ਮੁੰਬਈ: ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਅੱਜ-ਕੱਲ੍ਹ ਅਮਰੀਕਾ ਵਿੱਚ ਛੁੱਟੀਆਂ ਮਨਾ ਰਿਹਾ ਹੈ। ਜਾਣਕਾਰੀ ਅਨੁਸਾਰ ਉਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਬਾਕਸ ਆਫਿਸ ’ਤੇ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਆਮਿਰ ਦੋ ਮਹੀਨਿਆਂ ਦੀ ਬਰੇਕ ’ਤੇ ਹੈ ਅਤੇ ਉਹ ਅਮਰੀਕਾ ਵਿਚ ਛੁੱਟੀਆਂ ਮਨਾ ਰਿਹਾ ਹੈ। ਉਹ ਮੁੰਬਈ ਪਰਤ ਕੇ ਆਪਣੀ ਨਵੀਂ ਫ਼ਿਲਮ ਸ਼ੁਰੂ ਕਰੇਗਾ। ਆਮਿਰ ਖਾਨ ਦੀ ਇੱਕ ਪ੍ਰਸ਼ੰਸਕ ਨਤਾਸ਼ਾ ਨੇ ਟਵਿੱਟਰ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਮਿਰ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਆਮਿਰ ਖਾਨ ਦੇ ਕਾਲੀ ਤੇ ਚਿੱਟੀ ਦਾੜ੍ਹੀ ਨਜ਼ਰ ਆ ਰਹੀ ਹੈ। ਉਸ ਨੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਤੇ ਉਸ ਨੇ ਸਵੈਟਰ ਨੂੰ ਆਪਣੇ ਲੱਕ ਦੁਆਲੇ ਬੰਨ੍ਹਿਆ ਹੋਇਆ ਹੈ। ਉਸ ਨੇ ਕਰਾਸ ਬੈਗ ਵੀ ਚੁੱਕਿਆ ਹੋਇਆ ਹੈ। ਦੱਸਣਯੋਗ ਹੈ ਕਿ ‘ਲਾਲ ਸਿੰਘ ਚੱਢਾ’ ਫਿਲਮ ਹੌਲੀਵੁਡ ਫਿਲਮ ਫਾਰੈਸਟ ਗੰਪ ਦਾ ਰੀਮੇਕ ਹੈ ਜਿਸ ਵਿਚ ਆਮਿਰ ਖਾਨ ਨਾਲ ਕਰੀਨਾ ਕਪੂਰ ਵੀ ਨਜ਼ਰ ਆਈ ਹੈ। -ਆਈਏਐੱਨਐੱਸ