ਮੁੰਬਈ: ਟੀਵੀ ਅਤੇ ਫ਼ਿਲਮ ਅਦਾਕਾਰ ਅਭਿਸ਼ੇਕ ਰਾਵਤ ਆਉਣ ਵਾਲੇ ਲੜੀਵਾਰ ‘ਕਾਮਨਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਜਾ ਰਿਹਾ ਹੈ। ਉਸ ਨੇ ਭੋਪਾਲ ਵਿੱਚ ਹੋਈ ਸ਼ੂਟਿੰਗ ਦੇ ਕੁਝ ਪਲ ਸਾਂਝੇ ਕੀਤੇ। ਇਸ ਸ਼ੋਅ ਦੀ ਕਹਾਣੀ ਭੋਪਾਲ ’ਤੇ ਆਧਾਰਿਤ ਹੈ, ਇਸ ਲਈ ਸ਼ੂਟਿੰਗ ਵੀ ਉੱਥੇ ਹੀ ਕੀਤੀ ਗਈ ਹੈ। ਅਭਿਸ਼ੇਕ ਇਸ ਤੋਂ ਪਹਿਲਾਂ ਨਵਾਜ਼ੂਦੀਨ ਸਿੱਦੀਕੀ ਨਾਲ ਕੀਤੀ ਫਿਲਮ ‘ਮੋਤੀਚੂਰ ਚਕਨਾਚੂਰ’ ਦੀ ਸ਼ੂਟਿੰਗ ਲਈ ਇੱਥੇ ਆ ਚੁੱਕਾ ਹੈ। ਉਸ ਨੇ ਉਸ ਵੇਲੇ ਦੀ ਯਾਦ ਸਾਂਝੀ ਕਰਦਿਆਂ ਕਿਹਾ, ‘‘ਆਖਰੀ ਵਾਰ ਮੈਂ ਆਪਣੀ ਫੀਚਰ ਫਿਲਮ ‘ਮੋਤੀਚੂਰ ਚਕਨਾਚੂਰ’ ਦੀ ਸ਼ੂਟਿੰਗ ਲਈ ਭੋਪਾਲ ਗਿਆ ਸੀ ਅਤੇ ਇਸ ਨਾਲ ਅਨਮੋਲ ਯਾਦਾਂ ਜੁੜੀਆਂ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਤਿਭਾਸ਼ਾਲੀ ਨਵਾਜ਼ੂਦੀਨ ਸਿੱਦਕੀ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਹੈ। ਇਹ ਮੇਰੇ ਲਈ ਸੁਫ਼ਨਾ ਸੱਚ ਹੋਣ ਵਰਗਾ ਸੀ।’’ ਲੜੀਵਾਰ ‘ਛੋਟੀ ਸਰਦਾਰਨੀ’ ਦੇ ਅਦਾਕਾਰ ਨੇ ਨਵਾਜ਼ੂਦੀਨ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ, ‘‘ਉਸ ਨਾਲ ਸ਼ੂਟਿੰਗ ਕਰਨਾ ਬਹੁਤ ਵਧੀਆ ਅਨੁਭਵ ਸੀ। ਉਹ ਅਦਾਕਾਰ ਵਜੋਂ ਬਹੁਤ ਨਿਮਰ ਹੈ ਅਤੇ ਮੈਨੂੰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਜਿਹਾ ਮੌਕਾ ਮਿਲਣ ਲਈ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਅਤੇ ਇਸੇ ਕਰਕੇ ਭੋਪਾਲ ਲਈ ਮੇਰੇ ਦਿਲ ਵਿੱਚ ਖਾਸ ਜਗ੍ਹਾ ਹੈ। ਮੈਂ ਇੱਥੇ ਹੋਰ ਪ੍ਰਾਜੈਕਟਾਂ ਦੀ ਸ਼ੂਟਿੰਗ ਵੀ ਕੀਤੀ ਹੈ ਅਤੇ ਇਸ ਸ਼ਹਿਰ ਦਾ ਮਾਹੌਲ ਮੈਨੂੰ ਹਰ ਵਾਰ ਪ੍ਰਭਾਵਿਤ ਕਰਦਾ ਹੈ। ਇੱਥੇ ਤੁਹਾਨੂੰ ਵਿਰਾਸਤ ਦੀਆਂ ਕੁਝ ਝਲਕੀਆਂ ਦਿਖਾਈ ਦਿੰਦੀਆਂ ਹਨ ਅਤੇ ਸ਼ਹਿਰ ਦੇ ਆਲੇ-ਦੁਆਲੇ ਦੀ ਹਰਿਆਲੀ ਭੀੜ-ਭੜੱਕੇ ਵਿੱਚ ਵੀ ਸ਼ਾਂਤੀ ਮਹਿਸੂਸ ਕਰਵਾਉਂਦੀ ਹੈ।’’ ਲੜੀਵਾਰ ‘ਕਾਮਨਾ’ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ। -ਆਈਏਐੱਨਐੱਸ