ਅੱਠ ਜੂਨ ਨੂੰ ਪਿੰਡ ਮੂਸਾ ਵਿੱਚ ਗਾਇਕ ਤੇ ਅਦਾਕਾਰ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨਮਿਤ ਭੋਗ ਪਿਆ। ਲੱਖਾਂ ਲੋਕ ਉਸ ਦੀ ਯਾਦ ਵਿੱਚ ਉੱਥੇ ਜੁੜੇ ਅਤੇ ਉਸ ਦੇ ਪਰਿਵਾਰ ਨਾਲ ਦੁੱਖ ਵੰਡਾਇਆ। ਨੌਜਵਾਨ ਰੋ ਰਹੇ ਸਨ, ਉਨ੍ਹਾਂ ਦੇ ਦਿਲ ਪੀੜ ਤੇ ਗੁੱਸੇ ਨਾਲ ਭਰੇ ਹੋਏ ਸਨ। ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦਾ ਜਿਗਰ ਦਾ ਟੋਟਾ ਬੁਢਾਪੇ ਦੀ ਡੰਗੋਰੀ ਬਣਨ ਦੀ ਥਾਂ ਉਨ੍ਹਾਂ ਨੂੰ ਦੁੱਖਾਂ ਦੇ ਸਮੁੰਦਰ ਵਿੱਚ ਡੁਬੋ ਗਿਆ। ਸਾਰਾ ਪੰਜਾਬ ਧਾਹਾਂ ਮਾਰ-ਮਾਰ ਕੇ ਰੋਇਆ। ਪੰਜਾਬ ਦਾ ਪੁੱਤ ਚੜ੍ਹਦੀ ਜਵਾਨੀ ਵਿੱਚ ਕੋਹਿਆ ਗਿਆ। ਉਸ ਨੇ ਹਮਲਾਵਰਾਂ ਦਾ ਮੁਕਾਬਲਾ ਕੀਤਾ। ਪੰਜਾਬੀਆਂ ਨੂੰ ਮਿਰਜ਼ੇ ਦਾ ਮਰਨਾ ਯਾਦ ਆਇਆ।
ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਨੇ ਥੋੜ੍ਹੇ ਸਮੇਂ ਵਿੱਚ ਗਾਇਕੀ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਉਹ ਕੈਨੇਡਾ ਚਲਾ ਗਿਆ ਸੀ, ਪਰ ਫਿਰ ਵਾਪਸ ਆ ਕੇ ਉਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ। ਉਹ ਕੁਝ ਵਰ੍ਹਿਆਂ ਵਿੱਚ ਹੀ ਨੌਜਵਾਨਾਂ ਅਤੇ ਕਿਸ਼ੋਰ ਉਮਰ ਦੇ ਲੜਕੇ-ਲੜਕੀਆਂ ਦਾ ਚਹੇਤਾ ਗਾਇਕ ਬਣ ਗਿਆ। ਉਸ ਦੇ ਯੂ-ਟਿਊਬ ਚੈਨਲ ਦੇ 22 ਲੱਖ ਸਬਸਕ੍ਰਾਈਬਰ ਸਨ। ਉਹ ਪੰਜਾਬ ਹੀ ਨਹੀਂ ਸਗੋਂ ਕੈਨੈਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਵੀ ਹਰਮਨਪਿਆਰਾ ਸੀ। ਉਹ ਅਮਰੀਕਾ ਦੇ ਟੂਪਾਕ ਸ਼ਕੂਰ (Tupac Shakur) ਜਿਹੇ ਰੈਪ-ਗਾਇਕਾਂ ਦਾ ਪ੍ਰਸ਼ੰਸਕ ਸੀ। ਇਤਫ਼ਾਕ ਦੀ ਗੱਲ ਹੈ ਕਿ ਟੂਪਾਕ ਸ਼ਕੂਰ ਦਾ ਵੀ 1996 ਵਿੱਚ 25 ਸਾਲ ਦੀ ਉਮਰ ਵਿੱਚ ਏਦਾਂ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਆਪਣੇ ਆਖ਼ਰੀ ਗਾਣੇ ‘ਦਿ ਲਾਸਟ ਰਾਈਡ’ ਵਿੱਚ ਸਿੱਧੂ ਮੂਸੇਵਾਲਾ ਨੇ ਉਹੋ ਜਿਹੀ ਕਾਰ ਵਰਤੀ ਸੀ ਜਿਹੋ ਜਿਹੀ ਕਾਰ ਵਿੱਚ ਟੂਪਾਕ ਸ਼ਕੂਰ ਆਪਣੇ ਕਤਲ ਦੇ ਦਿਨ ਸਵਾਰ ਸੀ। ਇਹ ਗੀਤ ਵੀ ਸ਼ਕੂਰ ਨੂੰ ਸਮਰਪਿਤ ਸੀ। ‘ਦਿ ਲਾਸਟ ਰਾਈਡ’ ਵਿੱਚ ਸਿੱਧੂ ਮੂਸੇਵਾਲਾ ਨੇ ਇਹ ਲਿਖਿਆ ਤੇ ਗਾਇਆ, ‘‘ਓ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ/ਨੀਂ ਇਹਦਾ ਉੱਠੂਗਾ ਜਵਾਨੀ ’ਚ ਜਨਾਜ਼ਾ ਮਿੱਠੀਏ।’’ ਉਹ ਭਰ ਜਵਾਨੀ ਵਿੱਚ ਚੱਲ ਵਸਿਆ। ਉਸ ਦੇ ਕਤਲ ਨੇ ਪੰਜਾਬ ਨੂੰ ਨਾ ਸਿਰਫ਼ ਸੋਗ ਵਿੱਚ ਡੋਬਿਆ ਹੈ ਸਗੋਂ ਗਹਿਰਾ ਸਦਮਾ ਵੀ ਪਹੁੰਚਾਇਆ ਹੈ।
ਸਿੱਧੁ ਮੂਸੇਵਾਲਾ ਦਾ ਗੀਤ ‘295’ ਖਾਸ ਧਿਆਨ ਮੰਗਦਾ ਹੈ। ਇਸ ਦਾ ਹਵਾਲਾ ਤਾਜੀਰਾਤੇ-ਹਿੰਦ (ਇੰਡੀਅਨ ਪੀਨਲ ਕੋਡ-ਆਈਪੀਸੀ) ਦੀ ਧਾਰਾ 295 ਬਾਰੇ ਹੈ ਜੋ ਧਾਰਮਿਕ ਅਸਥਾਨਾਂ ਦੀ ਬੇਅਦਬੀ ਨਾਲ ਸਬੰਧ ਰੱਖਦੀ ਹੈ। ਧਾਰਾ 295-ਏ ਉਨ੍ਹਾਂ ਕਾਰਵਾਈਆਂ ਤੇ ਕਥਨਾਂ ਨਾਲ ਸਬੰਧਿਤ ਹੈ ਜਿਨ੍ਹਾਂ ਨੂੰ ਭਾਈਚਾਰੇ ਦੇ ਧਰਮ ਸਬੰਧੀ ਅਪਮਾਨਜਨਕ ਸਮਝਿਆ ਜਾਂਦਾ ਹੈ। ਗੀਤ ਦੇ ਬੋਲ ਹਨ:
ਦੱਸ ਪੁੱਤ ਤੇਰਾ ਹੈੱਡ ਡਾਊਨ ਕਾਸਤੋਂ
ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋਂ
ਆਹ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜ੍ਹੇ ਆ
ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸਤੋ
ਕੁਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ
ਕੁਛ ਤੈਨੂ ਫੜ ਥੱਲੇ ਲੌਣਾ ਚਾਹੁੰਦੇ ਨੇ
ਕੁਛ ਕੇ ਨੇ ਆਏ ਇੱਥੇ ਭੁੱਖੇ ਫੇਮ ਦੇ
ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ
ਮੁਸੀਬਤ ਤਾਂ ਮਰਦਾਂ ’ਤੇ ਪੈਂਦੀ ਰਹਿੰਦੀ ਏ
ਦੱਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਏ
ਨਾਲੇ ਜਿਹੜੇ ਰਸਤੇ ’ਤੇ ਤੂੰ ਤੁਰਿਆ
ਐਥੇ ਬਦਨਾਮੀ ਹਾਈ ਰੇਟ ਮਿਲੂਗੀ
ਨਿਤ ਕੰਟਰੋਵਰਸੀ ਕ੍ਰਿਏਟ ਮਿਲੂਗੀ
ਧਰਮਾਂ ਦੇ ਨਾਮ ’ਤੇ ਡਬਿੇਟ ਮਿਲੂਗੀ
ਸੱਚ ਬੋਲੇਂਗਾ ਤਾਂ ਮਿਲੂ 295
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
ਅੱਜ ਕਈ ਬਚਾਉਣ ਸੱਭਿਆਚਾਰ ਜੁਟ ਕੇ
ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ
ਇੰਝ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ
ਪੜ੍ਹਾਂ ਜਦੋਂ ਸੁਬਹ ਅਖਬਾਰ ਉਠ ਕੇ
ਚੁੱਪ ਰਹਿ ਓ ਪੁੱਤਰਾਂ ਨੀ ਭੇਦ ਖੋਲ੍ਹੀ ਦੇ
ਲੀਡਰ ਨੇ ਐਥੇ ਹੱਕਦਾਰ ਗੋਲੀ ਦੇ
ਹੋ ਜਿਨ੍ਹਾਂ ਦੇ ਜਾਵਕਾਂ ਨਾਂ ਜਿਓਂ ਤੇ ਸਟੀਵ ਆ
ਰਾਖੇ ਬਣੇ ਫਿਰਦੇ ਓ ਮਾਂ ਬੋਲੀ ਦੇ
ਓ ਝੂਠੇ ਨਹੀਂਓ ਐਥੋਂ ਦੇ ਫੈਕਟ ਇਹ ਵੀ ਨੇ
ਚੋਰ ਬੰਦੇ ਐਥੋਂ ਦੇ ਸਮਾਜ ਸੇਵੀ ਨੇ
ਸੱਚ ਵਾਲਾ ਬਾਣਾ ਪਾ ਜੋ ਲੋਕ ਲੁੱਟ ਦੇ
ਸਜ਼ਾ ਇਨ੍ਹਾਂ ਨੂੰ ਵੀ ਛੇਤੀ ਮੇਟ ਮਿਲੂਗੀ
ਓ ਲੋਕ ਵੱਟੇ ਮਾਰਦੇ ਆ ਭਰੇ ਰੁੱਖਾਂ ’ਤੇ
ਮਿੰਟਾਂ ਵਿੱਚ ਪਹੁੰਚ ਜਾਂਦੇ ਮਾਵਾਂ ਕੁੱਖਾਂ ’ਤੇ
ਕੌਣ ਕੁੱਤਾ? ਕੋਣ ਦੱਲਾ? ਕੰਜਰ ਏ ਕੌਣ
ਐਥੇ ਸਰਟੀਫਿਕੇਟ ਦੇਣ ਫੇਸਬੁੱਕ ’ਤੇ
ਲੀਡਰ ਫਰੌਡ ਦੇਖ ਆਟਾ ਇਨ੍ਹਾਂ ਨੂੰ
ਵੋਟਾਂ ਲੈ ਕੇ ਮਾਰਦੇ ਛਪਾਟਾ ਇਨ੍ਹਾਂ ਨੂੰ
ਪਤਾ ਨਹੀ ਜ਼ਮੀਰ ਓਦੋਂ ਕਿੱਥੇ ਹੁੰਦੀ ਏ
ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਇਨ੍ਹਾਂ ਨੂੰ
ਡਿੱਗਦੇ ਨੂੰ ਦੇਣ ਲੋਕ ਟਾਡਹ ਰੱਖ ਕੇ
ਓ ਕੱਢਦੇ ਨੇ ਗਾਲ੍ਹਾਂ ਕਈ ਢਾਡੀ ਰੱਖ ਕੇ
ਓ ਤੇਰੀ ਅਤੇ ਓਹਦੀ ਮਾਂ ’ਚ ਫਰਕ ਏ ਕੀ
ਅਕਲ ਇਨ੍ਹਾਂ ਨੂੰ ਥੋੜੀ ਲੇਟ ਮਿਲੂਗੀ
ਤੂੰ ਹੁਣ ਤਕ ਅੱਗੇ ਤੇਰੇ ਦਮ ਕਰਕੇ
ਐਥੇ ਫੋਟੋ ਨੀ ਖਿਚਾਉਂਦਾ ਕੋਈ ਚਮ ਕਰਕੇ
ਕੌਣ ਕਿੰਨਾ ਰੱਬ ’ਚ ਯਕੀਨ ਰੱਖਦਾ
ਲੋਕ ਕਰਦੇ ਏ ਜੱਜ ਓਹਦੇ ਕਮ ਕਰਕੇ
ਤੂੰ ਝੁਕਿਆ ਏ ਜ਼ਰੂਰ ਹੋਇਆ ਕੋਢਾ ਤਾਂ ਨਹੀਂ
ਪੱਗ ਤੇਰੇ ਸਿਰ ’ਤੇ ਤੂੰ ਰੋਡਾ ਤਾਂ ਨਹੀ
ਇੱਕ ਗੱਲ ਪੁੱਛ ਇਨ੍ਹਾਂ ਠੇਕੇਦਾਰਾਂ ਨੂੰ
ਸਾਡਾ ਵੀ ਏ ਪੰਥ ਕੱਲਾ ਥੋਡਾ ਤਾਂ ਨਹੀਂ
ਓ ਘਟੀਆ ਸਿਆਸਤ ਨੂੰ ਦਿਲੋਂ ਕੱਢ ਦਿਓ
ਓ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ
ਓ ਕਿਸੇ ਬੱਚੇ ਸਿਰ ਨਈਓਂ ਕੇਸ ਲੱਭਣੇ
ਨਈ ਤਾਂ ਤੁਹਾਨੂੰ ਛੇਤੀ ਐਸੀ ਡੇਟ ਮਿਲੂਗੀ
ਮੀਡਿਆ ਕਈ ਬਣ ਬੈਠੇ ਅੱਜ ਦੇ ਗਵਾਰ
ਇੱਕੋ ਝੂਠ ਬੋਲਦੇ ਆ ਓਹ ਵੀ ਬਾਰ ਬਾਰ
ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ
ਤੇ ਸ਼ੋਅ ਦਾ ਨਾਮ ਰੱਖਦੇ ਆ ਜੱਜ ਦੇ ਵਿਚਾਰ
ਸ਼ਾਮ ਤੇ ਸਵੇਰੇ ਭਾਲਦੇ ਵਿਵਾਦ ਨੇ
ਐਵੇ ਈਂ ਤੇਰੇ ਨਾਲ ਕਰਦੇ ਫਸਾਦ ਨੇ
24 ਘੰਟੇ ਦੇ ਨਾਲੇ ਨਿੰਦਦੇ ਪ੍ਰਾਹੁਣੇ ਨੂੰ
ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ
ਭਾਵੇਂ ਔਖੀ ਹੋਈ ਏ ਕਰਾਊਡ ਤੇਰੇ ’ਤੇ
ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ’ਤੇ
ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ
ਆਹਾ ਬਾਪੂ ਤੇਰਾ ਬੜਾ ਆ ਪ੍ਰਾਉਡ ਤੇਰੇ ’ਤੇ
ਤੂ ਦੱਬ ਗਿਆ ਦੁਨੀਆ ਨੇ ਵਹਿਮ ਪਾਲਿਆ
ਉਠ ਪੁੱਤ ਝੋਟਿਆ ਓਏ ਮੂਸੇ ਵਾਲਿਆ
ਜੇ ਐਵੇ ਈ ਰਿਹਾ ਗੀਤਾਂ ਵਿੱਚ ਸੱਚ ਬੋਲਦਾ
ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ
ਸਿੱਧੂ ਮੂਸੇਵਾਲਾ ਅਮਰੀਕੀ ਰੈਪਰ-ਮਾਡਲ ਟੂਪਾਕ ਸ਼ਕੂਰ ਨੂੰ ਆਪਣਾ ਰੋਲ ਮਾਡਲ ਅਤੇ ਨਾਇਕ ਮੰਨਦਾ ਸੀ। ਟੂਪਾਕ ਦੀ ਜ਼ਿੰਦਗੀ ਦਾ ਵਰਣਨ ਕੇ. ਐੱਲ. ਸਟੈਨਫੋਰਡ ਨੇ ਇਉਂ ਕੀਤਾ ਹੈ,
‘‘1986 ਵਿੱਚ, ਟੂਪਾਕ ਆਪਣੇ ਪਰਿਵਾਰ ਨਾਲ ਬਾਲਟੀਮੋਰ ਚਲਾ ਗਿਆ। ਉਸ ਨੇ ਤੁਰੰਤ ਸ਼ਹਿਰ ਵਿੱਚ ਰਹਿਣ ਵਾਲੇ ਸਿਆਹਫਾਮ ਲੋਕਾਂ ਦੇ ਬੁਰੇ ਹਾਲਾਤ ਵੱਲ ਧਿਆਨ ਦਿੱਤਾ। ਟੂਪਾਕ ਨੇ ਕਿਹਾ, ‘ਜਿਵੇਂ ਹੀ ਮੈਂ ਉੱਥੇ ਪਹੁੰਚਿਆ, ਮੈਂ ਚੇਤਨ ਵਿਅਕਤੀ ਹੋਣ ਦੇ ਨਾਤੇ ਕਿਹਾ, ‘ਨਹੀਂ, ਨਹੀਂ, ਮੈਂ ਇਸ ਨੂੰ ਬਦਲ ਰਿਹਾ ਹਾਂ।’ ਇਸ ਲਈ ਮੈਂ ਇੱਕ ‘ਸਟਾਪ ਦਿ ਕਿਲਿੰਗ’ (ਕਤਲ ਬੰਦ ਕਰੋ) ਮੁਹਿੰਮ, ਸੁਰੱਖਿਅਤ ਸੈਕਸ ਮੁਹਿੰਮ ਅਤੇ ਏਡਜ਼ ਰੋਕਥਾਮ ਮੁਹਿੰਮ ਅਤੇ ਹੋਰ ਵੀ ਬਹੁਤ ਕੁਝ ਲਈ ਮੁਹਿੰਮਾਂ ਸ਼ੁਰੂ ਕੀਤੀਆਂ।’
…ਬਾਲਟੀਮੋਰ ਸਕੂਲ ਫਾਰ ਪਰਫਾਰਮਿੰਗ ਆਰਟਸ ਵਿੱਚ ਭਾਗ ਲੈਣ ਵਾਲੇ ਹਾਈ ਸਕੂਲ ਦੇ ਵਿਦਿਆਰਥੀ ਵਜੋਂ, ਟੂਪਾਕ ਨੇ ਸਮਾਜਿਕ ਤੌਰ ‘ਤੇ ਚੇਤੰਨ ਗੀਤ ਲਿਖੇ ਅਤੇ ਪੇਸ਼ ਕੀਤੇ, ਕਿਸ਼ੋਰ ਉਮਰੇ ਗਰਭਵਤੀ ਹੋਣ ਵਾਲੀਆਂ ਕੁੜੀਆਂ ਦੇ ਦੁੱਖ ਬਾਰੇ ਰੈਪ ਗਾਏ, ਬੰਦੂਕ ਦੀ ਹਿੰਸਾ ਨੂੰ ਨਿਰਉਤਸ਼ਾਹਿਤ ਕੀਤਾ। ਲੋਕਾਂ ਦੇ ਜੀਵਨ ਨੂੰ ਅੱਗੇ ਵਧਾਉਣ ਲਈ ਵਰਗ-ਆਧਾਰਿਤ ਰਣਨੀਤੀਆਂ ਦੇ ਆਪਣੇ ਸਮਰਥਨ ਦਾ ਪ੍ਰਦਰਸ਼ਨ ਕਰਦੇ ਹੋਏ, ਟੂਪਾਕ ‘ਯੰਗ ਕਮਿਊਨਿਸਟ ਲੀਗ’ ਨਾਲ ਵੀ ਜੁੜਿਆ।
…18 ਸਾਲ ਦੀ ਉਮਰ ਵਿੱਚ ਟੂਪਾਕ ਨੇ ਨਿਊ ਅਫ਼ਰੀਕਨ ਪੈਂਥਰਜ਼ ਆਰਗੇਨਾਈਜੇਸ਼ਨ (ਨੈਪੋ) ਦਾ ਇੱਕ ਸਰਗਰਮ ਮੈਂਬਰ ਬਣਨ ਦਾ ਫੈਸਲਾ ਕੀਤਾ। 13 ਤੋਂ 25 ਸਾਲ ਦੀ ਉਮਰ ਦੇ 7 ਤੋਂ 10 ਨੌਜਵਾਨਾਂ ਦੇ ਇਸ ਸਮੂਹ ਨੇ ਪੁਲੀਸ ਜ਼ਬਰ ਵਿਰੁੱਧ ਕੰਮ ਕੀਤਾ, ਨੈਪੋ ਬਾਰੇ ਜਨਤਾ ਨੂੰ ਜਾਗਰੂਕ ਕੀਤਾ, ਅਤੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਵਕਾਲਤ ਕੀਤੀ।…ਟੂਪਾਕ ਨੇ ਇੱਕ ਮੁਲਾਕਾਤ ਵਿੱਚ ਕਿਹਾ, ‘ਮੇਰਾ ਮੰਨਣਾ ਹੈ ਕਿ ਨਿਊ ਅਫ਼ਰੀਕਨ ਪੈਂਥਰਜ਼ ਸੰਸਥਾ ਆਜ਼ਾਦੀ ਬਾਰੇ ਹੈ।….ਪੈਂਥਰ ਇੱਕ ਵਿਕਲਪ ਪ੍ਰਦਾਨ ਕਰਨ ਬਾਰੇ ਹੈ, ਇੱਕ ਅੰਦੋਲਨ ਹੈ ਜਿਸ ਵਿੱਚ ਤੁਸੀਂ ਅੱਗੇ ਵਧ ਸਕਦੇ ਹੋ… ਟੂਪਾਕ ਨੇ ਅਜਿਹੀ ਵਿਚਾਰਧਾਰਾ ਵਿਕਸਤ ਕਰਕੇ ਸ਼ਹਿਰ ਦੇ ਨੌਜਵਾਨਾਂ ਵਿੱਚ ਸਰਗਰਮੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਦੇ ਹਾਲਾਤ ਲਈ ਬਾਹਰੀ ਨਹੀਂ ਸਨ ਅਤੇ ਸੰਭਾਵਿਤ ਤੌਰ ‘ਤੇ ਰਾਜਨੀਤਿਕ ਸ਼ਮੂਲੀਅਤ ਦੀ ਇੱਛਾ ਪੈਦਾ ਕਰ ਸਕਦੀ ਸੀ।¬¬’’
ਇਹ ਸੀ ਟੂਪਾਕ ਸ਼ਕੂਰ ਜਿਹੜਾ ਆਪਣੇ ਸਿਆਹਫਾਮ ਹੋਣ ਦੇ ਦੁੱਖੜੇ ਗਾਉਂਦਾ ਸੀ। ਉਹ ਗੋਰਿਆਂ ਤੋਂ ਬਦਲਾ ਵੀ ਲੈਣਾ ਚਾਹੁੰਦਾ ਸੀ ਅਤੇ ਗੋਰਿਆਂ ਵਰਗਾ ਵੀ ਬਣਨਾ ਚਾਹੁੰਦਾ ਸੀ। ਤਾਕਤਵਰ, ਹਥਿਆਰਾਂ ਨਾਲ ਲੈਸ, ਅਮੀਰ, ਕਾਰਾਂ ਤੇ ਇਮਾਰਤਾਂ ਦਾ ਮਾਲਕ। ਉਸ ਦੇ ਅੰਦਰ ਅੰਤਾਂ ਦਾ ਹੇਰਵਾ ਸੀ, ਜਿਉਣ ਦੀ ਸਿੱਕ ਅਤੇ ਲਿਤਾੜੇ ਤੇ ਤ੍ਰਿਸਕਾਰੇ ਜਾਣ ਦਾ ਦੁੱਖ ਸੀ। ਮੂਸੇਵਾਲਾ ਨੇ ਅਜਿਹੇ ਗਾਇਕ ਨਾਲ ਸਾਂਝ ਪਾਈ। ਟੂਪਾਕ ਸ਼ਕੂਰ ਨੇ ਆਪਣੇ ਬਚਪਨ ਨੂੰ ਇਉਂ ਯਾਦ ਕੀਤਾ ਹੈ:
ਭਰਾਵਾ, ਮੈਂ
ਅੰਦਰਲੇ ਸ਼ਹਿਰ ’ਚ ਜੰਮਿਆ, ਵੱਡਾ ਹੋਇਆ
ਜਿੱਥੇ ਹਰ ਕਿਸੇ ਦੇ ਪਿਓ ਸਨ, ਮਾਂ ਸੀ
ਮੈਂ ਤਾਅ ਵਿੱਚ ਆਏ ਮਰਦ ਦੀ ਪੈਦਾਇਸ਼ ਸਾਂ
ਤੇ ਕੋਈ ਨਹੀਂ ਜਾਣਦਾ
ਕਿ ਇਸ ਗੱਲ ਨੇ ਮੇਨੂੰ ਕਿੰਨਾ ਵਲੂੰਧਰਿਆ
ਤੇ ਮੇਰੇ ਪਿਓ ਨੂੰ ਮੇਰਾ ਪਤਾ ਹੀ ਨਹੀਂ ਸੀ
ਮੇਰਾ ਪਰਿਵਾਰ ਨਹੀਂ ਸੀ ਜਾਣਦਾ
ਕਿ ਉਹ ਮੇਰੇ ਨਾਲ ਕੀ ਕਰੇ
ਕੀ ਉਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਸੀ?
ਅਜੀਬ ਨਜ਼ਰਾਂ ਨਾਲ ਭਰੀਆਂ ਅੱਖਾਂ ਨਾਲ
ਉਹ ਮੈਨੂੰ ਵੇਖਦੇ
ਕਿ ਮੈਂ ਜਿਉਂਦਾ ਸਾਂ ਕਿ ਮੋਇਆ
ਮੇਰੀ ਗਰੀਬੜੀ ਮਾਂ
ਮੈਨੂੰ ਕਾਬੂ ’ਚ ਨਹੀਂ ਸੀ ਰੱਖ ਸਕਦੀ
ਤੇ ਫਿਰ ਉਸ ਨੇ ਵੀ
ਮੇਰੀ ਰੂਹ ਨੂੰ ਬਚਾਉਣ ਦਾ ਯਤਨ ਕਰਨਾ ਛੱਡ ਦਿੱਤਾ
ਮੂਸੇਵਾਲਾ ਨੇ ਟੂਪਾਕ ਦੇ ਗੀਤਾਂ ਵਿਚਲੀ ਵੇਦਨਾ ਅਤੇ ਰੋਹ ਦੇ ਘੋੜਿਆਂ ਦੀਆਂ ਟਾਪਾਂ ਨੂੰ ਸੁਣਨ ਦਾ ਯਤਨ ਕੀਤਾ। ਆਪਣੇ ਦਰਦ ਤੇ ਰੋਹ ਨੂੰ ਨਵੀਂ ਤਰ੍ਹਾਂ ਦੀ ਗਾਇਕੀ ਨਾਲ ਜ਼ੁਬਾਨ ਦਿੱਤੀ। ਦੋਵੇਂ (ਟੂਪਾਕ ਤੇ ਮੂਸੇਵਾਲਾ) ਇੱਕੋ ਜਿਹੀ ਮੌਤ ਮਰੇ; ਭਰ ਜਵਾਨੀ ਵਿੱਚ, ਗੋਲੀਆਂ ਦੀ ਬੁਛਾਰ ਸਹਿੰਦਿਆਂ। ਪੰਜਾਬੀਆਂ ਦੇ ਦਿਲ ਹਲੂਣੇ ਹੋਏ ਹਨ, ਉਹ ਨਹੀਂ ਜਾਣਦੇ ਕਿ ਉਹ ਇੱਕ ਦੂਜੇ ਨੂੰ ਧਰਵਾਸ ਕਿਵੇਂ ਦੇਣ। ਬੁੱਲੇ ਸ਼ਾਹ ਦੇ ਸ਼ਬਦਾਂ ਦਿਲਾਂ ਦੀ ਹੂਕ ਬਣ ਰਹੇ ਹਨ, ‘ਉੱਠ ਗਏ ਗਵਾਂਢੋਂ ਯਾਰ, ਰੱਬਾ ਹੁਣ ਕੀ ਕਰੀਏ।’
-ਪੰਜਾਬੀ ਟ੍ਰਿਬਿਊਨ ਫੀਚਰ