ਚਤੁਰਭੁਜ ਏ. ਦੋਸ਼ੀ ਹਿਦਾਇਤਸ਼ੁਦਾ ਹਿੰਦੀ ਫਿਲਮ ‘ਅਧੂਰੀ ਕਹਾਨੀ’ ਉਰਫ਼ ‘ਅਨਫਿਨਿਸ਼ਡ ਟੇਲ’ (1939) ’ਚ ਇਲਾ ਦੇਵੀ ਸਾਥੀ ਅਦਾਕਾਰ ਵਜੋਂ ਮੌਜੂਦ ਸੀ। ਮੁੱਖ ਕਿਰਦਾਰ ਵਿੱਚ ਮਿਸ ਰੋਜ਼ ਤੇ ਈਸ਼ਵਰ ਲਾਲ ਅਤੇ ਅਹਿਮ ਕਿਰਦਾਰਾਂ ਵਿੱਚ ਪ੍ਰਿਥਵੀਰਾਜ ਕਪੂਰ (ਸੋਮਾਨਥ), ਕੇਸ਼ਵਰਾਵ ਦਾਤੇ (ਸੇਠ ਗੋਪਾਲਦਾਸ), ਦੁਰਗਾ ਖੋਟੇ (ਹਰਬਾਲਾ), ਗੁਲਾਬ (ਨੀਲਮ) ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਹੇ ਸਨ। ਫਿਲਮ ਦੇ 12 ਗੀਤਾਂ ’ਚੋਂ 2 ਗੀਤ ਨਗ਼ਮਾਨਿਗਾਰ ਸ੍ਰੀਮਤੀ ਬਾਗਯਵਤੀ ਰਾਮਯ ਨੇ ਤੇ 10 ਗੀਤ ਜਮਨਾ ਸਵਰੂਪ ਕਸ਼ਯਪ ‘ਨਾਤਵਾਂ’ ਨੇ ਤਹਿਰੀਰ ਕੀਤੇ ਸਨ। ਫਿਲਮ ਦੀ ਮੌਸੀਕੀ ਗਿਆਨ ਦੱਤ ਨੇ ਮੁਰੱਤਬਿ ਕੀਤੀ ਸੀ। ਇਲਾ ਦੇਵੀ, ਰੋਜ਼ ਤੇ ਈਸ਼ਵਰ ਲਾਲ ’ਤੇ ਫਿਲਮਾਏ ‘ਸਜੀਲਾ ਛਬੀਲਾ ਛੈਲਾ ਰੰਗੀਲਾ ਰਸੀਲਾ ਰਸੀਆ’ (ਇਲਾ ਦੇਵੀ, ਰੋਜ਼/ਐੱਨ 15837), ‘ਛਲ ਬਲ ਕਰਕੇ ਚਿਤਵਨ ਭਰ ਕੇ ਕਿਸ ਨੇ ਮੁਝੇ ਭੁਲਾਇਆ’ (ਰੋਜ਼, ਇਲਾ ਦੇਵੀ, ਗਿਆਨ ਦੱਤ/ਐੱਨ 15838) ਗੀਤ ਖ਼ੂਬ ਚੱਲੇ। ਪ੍ਰਸਿੱਧ ਗੁਜਰਾਤੀ ਨਾਵਲਨਿਗ਼ਾਰ ਗੁਣਵੰਤਰੀ ਪੋਪਟਭਾਈ ਅਚਾਰੀਆ ਦੀ ਲਿਖੀ ਕਹਾਣੀ ’ਤੇ ਆਧਾਰਿਤ ਇਹ ਫਿਲਮ 5 ਅਗਸਤ 1939 ਨੂੰ ਜਗਤ ਸਿਨਮਾ, ਲਾਹੌਰ ’ਚ ਰਿਲੀਜ਼ ਹੋਈ।
ਜਦੋਂ ਅਜ਼ਰਾ ਮੀਰ ਨੇ ਆਪਣੀ ਹਿਦਾਇਤਕਾਰੀ ਵਿੱਚ ਰਣਜੀਤ ਮੂਵੀਟੋਨ, ਬੰਬੇ ਲਈ ਹਿੰਦੀ ਫਿਲਮ ‘ਰਿਕਸ਼ਵਾਲਾ’ ਉਰਫ਼ ‘ਭੋਲਾ ਰਾਜਾ’ (1939) ਬਣਾਈ ਤਾਂ ਇਲਾ ਦੇਵੀ ਦੇ ਸਨਮੁੱਖ ਆਰ. ਵਾਸਤੀ (ਰਿਆਸਤ ਅਲੀ ਵਾਸਤੀ) ਹੀਰੋ ਦੀ ਭੂਮਿਕਾ ਨਿਭਾ ਰਿਹਾ ਸੀ ਜਦੋਂ ਕਿ ‘ਰਿਕਸ਼ਾਵਾਲਾ’ ਦਾ ਟਾਈਟਲ ਰੋਲ ਮਜ਼ਹਰ ਖ਼ਾਨ ਅਦਾ ਕਰ ਰਿਹਾ ਸੀ। ਕਹਾਣੀ ਕੇਦਾਰ ਸ਼ਰਮਾ, ਐੱਚ.ਐੱਮ.ਵੀ. ਗ੍ਰਾਮੋਫੋਨ ਕੰਪਨੀ ਵਿੱਚ ਜਾਰੀ ਫਿਲਮ ਦੇ 13 ਗੀਤ ਪਿਆਰੇ ਲਾਲ ‘ਸੰਤੋਸ਼ੀ’ ਅਤੇ ਸੰਗੀਤ ਹਿਦਾਇਤਕਾਰ ਗਿਆਨ ਦੱਤ ਸਨ। ਫਿਲਮ ’ਚ ਇਲਾ ਤੇ ਆਰ. ਵਾਸਤੀ ਦੇ ਗਾਏ ਤੇ ਉਨ੍ਹਾਂ ਉੱਤੇ ਹੀ ’ਤੇ ਫਿਲਮਾਏ ਗੀਤ ‘ਮਾਲਨੀਆ ਬਨ ਜਾਊਂ ਬਨ ਮੇਂ ਮਾਲਨੀਆ ਬਨ ਜਾਊਂ’ ਤੇ ‘ਆਓ ਸਾਜਨ ਆਓ ਮੇਰੇ ਸੂਨੇ ਘਰ ਮੇਂ ਆ ਕਰ ਐਸਾ ਨਗਰ ਬਸਾਓ’ (ਇਲਾ ਦੇਵੀ, ਆਰ. ਵਾਸਤੀ/ਐੱਨ 15643) ਵੀ ਸੰਗੀਤ-ਮੱਦਾਹਾਂ ਦੀ ਪਸੰਦ ਬਣੇ।
ਜਦੋਂ ਸੇਠ ਚੰਦੂ ਲਾਲ ਸ਼ਾਹ ਨੇ ਆਪਣੇ ਫਿਲਮਸਾਜ਼ ਅਦਾਰੇ ਸ੍ਰੀ ਰਣਜੀਤ ਮੂਵੀਟੋਨ ਕੰਪਨੀ, ਬੰਬੇ ਦੇ ਬੈਨਰ ਹੇਠ ਡੀ. ਐੱਨ. ਮਧੋਕ ਦੀ ਹਿਦਾਇਤਕਾਰੀ ਵਿੱਚ ਆਪਣੀ ਪਹਿਲੀ ਪੰਜਾਬੀ ਫਿਲਮ ‘ਮਿਰਜ਼ਾ ਸਾਹਿਬਾਂ’ (1939) ਬਣਾਈ ਤਾਂ ਇਲਾ ਨੇ ‘ਖੀਵੇ ਖ਼ਾਨ’ ਦਾ ਕਿਰਦਾਰ ਨਿਭਾ ਰਹੇ ਚਰਿੱਤਰ ਅਦਾਕਾਰ ਭਾਗ ਸਿੰਘ ਦੀ ਧੀ ‘ਸਾਹਿਬਾਂ’ ਦਾ ਅਤੇ ਜ਼ਹੂਰ ਰਾਜਾ ਨੇ ‘ਮਿਰਜ਼ਾ’ ਦਾ ਸੋਹਣਾ ਪਾਰਟ ਨਿਭਾਇਆ। ਦੀਗ਼ਰ ਫ਼ਨਕਾਰਾਂ ਵਿੱਚ ਗੁਲਾਬ, ਭਾਗ ਸਿੰਘ, ਮਿਸ ਕਲਿਆਣੀ, ਗੁਲਜ਼ਾਰ, ਉਰਮਿਲਾ ਦੇਵੀ, ਫ਼ਜ਼ਲ ਇਲਾਹੀ, ਸਨੇਹ ਲਤਾ, ਭਾਈ ਦੇਸਾ, ਏ. ਸ਼ਾਹ ਸ਼ਿਕਾਰਪੁਰੀ ਉਰਫ਼ ਅਬਦੁੱਲਾ ਸ਼ਾਹ, ਮਾਸਟਰ ਸੁਰੇਸ਼, ਬੇਬੀ ਫ਼ਰੀਦਾ ਆਪਣੇ ਕਿਰਦਾਰ ਨਿਭਾ ਰਹੇ ਸਨ। ਮੁਕਾਲਮੇ ਤੇ 12 ਗੀਤ ਡੀ. ਐੱਨ. ਮਧੋਕ ਅਤੇ ਸੰਗੀਤ ਮਨੋਹਰ ਕਪੂਰ ਨੇ ਤਾਮੀਰ ਕੀਤਾ। ਇਲਾ ਦੇਵੀ ਤੇ ਜ਼ਹੂਰ ਰਾਜਾ ’ਤੇ ਫਿਲਮਾਏ ਤੇ ਉਨ੍ਹਾਂ ਦੇ ਹੀ ਗਾਏ ਦਿਲਕਸ਼ ਗੀਤ ‘ਨੀਂ ਤੂੰ ਨਿੱਕੀ ਜਿਹੀ ਗੁੱਡੀ ਏਂ ਤੂੰ ਮੇਰਾ ਪਟੋਲਾ’ ਤੇ ‘ਨੈਣ ਸਤਾਵਣ ਵਾਲੇ ਹੀਰੀਏ ਜੀਣ ਨਾ ਦੇਂਦੇ ਮਾਰ ਮੁਕਾਵਣ ਵਾਲੇ’ (ਜ਼ਹੂਰ ਰਾਜਾ ਇਲਾ ਦੇਵੀ), ‘ਮੇਰੀ ਡੋਰ ਵੀ ਬੰਨ੍ਹ ਲੈ ਨਾਲ ਅੜਿਆ ਤੇਰੀ ਗੁੱਡੀ ਚੜ੍ਹੇ ਅਸਮਾਨੇ’ ਤੇ ‘ਉੱਚੀਆਂ ਤੇ ਲੰਮੀਆਂ ਟਾਲ੍ਹੀਆਂ ਨੀਂ ਓਏ ਵਿੱਚ ਗੁੱਜਰੀ ਦੀ ਪੀਂਘ ਵੇ ਮਾਹੀਆ’ (ਇਲਾ ਦੇਵੀ, ਜ਼ਹੂਰ ਰਾਜਾ, ਸੁਰੇਸ਼) ਆਦਿ ਬੇਹੱਦ ਮਕਬੂਲ ਹੋਏ। ਪੰਜਾਬ ਦੇ ਮਸ਼ਹੂਰ ਰੂਮਾਨੀ ਕਿੱਸੇ ’ਤੇ ਬਣੀ 125 ਮਿੰਟ ਦੀ ਇਹ ਫਿਲਮ 7 ਜੁਲਾਈ 1939 ਨੂੰ ਜੁਬਲੀ ਸਿਨਮਾ ਤੇ 12 ਮਈ ਨੂੰ 1939 ਨੂੰ ਪ੍ਰਭਾਤ ਅਤੇ ਨਾਵਲਟੀ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫਿਲਮ ਕਰਾਰ ਪਾਈ।
ਜਦੋਂ ਜੇ. ਬੀ. ਐੱਚ ਵਾਡੀਆ (ਜਮਸ਼ੇਦ ਬੋਮਨ ਹੋਮੀ ਵਾਡੀਆ) ਨੇ ਆਪਣੇ ਫਿਲਮਸਾਜ਼ ਅਦਾਰੇ ਵਾਡੀਆ ਮੂਵੀਟੋਨ, ਬੰਬੇ ਦੇ ਬੈਨਰ ਹੇਠ ਐੱਸ. ਐੱਮ. ਯੂਸਫ਼ ਦੀ ਹਿਦਾਇਤਕਾਰੀ (ਸਹਾਇਕ ਵਹੀਦ ਕੁਰੈਸ਼ੀ, ਅਖ਼ਤਰ) ’ਚ ਹਿੰਦੀ ਫਿਲਮ ‘ਕਹਾਂ ਹੈ ਮੰਜ਼ਲ ਤੇਰੀ’ (1939) ਬਣਾਈ ਤਾਂ ਇਲਾ ਦੇਵੀ ਨੂੰ ‘ਰਾਜਕੁਮਾਰੀ ਰਾਗਿਨੀ’ ਦਾ ਪਾਰਟ ਦਿੱਤਾ ਜੋ ਉਸ ਨੇ ਬੜੀ ਉਮਦਗ਼ੀ ਨਾਲ ਅਦਾ ਕੀਤਾ। ਹੀਰੋ ਦੇ ਕਿਰਦਾਰ ’ਚ ਹਰੀਸ਼ਚੰਦਰ ‘ਪਾਰਸ’ ਦਾ ਪਾਤਰ ਨਿਭਾ ਰਿਹਾ ਸੀ। ਸਾਥੀ ਫ਼ਨਕਾਰਾਂ ਵਿੱਚ ਰਾਧਾ ਰਾਣੀ (ਗੋਦਾਵਰੀ), ਉਰਮਿਲਾ (ਹਿਰਦਯਾਮਨੀ), ਨਜ਼ੀਰਾ (ਮਾਯਾ), ਸ਼ਾਹਨਵਾਜ਼ (ਬਲਰਾਜ), ਸਿਆਨੀ ‘ਆਤਿਸ਼’ (ਮਹਾਂਮੰਤਰੀ ਅਰੂ), ਮਾਸਟਰ ਮੁਹੰਮਦ (ਮਹਾਰਾਜਾ ਸਤਲੁਜ), ਬੈਂਜਾਮਿਨ (ਸ਼ੀਤਲ), ਆਗਾ (ਮਛੰਦਰ), ਦਲਪਤ (ਰਾਜਗੁਰੂ) ਆਦਿ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਅੰਜਾਮ ਦੇ ਰਹੇ ਸਨ। ਕਹਾਣੀ, ਮੁਕਾਲਮੇ ਤੇ 4 ਗੀਤ ਵਹੀਦ ਕੁਰੈਸ਼ੀ, ਤਹਿਰੀਰ (ਸਕ੍ਰਿਪਟ) ਐੱਸ. ਐੱਮ. ਯੂਸਫ਼ ਅਤੇ ਮੌਸੀਕੀ ਦੀਆਂ ਤਰਜ਼ਾਂ ਮਾਧਵਲਾਲ ਮਾਸਟਰ (ਸਹਾਇਕ ਬਲਦੇਵ ਨਾਇਕ) ਨੇ ਬਣਾਈਆਂ ਸਨ। ਫਿਲਮ ’ਚ ਇਲਾ ਦੇਵੀ ਨੇ 4 ਗੀਤ ਗਾਏ ਜੋ ਉਸੇ ’ਤੇ ਫਿਲਮਾਏ ਗਏ ‘ਮਤ ਜਾ ਦੀਪਕ ਔਰ ਪਤੰਗੇ’ (ਇਲਾ ਦੇਵੀ, ਸਾਥੀ) ਤੇ ‘ਕਹਾਂ ਹੈ ਮੰਜ਼ਿਲ ਤੇਰੀ…ਅਭੀ ਤੋ ਚਲਨਾ ਸੀਖਾ ਹੈ’ (ਇਲਾ ਦੇਵੀ, ਸਾਥੀ/ਐੱਨ 15879) ਅਤੇ ‘ਪਰਦੇ ਮੇਂ ਆਕਾਸ਼ ਸੇ ਛੁਪ ਕਰ ਜਗ ਪਰ ਰਾਜ ਚਲਾਨੇ ਵਾਲੇ’ (ਇਲਾ ਦੇਵੀ, ਛੋਟੂ) ਤੇ ‘ਕਹਾਂ ਹੈ ਮੰਜ਼ਿਲ ਤੇਰੀ ਮੁਸਾਫ਼ਿਰ…ਭੋਰ ਭਈ ਸਭ ਪੰਛੀ’ (ਇਲਾ ਦੇਵੀ, ਸਾਥੀ/ਐੱਨ 15880) ਗੀਤ ਬੜੇ ਪੁਰ-ਸਕੂਨ ਸਨ।
ਇਲਾ ਦੇਵੀ ਨੇ ਲਾਹੌਰ ਦੀ ਇੱਕ ਖ਼ਾਮੋਸ਼ ਫਿਲਮ, ਰਣਜੀਤ ਮੂਵੀਟੋਨ ਦੀਆਂ 5 ਹਿੰਦੀ ਤੇ ਇੱਕ ਪੰਜਾਬੀ ਫਿਲਮ ਵਿੱਚ ਅਦਾਕਾਰੀ ਕੀਤੀ ਅਤੇ ਗੀਤ ਗਾਏ। ਉਸ ਨੇ ਵਾਡੀਆ ਮੂਵੀਟੋਨ ਦੀ ਵੀ ਇੱਕ ਫਿਲਮ ’ਚ ਕੰਮ ਕੀਤਾ ਤੇ ਗੀਤ ਗਾਏ ਸਨ। ਪੰਜਾਬ ਵੰਡ ਤੋਂ ਬਾਅਦ ਇਲਾ ਦੇਵੀ ਪਹਿਲਾਂ ਲਾਹੌਰ (ਪਾਕਿਸਤਾਨ) ਅਤੇ ਫਿਰ ਕਰਾਚੀ ਜਾ ਵੱਸੀ। ਪਾਕਿਸਤਾਨ ’ਚ ਉਸ ਨੇ ਕਦੇ ਵੀ ਕਿਸੇ ਫਿਲਮ ਵਿੱਚ ਅਦਾਕਾਰੀ ਨਹੀਂ ਕੀਤੀ ਸੀ। ਕਰਾਚੀ ਰਹਿੰਦਿਆਂ ਉਹ 1966 ਵਿੱਚ 46 ਸਾਲ ਦੀ ਉਮਰ ਵਿੱਚ ਫ਼ੌਤ ਹੋ ਗਈ। ਬਰ-ਏ-ਸਗ਼ੀਰ ਦੀ ਇਸ ਮਾਰੂਫ਼ ਅਦਾਕਾਰਾ ਤੇ ਗੁਲੂਕਾਰਾ ਨੂੰ ਫਿਲਮ-ਮੱਦਾਹ ਕਦੇ ਭੁਲਾ ਨਹੀਂ ਕਰ ਸਕਣਗੇ। ਆਰਟੀਕਲ ਵਿਚਲੀ ਇਲਾ ਦੇਵੀ ਦੀ ਇਹ ਇਹ ਨਾਯਾਬ ਤਸਵੀਰ ਲਾਹੌਰ ਤੋਂ ਛਪਦੇ ਬੀ. ਆਰ. ਚੋਪੜਾ ਦੇ ‘ਸਿਨੇ ਹਰਲਡ’ ਫਿਲਮ ਰਸਾਲੇ (1939) ਵਿੱਚੋਂ ਲਈ ਗਈ ਹੈ ਜੋ ਮੇਰੀ ਨਿੱਜੀ ਕੂਲੈਕਸ਼ਨ ਵਿੱਚ ਮੌਜੂਦ ਹੈ।
ਸੰਪਰਕ: 97805-09545