ਨਵੀਂ ਦਿੱਲੀ: ਅਦਾਕਾਰ ਅਰਜੁਨ ਕਪੂਰ ਇਸ ਗੱਲ ਨਾਲ ਸਹਿਮਤ ਹੈ ਕਿ ਬੌਲੀਵੁੱਡ ਵਿੱਚ ਅਦਾਕਾਰ ਦਾ ਕਰੀਅਰ ਫਿਲਮਾਂ ਦੀ ਸਫ਼ਲਤਾ ਜਾਂ ਅਸਫ਼ਲਤਾ ਨਾਲ ਪਰਿਭਾਸ਼ਤ ਹੁੰਦਾ ਹੈ ਕਿਉਂਕਿ ਫਿਲਮਾਂ ਦਾ ਕਾਰੋਬਾਰ ਹੀ ਅਦਾਕਾਰ ਦੀ ਯੋਗਤਾ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦਾ ਹੈ। ਹਾਲਾਂਕਿ ਇਕੱਲਾ ਅਦਾਕਾਰ ਹੀ ਫਿਲਮ ਦੇ ਉਤਰਾਅ-ਚੜ੍ਹਾਅ ਲਈ ਜ਼ਿੰਮੇਵਾਰ ਨਹੀਂ ਹੁੰਦਾ। ਅਰਜੁਨ ਨੇ ਕਿਹਾ, ‘‘ਜਦੋਂ ਤੁਸੀਂ ਕਿਸੇ ਅਦਾਕਾਰ ਦੀ ਯੋਗਤਾ ਦੇਖ ਰਹੇ ਹੁੰਦੇ ਹੋ ਤਾਂ ਤੁਹਾਨੂੰ ਉਸ ਦੀ ਫਿਲਮ ਦੇ ਕਾਰੋਬਾਰ ਦਾ ਮੁਲਾਂਕਣ ਕਰਨਾ ਪੈਂਦਾ ਹੈ। ਨਾਲ ਹੀ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਚੰਗੇ ਅਦਾਕਾਰ ਹੋ ਤਾਂ ਤੁਸੀਂ ਆਪਣੇ ਪ੍ਰਦਰਸ਼ਨ ਰਾਹੀਂ ਵੱਧ ਪ੍ਰਭਾਸ਼ਿਤ ਹੁੰਦੇ ਹੋ।’’ ਉਸ ਨੇ ਕਿਹਾ, ‘‘ਕਈ ਵਾਰ ਤੁਸੀਂ ਬਹੁਤ ਚੰਗੇ ਅਦਾਕਾਰ ਬਣ ਸਕਦੇ ਹੋ ਪਰ ਤੁਸੀਂ ਗ਼ਲਤ ਫਿਲਮ ਦੀ ਚੋਣ ਕਰ ਲੈਂਦੇ ਹੋ। ਤੁਸੀਂ ਸਹੀ ਅਦਾਕਾਰ ਹੋ ਸਕਦੇ ਹੋ, ਜੋ ਲੋਕਾਂ ਨੂੰ ਆਪਣੇ ਵੱਖ ਖਿੱਚਦਾ ਹੈ ਪਰ ਉਸ ਵੇਲੇਂ ਤੁਸੀਂ ਜੋ ਕੰਮ ਕਰ ਰਹੇ ਹੁੰਦੇ ਹੋ, ਉਹ ਲੋਕਾਂ ਨੂੰ ਨਿਰਾਸ਼ ਕਰ ਦਿੰਦਾ ਹੈ ਕਿਉਂਕਿ ਇਕੱਲਾ ਅਦਾਕਾਰ ਫਿਲਮ ਦੀ ਸਫ਼ਲਤਾ ਜਾਂ ਅਸਫ਼ਲਤਾ ਦਾ ਫ਼ੈਸਲਾ ਨਹੀਂ ਕਰਦਾ।’’ ਅਰਜੁਨ ਅਨੁਸਾਰ, ‘‘ਕਈ ਵਾਰ ਅਦਾਕਾਰਾਂ ਨੂੰ ਨਿਰਦੇਸ਼ਕ ਨਿਰਾਸ਼ ਕਰ ਦਿੰਦੇ ਹਨ। ਕਦੇ-ਕਦੇ ਸਕਰਿਪਟ ਉਸ ਤਰ੍ਹਾਂ ਨਿਕਲ ਕੇ ਸਾਹਮਣੇ ਨਹੀਂ ਆਉਂਦੀ, ਜਿਸ ਤਰ੍ਹਾਂ ਸੋਚੀ ਹੁੰਦੀ ਹੈ ਅਤੇ ਕਈ ਵਾਰ ਅਦਾਕਾਰ ਉਸ ਨੂੰ ਦਿੱਤੀ ਗਈ ਭੂਮਿਕਾ ਨਾਲ ਇਨਸਾਫ ਨਹੀਂ ਕਰ ਸਕਦਾ।’’ ਅਰਜੁਨ ਦੀ ਨਵੀਂ ਫਿਲਮ ‘ਸਰਦਾਰ ਕਾ ਗਰੈਂਡਸਨ’ ਅੱਜ ਨੈਟਫਲਿਕਸ ’ਤੇ ਰਿਲੀਜ਼ ਹੋ ਗਈ ਹੈ। ਇਹ ਫਿਲਮ ਅਰਜੁਨ ਦੇ ਕਿਰਦਾਰ ਅਮਰੀਕ ਦੁਆਲੇ ਘੁੰਮਦੀ ਹੈ ਜੋ ਆਪਣੀ ਦਾਦੀ ਦੀ ਆਖਰੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ। -ਆਈਏਐੱਨਐੱਸ