ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ 13 ਸਾਲ ਬਾਅਦ ਆਈਆਈਐੱਮ ਬੰਗਲੂਰੂ ਦਾ ਦੌਰਾ ਕਰੇਗਾ। ਇਸ ਤੋਂ ਪਹਿਲਾਂ ਉਹ ਆਪਣੀ ਮਸ਼ਹੂਰ ਫ਼ਿਲਮ ‘3 ਇਡੀਅਟ’ ਦੀ ਸ਼ੂਟਿੰਗ ਲਈ ਆਈਆਈਐੱਮ ਬੰਗਲੂਰੂ ਵਿੱਚ ਆਇਆ ਸੀ। ਬੌਲੀਵੁੱਡ ਅਦਾਕਾਰ ਨੂੰ ਆਈਆਈਐੱਮ ਦੇ ਸਾਲਾਨਾ ਕੌਮਾਂਤਰੀ ਸੈਮੀਨਾਰ ਵਿਸਟਾ ਦੌਰਾਨ ਵਿਸ਼ੇਸ਼ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਉਹ ਵਿਦਿਆਰਥੀਆਂ ਦੇ ਰੂ-ਬ-ਰੂ ਹੋਵੇਗਾ ਅਤੇ ਫ਼ਿਲਮ ਅਤੇ ਜ਼ਿੰਦਗੀ ਦੇ ਅਹਿਮ ਪੱਖਾਂ ’ਤੇ ਚਾਨਣਾ ਪਾਵੇਗਾ। ਆਮਿਰ ਖਾਨ ਦੇ ਨਾਲ-ਨਾਲ ਸਿਨੇ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਆਈਆਈਐੱਮ ਦੇ ਸਾਲਾਨਾ ਕੌਮਾਂਤਰੀ ਸੈਮੀਨਾਰ ਵਿਸਟਾ ’ਚ ਸ਼ਿਰਕਤ ਕਰਨਗੀਆਂ। ਇਨ੍ਹਾਂ ਵਿੱਚ ਫ਼ਿਲਮ ਨਿਰਮਾਤਾ ਅਦਵੈਤ ਚੰਦਨ, ਅਦਾਕਾਰਾ ਮੋਨਾ ਸਿੰਘ, ਅਦਾਕਾਰ ਨਾਗਾ ਚੇਤੰਨਿਆ, ਲੈਂਜ਼ਕਾਰਟ ਦੇ ਸੀਈਓ ਪਿਊਸ਼ ਬਾਂਸਲ, ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਅਤੇ ਗਲੋਬਲ ਦੇ ਸੀਈਓ ਪੁਨੀਤ ਆਰ. ਸ਼ਾਮਲ ਹਨ। ਜਾਣਕਾਰੀ ਅਨੁਸਾਰ ਆਮਿਰ ਖਾਨ ਅੱਜ-ਕੱਲ੍ਹ ਆਪਣੀ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਪ੍ਰਚਾਰ ਵਿੱਚ ਰੁੱਝਿਆ ਹੋਇਆ ਹੈ। -ਆਈਏਐੱਨਐੱਸ