ਮੁੰਬਈ, 1 ਫਰਵਰੀ
ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਆਪਣਾ ਮੋਬਾਈਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਕਿ ਇਹ ਉਸ ਦੇ ਕੰਮ ਅਤੇ ਨਿੱਜੀ ਜ਼ਿੰਦਗੀ ਵਿੱਚ ਰੁਕਾਵਟ ਨਾ ਖੜ੍ਹੀ ਕਰੇ। ਅਦਾਕਾਰ ਦੇ ਬੁਲਾਰੇ ਨੇ ਦੱਸਿਆ ਕਿ ਆਮਿਰ ਨੇ ਆਪਣੇ ਦੋਸਤ ਅਮੀਨ ਹਾਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫਿਲਮ ‘ਕੋਈ ਜਾਨੇ ਨਾ’ ਲਈ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਤੋਂ ਛੁੱਟੀ ਲਈ ਸੀ। ਹੁਣ ਪਤਾ ਲੱਗਾ ਹੈ ਕਿ ਆਮਿਰ ਮੁੰਬਈ ਪਰਤ ਆਇਆ ਹੈ ਅਤੇ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਲਈ ਤਿਆਰ ਹੈ। ਉਹ ਹੁਣ ਫਿਲਮ ਦੀ ਬਾਕੀ ਸ਼ੂਟਿੰਗ ਪੂਰੀ ਕਰੇਗਾ ਅਤੇ ਮਗਰੋਂ ਨਿਰਦੇਸ਼ਕ ਅਦਵੈਤ ਚੰਦਨ ਨਾਲ ਪੋਸਟ-ਪ੍ਰੋਡਕਸ਼ਨ ਵਿੱਚ ਸ਼ਾਮਲ ਹੋਵੇਗਾ, ਤਾਂ ਕਿ ਫਿਲਮ ਇਸ ਕ੍ਰਿਸਮਸ ਤਕ ਰਿਲੀਜ਼ ਕੀਤੀ ਜਾ ਸਕੇ। ਅਜਿਹੇ ਦੌਰਾਨ ਉਸ ਨੇ ਸੋਮਵਾਰ ਨੂੰ ਆਪਣਾ ਮੋਬਾਈਲ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ ਤਾਂ ਕਿ ਇਹ ਉਸ ਦੇ ਕੰਮ ਅਤੇ ਨਿੱਜੀ ਜ਼ਿੰਦਗੀ ਵਿੱਚ ਕੋਈ ਅੜਿੱਕਾ ਨਾ ਪਾਏ। ਸੂਤਰਾਂ ਅਨੁਸਾਰ ਆਮਿਰ ਨੂੰ ਲੱਗਦਾ ਹੈ ਕਿ ਉਹ ਮੋਬਾਈਲ ਦਾ ਆਦੀ ਹੈ ਅਤੇ ਇਹ ਉਸ ਦੇ ਕੰਮ ਅਤੇ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਲਈ ਉਸ ਨੇ ਅਜਿਹਾ ਫ਼ੈਸਲਾ ਲਿਆ ਹੈ ਤਾਂ ਜੋ ਉਹ ਪੁਰਾਣੇ ਦਿਨਾਂ ਵਾਂਗ ਕੰਮ ਕਰ ਸਕੇ। ਜਾਣਕਾਰੀ ਅਨੁਸਾਰ ‘ਲਾਲ ਸਿੰਘ ਚੱਢਾ’ ਰਿਲੀਜ਼ ਹੋਣ ਤਕ ਉਸ ਦੇ ਸੋਸ਼ਲ ਮੀਡੀਆ ਖਾਤੇ ਵੀ ਉਸ ਦੀ ਟੀਮ ਵੱਲੋਂ ਚਲਾਏ ਜਾਣਗੇ। -ਆਈਏਐੱਨਐੱਸ