ਮੁੰਬਈ, 6 ਮਾਰਚ
ਅਦਾਕਾਰਾ ਤਾਪਸੀ ਪੰਨੂ ਨੇ ਆਮਦਨ ਕਰ ਵਿਭਾਗ ਦੇ ਛਾਪਿਆਂ ਬਾਰੇ ਅੱਜ ਆਪਣੀ ਚੁੱਪ ਤੋੜਦਿਆਂ ਪੈਰਿਸ ਵਿਚ ਕਥਿਤ ਬੰਗਲੇ, ਪੰਜ ਕਰੋੜ ਲੈਣ ਦੇ ਦੋਸ਼ ਤੇ ਸਾਲ 2013 ਦੇ ਛਾਪੇ ਦੇ ਸਬੰਧੀ ਤਿੰਨ ਟਵੀਟ ਕੀਤੇ ਹਨ। ਆਮਦਨ ਕਰ ਵਿਭਾਗ ਨੇ 3 ਮਾਰਚ ਨੂੰ ਤਾਪਸੀ ਅਤੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੇ ਘਰਾਂ ਅਤੇ ਦਫਤਰਾਂ ਦੀ ਤਲਾਸ਼ੀ ਲਈ ਸੀ। ਤਾਪਸੀ ਨੇ ਪਹਿਲੇ ਟਵੀਟ ਵਿੱਚ ਕਿਹਾ, “ ਤਿੰਨ ਦਿਨ ਤੱਕ ਮੁੱਖ ਤੌਰ ’ਤੇ ਤਿੰਨ ਚੀਜ਼ਾਂ ਦੀ ਤਲਾਸ਼ੀ ਲਈ ਗਈ। ਕਥਿਤ ਤੌਰ ’ਤੇ ਪੈਰਿਸ ਵਿੱਚ ਮੇਰੇ ਬੰਗਲੇ ਦੀਆਂ ਚਾਬੀਆਂ, ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ।” ਦੂਜੇ ਟਵੀਟ ਵਿੱਚ ਪੰਨੂ ਨੇ ਕਿਹ, “ ਪੰਜ ਕਰੋੜ ਰੁਪਏ ਦੀ ਕਥਿਤ ਰਸੀਦ ਜਿਸ ਨੂੰ ਫਰੇਮ ਕਰਵਾ ਕੇ ਭਵਿੱਖ ਲਈ ਰੱਖਿਆ ਜਾਵੇਗਾ ਕਿਉਂਕਿ ਮੈਂ ਪਹਿਲਾਂ ਹੀ ਇਹ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।” ਤੀਜੇ ਟਵੀਟ ਵਿੱਚ ਵਿੱਤ ਮੰਤਰੀ ਦੀ ਆਲੋਚਨਾ ਕਰਦਿਆਂ ਤਾਪਸੀ ਨੇ ਕਿਹਾ, “ ਸਾਡੀ ਆਦਰਯੋਗ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੁਤਾਬਕ 2013 ਵਿੱਚ ਮੇਰੇ ’ਤੇ ਜੋ ਛਾਪਾ ਪਿਆ ਸੀ…ਹੁਣ ਉੰਨੀ ਸਸਤੀ ਨਹੀਂ ਹਾਂ।”