ਨਵੀਂ ਦਿੱਲੀ, 23 ਜੁਲਾਈ
ਅਦਾਕਾਰ ਜਿੰਮੀ ਸ਼ੇਰਗਿੱਲ ਨੇ ਤਿੰਨ ਵੈੱਬ ਸੀਰੀਜ਼ ਵਿੱਚ ਕੰਮ ਕੀਤਾ ਹੈ ਅਤੇ ਉਹ ਫਿਰ ਤੋਂ ਡਿਜੀਟਲ ਪਲੇਟਫਾਰਮ ’ਤੇ ਕੰਮ ਕਰਨ ਲਈ ਆਸਵੰਦ ਹੈ। ਅਦਾਕਾਰ ਨੇ ਸੀਰੀਜ਼ ‘ਰੰਗਰੇਜ਼ ਫਿਰਸੇ’, ‘ਯੂਅਰ ਆਨਰ’ ਅਤੇ ਹਾਲ ਹੀ ਵਿੱਚ ‘ਕੌਲਰ ਬੌਂਬ’ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਿੰਮੀ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਡਿਜੀਟਲ ਪਲੇਟਫਾਰਮ ਪਸੰਦ ਹੈ। ਅਦਾਕਾਰਾਂ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਅੱਗੇ ਵਧਣ ਲਈ ਇੱਕ ਹੋਰ ਮੌਕਾ ਮਿਲ ਗਿਆ ਹੈ। ਜਦੋਂ ਇੱਕ ਅਦਾਕਾਰ ਨੂੰ ਇੱਕ ਕਮਰਸ਼ੀਅਲ ਫਿਲਮ ਲਈ ਸਕ੍ਰਿਪਟ ਮਿਲਦੀ ਹੈ, ਅਸੀਂ ਮਹਿਸੂਸ ਕਰਦੇ ਹਾਂ ਕਿ ਇੱਕ ਖਾਸ ਭੂੁਮਿਕਾ ਮੈਂ ਪਹਿਲਾਂ ਵੀ ਕਰ ਚੁੱਕਿਆ ਹਾਂ। ਇਸ ਦੇ ਨਾਲ ਹੀ ਸਾਡੇ ਕੋਲ ਓਟੀਟੀ ਪਲੇਟਫਾਰਮ ਜ਼ਰੀਏ ਇੱਕ ਮੌਕਾ ਹੈ, ਜਿੱਥੇ ਕਹਾਣੀ ਅਤੇ ਕਿਰਦਾਰ ਬਿਲਕੁਲ ਵੱਖਰਾ ਹੈ।’’ ਉਸ ਨੇ ਅੱਗੇ ਕਿਹਾ, ‘‘ਇੱਥੇ ਕੁਝ ਨਵਾਂ ਅਜਮਾਉਣ ਅਤੇ ਰੌਚਕ ਕਰਨ ਸਮੇਤ ਤਜਰਬੇ ਕਰਨ ਦੀ ਗੁਜਾਇੰਸ਼ ਹੈ। ਹੁਣ, ਅਦਾਕਾਰ ਅੱਗੇ ਵਧ ਸਕਦੇ ਹਨ ਅਤੇ ਉਨ੍ਹਾਂ ਲਈ ਜੋ ਚੰਗਾ ਹੈ, ਉਹ ਚੁਣ ਸਕਦੇ ਹਨ।’’ ਅਦਾਕਾਰ ਨੇ ਸਾਂਝਾ ਕੀਤਾ ਕਿ ਉਹ ਨਿਰਦੇਸ਼ਕ ਪੁਸ਼ਪੇਂਦਰ ਨਾਥ ਮਿਸ਼ਰਾ ਨਾਲ ਵੈੱਬ ਸੀਰੀਜ਼ ‘ਤਾਜ ਮਹਿਲ 1989’ ਦੇ ਪ੍ਰਾਜੈਕਟ ’ਤੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਵੈੱਬ ਸੀਰੀਜ਼ ਕੋਲ ਕਹਾਣੀ ਬਿਆਨਣ ਲਈ ਵਾਧੂ ਸਮਾਂ ਹੁੰਦਾ ਹੈ। ਉਸ ਨੇ ਕਿਹਾ, ‘ਦੋਵੇਂ ਮਾਧਿਅਮਾਂ ਦੀ ਵੱਖਰੀ ਮਹੱਤਤਾ ਹੈ। ਓਟੀਟੀ ਨੇ ਤਾਲਾਬੰਦੀ ਦੌਰਾਨ ਘਰ ਬੈਠੇ ਲੋਕਾਂ ਦਾ ਮਨੋਰੰਜਨ ਕਰਨ ’ਚ ਅਹਿਮ ਭੂਮਿਕਾ ਨਿਭਾਈ।’’ ਉਸ ਨੇ ਵੀ ਬਹੁਤ ਸਾਰੀਆਂ ਸੀਰੀਜ਼ ਅਤੇ ਫਿਲਮਾਂ ਓਟੀਟੀ ਪਲੇਟਫਾਰਮ ਜ਼ਰੀਏ ਦੇਖੀਆਂ। -ਆਈਏਐੱਨਐੱਸ